ਦੇਸ਼ ’ਚ ਚੋਣ ਮਾਹੌਲ ਚੱਲ ਰਿਹਾ ਹੈ ਅਤੇ ਵੱਖ-ਵੱਖ ਪਾਰਟੀਆਂ ਦੇ ਆਗੂ ਆਪਣੇ-ਆਪਣੇ ਤਰੀਕਿਆਂ ਨਾਲ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਨ੍ਹਾਂ ਦੇ ਪਿਛਲੇ ਇਕ ਹਫਤੇ ਦੇ ਵਿਵਾਦਤ ਬਿਆਨ ਇੱਥੇ ਦਿੱਤੇ ਜਾ ਰਹੇ ਹਨ :
* 23 ਨਵੰਬਰ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦਾਅਵਾ ਕੀਤਾ ਕਿ ‘‘ਜੇ ਕ੍ਰਿਕਟ ਵਿਸ਼ਵ ਕੱਪ ਫਾਈਨਲ ਅਹਿਮਦਾਬਾਦ ਦੀ ਥਾਂ ਕੋਲਕਾਤਾ ਜਾਂ ਮੁੰਬਈ ’ਚ ਹੁੰਦਾ ਤਾਂ ਭਾਰਤ ਜਿੱਤ ਜਾਂਦਾ। ਭਾਰਤੀ ਟੀਮ ਨੇ ਸਾਰੇ ਮੈਚ ਜਿੱਤੇ, ਸਿਵਾਏ ਉਸ ਮੈਚ ਦੇ ਜਿਸ ਵਿਚ ‘ਪਾਪੀਆਂ’ ਨੇ ਭਾਗ ਲਿਆ ਸੀ। ਪਾਪੀ ਲੋਕ ਜਿੱਥੇ ਵੀ ਜਾਂਦੇ ਹਨ ਆਪਣੇ ਪਾਪ ਨਾਲ ਲੈ ਕੇ ਜਾਂਦੇ ਹਨ। ਭਾਰਤ ’ਚ ਕ੍ਰਿਕਟ ਟੀਮ ਦਾ ਵੀ ਭਗਵਾਂਕਰਨ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।’’
* 25 ਨਵੰਬਰ ਨੂੰ ਹੈਦਰਾਬਾਦ ’ਚ ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਵ ਦੀ ਬੇਟੀ ਅਤੇ ਵਿਧਾਨ ਪ੍ਰੀਸ਼ਦ ਮੈਂਬਰ ਕੇ. ਕਵਿਤਾ ਨੇ ‘ਕੋਰੂਤਲਾ’ ਵਿਚ ਇਕ ਚੋਣ ਰੈਲੀ ’ਚ ਬੋਲਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ‘ਅਬਦਾਲਾ ਸ਼ਾਹ’ (ਝੂਠਿਆਂ ਦਾ ਸਰਦਾਰ) ਕਰਾਰ ਦਿੰਦੇ ਹੋਏ ਕਿਹਾ ਕਿ ‘‘ਚੋਣਾਂ ਦੌਰਾਨ ਅਮਿਤ ਸ਼ਾਹ ਕੁਝ ਵੀ ਬੋਲ ਸਕਦੇ ਹਨ।’’
* 25 ਨਵੰਬਰ ਨੂੰ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹੈਦਰਾਬਾਦ ’ਚ ਕਿਹਾ, ‘‘ਪਿਛਲੇ 20 ਸਾਲਾਂ ’ਚ ਕਾਂਗਰਸ ਨੇ ਰਾਹੁਲ ਯਾਨ (ਗਾਂਧੀ) ਨੂੰ 20 ਵਾਰ ਲਾਂਚ ਕੀਤਾ ਪਰ ਇਹ ਯਾਨ ਹਰ ਵਾਰ ਕ੍ਰੈਸ਼ ਹੋ ਗਿਆ।’’
* ਇਸੇ ਦਿਨ ਰਾਹੁਲ ਗਾਂਧੀ ਨੇ ਨਿਜਾਮਾਬਾਦ ’ਚ ਭਾਜਪਾ ਅਤੇ ਬੀ.ਆਰ.ਐੱਸ. ਦਰਮਿਆਨ ਗੱਠਜੋੜ ਦਾ ਦੋਸ਼ ਲਾਉਂਦੇ ਹੋਏ ਕਿਹਾ, ‘‘ਤੇਲੰਗਾਨਾ ’ਚ ਕੇ.ਸੀ.ਆਰ. ਦੇਸ਼ ਦੀ ਸਭ ਤੋਂ ਭ੍ਰਿਸ਼ਟ ਸਰਕਾਰ ਚਲਾ ਰਹੇ ਹਨ। ਕਾਂਗਰਸ ਨੇ ਤੇਲੰਗਾਨਾ ’ਚ ਭਾਜਪਾ ਦੇ ਚਾਰੋਂ ਟਾਇਰ ਪੈਂਚਰ ਕਰ ਦਿੱਤੇ ਹਨ ਅਤੇ ਦਿੱਲੀ ’ਚ ਵੀ ਅਜਿਹਾ ਹੀ ਕਰਨਗੇ।’’
* ਇਸੇ ਦਿਨ ਬੀ.ਆਰ.ਐੱਸ. ਦੇ ਆਗੂ ਅਤੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਦੇ ਬੇਟੇ ਅਤੇ ਸੂਬੇ ਦੇ ਮੰਤਰੀ ਕੇ.ਟੀ. ਰਾਮਾਰਾਵ ਨੇ ਰਾਹੁਲ ਗਾਂਧੀ ਨੂੰ ‘ਪੱਪੂ’ ਦੱਸਦੇ ਹੋਏ ਕਿਹਾ ਕਿ, ‘‘ਰਾਹੁਲ ਗਾਂਧੀ ਨੂੰ ਇਤਿਹਾਸ ਦੀ ਜਾਣਕਾਰੀ ਨਹੀਂ ਹੈ ਅਤੇ 2014 ’ਚ ਹੀ ਆਪਣੀ ‘ਨੌਕਰੀ’ ਗੁਆ ਦੇਣ ਕਾਰਨ ਉਹ ਅੱਜ ਬੇਰੋਜ਼ਗਾਰ ਹਨ।’’
* 26 ਨਵੰਬਰ ਨੂੰ ਕੇ.ਟੀ. ਰਾਮਾਰਾਵ ਨੇ ਕਿਹਾ, ‘‘ਰਾਹੁਲ ਗਾਂਧੀ ਦੀਆਂ ਗੱਲਾਂ ਨਾ ਸੁਣੋ। ਕਹਿੰਦੇ ਹਨ ਕਿ ਸੱਤਾ ’ਚ ਆਉਣ ’ਤੇ ਜੌਬ ਕੈਲੰਡਰ ਜਾਰੀ ਕਰਨਗੇ। ਮੈਨੂੰ ਲੱਗਦਾ ਹੈ ਕਿ ਉਹ ਕੈਲੰਡਰ ‘ਅੈਪਰਲ ਫੂਲ ਡੇ’ ’ਤੇ ਜਾਰੀ ਕੀਤਾ ਜਾਵੇਗਾ। ਉਹ ਦਿਨ ਰਾਹੁਲ ਗਾਂਧੀ ਦਾ ਦਿਨ ਹੈ। ਉਹ ‘ਪੱਪੂ ਦਿਵਸ’ ਹੈ। ਉਹ ਸਾਰਿਆਂ ਨੂੰ ਮੂਰਖ ਬਣਾ ਰਹੇ ਹਨ।’’
* 26 ਨਵੰਬਰ ਨੂੰ ਹੀ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਰਾਏਪੁਰ ’ਚ ਕਿਹਾ, ‘‘ਭਾਰਤੀ ਜਨਤਾ ਪਾਰਟੀ ਭਗਵਾਨ ਰਾਮ ਦੇ ਨਾਂ ’ਤੇ ਵੋਟਾਂ ਅਤੇ ਨੋਟ ਦੋਵੇਂ ਕਮਾ ਰਹੀ ਹੈ ਅਤੇ ਰਾਮ ਦੇ ਨਾਂ ’ਤੇ ਧੰਦਾ ਕਰ ਰਹੀ ਹੈ। ਰਾਮਸ਼ਿਲਾ ਲਈ ਪੈਸੇ ਲਏ ਪਰ ਇਸ ਦਾ ਕੋਈ ਹਿਸਾਬ ਨਹੀਂ ਹੈ। ਰਾਮ ਜਨਮ ਭੂਮੀ ਸਥਾਨ ’ਚ ਲੱਖਾਂ ਦੀ ਜ਼ਮੀਨ ਖਰੀਦ ਕੇ ਕਰੋੜਾਂ ’ਚ ਵੇਚ ਰਹੇ ਹਨ।’’
* 26 ਨਵੰਬਰ ਨੂੰ ਹੀ ਭਾਜਪਾ ਪ੍ਰਧਾਨ ਜੇ.ਪੀ. ਨੱਡਾ ਨੇ ਹੈਦਰਾਬਾਦ ’ਚ ਤੇਲੰਗਾਨਾ ’ਚ ਸੱਤਾਧਾਰੀ ਪਾਰਟੀ ‘ਭਾਰਤ ਰਾਸ਼ਟਰ ਸਮਿਤੀ’ (ਬੀ.ਆਰ.ਐੱਸ.) ’ਤੇ ਵਿਅੰਗ ਕੱਸਦੇ ਹੋਏ ਕਿਹਾ, ‘‘ਬੀ.ਆਰ.ਐੱਸ. ਦਾ ਮਤਲਬ ਹੈ ‘ਭ੍ਰਿਸ਼ਟਾਚਾਰੀ ਰਾਕਸ਼ਸਵੀ ਸਮਿਤੀ’ ਅਤੇ ਕਾਂਗਰਸ ਕਮਿਸ਼ਨ, ਭ੍ਰਿਸ਼ਟਾਚਾਰ ਅਤੇ ਅਪਰਾਧੀਕਰਨ ਦੀ ਪ੍ਰਤੀਕ ਹੈ।’’
* 26 ਨਵੰਬਰ ਨੂੰ ਹੀ ਅਮਿਤ ਸ਼ਾਹ ਨੇ ਹੈਦਰਾਬਾਦ ਦੀ ਇਕ ਚੋਣ ਸਭਾ ’ਚ ਕਿਹਾ, ‘‘ਕਾਂਗਰਸ ਦੇ ਵਿਧਾਇਕ ਚੀਨੀ ਮਾਲ ਵਾਂਗ ਹਨ ਜਿਨ੍ਹਾਂ ਦੀ ਕੋਈ ਗਾਰੰਟੀ ਨਹੀਂ। ਤੇਲੰਗਾਨਾ ’ਚ ਸੱਤਾਧਾਰੀ ਬੀ.ਆਰ.ਐੱਸ. ਅਤੇ ਕਾਂਗਰਸ ਦਰਮਿਆਨ ਡੀਲ ਹੋਈ ਹੈ। ਕਾਂਗਰਸ ਨੂੰ ਵੋਟ ਦੇਣ ਦਾ ਮਤਲਬ ਹੈ ਕਿ ਬੀ.ਆਰ.ਐੱਸ. ਨੂੰ ਵੋਟ ਦੇਣਾ। ਡੀਲ ਅਨੁਸਾਰ ਕਾਂਗਰਸ ਤੇਲੰਗਾਨਾ ’ਚ ਚੰਦਰਸ਼ੇਖਰ ਰਾਵ ਨੂੰ ਫਿਰ ਮੁੱਖ ਮੰਤਰੀ ਬਣਾਵੇਗੀ ਅਤੇ ਬਦਲੇ ’ਚ ਬੀ.ਆਰ.ਐੱਸ. ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਨ ’ਚ ਮਦਦ ਕਰੇਗੀ।’’
ਇਕ ਹੋਰ ਚੋਣ ਸਭਾ ’ਤੇ ਅਮਿਤ ਸ਼ਾਹ ਬੋਲੇ, ‘‘ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਦੀ ਭ੍ਰਿਸ਼ਟ (ਸਰ) ਕਾਰ ਨੂੰ ਗੈਰਾਜ ’ਚ ਧੱਕਣ ਦਾ ਸਮਾਂ ਆ ਗਿਆ ਹੈ ਅਤੇ ਉਸ ਨੂੰ ਰਿਟਾਇਰਮੈਂਟ ਦੇ ਦੇਣੀ ਚਾਹੀਦੀ ਹੈ।’’
* 26 ਨਵੰਬਰ ਨੂੰ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੈਦਾਰਬਾਦ ’ਚ ਦੋਸ਼ ਲਾਇਆ, ‘‘ਕਾਂਗਰਸ ਅਤੇ ਬੀ.ਆਰ.ਐੱਸ. ਦੋਵੇਂ ਇਕ-ਦੂਜੇ ਦੀ ਕਾਰਬਨ ਕਾਪੀ ਹਨ। ਕਾਂਗਰਸ, ਕੇ.ਸੀ.ਆਰ. ਇਕ ਬਰਾਬਰ-ਦੋਵਾਂ ਤੋਂ ਰਹੋ ਸਾਵਧਾਨ। ਆਪਣੀ ਕਾਰ ਦਾ ਸਟੀਅਰਿੰਗ ਕਿਸੇ ਹੋਰ ਨੂੰ ਸੌਂਪ ਕੇ ਕੇ.ਸੀ.ਆਰ. ਆਪਣੇ ਫਾਰਮ ਹਾਊਸ ਵਿਚ ਸ਼ਿਫਟ ਹੋ ਗਏ ਹਨ।’’
ਸਾਡੇ ਆਗੂਆਂ ਦੇ ਇਸ ਤਰ੍ਹਾਂ ਦੇ ਬਿਆਨ ਲੋਕਾਂ ਦਾ ਮਨੋਰੰਜਨ ਤਾਂ ਕਰ ਸਕਦੇ ਹਨ ਪਰ ਵੋਟ ਕਿੱਧਰ ਜਾਵੇਗੀ, ਇਸ ਦਾ ਪਤਾ ਤਾਂ 3 ਦਸੰਬਰ ਨੂੰ ਚੋਣ ਨਤੀਜਿਆਂ ਦੇ ਐਲਾਨ ਪਿੱਛੋਂ ਹੀ ਲੱਗੇਗਾ।
- ਵਿਜੇ ਕੁਮਾਰ
ਕੀ ਅਰਬ ਦੇਸ਼ਾਂ ’ਚ ਕਤਰ ਵਰਗੇ ਹੋਰ ਦੇਸ਼ ਨਹੀਂ ਹੋਣੇ ਚਾਹੀਦੇ
NEXT STORY