ਅਨੇਕ ਸੂਬਿਆਂ ’ਚ ਵਿਆਹ ਲਈ ਉਤਾਵਲੇ ਨੌਜਵਾਨਾਂ ਦਾ ਨਕਲੀ ਵਿਚੋਲਿਆਂ ਰਾਹੀਂ ਆਪਣੇ ਗਿਰੋਹ ਦੀਆਂ ਮਹਿਲਾਵਾਂ ਨਾਲ ਵਿਆਹ ਕਰਵਾਉਣ ਵਾਲੇ ਠੱਗਾਂ ਦੇ ਗਿਰੋਹ ਸਰਗਰਮ ਹਨ ਅਤੇ ਇਹ ‘ਲੁਟੇਰੀਆਂ ਦੁਲਹਨਾਂ’ ਵਿਆਹ ਦੇ ਕੁਝ ਹੀ ਦਿਨਾਂ ਦੇ ਅੰਦਰ ਆਪਣੇ ‘ਸਹੁਰਿਆਂ’ ਦੀ ਜਮ੍ਹਾ ਪੂੰਜੀ ’ਤੇ ਹੱਥ ਸਾਫ ਕਰ ਕੇ ਫਰਾਰ ਹੋ ਜਾਂਦੀਆਂ ਹਨ ਜਿਨ੍ਹਾਂ ਦੀਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :
* 20 ਮਈ, 2025 ਨੂੰ ‘ਸਵਾਈਮਾਧੋਪੁਰ’ (ਰਾਜਸਥਾਨ) ਪੁਲਸ ਨੇ ਵਿਆਹ ਦੇ ਨਾਂ ’ਤੇ 25 ਕੁਆਰਿਆਂ ਨੂੰ ਧੋਖਾ ਦੇ ਕੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਲੈ ਕੇ ਦੌੜ ਜਾਣ ਦੇ ਦੋਸ਼ ’ਚ ‘ਲੁਟੇਰੀ ਦੁਲਹਨ’ ਦੇ ਨਾਂ ਨਾਲ ਮਸ਼ਹੂਰ ‘ਅਨੁਰਾਧਾ ਪਾਸਵਾਨ’ ਨੂੰ ਗ੍ਰਿਫਤਾਰ ਕੀਤਾ। ਉਹ ਇਕ ‘ਪਰਫੈਕਟ ਦੁਲਹਨ’ ਅਤੇ ‘ਆਦਰਸ਼ ਨੂੰਹ’ ਹੋਣ ਦਾ ਨਾਟਕ ਕਰਦੀ ਅਤੇ ਸੰਬੰਧਤ ਪਰਿਵਾਰ ਦਾ ਵਿਸ਼ਵਾਸ ਜਿੱਤ ਕੇ ਗਹਿਣੇ ਅਤੇ ਨਕਦੀ ਲੈ ਕੇ ਖਿਸਕ ਜਾਂਦੀ ਸੀ।
‘ਅਨੁਰਾਧਾ ਪਾਸਵਾਨ’ ਦੇ ਸ਼ਿਕਾਰ ਹੋਏ ਇਕ ਪੀੜਤ ਨੇ ਦੱਸਿਆ ਕਿ ‘‘ਮੈਂ ਠੇਲਾ ਲੈ ਕੇ ਰੋਜ਼ੀ-ਰੋਟੀ ਚਲਾਉਂਦਾ ਹਾਂ ਅਤੇ ਕਰਜ਼ਾ ਲੈ ਕੇ ਵਿਆਹ ਕਰਵਾਇਆ ਸੀ। ਮੈਂ ਮੋਬਾਈਲ ਵੀ ਉਧਾਰ ਲਿਆ ਸੀ। ਮੈਨੂੰ ਕਦੇ ਨਹੀਂ ਲੱਗਾ ਕਿ ਉਹ ਧੋਖਾ ਦੇਵੇਗੀ ਪਰ ਵਿਆਹ ਦੇ 2 ਹਫਤਿਆਂ ਦੇ ਅੰਦਰ ਹੀ ਉਹ 1.25 ਲੱਖ ਰੁਪਏ ਦੇ ਗਹਿਣੇ, 30,000 ਰੁਪਏ ਨਕਦ ਅਤੇ 30,000 ਰੁਪਏ ਦਾ ਮੋਬਾਈਲ ਫੋਨ ਲੈ ਕੇ ਦੌੜ ਗਈ, ਜੋ ਮੈਂ ਉਧਾਰ ਖਰੀਦਿਆ ਸੀ।’’
* 2 ਅਗਸਤ, 2025 ਨੂੰ ‘ਨਾਗਪੁਰ’ (ਮਹਾਰਾਸ਼ਟਰ) ’ਚ ਪੁਲਸ ਨੇ ਮੈਟਰੀਮੋਨੀਅਲ ਸਾਈਟਾਂ ਅਤੇ ਫੇਸਬੁੱਕ ਆਦਿ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਜ਼ਰੀਏ ਲੋਕਾਂ ਨੂੰ ਫਸਾ ਕੇ 8 ਵਿਆਹ ਕਰਵਾ ਚੁੱਕੀ ‘ਸਮੀਰਾ ਫਾਤਿਮਾ’ ਨਾਂ ਦੀ 35 ਸਾਲਾ ਸਕੂਲ ਅਧਿਆਪਿਕਾ ਨੂੰ ਗ੍ਰਿਫਤਾਰ ਕੀਤਾ। ਉਹ ਖੁਦ ਨੂੰ ਤਲਾਕਸ਼ੁਦਾ ਦੱਸ ਕੇ ਅਮੀਰ ਮੁਸਲਮਾਨ ਕੁਆਰਿਆਂ ਨੂੰ ਆਪਣੇ ਜਾਲ ’ਚ ਫਸਾਉਂਦੀ ਅਤੇ ਫਿਰ ਉਨ੍ਹਾਂ ਤੋਂ ਲੱਖਾਂ ਰੁਪਏ ਭੋਟ ਕੇ ਫਰਾਰ ਹੋ ਜਾਂਦੀ। ਉਹ ਆਪਣੇ ਸ਼ਿਕਾਰ ਲੋਕਾਂ ਦੇ ਸਾਹਮਣੇ ਗਰਭਵਤੀ ਹੋਣ ਦਾ ਨਾਟਕ ਵੀ ਕਰਦੀ ਸੀ।
* 2 ਨਵੰਬਰ, 2025 ਨੂੰ ‘ਸੀਕਰ’ (ਰਾਜਸਥਾਨ) ’ਚ ਇਕ ਅਜਿਹੇ ਵਿਅਕਤੀ ਦਾ ਖੁਲਾਸਾ ਹੋਇਆ ਜਿਸ ਨੇ ਆਪਣੀਆਂ 2 ਸਕੀਆਂ ਅਨਪੜ੍ਹ ਬੇਟੀਆਂ ‘ਤਮੰਨਾ’ ਅਤੇ ‘ਕਾਜਲ’ ਨੂੰ ਹੀ ‘ਲੁਟੇਰੀਆਂ ਦੁਲਹਨਾਂ’ ਬਣਾ ਕੇ ਕਮਾਈ ਦਾ ਜ਼ਰੀਆ ਬਣਾ ਲਿਆ ਸੀ। ਉਹ ਲੋੜਵੰਦ ਕੁਆਰਿਆਂ ਨਾਲ ਉਨ੍ਹਾਂ ਦਾ ਵਿਆਹ ਕਰਵਾ ਕੇ ਲੱਖਾਂ ਰੁਪਏ ਠੱਗਦਾ ਸੀ।
* 3 ਨਵੰਬਰ, 2025 ਨੂੰ ‘ਉੱਤਰ ਪ੍ਰਦੇਸ਼’ ਦੀ ਇਕ ‘ਲੁਟੇਰੀ ਦੁਲਹਨ ਕਾਜਲ’ ਨੂੰ ‘ਗੁਰੂਗ੍ਰਾਮ’ ਤੋਂ ਗ੍ਰਿਫਤਾਰ ਕੀਤਾ ਿਗਆ। ਉਹ ਕੁਆਰੇ ਨੌਜਵਾਨਾਂ ਨੂੰ ਹੀ ਨਿਸ਼ਾਨਾ ਬਣਾਉਂਦੀ ਸੀ।
* 9 ਦਸੰਬਰ, 2025 ’ਚ ‘ਬਾਂਸਵਾੜਾ’ (ਰਾਜਸਥਾਨ) ’ਚ ‘ਕੋਮਲ’ ਉਰਫ ‘ਸਲੋਨੀ’ ਨਾਂ ਦੀ ‘ਲੁਟੇਰੀ ਦੁਲਹਨ’ ਨੂੰ ਗ੍ਰਿਫਤਾਰ ਕੀਤਾ ਿਗਆ ਜੋ ਆਪਣੇ ਪਤੀ ਦੇ ਨਾਲ ਮਿਲ ਕੇ ਲੋਕਾਂ ਨੂੰ ਠੱਗਦੀ ਸੀ।
* 23 ਜਨਵਰੀ, 2026 ਨੂੰ ‘ਸੰਭਲ’ (ਉੱਤਰ ਪ੍ਰਦੇਸ਼) ’ਚ ‘ਲੁਟੇਰੀਆਂ ਦੁਲਹਨਾਂ’ ਦੇ 4 ਮਾਮਲੇ ਸਾਹਮਣੇ ਆਏ। ਇਨ੍ਹਾਂ ’ਚ 3 ਦੁਲਹਨਾਂ ਤਾਂ ਵਿਆਹ ਦੇ 3 ਤੋਂ 4 ਦਿਨਾਂ ਦੇ ਅੰਦਰ ਹੀ ਸਹੁਰੇ ਘਰ ’ਚ ਰੱਖਿਆ ਕੈਸ਼ ਅਤੇ ਗਹਿਣੇ ਲੈ ਕੇ ਦੌੜ ਗਈਆਂ ਜਦਕਿ ਚੌਥੀ ‘ਲੁਟੇਰੀ ਦੁਲਹਨ’ ਵੀ ਫਰਾਰ ਹੋਣ ਦੀ ਕੋਸ਼ਿਸ਼ ’ਚ ਸੀ ਪਰ ਸਮੇਂ ਸਿਰ ਫੜੀ ਗਈ।
ਫੜੀ ਗਈ ਔਰਤ ਨੇ ਦੱਸਿਆ ਿਕ ਉਸ ਦਾ ਅਸਲੀ ਨਾਂ ‘ਆਇਸ਼ਾ’ ਹੈ ਅਤੇ ਉਹ ਵਿਆਹੀ ਹੋਈ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਲੋਕਾਂ ਦਾ ਪੂਰਾ ਇਕ ਗੈਂਗ ਹੈ, ਜੋ ਵਿਆਹ ਦੇ ਲਈ ਉਤਾਵਲੇ ਕੁਆਰਿਆਂ ਨੂੰ ਫਸਾ ਕੇ ਉਨ੍ਹਾਂ ਦੇ ਨਕਲੀ ਵਿਆਹ ਕਰਵਾਉਂਦਾ ਸੀ।
ਇਸ ਗਿਰੋਹ ਦਾ ਸਰਗਣਾ ਬਦਾਯੂੰ ਦਾ ‘ਰਾਜੀਵ’ ਅਤੇ ਉਸਦੀ ਸਾਥਣ ‘ਕਾਜਲ’ ਉਰਫ ‘ਨੂਰਜਹਾਂ ਖਾਤੂਨ’ ਹੈ, ਜੋ ਪੱਛਮੀ ਬੰਗਾਲ ਤੋਂ ਲੜਕੀਆਂ ਿਲਆ ਕੇ ਇੱਥੇ ਸਪਲਾਈ ਕਰਦੀ ਸੀ। ਇਹ ਗਿਰੋਹ ਲੜਕੀਆਂ ਦਾ ਧਰਮ ਅਤੇ ਅਸਲੀ ਪਛਾਣ ਲੁਕਾ ਕੇ ਕੰਮ ਕਰਦਾ ਸੀ।
* ਅਤੇ ਹੁਣ 24 ਜਨਵਰੀ, 2026 ਨੂੰ ‘ਗਵਾਲੀਅਰ’ (ਮੱਧ ਪ੍ਰਦੇਸ਼) ਦੀ ਕ੍ਰਾਈਮ ਬ੍ਰਾਂਚ ਨੇ ‘ਪੂਨਮ’ ਉਰਫ ‘ਡੋਲੀ ਵਰਮਾ’ ਨਾਂ ਦੀ ‘ਲੁਟੇਰੀ ਦੁਲਹਨ’ ਨੂੰ ਗਿਰੋਹ ਦੇ 2 ਹੋਰ ਮੈਂਬਰਾਂ ‘ਰਾਕੇਸ਼ ਸ਼ਰਮਾ’ ਅਤੇ ‘ਹੀਰਾ ਠਾਕੁਰ’ ਨਾਲ ਗ੍ਰਿਫਤਾਰ ਕੀਤਾ ਹੈ, ਜਦਕਿ ਗਿਰੋਹ ਦੇ 2 ਮੈਂਬਰ ਅਜੇ ਫਰਾਰ ਹਨ। ਇਹ ਗਿਰੋਹ ਅਜਿਹੇ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਸੀ ਜਿਨ੍ਹਾਂ ਦੇ ਅਮੀਰ ਹੋਣ ਦੇ ਬਾਵਜੂਦ ਵਿਆਹ ਨਹੀਂ ਹੋ ਰਹੇ ਸਨ।
ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਅੱਜ ਨੌਜਵਾਨਾਂ ਨੂੰ ਵਿਆਹ ਕਰਵਾਉਣ ਦਾ ਲਾਲਚ ਦੇ ਕੇ ਉਨ੍ਹਾਂ ਨੂੰ ਲੁੱਟਣ ਵਾਲੀਆਂ ‘ਲੁਟੇਰੀਆਂ ਦੁਲਹਨਾਂ’ ਦੇ ਗਿਰੋਹ ਕਿਸ ਕਦਰ ਸਰਗਰਮ ਹਨ। ਲਿਹਾਜ਼ਾ ਵਿਆਹ ਕਰਾਉਣ ਦੇ ਫੇਰ ’ਚ ਇਸ ਤਰ੍ਹਾਂ ਦੇ ਗਿਰੋਹਾਂ ਤੋਂ ਬਚ ਕੇ ਰਹਿਣਾ ਅਤੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਰਿਸ਼ਤਾ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਅਜਿਹੇ ਗਿਰੋਹਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਹੋਰ ਲੋਕ ਅਜਿਹੀ ਠੱਗੀ ਦਾ ਸ਼ਿਕਾਰ ਹੋਣ ਤੋਂ ਬਚ ਸਕਣ।
–ਵਿਜੇ ਕੁਮਾਰ
ਯੂ. ਜੀ. ਸੀ. ਇਕਵਿਟੀ ਰੈਗੂਲੇਸ਼ਨ : ਇਕ ਉਲਟੀ ਦਿਸ਼ਾ ਦਾ ਸਫਰ
NEXT STORY