ਅਸੀਂ ਵਾਰ-ਵਾਰ ਲਿਖਦੇ ਰਹੇ ਹਾਂ ਕਿ ਲੋਕਾਂ ਨੂੰ ਸਾਫ ਪਾਣੀ, ਬਿਜਲੀ, ਸਿਹਤ ਸਹੂਲਤਾਂ ਅਤੇ ਘੱਟ ਖਰਚ ’ਤੇ ਉੱਚ ਪੱਧਰੀ ਸਿੱਖਿਆ ਮੁਹੱਈਆ ਕਰਵਾਉਣਾ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਪਰ ਇਹ ਦੋਵੇਂ ਇਹ ਜ਼ਿੰਮੇਵਾਰੀ ਨਿਭਾਉਣ ’ਚ ਅਸਫਲ ਰਹੀਆਂ ਹਨ। ਦੇਸ਼ ਦੇ ਸਰਕਾਰੀ ਹਸਪਤਾਲਾਂ ਵਾਂਗ ਕਈ ਸੂਬਿਆਂ ’ਚ ਸਰਕਾਰੀ ਸਕੂਲਾਂ ਦੀ ਹਾਲਤ ਵੀ ਬੜੀ ਖਰਾਬ ਹੈ, ਨਾ ਸਿਰਫ ਇਨ੍ਹਾਂ ਦੀਆਂ ਇਮਾਰਤਾਂ ਖਸਤਾ ਹਾਲਤ ’ਚ ਹਨ ਜੋ ਕਿ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ ਸਗੋਂ ਉਨ੍ਹਾਂ ਵਿਚ ਮੁੱਢਲੀਆਂ ਸਹੂਲਤਾਂ ਦੀ ਵੀ ਭਾਰੀ ਘਾਟ ਹੈ।
ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਗੱਲ ਕਰੀਏ ਤਾਂ ਇਨ੍ਹਾਂ ਤਿੰਨਾ ਹੀ ਸੂਬਿਆਂ ’ਚ ਸਰਕਾਰੀ ਸਕੂਲਾਂ ’ਚੋਂ 20 ਫੀਸਦੀ ਤੋਂ ਵੱਧ ਵਿਚ ਪੀਣ ਲਈ ਟੂਟੀ ਦੇ ਪਾਣੀ ਦੀ ਵਿਵਸਥਾ ਨਹੀਂ ਹੈ। ਰਾਜ ਸਭਾ ’ਚ 7 ਦਸੰਬਰ ਨੂੰ ਇਕ ਸਵਾਲ ਦੇ ਜਵਾਬ ’ਚ ਦੱਸਿਆ ਗਿਆ :
* ਪੰਜਾਬ ’ਚ 19,269 ਸਰਕਾਰੀ ਸਕੂਲਾਂ ’ਚੋਂ 7108 ਸਕੂਲਾਂ ’ਚ ਪੀਣ ਦੇ ਲਈ ਟੂਟੀ ਦੇ ਪਾਣੀ ਦੀ ਵਿਵਸਥਾ ਨਹੀਂ ਹੈ।
* ਹਰਿਆਣਾ ਵਿਚ 14,562 ਸਕੂਲਾਂ ’ਚੋਂ 2651 ਸਕੂਲ ਟੂਟੀ ਦੇ ਪਾਣੀ ਦੀ ਸਹੂਲਤ ਤੋਂ ਵਾਂਝੇ ਹਨ ਜਦਕਿ 54 ਸਕੂਲਾਂ ’ਚ ਤਾਂ ਪਾਣੀ ਦਾ ਕੋਈ ਪ੍ਰਬੰਧ ਹੈ ਹੀ ਨਹੀਂ।
* ਹਿਮਾਚਲ ਪ੍ਰਦੇਸ਼ ’ਚ 15,380 ਸਰਕਾਰੀ ਸਕੂਲਾਂ ’ਚੋਂ 257 ਸਕੂਲਾਂ ’ਚ ਟੂਟੀ ਦੇ ਪਾਣੀ ਦੀ ਵਿਵਸਥਾ ਨਹੀਂ ਹੈ।
ਜਿਥੋਂ ਤਕ ਉਕਤ ਤਿੰਨ ਸੂਬਿਆਂ ਦੀ ਸਰਕਾਰੀ ਸਕੂਲਾਂ ’ਚ ਅਧਿਆਪਕਾਂ ਦਾ ਸਬੰਧ ਉਸ ਮਾਮਲੇ ’ਚ ਸਥਿਤੀ ਕਾਫੀ ਨਿਰਾਸ਼ਾਜਨਕ ਹੈ :
* ਪੰਜਾਬ ਦੇ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਸਰਕਾਰੀ ਸਕੂਲਾਂ ’ਚ 1,12,927 ਅਧਿਆਪਕ ਹਨ ਅਤੇ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਅਨੁਸਾਰ ਸੂਬੇ ਦੇ ਸਰਕਾਰੀ ਸਕੂਲਾਂ ’ਚ ਘੱਟੋ-ਘੱਟ 22000 ਅਧਿਆਪਕਾਂ ਦੀ ਘਾਟ ਹੈ। ਜਲੰਧਰ ਜ਼ਿਲੇ ਦੇ ਸ਼ਾਹਕੋਟ ’ਚ ਕਈ ਸਕੂਲ ਬਿਨਾਂ ਬਿਜਲੀ ਦੇ ਹੀ ਚੱਲ ਰਹੇ ਹਨ।
ਵਿਦਿਆਰਥੀਆਂ ਦੇ ਲਈ ਕਮਰਿਆਂ ਸਮੇਤ ਕਈ ਮੁੱਢਲੀਆਂ ਸਹੂਲਤਾਂ ਦੀ ਘਾਟ ਹੋਣ ਕਾਰਨ ਲੁਧਿਆਣਾ ਦੇ 8 ਸਕੂਲਾਂ ’ਚ 2000 ਤੋਂ ਵੱਧ ਵਿਦਿਆਰਥੀਆਂ ਦੀਆਂ ਕਲਾਸਾਂ ਡਬਲ ਸ਼ਿਫਟ ਵਿਚ ਲਗਾਈਆਂ ਜਾ ਰਹੀਆਂ ਹਨ।
* ਹਰਿਆਣਾ ਦੇ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਦਾ ਅੰਕੜਾ 28 ਫੀਸਦੀ ਤਕ ਪਹੁੰਚ ਗਿਆ ਹੈ। ਸੂਬੇ ਦੇ ਸਿੱਖਿਆ ਮੰਤਰੀ ਕੰਵਰਪਾਲ ਨੇ 9 ਅਗਸਤ ਸੂਬਾ ਵਿਧਾਨ ਸਭਾ ’ਚ ਦੱਸਿਆ ਕਿ ਸੂਬੇ ਦੇ ਪਿਛਲੇ ਸਿੱਖਿਆ ਸੈਸ਼ਨ ’ਚ ਲਗਭਗ 1.26ਲੱਖ ਅਧਿਆਪਕਾਂ ਦੀ ਲੋੜ ਸੀ ਪਰ 90,156 ਅਧਿਆਪਕ ਹੀ ਮੁਹੱਈਆ ਸਨ ਅਤੇ 35,980 ਅਸਾਮੀਆਂ ਖਾਲੀ ਸਨ।
* ਹਿਮਾਚਲ ਪ੍ਰਦੇਸ਼ ਵਿਚ ਕਈ ਸਰਕਾਰੀ ਸਕੂਲ ਸਟਾਫ ਅਤੇ ਹੋਰ ਮੁਢਲੀਆਂ ਸਹੂਲਤਾਂ ਦੀ ਘਾਟ ਨਾਲ ਜੂਝ ਰਹੇ ਹਨ। ਉਥੇ ਸਕੂਲਾਂ ’ਚ ਵੱਖ-ਵੱਖ ਵਰਗਾਂ ਦੇ ਅਧਿਆਪਕਾਂ ਦੀਆਂ 8500 ਦੇ ਲਗਭਗ ਅਸਾਮੀਆਂ ਖਾਲੀ ਚੱਲ ਰਹੀਆਂ ਹਨ।
ਉਥੇ 12 ਪ੍ਰਾਇਮਰੀ ਸਕੂਲਾਂ ’ਚ ਇਕ ਵੀ ਅਧਿਆਪਕ ਨਹੀਂ ਹੈ ਜਦਕਿ 2963 ਸਕੂਲ ਇਕ ਅਧਿਆਪਕ ਦੇ ਸਹਾਰੇ, 5533 ਸਕੂਲ 2 ਅਧਿਆਪਕਾਂ ਅਤੇ 1779 ਸਕੂਲ 3 ਅਧਿਆਪਕਾਂ ਦੇ ਸਹਾਰੇ ਚਲਾਏ ਜਾਰਹੇ ਹਨ। ਹਿਮਾਚਲ ਪ੍ਰਦੇਸ਼ ਦੇ 7 ਪ੍ਰਾਇਮਰੀ ਸਕੂਲ ਬਿਨਾਂ ਕਿਸੇ ਕਮਰੇ ਦੇ ਚੱਲ ਰਹੇ ਹਨ ਜਦਕਿ 338 ਪ੍ਰਾਇਮਰੀ ਸਕੂਲਾਂ ਵਿਚ ਸਿਰਫ ਇਕ ਹੀ ਕਮਰਾ ਹੈ।
ਹਿਮਾਚਲ ਪ੍ਰਦੇਸ਼ ਦੇ 5 ਮਿਡਲ ਸਕੂਲਾਂ ’ਚ ਸਿਰਫ ਇਕ ਹੀ ਅਧਿਆਪਕ ਹੈ 416 ਸਕੂਲਾਂ ’ਚ 2 ਅਤੇ 777 ਸਕੂਲਾਂ ’ਚ 3 ਅਤੇ 701 ਸਕੂਲਾਂ ’ਚ 4 ਤੋਂ 6 ਤਕ ਅਧਿਆਪਕ ਹਨ। ਸੂਬੇ ’ਚ ਘੱਟੋ-ਘੱਟ 10 ਜਮਾਤਾਂ ਵਾਲੇ ਇਕ ਸਕੂਲ ’ਚ ਿਸਰਫ ਦੋ ਅਧਿਆਪਕ, 10 ਸਕੂਲਾਂ ’ਚ ਤਿੰਨ ਅਤੇ 212 ਸਕੂਲਾਂ ’ਚ 4 ਤੋਂ 6 ਅਤੇ 710 ਸਕੂਲਾਂ ’ਚ 7 ਤੋਂ 10 ਅਧਿਆਪਕ ਪੜ੍ਹਾ ਰਹੇ ਹਨ। 22 ਸੀਨੀਅਰ ਸੈਕੰਡਰੀ ਸਕੂਲਾਂ ਨੂੰ ਸਿਰਫ 4 ਤੋਂ 6 ਅਧਿਆਪਕਾਂ ਨਾਲ ਚਲਾਇਆ ਜਾ ਰਿਹਾ ਹੈ।
ਸਕੂਲਾਂ ’ਚ ਪਾਣੀ, ਅਧਿਆਪਕਾਂ ਅਤੇ ਮੁਢਲੇ ਢਾਂਚੇ ਦੀ ਘਾਟ ਦੀਆਂ ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਸਮੱਸਿਆ ਕਿੰਨੀ ਗੰਭੀਰ ਹੈ ਕੁਝ ਥਾਵਾਂ ’ਤੇ ਤਾਂ ਲੋਕ ਸੂਕਲਾਂ ’ਚ ਅਧਿਆਪਕਾ ਅਤੇ ਮੁਢਲੀਆਂ ਸਹੂਲਤਾਂ ਆਦਿ ਦੇ ਵਿਰੁੱਧ ਰੋਸ ਵਿਖਾਵੇ ਤਕ ਕਰ ਚੁੱਕੇ ਹਨ। ਇਸ ਲਈ ਇਨ੍ਹਾਂ ’ਚ ਜਿੰਨਾ ਹੋ ਸਕੇ ਜਲਦੀ ਸੁਧਾਰ ਲਿਆਉਣ ਦੀ ਲੋੜ ਹੈ। ਜੇਕਰ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਪੜ੍ਹਾਈ ਦੇ ਅਨੁਸਾਰ ਵਾਤਾਵਰਣ ਹੀ ਨਹੀਂ ਮਿਲੇਗਾ ਤਾਂ ਉਨ੍ਹਾਂ ਦੀ ਸਿੱਖਿਆ ਦਾ ਪੱਧਰ ਕਿਵੇਂ ਉੱਚਾ ਉਠ ਸਕਦਾ ਹੈ।
ਵਿਜੇ ਕੁਮਾਰ
ਗੁਜਰਾਤ, ਹਿਮਾਚਲ ਅਤੇ ਦਿੱਲੀ: ਭਾਜਪਾ, ਕਾਂਗਰਸ ਅਤੇ ‘ਆਪ’ (1-1-1)
NEXT STORY