ਅੱਜ ਇੰਟਰਨੈੱਟ ਦੇ ਜ਼ਮਾਨੇ ’ਚ ਹਰ ਚੀਜ਼ ਮੋਬਾਈਲ ’ਤੇ ਮੁਹੱਈਆ ਹੋਣ ਕਾਰਨ ਸੋਸ਼ਲ ਮੀਡੀਆ ਦਾ ਮਹੱਤਵ ਬੜਾ ਵਧ ਗਿਆ ਹੈ ਅਤੇ ਲੋਕ ਵੱਡੇ ਪੱਧਰ ’ਤੇ ਇਸ ਦੀ ਵਰਤੋਂ ਕਰ ਰਹੇ ਹਨ। ਇਸ ਨਾਲ ਜਿੱਥੇ ਉਪਯੋਗੀ ਜਾਣਕਾਰੀ ਮਿਲਦੀ ਹੈ, ਉਥੇ ਹੀ ਇਸ ’ਤੇ ਮੁਹੱਈਆ ਅਣਉਚਿਤ ਅਤੇ ਅਸ਼ਲੀਲ ਸਮੱਗਰੀ ਬੱਚਿਆਂ ਲਈ ਹਾਨੀਕਾਰਕ ਵੀ ਸਿੱਧ ਹੋ ਰਹੀ ਹੈ।
ਹਾਲਤ ਇਹ ਹੋ ਗਈ ਹੈ ਕਿ ਅੱਜ ਬੱਚੇ ਬੋਲਣ ਸਿੱਖਣ ਤੋਂ ਪਹਿਲਾਂ ਮੋਬਾਈਲ ਫੋਨ ਦੀ ਵਰਤੋਂ ਕਰਨੀ ਸਿੱਖ ਰਹੇ ਹਨ। ਬੱਚਿਆਂ ’ਚ ਵਧਦੀ ਆਨਲਾਈਨ ਗੇਮਿੰਗ ਦੀ ਆਦਤ ਹੁਣ ਭਿਆਨਕ ਆਦਤ ’ਚ ਬਦਲ ਚੁੱਕੀ ਹੈ।
ਸਕੂਲ ਹੋਵੇ ਜਾਂ ਹੋਵੇ ਘਰ, ਹਰ ਥਾਂ ਬੱਚੇ ਮੋਬਾਈਲ ਦੀ ਵਰਤੋਂ ਕਰਦੇ ਰਹਿੰਦੇ ਹਨ। ਸੋਸ਼ਲ ਮੀਡੀਆ ਦੀ ਬਹੁਤ ਜ਼ਿਆਦਾ ਵਰਤੋਂ ਬੱਚਿਆਂ ਦੀ ਮਾਨਸਿਕ ਸਥਿਤੀ ’ਤੇ ਬੁਰਾ ਅਸਰ ਪਾ ਰਹੀ ਹੈ ਅਤੇ ਬੱਚਿਆਂ ’ਚ ਨੀਂਦ ਦੀ ਕਮੀ ਵੀ ਦੇਖੀ ਗਈ ਹੈ। ਇਹ ਬੱਚਿਆਂ ’ਚ ਡਿਪਰੈਸ਼ਨ, ਚਿੰਤਾ ਅਤੇ ਤਣਾਅ ਪੈਦਾ ਕਰਨ ਦਾ ਕਾਰਨ ਵੀ ਬਣ ਰਿਹਾ ਹੈ।
ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਵੱਧ ਸਮਾਂ ਬਤੀਤ ਕਰਨ ਦੇ ਕਾਰਨ ਇੰਟਰਨੈੱਟ ਦੀ ਆਦਤ ਪੈਣ ਨਾਲ ਬੱਚਿਆਂ ਦੀ ਰੋਜ਼ਮੱਰਾ ਪ੍ਰਭਾਵਿਤ ਹੋ ਰਹੀ ਹੈ ਅਤੇ ਮਾਤਾ-ਪਿਤਾ ਦੇ ਨਾਲ ਉਨ੍ਹਾਂ ਦੀ ਦੂਰੀ ਅਤੇ ਸੁਭਾਅ ’ਚ ਹਿੰਸਕ ਪ੍ਰਵਿਰਤੀ ਵਧਣ ਦੇ ਨਾਲ-ਨਾਲ ਇਕਾਗਰਤਾ ’ਚ ਕਮੀ ਆ ਰਹੀ ਹੈ।
ਪਿਛਲੇ ਕੁਝ ਸਮੇਂ ਤੋਂ ਭਾਰਤ ’ਚ ਨਾਬਾਲਗਾਂ ਵਲੋਂ ਸੋਸ਼ਲ ਮੀਡੀਆ ’ਤੇ ਅਸ਼ਲੀਲ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੀ ਸਮੱਗਰੀ ਦੇਖ ਕੇ ਜਬਰ-ਜ਼ਨਾਹ ਅਤੇ ਕਤਲ ਵਰਗੀਆਂ ਵਾਰਦਾਤਾਂ ਕਰਨ ਦੇ ਮਾਮਲੇ ਵਧ-ਚੜ੍ਹ ਕੇ ਸਾਹਮਣੇ ਆ ਰਹੇ ਹਨ।
* 8 ਫਰਵਰੀ, 2024 ਨੂੰ ਕਾਸਗੰਜ (ਉੱਤਰ ਪ੍ਰਦੇਸ਼) ’ਚ ਇਕ ਨਾਬਾਲਗ ਨੂੰ ਪੋਰਨ ਵੀਡੀਓ ਦੇਖ ਕੇ ਆਪਣੀ ਨਾਬਾਲਗ ਭੈਣ ਨਾਲ ਜਬਰ-ਜ਼ਨਾਹ ਕਰਨ ਦੇ ਬਾਅਦ ਉਸ ਦਾ ਕਤਲ ਕਰ ਦੇਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਹੈ।
* 27 ਜੁਲਾਈ, 2024 ਨੂੰ ‘ਰੀਵਾ’ (ਮੱਧ ਪ੍ਰਦੇਸ਼) ’ਚ ਸੋਸ਼ਲ ਮੀਡੀਆ ’ਤੇ ਅਸ਼ਲੀਲ ਸਮੱਗਰੀ ਦੇਖਣ ਦੇ ਬਾਅਦ ਆਪਣੀ 9 ਸਾਲ ਦੀ ਛੋਟੀ ਭੈਣ ਨਾਲ ਜਬਰ-ਜ਼ਨਾਹ ਕਰਨ ਦੇ ਬਾਅਦ ਉਸ ਦਾ ਕਤਲ ਕਰਨ ਦੇ ਦੋਸ਼ ’ਚ ਇਕ ਨਾਬਾਲਗ ਨੂੰ ਗ੍ਰਿਫਤਾਰ ਕੀਤਾ ਗਿਆ।
ਬਾਲ ਮਨ ’ਤੇ ਸੋਸ਼ਲ ਮੀਡੀਆ ਦੇ ਬੁਰੇ ਅਸਰਾਂ ਨੂੰ ਦੇਖਦੇ ਹੋਏ ਹੀ ਕਈ ਦੇਸ਼ਾਂ ਨੇ ਛੋਟੀ ਉਮਰ ਦੇ ਬੱਚਿਆਂ ਵਲੋਂ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਪਾਬੰਦੀ ਲਾ ਦਿੱਤੀ ਹੈ। ਇਨ੍ਹਾਂ ’ਚ ਆਸਟ੍ਰੇਲੀਆ, ਮਲੇਸ਼ੀਆ ਅਤੇ ਅਮਰੀਕਾ ਦੇ ਕੁਝ ਸੂਬੇ ਸ਼ਾਮਲ ਹਨ ਜਦਕਿ ਡੈਨਮਾਰਕ, ਗ੍ਰੀਸ, ਸਪੇਨ, ਨਿਊਜ਼ੀਲੈਂਡ ਅਤੇ ਆਇਰਲੈਂਡ ਵਰਗੇ ਦੇਸ਼ ਵੀ ਇਸ ਤਰ੍ਹਾਂ ਦੀ ਪਾਬੰਦੀ ਲਾਉਣ ’ਤੇ ਵਿਚਾਰ ਕਰ ਰਹੇ ਹਨ।
ਇਸ ਤੋਂ ਪਹਿਲਾਂ ਬ੍ਰਿਟੇਨ ਦੇ ਸਕੂਲਾਂ ’ਚ ਮੋਬਾਈਲ ਫੋਨ ਦੀ ਵਰਤੋਂ ’ਤੇ ਮੁਕੰਮਲ ਰੋਕ ਲਾਉਣ ਦੇ ਹੁਕਮ ਜਾਰੀ ਕਰਦੇ ਹੋਏ ਕਿਹਾ ਗਿਆ ਸੀ ਕਿ ਸਕੂਲ ’ਚ ਮੋਬਾਈਲ ਫੋਨ ਪੜ੍ਹਾਈ ਅਤੇ ਹੋਰ ਸਰਗਰਮੀਆ ’ਚ ਰੁਕਾਵਟ ਬਣਦੇ ਹਨ।
ਅਤੇ ਹੁਣ ਇਸੇ ਸੰਬੰਧ ’ਚ ਫਰਾਂਸ ਸਰਕਾਰ ਨੇ ਵੀ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਦੇਸ਼ ਦੀ ਨੈਸ਼ਨਲ ਅਸੈਂਬਲੀ ਨੇ ਇਸ ਨਾਲ ਸੰਬੰਧਤ ਬਿੱਲ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਹੁਣ ਇਸ ਨੂੰ ਸੀਨੇਟ ’ਚ ਪੇਸ਼ ਕੀਤਾ ਜਾਵੇਗਾ ਅਤੇ ਉਸ ਦੀ ਰਸਮੀ ਪ੍ਰਵਾਨਗੀ ਮਿਲਣ ਦੇ ਬਾਅਦ ਇਸ ਨੂੰ ਦੇਸ਼ ’ਚ 1 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਆਗਾਮੀ ਸਿੱਖਿਆ ਸੈਸ਼ਨ ਤੋਂ ਲਾਗੂ ਕਰ ਦਿੱਤਾ ਜਾਵੇਗਾ।
ਫਰਾਂਸ ਦੇ ਰਾਸ਼ਟਰਪਤੀ ‘ਇਮੈਨੂਅਲ ਮੈਕਰੋਂ’ ਦਾ ਕਹਿਣਾ ਹੈ ਕਿ ‘‘ਸਾਡੇ ਬੱਚਿਆਂ ਦੇ ਦਿਮਾਗ ਵਿਕਾਊ ਨਹੀਂ ਹਨ। ਬੱਚਿਆਂ ਦੀ ਮਾਨਸਿਕ ਅਤੇ ਭਾਵਨਾਤਮਕ ਸਿਹਤ ਨੂੰ ਉਨ੍ਹਾਂ ਕੰਪਨੀਆਂ ਦੇ ਭਰੋਸੇ ’ਤੇ ਨਹੀਂ ਛੱਡਿਆ ਜਾ ਸਕਦਾ ਹੈ, ਜਿਨ੍ਹਾਂ ਦਾ ਮਕਸਦ ਸਿਰਫ ਲਾਭ ਕਮਾਉਣਾ ਹੈ।’’
ਇਸੇ ਤਰ੍ਹਾਂ ਇਸ ਬਿੱਲ ਨੂੰ ਤਿਆਰ ਕਰਨ ਵਾਲੀ ਸੰਸਦ ਮੈਂਬਰ ‘ਲਾਰ ਮਿਲਰ’ ਦਾ ਕਹਿਣਾ ਹੈ ਕਿ ‘‘ਸੋਸ਼ਲ ਮੀਡੀਆ ਪਲੇਟਫਾਰਮ ਹਾਨੀਕਾਰਕ ਹਨ। ਇਨ੍ਹਾਂ ਪਲੇਟਫਾਰਮਾਂ ਨੇ ਲੋਕਾਂ ਨੂੰ ਆਪਸ ’ਚ ਜੋੜਨ ਦਾ ਵਾਅਦਾ ਕੀਤਾ ਸੀ ਪਰ ਹੁਣ ਇਹ ਸਮਾਜ ਨੂੰ ਵੰਡਣ ਲੱਗੇ ਹਨ। ਇਹ ਕਾਨੂੰਨ ਸਮਾਜ ’ਚ ਇਕ ਸਪੱਸ਼ਟ ਹੱਦ ਨਿਰਧਾਰਿਤ ਕਰੇਗਾ।’’
ਤਜਵੀਜ਼ਤ ਕਾਨੂੰਨ ਦੇ ਤਹਿਤ ਫਰਾਂਸ ਦਾ ਮੀਡੀਆ ਰੈਗੂਲੇਟਰ ਬੱਚਿਆਂ ਲਈ ਹਾਨੀਕਾਰਕ ਮੰਨੇ ਜਾਣ ਵਾਲੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਸੂਚੀ ਤਿਆਰ ਕਰੇਗਾ। ਇਨ੍ਹਾਂ ਪਲੇਟਫਾਰਮਾਂ ’ਤੇ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਅਕਾਊਂਟ ਬਣਾਉਣ ’ਤੇ ਮੁਕੰਮਲ ਪਾਬੰਦੀ ਰਹੇਗੀ।
ਸਾਡੇ ਭਾਰਤਵਰਸ਼ ’ਚ ਵੀ ਇਸ ਤਰ੍ਹਾਂ ਦੇ ਕਾਨੂੰਨ ਨੂੰ ਤੁਰੰਤ ਸਖਤੀ ਨਾਲ ਲਾਗੂ ਕਰਨ ਅਤੇ ਉਸ ’ਤੇ ਅਮਲ ਯਕੀਨੀ ਕਰਾਉਣ ਦੀ ਲੋੜ ਹੈ ਤਾਂ ਕਿ ਬੱਚਿਆਂ ਨੂੰ ਸੋਸ਼ਲ ਮੀਡੀਆ ਦੇ ਭੈੜੇ ਅਸਰਾਂ ਤੋਂ ਬਚਾਇਆ ਜਾ ਸਕੇ।
–ਵਿਜੇ ਕੁਮਾਰ
‘ਵਿਸ਼ਵ ਵਿਵਸਥਾ’ ਨਹੀਂ, ਸ਼ਕਤੀ ਦੀ ਖੇਡ ’ਚ ਭਾਰਤ ਦਾ ਰਾਹ
NEXT STORY