ਸਿਆਸਤਦਾਨਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਕੋਈ ਵੀ ਕਾਨੂੰਨ ਵਿਰੋਧੀ ਕੰਮ ਨਹੀਂ ਕਰਨਗੇ ਅਤੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਸੁਲਝਾਉਣ ਵਿਚ ਮਦਦ ਕਰਨਗੇ ਪਰ ਅੱਜ ਇਹੋ ਲੋਕ ਆਪਣੇ ਜ਼ਹਿਰੀਲੇ ਬਿਆਨਾਂ ਅਤੇ ਕਾਰਿਆਂ ਨਾਲ ਦੇਸ਼ ਦਾ ਮਾਹੌਲ ਵਿਗਾੜ ਰਹੇ ਹਨ।
ਇਸ ਸਮੇਂ ਜਦਕਿ ਦੇਸ਼ ਵਿਚ ਨਾਗਰਿਕਤਾ ਕਾਨੂੰਨ ਅਤੇ ਰਾਸ਼ਟਰੀ ਨਾਗਰਿਕ ਰਜਿਸਟ੍ਰੇਸ਼ਨ ਆਦਿ ਨੂੰ ਲੈ ਕੇ ਘਮਾਸਾਣ ਮਚਿਆ ਹੋਇਆ ਹੈ, ਸਾਡੇ ਨੇਤਾ ਆਦਿ ਇਤਰਾਜ਼ਯੋਗ ਬਿਆਨ ਦੇ ਕੇ ਹਾਲਾਤ ਨੂੰ ਹੋਰ ਵਿਗਾੜ ਰਹੇ ਹਨ, ਜਿਸ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :
* 14 ਦਸੰਬਰ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਨੇਤਾ ਸਾਧਵੀ ਪ੍ਰਾਚੀ ਨੇ ਕਿਹਾ, ‘‘ਨਹਿਰੂ ਨੇ ਨÅਾਥੂਰਾਮ ਗੋਡਸੇ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਸੀ।’’
* 14 ਦਸੰਬਰ ਨੂੰ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ, ‘‘364 ਦਿਨ ‘ਦੇਸ਼ ਸਾੜੋ’ ਮੁਹਿੰਮ ਚਲਾਉਣ ਵਾਲੀ ਕਾਂਗਰਸ ਘੱਟਗਿਣਤੀਆਂ ਨੂੰ ਖੁਸ਼ ਕਰਨ ਲਈ ਹਿੰਦੂਆਂ ਦਾ ਵਿਰੋਧ ਕਰ ਰਹੀ ਹੈ।’’
* 15 ਦਸੰਬਰ ਨੂੰ ਆਰ. ਐੱਸ. ਐੱਸ. ਦੇ ਨੇਤਾ ਇੰਦਰੇਸ਼ ਕੁਮਾਰ ਨੇ ਕਿਹਾ, ‘‘ਰਾਹੁਲ ਦੇ ਨਾਂ ਨਾਲ ਜੁੜਿਆ ‘ਗਾਂਧੀ’ ਗਾਂਧੀ ਸ਼ਬਦ ਦਾ ਅਨਾਦਰ ਹੈ। ਰਾਹੁਲ ਨੂੰ ਆਪਣੇ ਨਾਂ ਦੇ ਨਾਲ ਗਾਂਧੀ ਦੀ ਵਰਤੋਂ ਕਰ ਕੇ ਗਾਂਧੀ ਸ਼ਬਦ ਦਾ ਅਨਾਦਰ ਨਹੀਂ ਕਰਨਾ ਚਾਹੀਦਾ।’’
* 15 ਦਸੰਬਰ ਨੂੰ ਫਿਲਮ ਅਭਿਨੇਤਰੀ ਪਾਇਲ ਰੋਹਤਗੀ ਨੂੰ ਕੁਝ ਸਮਾਂ ਪਹਿਲਾਂ ਨਹਿਰੂ-ਗਾਂਧੀ ਪਰਿਵਾਰ ’ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਸਿਲਸਿਲੇ ਵਿਚ ਗ੍ਰਿਫਤਾਰ ਕੀਤਾ ਗਿਆ।
ਉਨ੍ਹਾਂ ਨੇ ਕਿਹਾ ਸੀ, ‘‘ਮੈਨੂੰ ਲੱਗਦਾ ਹੈ ਕਿ ਕਾਂਗਰਸ ਪਰਿਵਾਰ ਟ੍ਰਿਪਲ ਤਲਾਕ ਦੇ ਵਿਰੁੱਧ ਇਸ ਲਈ ਹੈ ਕਿਉਂਕਿ ਮੋਤੀ ਲਾਲ ਨਹਿਰੂ ਦੀਆਂ 5 ਪਤਨੀਆਂ ਸਨ ਅਤੇ ਮੋਤੀ ਲਾਲ ਨਹਿਰੂ ਜਵਾਹਰ ਲਾਲ ਨਹਿਰੂ ਦੇ ਮਤਰੇਏ ਪਿਤਾ ਸਨ।’’
* 18 ਦਸੰਬਰ ਨੂੰ ਰਾਕਾਂਪਾ ਦੇ ਸੀਨੀਅਰ ਨੇਤਾ ਨਵਾਬ ਮਲਿਕ ਨੇ ਕਿਹਾ, ‘‘ਗ੍ਰਹਿ ਮੰਤਰੀ ਅਮਿਤ ਸ਼ਾਹ ਦੂਜੇ ਜਨਰਲ ਡਾਇਰ ਹਨ। ਜਿਸ ਤਰ੍ਹਾਂ ਜਨਰਲ ਡਾਇਰ ਨੇ ਜਲਿਆਂਵਾਲਾ ਬਾਗ ਵਿਚ ਲੋਕਾਂ ’ਤੇ ਗੋਲੀਬਾਰੀ ਕੀਤੀ ਸੀ, ਉਸੇ ਤਰ੍ਹਾਂ ਅਮਿਤ ਸ਼ਾਹ ਦੇਸ਼ ਦੇ ਨਿਹੱਥੇ ਨਾਗਰਿਕਾਂ ਉੱਤੇ ਗੋਲੀ ਚਲਾਉਣ ਦਾ ਹੁਕਮ ਦਿੰਦੇ ਹਨ।’’
* 18 ਦਸੰਬਰ ਨੂੰ ਝਾਮੁਮੋ ਦੇ ਕਾਰਜਕਾਰੀ ਪ੍ਰਧਾਨ ਹੇਮੰਤ ਸੋਰੇਨ (ਜੋ 27 ਦਸੰਬਰ ਨੂੰ ਝਾਰਖੰਡ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ) ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ (ਭਾਜਪਾ) ਉੱਤੇ ਨਿਸ਼ਾਨਾ ਵਿੰਨ੍ਹਦੇ ਹੋਏ ਬੋਲੇ, ‘‘ਇਹ ਭਾਜਪਾ ਨੇਤਾ ਗੇਰੂਆ ਕੱਪੜੇ ਪਹਿਨ ਕੇ ਨੂੰਹਾਂ-ਧੀਆਂ ਦੀ ਇੱਜ਼ਤ ਲੁੱਟਣ ਦਾ ਕੰਮ ਕਰਦੇ ਹਨ।’’
* 18 ਦਸੰਬਰ ਨੂੰ ਪ੍ਰਿਯੰਕਾ ਗਾਂਧੀ ਨੇ ਕਿਹਾ, ‘‘ਭਾਜਪਾ ਸਰਕਾਰ ਪ੍ਰਚਾਰ ਵਿਚ ਸੁਪਰਹੀਰੋ ਪਰ ਕੰਮ ਵਿਚ ਸੁਪਰ ਜ਼ੀਰੋ ਹੈ।’’
* 18 ਦਸੰਬਰ ਨੂੰ ਹੀ ਮਮਤਾ ਬੈਨਰਜੀ ਨੇ ਕਿਹਾ, ‘‘ਅਮਿਤ ਸ਼ਾਹ ਸਿਰਫ ਭਾਜਪਾ ਦੇ ਨੇਤਾ ਨਹੀਂ, ਦੇਸ਼ ਦੇ ਗ੍ਰਹਿ ਮੰਤਰੀ ਵੀ ਹਨ ਪਰ ਉਨ੍ਹਾਂ ਨੇ ‘ਸਬ ਕਾ ਸਾਥ, ਸਬ ਕਾ ਵਿਕਾਸ’ ਨਹੀਂ ਕੀਤਾ, ਸਗੋਂ ਸਾਰਿਆਂ ਦਾ ਸਰਵਨਾਸ਼ ਕਰ ਦਿੱਤਾ।’’
‘‘ਭਾਜਪਾ ਪੂਰੇ ਦੇਸ਼ ਨੂੰ ਹਿਰਾਸਤ ਕੇਂਦਰ ਵਿਚ ਬਦਲਣਾ ਚਾਹੁੰਦੀ ਹੈ। ਤੁਸੀਂ ਜੇਕਰ ਚੱਟਾਨ ਹੋ ਤਾਂ ਅਸੀਂ ਲੋਕ ਵੀ ਚੂਹੇ ਹਾਂ। ਤੁਹਾਨੂੰ ਕੁਟੁਸ-ਕੁਟੁਸ (ਕੁਤਰ-ਕੁਤਰ) ਕੇ ਕੱਟਾਂਗੇ।’’
* 19 ਦਸੰਬਰ ਨੂੰ ਭਾਜਪਾ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਸੁਬਰਾਮਣੀਅਮ ਸਵਾਮੀ ਬੋਲੇ, ‘‘ਫਾਂਸੀ ਦੀ ਸਜ਼ਾ ਹਾਸਿਲ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨੂੰ ਭਾਰਤ ਦੀ ਨਾਗਰਿਕਤਾ ਦੇ ਦੇਣੀ ਚਾਹੀਦੀ ਹੈ। ਉਹ ਦਰਿਆਗੰਜ ਇਲਾਕੇ ਦੇ ਹਨ ਅਤੇ ਤਸ਼ੱਦਦ ਦੇ ਸ਼ਿਕਾਰ ਹਨ। ਅਸੀਂ ਫਾਸਟ ਟਰੈਕ ਆਧਾਰ ’ਤੇ ਉਨ੍ਹਾਂ ਨੂੰ ਨਾਗਰਿਕਤਾ ਦੇ ਸਕਦੇ ਹਾਂ।’’
* ਅਤੇ ਹੁਣ 23 ਦਸੰਬਰ ਨੂੰ ਕੈਥਲ ਤੋਂ ਭਾਜਪਾ ਵਿਧਾਇਕ ਲੀਲਾ ਰਾਮ ਗੁੱਜਰ ਨੇ ਨਾਗਰਿਕਤਾ ਕਾਨੂੰਨ ਦੇ ਵਿਰੋਧੀਆਂ ’ਤੇ ਵਰ੍ਹਦੇ ਹੋਏ ਕਿਹਾ, ‘‘ਭਾਰਤ ਗਾਂਧੀ ਅਤੇ ਨਹਿਰੂ ਦਾ ਦੇਸ਼ ਨਹੀਂ, ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦਾ ਹੈ ਅਤੇ ਜੇਕਰ ਉਨ੍ਹਾਂ ਦਾ ਇਸ਼ਾਰਾ ਹੋ ਗਿਆ ਤਾਂ (ਅਸੀਂ) ਮੀਆਂ ਜੀ (ਮੁਸਲਮਾਨਾਂ ਦਾ) ਇਕ ਘੰਟੇ ਵਿਚ ਸਫਾਇਆ ਕਰ ਦੇਵਾਂਗੇ।’’
ਅੱਜ ਜਦਕਿ ਦੇਸ਼ ਨੂੰ ਅੰਦਰੋਂ-ਬਾਹਰੋਂ ਕਈ ਖਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਅਜਿਹੇ ਬਿਆਨ ਦੇਣ ਵਾਲੇ ਲੋਕ ਦੇਸ਼ ਦੀ ਕਿਹੜੀ ਸੇਵਾ ਕਰ ਰਹੇ ਹਨ ਅਤੇ ਆਪਣੇ ਬਿਆਨਾਂ ਨਾਲ ਦੇਸ਼ ਵਿਚ ਸਦਭਾਵਨਾ ਵਧਾ ਰਹੇ ਹਨ ਜਾਂ ਦੁਰਭਾਵਨਾ?
–ਵਿਜੇ ਕੁਮਾਰ\\\
ਝਾਰਖੰਡ ਚੋਣਾਂ 'ਚ ਗਠਜੋੜ ਦੀ ਜਿੱਤ ਭਾਜਪਾ ਦੇ ਹੱਥੋਂ ਇਕ ਹੋਰ ਸੂਬਾ ਨਿਕਲਿਆ
NEXT STORY