ਦੂਜੇ ਦੇਸ਼ਾਂ ’ਚ ਜਾ ਕੇ ਪੜ੍ਹਾਈ ਅਤੇ ਨੌਕਰੀ ਕਰਨ ਵਾਲਿਆਂ ’ਚ ਸਭ ਤੋਂ ਵੱਧ ਗਿਣਤੀ ਵਿਦੇਸ਼ਾਂ ’ਚ ਰਹਿਣ ਵਾਲੇ ਭਾਰਤੀਆਂ ਦੀ ਹੈ। ਲਗਭਗ 1 ਕਰੋੜ 80 ਲੱਖ ਭਾਰਤੀ ਵਿਦੇਸ਼ਾਂ ’ਚ ਰਹਿੰਦੇ ਹਨ ਜੋ ਕਿ ਦੇਸ਼ ਦੀ ਕੁੱਲ ਆਬਾਦੀ ਦਾ 1.3 ਫੀਸਦੀ ਹਿੱਸਾ ਹੈ। ਸਭ ਤੋਂ ਵੱਧ ਭਾਰਤੀ ਸੰਯੁਕਤ ਅਰਬ ਅਮੀਰਾਤ, ਅਮਰੀਕਾ ਅਤੇ ਸਾਊਦੀ ਅਰਬ ’ਚ ਰਹਿੰਦੇ ਹਨ।
ਵਿਦੇਸ਼ ’ਚ ਕਮਾਈ ਕਰ ਕੇ ਆਪਣੇ ਦੇਸ਼ ’ਚ ਧਨ ਭੇਜਣ ਦੇ ਮਾਮਲੇ ’ਚ ਵਿਦੇਸ਼ਾਂ ’ਚ ਰਹਿਣ ਵਾਲੇ ਭਾਰਤੀ ਦੁਨੀਆ ’ਚ ਸਭ ਤੋਂ ਅੱਗੇ ਹਨ। ਵਿਸ਼ਵ ਬੈਂਕ ਅਨੁਸਾਰ ਸਾਲ 2020 ’ਚ ਜਦ ਸਾਰੀ ਦੁਨੀਆ ’ਚ ਕੋਰੋਨਾ ਦਾ ਪ੍ਰਕੋਪ ਸੀ, ਉਸ ਸੰਕਟ ਦੀ ਘੜੀ ’ਚ ਵਿਦੇਸ਼ਾਂ ’ਚ ਰਹਿਣ ਵਾਲੇ ਭਾਰਤੀਆਂ ਨੇ ਆਪਣੇ ਦੇਸ਼ ’ਚ 83 ਅਰਬ ਡਾਲਰ ਅਤੇ 2021 ’ਚ 87 ਅਰਬ ਡਾਲਰ ਰਾਸ਼ੀ ਭੇਜੀ।
ਅਤੇ ਹੁਣ ‘ਯੂਨਾਈਟਿਡ ਨੇਸ਼ਨਜ਼ ਮਾਈਗ੍ਰੇਸ਼ਨ ਏਜੰਸੀ’ ਨੇ ਆਪਣੀ ਤਾਜ਼ਾ ਰਿਪੋਰਟ ’ਚ ਦੱਸਿਆ ਹੈ ਕਿ ਸਾਲ 2022 ’ਚ ਦੂਜੇ ਦੇਸ਼ਾਂ ਤੋਂ ਭਾਰਤ ’ਚ ਸਭ ਤੋਂ ਵੱਧ 111 ਅਰਬ ਡਾਲਰ ਦੀ ਰਕਮ ਭੇਜੀ ਗਈ ਅਤੇ ਇਸ ਤਰ੍ਹਾਂ ਭਾਰਤ 100 ਅਰਬ ਡਾਲਰ ਦਾ ਅੰਕੜਾ ਪਾਰ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ, ਜਿੱਥੇ ਇਕ ਸਾਲ ’ਚ ਵਿਦੇਸ਼ਾਂ ਤੋਂ ਇੰਨੀ ਵੱਡੀ ਰਕਮ ਭੇਜੀ ਗਈ ਹੈ।
ਭਾਰਤ ਪਿੱਛੋਂ ਸਾਲ 2022 ’ਚ ਮੈਕਸੀਕੋ, ਚੀਨ, ਫਿਲੀਪੀਨਜ਼ ਅਤੇ ਫਰਾਂਸ ਸਭ ਤੋਂ ਵੱਧ ‘ਰੀਮਿਟੈਂਸ’ ਪ੍ਰਾਪਤ ਕਰਨ ਵਾਲੇ ਦੇਸ਼ ਹਨ। ਇਸ ਤਰ੍ਹਾਂ ਵਿਦੇਸ਼ਾਂ ’ਚ ਰਹਿਣ ਵਾਲੇ ਭਾਰਤੀ ਜਿੱਥੇ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ’ਚ ਯੋਗਦਾਨ ਪਾ ਰਹੇ ਹਨ ਉੱਥੇ ਹੀ ਉਹ ਆਪਣੇ ਪਰਿਵਾਰਾਂ ਦੀ ਖੁਸ਼ਹਾਲੀ ’ਚ ਵੀ ਵਾਧਾ ਕਰ ਰਹੇ ਹਨ।
ਬੱਚਿਆਂ ਦੀ ਜ਼ਿੱਦ ਅੱਗੇ ਝੁਕ ਕੇ ਬੁੱਢੇ ਹੋ ਰਹੇ ਮਾਤਾ-ਪਿਤਾ ਆਪਣੀਆਂ ਔਲਾਦਾਂ ਨੂੰ ਇਸੇ ਆਸ ਨਾਲ ਵਿਦੇਸ਼ ਭੇਜਦੇ ਹਨ ਕਿ ਉਹ ਉੱਥੇ ਜਾ ਕੇ ਆਪਣੇ ਕੰਮ ਨਾਲ ਦੇਸ਼ ਦਾ ਨਾਂ ਰੋਸ਼ਨ ਕਰਨ ਦੇ ਨਾਲ-ਨਾਲ ਆਪਣੇ ਪਰਿਵਾਰ ਨੂੰ ਧਨ ਭੇਜ ਕੇ ਉਨ੍ਹਾਂ ਨੂੰ ਖੁਸ਼ਹਾਲ ਬਣਾਉਣਗੇ ਅਤੇ ਜ਼ਿਆਦਾਤਰ ਵਿਦੇਸ਼ਾਂ ’ਚ ਰਹਿਣ ਵਾਲੇ ਭਾਰਤੀ ਉਨ੍ਹਾਂ ਦੀ ਇਹ ਆਸ ਪੂਰੀ ਕਰ ਰਹੇ ਹਨ।
ਉਕਤ ਅੰਕੜਿਆਂ ਤੋਂ ਸਪੱਸ਼ਟ ਹੈ ਕਿ ਵਿਦੇਸ਼ਾਂ ’ਚ ਰਹਿਣ ਵਾਲੇ ਭਾਰਤੀ ਆਪਣਾ ਕਰਤੱਵ ਭਲੀ-ਭਾਂਤ ਨਿਭਾਅ ਕੇ ਭਾਰਤ ਦੀ ਅਰਥਵਿਵਸਥਾ ਮਜ਼ਬੂਤ ਕਰਨ ’ਚ ਸ਼ਲਾਘਾਯੋਗ ਯੋਗਦਾਨ ਪਾ ਰਹੇ ਹਨ। ਆਸ ਕਰਨੀ ਚਾਹੀਦੀ ਹੈ ਕਿ ਭਵਿੱਖ ’ਚ ਇਸ ’ਚ ਹੋਰ ਵਾਧਾ ਹੋਵੇਗਾ।
-ਵਿਜੇ ਕੁਮਾਰ
ਚੋਣਾਂ ਤੋਂ ਪਹਿਲਾਂ ਬਰਤਾਨੀਆ ਵੀ 'ਦਲ-ਬਦਲੀ' ਦੀ ਲਪੇਟ ’ਚ
NEXT STORY