ਭਾਰਤ 28 ਸੂਬਿਆਂ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਤੇ ਆਧਾਰਿਤ ਇਕ ਵਿਸ਼ਾਲ ਦੇਸ਼ ਹੈ। ਇਸ ਨੂੰ 15 ਅਗਸਤ, 1947 ਨੂੰ ਆਜ਼ਾਦੀ ਪ੍ਰਾਪਤੀ ਦੇ ਬਾਅਦ 26 ਜਨਵਰੀ, 1950 ਨੂੰ ਗਣਤੰਤਰ ਐਲਾਨ ਕਰਕੇ ਇਥੇ ਡਾ. ਬੀ. ਆਰ. ਅੰਬੇਡਕਰ ਦੀ ਅਗਵਾਈ ’ਚ ਤਿਆਰ ਕੀਤਾ ਭਾਰਤੀ ਸੰਵਿਧਾਨ ਲਾਗੂ ਕੀਤਾ ਗਿਆ। ‘ਅਲੇਨ ਓਕਟਾਵੀਅਨ ਹਿਊਮ’ ਨਾਂ ਦੇ ਅੰਗਰੇਜ਼ ਵਲੋਂ 28 ਦਸੰਬਰ, 1885 ਨੂੰ ਸਥਾਪਿਤ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਨੇ ਕਿਉਂਕਿ ਦੇਸ਼ ਦੀ ਆਜ਼ਾਦੀ ’ਚ ਵੱਡੀ ਭੂਮਿਕਾ ਨਿਭਾਈ ਸੀ ਇਸ ਲਈ ਆਜ਼ਾਦੀ ਦੇ ਬਾਅਦ ਕੁਝ ਸਾਲਾਂ ਤਕ ਕੇਂਦਰ ਦੇ ਇਲਾਵਾ ਵਧੇਰੇ ਸੂਬਿਆਂ ’ਚ ਇਸ ਦਾ ਹੀ ਸ਼ਾਸਨ ਰਿਹਾ।
ਕਮਿਊਨਿਸਟਾਂ ਦੇ ਇਲਾਵਾ ਕੁਝ ਛੋਟੀਆਂ-ਛੋਟੀਆਂ ਖੇਤਰੀ ਪਾਰਟੀਆਂ ਵੀ ਉੱਭਰੀਆਂ ਪਰ ਚੱਲੀਆਂ ਨਹੀਂ ਜਦਕਿ ਚੰਗੇ ਵਰਕਰ ਅਤੇ ਈਮਾਨਦਾਰ ਨੇਤਾ ਹੋਣ ਦੇ ਬਾਵਜੂਦ ਕਮਿਊਨਿਸਟ ਪਾਰਟੀਆਂ ਦੇ ਨੇਤਾਵਾਂ ਦੇ ਰੂਸ ਅਤੇ ਚੀਨ ਨਾਲ ਸੰਬੰਧਾਂ ਅਤੇ ਉਨ੍ਹਾਂ ਤੋਂ ਹੋਈਆਂ ਕੁਝ ਭੁੱਲਾਂ ਨੇ ਉਨ੍ਹਾਂ ਨੂੰ ਹੌਲੀ-ਹੌਲੀ ਹਾਸ਼ੀਏ ’ਤੇ ਪਹੁੰਚਾ ਦਿੱਤਾ। ਆਜ਼ਾਦ ਭਾਰਤ ਦੇ ਕਿਸੇ ਸੂਬੇ ’ਚ ਪਹਿਲੀ ਗੈਰ-ਕਾਂਗਰਸੀ ਸਰਕਾਰ ਕੇਰਲ ’ਚ ਬਣੀ ਜਿਸਦਾ ਕਾਰਜਕਾਲ ਅਪ੍ਰੈਲ, 1957 ਤੋਂ ਜੁਲਾਈ, 1959 ਤਕ ਰਿਹਾ ਅਤੇ ਈ. ਐੱਮ. ਐੱਸ. ਨੰਬੂਦਰੀਪਾਦ (ਕਮਿਊਨਿਸਟ) ਪਹਿਲੇ ਮੁੱਖ ਮੰਤਰੀ ਸਨ। ਇੰਦਰਾ ਗਾਂਧੀ ਵਲੋਂ ਐਮਰਜੈਂਸੀ ਲਗਾਏ ਜਾਣ ਨਾਲ ਉਨ੍ਹਾਂ ਵਿਰੁੱਧ ਉੱਭਰੇ ਲੋਕਾਂ ਦੇ ਗੁੱਸੇ ਕਾਰਨ 1977 ’ਚ ਹੋਈਆਂ ਚੋਣਾਂ ਦੇ ਨਤੀਜੇ ਵਜੋਂ ਕੇਂਦਰ ’ਚ 14 ਵਿਰੋਧੀ ਪਾਰਟੀਆਂ ਕਾਂਗਰਸ (ਓ), ਜਨਸੰਘ, ਭਾਰਤੀ ਲੋਕਦਲ ਅਤੇ ਸਮਾਜਵਾਦੀ ਪਾਰਟੀ ਨੇ ਜਨਤਾ ਪਾਰਟੀ ਦੇ ਰੂਪ ’ਚ 24 ਮਾਰਚ, 1977 ਨੂੰ ਪਹਿਲੀ ਗੈਰ-ਕਾਂਗਰਸੀ ਸਰਕਾਰ ਬਣਾਈ।
ਪੱਛਮੀ ਬੰਗਾਲ ’ਚ 21 ਜੂਨ, 1977 ਨੂੰ ਬਣੀ ਖੱਬੇਪੱਖੀਆਂ ਦੀ ਸਰਕਾਰ ਨੇ 34 ਸਾਲਾਂ ਤਕ ਸੂਬੇ ’ਚ ਸ਼ਾਸਨ ਕਰਕੇ ਮੀਲ-ਪੱਥਰ ਸਥਾਪਿਤ ਕੀਤਾ ਅਤੇ ਇਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ 1996 ’ਚ ਦੇਸ਼ ਦੇ ਪ੍ਰਧਾਨ ਮੰਤਰੀ ਦੇ ਲਈ ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਜੋਤੀ ਬਸੁ ਦਾ ਨਾਂ ਚਰਚਾ ’ਚ ਆਇਆ ਸੀ ਪਰ ਖੁਦ ਖੱਬੇਪੱਖੀਆਂ ਨੇ ਹੀ ਹੱਥ ਪਿੱਛੇ ਖਿੱਚ ਲਏ ਅਤੇ ਉਹ ਪ੍ਰਧਾਨ ਮੰਤਰੀ ਬਣਦੇ-ਬਣਦੇ ਰਹਿ ਗਏ। ਫਿਲਹਾਲ 1977 ’ਚ ‘ਗ੍ਰੈਂਡ ਓਲਡ ਪਾਰਟੀ ਕਾਂਗਰਸ’ ਦੇ ਖੋਰੇ ਦੀ ਜੋ ਸ਼ੁਰੂਆਤ ਹੋਈ ਉਹ ਅਜੇ ਤਕ ਜਾਰੀ ਹੈ ਅਤੇ ਹੁਣ ਉਸਦਾ ਸ਼ਾਸਨ ਸਿਰਫ 2 ਸੂਬਿਆਂ ਛੱਤੀਸਗੜ੍ਹ ਅਤੇ ਰਾਜਸਥਾਨ ’ਚ ਹੀ ਰਹਿ ਗਿਆ ਸੀ। ਹੁਣ ਤਕ ਦੇ ਸਿਆਸੀ ਸਫਰ ’ਚ ਕਈ ਛੋਟੀਆਂ-ਵੱਡੀਆਂ ਪਾਰਟੀਆਂ ਹੋਂਦ ’ਚ ਆਈਆਂ ਅਤੇ ਮਿਟ ਗਈਆਂ ਅਤੇ ਕਾਂਗਰਸ ਦੇ ਵੀ ਕਈ ਹਿੱਸਿਆਂ ’ਚ ਵੰਡਣ ਤੋਂ ਬਾਅਦ ਹੁਣ ਦੇਸ਼ ਦੀ ਸਿਆਸਤ ’ਚ ਮੁੱਖ ਤੌਰ ’ਤੇ 2 ਹੀ ਵੱਡੀਆਂ ਪਾਰਟੀਆਂ ਭਾਜਪਾ ਅਤੇ ਕਾਂਗਰਸ ਰਹਿ ਗਈਆਂ ਸਨ।
ਇਸੇ ਦਰਮਿਆਨ 26 ਨਵੰਬਰ, 2012 ਨੂੰ ਗਠਿਤ ਅਰਵਿੰਦ ਕੇਜਰੀਵਾਲ ਦੀ ‘ਆਮ ਆਦਮੀ ਪਾਰਟੀ’ (ਆਪ) ਨੇ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ’ਚ ਜਿੱਤ ਨਾਲ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਅਤੇ ਹੁਣ ‘ਆਪ’ ਇਕ ਤੀਸਰੀ ਰਾਸ਼ਟਰੀ ਸਿਆਸੀ ਪਾਰਟੀ ਬਣ ਗਈ ਹੈ।
ਫਿਲਹਾਲ ਬੀਤੇ ਦਿਨੀਂ ਹੋਈਆਂ ਗੁਜਰਾਤ ਅਤੇ ਹਿਮਾਚਲ ਵਿਧਾਨ ਸਭਾ ਅਤੇ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਦੇ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ ਹਨ। ‘ਆਮ ਆਦਮੀ ਪਾਰਟੀ’ ਨੇ ਦਿੱਲੀ ’ਚ ਮੁਹੱਲਾ ਕਲੀਨਿਕਾਂ ਦੀ ਸਥਾਪਨਾ, ਸਰਕਾਰੀ ਸਕੂਲਾਂ ਦੀ ਸਥਿਤੀ ’ਚ ਸੁਧਾਰ, ਸਫਾਈ ਆਦਿ ਵਰਗੇ ਚੰਗੇ ਕੰਮਾਂ ਦੀ ਬਦੌਲਤ ਦਿੱਲੀ ਨਗਰ ਨਿਗਮ ਦੀਆਂ ਚੋਣਾਂ ’ਚ ਭਾਜਪਾ ਦਾ 15 ਸਾਲ ਦਾ ਸ਼ਾਸਨ ਖਤਮ ਕਰ ਕੇ ਜਿੱਤ ਪ੍ਰਾਪਤ ਕੀਤੀ ਹੈ।
ਇਕਪਾਸੜ ਮੁਕਾਬਲੇ ’ਚ ਗੁਜਰਾਤ ’ਚ ਭਾਜਪਾ ਸੱਤਾ ’ਤੇ ਆਪਣਾ ਕਬਜ਼ਾ ਬਣਾਈ ਰੱਖਣ ’ਚ ਸਫਲ ਰਹੀ ਅਤੇ ਆਪਣੇ ਚੰਗੇ ਕੰਮਾਂ ਕਾਰਨ ਸੱਤਵੀਂ ਵਾਰ ਸਰਕਾਰ ਬਣਾਉਣ ਜਾ ਰਹੀ ਹੈ। ਹਿਮਾਚਲ ’ਚ ਕਾਂਗਰਸ ਅਤੇ ਭਾਜਪਾ ਦੇ ਦਰਮਿਆਨ ਸਖਤ ਟੱਕਰ ਹੋਈ ਅਤੇ ਹਿਮਾਚਲ ਦੇ ਵੋਟਰਾਂ ਨੇ ਸੂਬੇ ’ਚ ਬਦਲ-ਬਦਲ ਕੇ ਸਰਕਾਰ ਬਣਾਉਣ ਦੀ ਆਪਣੀ ਪ੍ਰੰਪਰਾ ਕਾਇਮ ਰੱਖਦੇ ਹੋਏ ਇਸ ਵਾਰ ਦੁਬਾਰਾ ਕਾਂਗਰਸ ਨੂੰ ਸੱਤਾਧਾਰੀ ਕਰਨ ਦਾ ਫੈਸਲਾ ਕੀਤਾ। ਪ੍ਰਿਯੰਕਾ ਗਾਂਧੀ ਵਲੋਂ ਇਥੇ ਕੀਤੀਆਂ ਗਈਆਂ ਰੈਲੀਆਂ ਦਾ ਵੀ ਕਾਂਗਰਸ ਨੂੰ ਲਾਭ ਪੁੱਜਾ।
ਕੁਝ ਸੂਬਿਆਂ ਵਿਚ ਤਾਂ ਖੇਤਰੀ ਪਾਰਟੀਆਂ ਦਾ ਸ਼ਾਸਨ ਹੈ ਪਰ ਹੁਣ ਦੇਸ਼ ਵਿਚ 3 ਵੱਡੀਆਂ ਪਾਰਟੀਆਂ ਹੋ ਗਈਆਂ ਹਨ ਜਿਨ੍ਹਾਂ ਦਾ ਇਕ ਤੋਂ ਵੱਧ ਸੂਬਿਆਂ ’ਚ ਸ਼ਾਸਨ ਹੈ।
ਇਨ੍ਹਾਂ ਪਾਰਟੀਆਂ ਨੇ ਆਪਣੀ ਮਿਹਨਤ ਅਤੇ ਲੋਕਾਂ ਨਾਲ ਕੀਤੇ ਹੋਏ ਵਾਅਦੇ ਪੂਰੇ ਕਰਨ ਦੇ ਕਾਰਨ ਇਹ ਸਫਲਤਾ ਹਾਸਲ ਕੀਤੀ ਹੈ ਅਤੇ ਜੇਕਰ ਇਨ੍ਹਾਂ ਨੇ ਭਵਿੱਖ ਵਿਚ ਵੀ ਕਾਇਮ ਰਹਿਣਾ ਅਤੇ ਅੱਗੇ ਵਧਣਾ ਹੈ ਤਾਂ ਇਨ੍ਹਾਂ ਨੂੰ ਦੇਸ਼ਵਾਸੀਆਂ ਨੂੰ ਦਰਪੇਸ਼ ਬੇਰੋਜ਼ਗਾਰੀ, ਮਹਿੰਗਾਈ, ਸਵੱਛਤਾ, ਸਿਹਤ, ਸਿੱਖਿਆ ਆਦਿ ਨਾਲ ਜੁੜੀਆਂ ਸਮੱਸਿਅਾਵਾਂ ਸੁਲਝਾਉਣ ਦੇ ਲਈ ਹੁਣ ਤੋਂ ਕੰਮ ਕਰਨਾ ਹੋਵੇਗਾ। ਅਜਿਹਾ ਕਰਨ ਨਾਲ ਜਿੱਥੇ ਦੇਸ਼ ਅੱਗੇ ਵਧੇਗਾ, ਉਥੇ ਹੀ ਅਜਿਹਾ ਨਾ ਕਰਨ ਨਾਲ ਇਨ੍ਹਾਂ ਦਾ ਆਪਣਾ ਹੀ ਨੁਕਸਾਨ ਹੋਵੇਗਾ।
–ਵਿਜੇ ਕੁਮਾਰ
ਨਕਲੀ ਜਾਨਲੇਵਾ ਦਵਾਈਆਂ ਦਾ ਧੰਦਾ ਹਿਮਾਚਲ ’ਚ ਜ਼ੋਰਾਂ ’ਤੇ
NEXT STORY