ਸਾਡੇ ਪਾਠਕ ਸਮਾਜਿਕ ਹਿੱਤਾਂ ਨਾਲ ਜੁੜੇ ਮੁੱਦਿਆਂ ’ਤੇ ਆਪਣੇ ਵਿਚਾਰ ਸਾਨੂੰ ਭੇਜਦੇ ਰਹਿੰਦੇ ਹਨ, ਜਿਨ੍ਹਾਂ ’ਚੋਂ ਕੁਝ ਕੁ ਪੱਤਰ ਅਸੀਂ ਸਬੰਧਤ ਅਧਿਕਾਰੀਆਂ ਦੇ ਧਿਆਨ ਹਿੱਤ ਪ੍ਰਕਾਸ਼ਿਤ ਕਰਦੇ ਰਹਿੰਦੇ ਹਾਂ। ਅਜਿਹਾ ਹੀ ਇਕ ਪੱਤਰ ਸਾਨੂੰ ਬਰਮਿੰਘਮ, ਯੂ. ਕੇ. ਤੋਂ ਸ਼੍ਰੀ ਅਸ਼ੋਕ ਪੁਰੀ ਨੇ ਭੇਜਿਆ ਹੈ, ਜਿਸ ’ਚ ਉਨ੍ਹਾਂ ਨੇ ਭਾਰਤ ’ਚ ਧਨ ਨਿਵੇਸ਼ ਕਰਨ ਦੇ ਚਾਹਵਾਨਾਂ ਨੂੰ ਦਰਪੇਸ਼ ਕੁਝ ਸਮੱਸਿਆਵਾਂ ਦਾ ਵਰਨਣ ਕੀਤਾ ਹੈ। ਉਹ ਲਿਖਦੇ ਹਨ : ‘‘ਇਸ ਸਮੇਂ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਵਿਦੇਸ਼ਾਂ ’ਚ ਰਹਿ ਰਹੇ ਐੱਨ. ਆਰ. ਆਈਜ਼ ਨੂੰ ਭਾਰਤ ’ਚ ਨਿਵੇਸ਼ ਕਰਨ ਨੂੰ ਕਹਿ ਰਹੇ ਹਨ, ਇਨ੍ਹਾਂ ਨੂੰ ਬੈਂਕਾਂ ਤੋਂ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।’’ ‘ਟੀ. ਡੀ. ਐੱਸ. ਸਰਟੀਫਿਕੇਟ ਨਹੀਂ ਮਿਲ ਰਹੇ ਜੋ ਸਭ ਨੂੰ ਯੂ.ਕੇ. ਅਤੇ ਇੰਡੀਆ ਦੇ ਅਕਾਊਂਟ ਬਣਾਉਣ ਲਈ ਬੜਾ ਜ਼ਰੂਰੀ ਦਸਤਾਵੇਜ਼ ਹੈ ਕਿਉਂਕਿ ਇਸੇ ’ਤੇ ਬਿਨੈਕਾਰ ਦੀ ਸਾਰੀ ਆਮਦਨ ਦਾ ਵੇਰਵਾ ਲਿਖਿਆ ਹੁੰਦਾ ਹੈ ਅਤੇ ਉਸ ਹਿਸਾਬ ਨਾਲ ਪਰਸਨਲ ਅਲਾਊਂਸ ਕੱਟ ਕੇ ਟੈਕਸ ਦਿੱਤਾ ਜਾਂਦਾ ਹੈ। ਜੇਕਰ ਇਹੀ ਨਹੀਂ ਮਿਲੇਗਾ ਤਾਂ ਅਕਾਊਂਟ ਕਿਵੇਂ ਬਣਨਗੇ।’
‘‘ਬੈਂਕ ਮੈਨੇਜਰ ਇਹ ਕਹਿ ਕੇ ਟਾਲ ਦਿੰਦੇ ਹਨ ਕਿ ਚਿੰਤਾ ਨਾ ਕਰੋ ਕੰਮ ਹੋ ਜਾਵੇਗਾ। ਬਸ ਵਾਪਸ ਜਾ ਕੇ ਥੋੜ੍ਹਾ ਪੈਸਾ ਹੋਰ ਭੇਜ ਦੇਣਾ ਪਰ ਜੇਕਰ ਉਨ੍ਹਾਂ ਨੂੰ ਆਪਣੀ ਇਨਕਮ ਦਾ ਟੀ. ਡੀ. ਐੱਸ. ਸਰਟੀਫਿਕੇਟ ਹੀ ਨਹੀਂ ਮਿਲੇਗਾ ਤਾਂ ਲੋਕ ਪੈਸਾ ਕਿਵੇਂ ਭੇਜਣ।’’ ‘‘ਇਕੱਲੇ ਟੀ. ਡੀ. ਐੱਸ. ਹੀ ਨਹੀਂ, ਕ੍ਰੈਡਿਟ ਕਾਰਡ ਦਾ ਵੀ ਇਹੀ ਹਾਲ ਹੈ। ਜਾਰੀ ਤਾਂ ਹੋ ਜਾਂਦੇ ਹਨ ਪਰ ਐਕਟੀਵੇਟ ਹੀ ਨਹੀਂ ਹੁੰਦੇ। ਬਿਨੈ ਕਰਦੇ ਸਮੇਂ ਐੱਨ. ਆਰ. ਆਈ. ਤੋਂ ਜੋ ਵੀ ਵੇਰਵਾ ਮੰਗਿਆ ਜਾਂਦਾ ਹੈ, ਸਭ ਦੇ ਦਿੱਤਾ ਜਾਂਦਾ ਹੈ ਪਰ ਜਦੋਂ ਕ੍ਰੈਡਿਟ ਕਾਰਡ ਆ ਜਾਂਦਾ ਹੈ ਤਾਂ ਉਸ ਨੂੰ ਐਕਟੀਵੇਟ ਕਰਾਉਣ ਲਈ ਤੁਹਾਨੂੰ ਭਾਰਤ ਆਉਣਾ ਹੋਵੇਗਾ। ਇਨ੍ਹਾਂ ਤੋਂ ਕੋਈ ਪੁੱਛੇ ਭਾਰਤ ਆਉਣਾ ਕੋਈ ਸੌਖਾ ਹੈ। ਜਦੋਂ ਅਸੀਂ ਭਾਰਤ ਆਉਂਦੇ ਹਾਂ ਤਾਂ ਪਾਸਪੋਰਟ ਆਦਿ ਸਾਰੇ ਜ਼ਰੂਰੀ ਦਸਤਾਵੇਜ਼ ਦਿਖਾ ਕੇ ਅਪਡੇਟ ਕਰਵਾਉਂਦੇ ਹਾਂ, ਫਿਰ ਇਹ ਸਵਾਲ ਕਿਉਂ?’’ ‘‘ਐੱਨ. ਆਰ. ਆਈ. ਦੇ ਜਾਣ ਦਾ ਸਮਾਂ ਆ ਜਾਂਦਾ ਹੈ ਪਰ ਬੈਂਕ ਵਾਲਿਆਂ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕਦੀ। ਵਾਪਸ ਜਾ ਕੇ ਵੀ ਲੋਕ ਈ-ਮੇਲ ਫੋਨ ਆਦਿ ਕਰਦੇ ਰਹਿੰਦੇ ਹਨ ਪਰ ਕੰਮ ਨਹੀਂ ਹੁੰਦਾ। ਿਡਜੀਟਲ ਇੰਡੀਆ ’ਚ ਅਸੀਂ ਡਿਜੀਟਲ ਮਨੀ ਕਿਵੇਂ ਵਰਤੀਏ ਜਦੋਂ ਕੰਮ ਹੋਣ ’ਚ ਹੀ ਕਈ ਸਾਲ ਲੱਗ ਜਾਂਦੇ ਹਨ।’’
‘ਕੌਣ ਹੈ ਇਸ ਸਭ ਦਾ ਜ਼ਿੰਮੇਵਾਰ? ਬੈਂਕ ਮੈਨੇਜਰ, ਬੈਂਕ ਮੁਲਾਜ਼ਮ ਜਾਂ ਟੀ. ਡੀ. ਐੱਸ. ਸਰਟੀਫਿਕੇਟ ਇਸ਼ੂ ਕਰਨ ਵਾਲਾ ਵਿਭਾਗ? ਜੇਕਰ ਪੂੰਜੀ ਨਿਵੇਸ਼ ਚਾਹੀਦੈ ਤਾਂ ਭਾਰਤ ਸਰਕਾਰ ਨੂੰ ਇਨ੍ਹਾਂ ਖਾਮੀਆਂ ਨੂੰ ਦੂਰ ਕਰਨਾ ਹੋਵੇਗਾ। ਸਭ ਕੁਝ ਸਮੇਂ ’ਤੇ ਮਿਲਣਾ ਅਤੇ ਪ੍ਰਕਿਰਿਆ ਨੂੰ ਸੌਖਾ ਬਣਾਉਣਾ ਚਾਹੀਦਾ ਹੈ ਤਾਂ ਕਿ ਐੱਨ. ਆਰ. ਆਈ. ਬਿਨਾਂ ਕਿਸੇ ਰੁਕਾਵਟ ਦੇ ਆਪਣੇ ਦੇਸ਼ ’ਚ ਧਨ ਦਾ ਨਿਵੇਸ਼ ਕਰ ਸਕਣ।’’ ਸ਼੍ਰੀ ਅਸ਼ੋਕ ਪੁਰੀ ਨੇ ਆਪਣੇ ਪੱਤਰ ’ਚ ਜੋ ਮੁੱਦੇ ਚੁੱਕੇ ਹਨ, ਸਬੰਧਤ ਅਧਿਕਾਰੀਆਂ ਨੂੰ ਇਨ੍ਹਾਂ ’ਤੇ ਗੰਭੀਰਤਾਪੂਰਵਕ ਚਿੰਤਨ ਕਰ ਕੇ ਇਨ੍ਹਾਂ ਦਾ ਹੱਲ ਕਰਨਾ ਚਾਹੀਦਾ ਹੈ ਤਾਂ ਕਿ ਸਾਡੇ ਐੱਨ. ਆਰ. ਆਈ. ਦੇਸ਼ ’ਚ ਵੱਧ ਮਾਤਰਾ ’ਚ ਧਨ ਭੇਜ ਸਕਣ ਅਤੇ ਉਸ ਨਿਵੇਸ਼ ਨਾਲ ਦੇਸ਼ ’ਚ ਉਦਯੋਗ, ਕਾਰੋਬਾਰ ਅਤੇ ਰੋਜ਼ਗਾਰ ਵਧਾਉਣ ’ਚ ਮਦਦ ਮਿਲੇ।
ਵਿਜੇ ਕੁਮਾਰ
ਮਹਿਲਾ ਕੈਦੀਆਂ ਲਈ ‘ਤਿਹਾੜ ਦੀ ਜੇਲ੍ਹ ਨੰ. 6’ ਬਣੀ ਅਸਲ ’ਚ ‘ਸੁਧਾਰ ਘਰ’
NEXT STORY