3 ਮਈ, 2023 ਨੂੰ ਦੇਸ਼ ਦੇ ਪੂਰਬੀ-ਉੱਤਰ ਰਾਜ ਮਣੀਪੁਰ ’ਚ ‘ਮੈਤੇਈ ਭਾਈਚਾਰੇ’ ਨੂੰ ਐੱਸ. ਟੀ. ਦਾ ਦਰਜਾ ਦਿੱਤੇ ਜਾਣ ’ਤੇ ਹਾਈਕੋਰਟ ਦੇ ਹੁਕਮ ਦੇ ਵਿਰੁੱਧ ‘ਕੁਕੀ’ ਭਾਈਚਾਰੇ ਵਲੋਂ ਸਮਰਥਿਤ ‘ਆਦਿਵਾਸੀ ਵਿਦਿਆਰਥੀ ਸੰਘ’ ਵਲੋਂ ਕੱਢੇ ਗਏ ‘ਇਕਜੁੱਟਤਾ ਮਾਰਚ’ ਦੇ ਬਾਅਦ ਸੂਬੇ ’ਚ ਭੜਕੀ ਹਿੰਸਾ 2 ਸਾਲ ਬਾਅਦ ਵੀ ਜਾਰੀ ਹੈ।
ਇਸ ’ਚ ਹੁਣ ਤੱਕ 300 ਤੋਂ ਵੱਧ ਲੋਕਾਂ ਦੀ ਮੌਤ ਅਤੇ ਹਜ਼ਾਰਾਂ ਲੋਕ ਬੇਘਰ ਹੋ ਚੁੱਕੇ ਹਨ। ਇਸ ਹਿੰਸਾ ਦੌਰਾਨ ਸਮਾਜ ਿਵਰੋਧੀ ਤੱਤਾਂ ਨੇ ਪੁਲਸ ਦੇ ਅਸਲਾਖਾਨਿਆਂ ਤੋਂ ਗੋਲਾ-ਬਾਰੂਦ ਅਤੇ ਹਜ਼ਾਰਾਂ ਦੀ ਗਿਣਤੀ ’ਚ ਹਥਿਆਰ ਵੀ ਲੁੱਟੇ ਹਨ।
ਪਿਛਲੀ ਵਾਰ ਮਣੀਪੁਰ ’ਚ ਇਸ ਪੱਧਰ ਦੀ ਹਿੰਸਾ ਸਾਲ 1992 ’ਚ ਹੋਈ ਸੀ ਜਦੋਂ ‘ਨੈਸ਼ਨਲ ਸੋਸ਼ਲਿਸਟ ਕਾਊਂਸਿਲ ਆਫ ਨਾਗਾਲੈਂਡ’ (ਇਸਾਕ ਮੁਈਵਾਹ) ਭਾਵ ‘ਐੱਨ. ਐੱਸ. ਸੀ. ਐੱਨ. (ਆਈ. ਐੱਮ.)’ ਅਤੇ ‘ਕੁਕੀ ਭਾਈਚਾਰੇ’ ਦੇ ਵਿਚਾਲੇ ਹੋਏ ਹਿੰਸਕ ਸੰਘਰਸ਼ ’ਚ ‘ਕੁਕੀ’ ਭਾਈਚਾਰੇ ਦੇ ਲਗਭਗ 100 ਲੋਕ ਮਾਰੇ ਗਏ ਸਨ।
ਹਾਲਾਂਿਕ 11 ਅਗਸਤ, 2023 ਨੂੰ ਲੋਕ ਸਭਾ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਮਣੀਪੁਰ ’ਚ ਜਲਦੀ ਹੀ ਸ਼ਾਂਤੀ ਦਾ ਸੂਰਜ ਜ਼ਰੂਰ ਚੜ੍ਹੇਗਾ ਅਤੇ ਉਨ੍ਹਾਂ ਦੇ ਉਸ ਬਿਆਨ ’ਤੇ ਸਦਨ ’ਚ ਮੌਜੂਦ ਜ਼ਿਆਦਾਤਰ ਸੰਸਦ ਮੈਂਬਰਾਂ ਨੇ ਮੇਜ਼ਾਂ ਥਪਥਪਾ ਕੇ ਖੁਸ਼ੀ ਜ਼ਾਹਿਰ ਕੀਤੀ ਸੀ ਅਤੇ ਉਨ੍ਹਾਂ ਨੂੰ ਆਪਣਾ ਸਮਰਥਨ ਦਿੱਤਾ ਸੀ ਪਰ ਮਣੀਪੁਰ ਨੂੰ ਸ਼ਾਂਤੀ ਦਾ ਸੂਰਜ ਚੜ੍ਹਨ ਦੀ ਅਜੇ ਵੀ ਉਡੀਕ ਹੈ।
ਪ੍ਰਧਾਨ ਮੰਤਰੀ ਦੀ ਆਵਾਜ਼ ’ਚ ਵੀ ਇਕ ਅਜਿਹਾ ਵਿਸ਼ਵਾਸ ਸੀ ਕਿ ਸਭ ਨੂੰ ਲੱਗਣ ਲੱਗਾ ਸੀ ਕਿ ਮਣੀਪੁਰ ਦੇ ਹਾਲਾਤ ਜਲਦੀ ਸੁਧਰ ਜਾਣਗੇ ਪਰ ਉਸ ਬਿਆਨ ਨੂੰ ਦਿੱਤੇ 2 ਸਾਲ ਪੂਰੇ ਹੋਣ ਨੂੰ ਹਨ ਅਤੇ ਇਹ ਰਾਜ ਵਾਰ-ਵਾਰ ਲੱਗਣ ਵਾਲੇ ਕਰਫਿਊ ਤੋਂ ਇਲਾਵਾ ਰਹਿ-ਰਹਿ ਕੇ ਭੜਕ ਉੱਠਣ ਵਾਲੀ ਹਿੰਸਾ ਦੀ ਅੱਗ ’ਚ ਸੁਲਗ ਰਿਹਾ ਹੈ।
18 ਅਕਤੂਬਰ, 2024 ਨੂੰ ਭਾਜਪਾ ਦੇ 19 ਵਿਧਾਇਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਭੇਜ ਕੇ ਮੁੱਖ ਮੰਤਰੀ ‘ਐੱਨ. ਬੀਰੇਨ ਿਸੰਘ’ ਨੂੰ ਹਟਾਉਣ ਦੀ ਮੰਗ ਕੀਤੀ ਅਤੇ 3 ਫਰਵਰੀ, 2025 ਨੂੰ ਮਣੀਪੁਰ ਦੇ ਪੰਚਾਇਤੀ ਰਾਜ ਮੰਤਰੀ ‘ਯੁਮਨਾਮ ਖੇਮਚੰਦ ਿਸੰਘ’ ਨੇ ਨਵੀਂ ਦਿੱਲੀ ਜਾ ਕੇ ਭਾਜਪਾ ਲੀਡਰਸ਼ਿਪ ਨੂੰ ਚਿਤਾਵਨੀ ਦਿੱਤੀ ਕਿ ਮੁੱਖ ਮੰਤਰੀ ‘ਐੱਨ. ਬੀਰੇਨ ਿਸੰਘ’ ਨੂੰ ਨਾ ਬਦਲਣ ’ਤੇ ਸਰਕਾਰ ਡਿੱਗਣ ਦੀ ਸੰਭਾਵਨਾ ਹੈ।
‘ਐੱਨ. ਬੀਰੇਨ ਸਿੰਘ’ ਵਲੋਂ 9 ਫਰਵਰੀ, 2025 ਨੂੰ ਅਸਤੀਫਾ ਦੇ ਦੇਣ ਦੇ ਬਾਅਦ 13 ਫਰਵਰੀ, 2025 ਨੂੰ ਰਾਜ ’ਚ ਰਾਸ਼ਟਰਪਤੀ ਰਾਜ ਲਗਾ ਦਿੱਤਾ ਿਗਆ। ਇਸ ਨੂੰ ਹੁਣ 6 ਮਹੀਨਿਆਂ ਲਈ ਹੋਰ ਵਧਾ ਿਦੱਤਾ ਿਗਆ ਹੈ ਜੋ 13 ਫਰਵਰੀ, 2026 ਤੱਕ ਲਾਗੂ ਰਹੇਗਾ।
ਕੇਂਦਰ ਸਰਕਾਰ ਨੇ ਇਹ ਫੈਸਲਾ ਸੂਬੇ ’ਚ ਭਾਜਪਾ ਵਿਧਾਇਕਾਂ ਵਲੋਂ ਬਹੁਮਤ ਦਾ ਦਾਅਵਾ ਅਤੇ ਸਰਕਾਰ ਗਠਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਲਿਆ ਹੈ ਜਦਕਿ ‘ਮੈਤੇਈ’ ਅਤੇ ‘ਨਾਗਾ’ ਵਿਧਾਇਕ ਸੂਬੇ ’ਚ ਸਰਕਾਰ ਬਣਾਉਣ ਲਈ ਇਕ ਮਹੀਨੇ ਤੋਂ ਮੁਹਿੰਮ ਚਲਾ ਰਹੇ ਹਨ। ਇਸ ਦੌਰਾਨ ਰਾਜ ’ਚ ਹਿੰਸਾ ਲਗਾਤਾਰ ਜਾਰੀ ਹੈ ਅਤੇ ਸੁਰੱਖਿਆ ਬਲਾਂ ਵਲੋਂ ਹਥਿਆਰ ਬਰਾਮਦ ਕਰਨ ਤੋਂ ਇਲਾਵਾ ਅੱਤਵਾਦੀ ਫੜੇ ਜਾ ਰਹੇ ਹਨ ਜਿਨ੍ਹਾਂ ਦੀਆਂ ਪਿਛਲੇ 7 ਦਿਨਾਂ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :
* 24 ਜੁਲਾਈ ਨੂੰ ਰਾਜ ’ਚ ਪਾਬੰਦੀ ਲੱਗੇ ਸੰਗਠਨਾਂ ਦੇ 10 ਅੱਤਵਾਦੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਭਾਰੀ ਮਾਤਰਾ ’ਚ ਹਥਿਆਰ ਬਰਾਮਦ ਕੀਤੇ ਗਏ।
* 26 ਜੁਲਾਈ ਨੂੰ ਮਣੀਪੁਰ ਦੇ 5 ਜ਼ਿਲਿਆਂ ’ਚ ਨਾਲੋਂ-ਨਾਲ ਚਲਾਈਆਂ ਗਈਆਂ ਮੁਹਿੰਮਾਂ ਦੌਰਾਨ ਸੁਰੱਖਿਆਂ ਬਲਾਂ ਨੇ 5 ਅੱਤਵਾਦੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 90 ਬੰਦੂਕਾਂ, 700 ਤੋਂ ਵੱਧ ਗੋਲਾ-ਬਾਰੂਦ ਅਤੇ ਧਮਾਕਾਖੇਜ਼ ਜ਼ਬਤ ਕੀਤਾ।
* 28 ਜੁਲਾਈ ਨੂੰ ਸੁਰੱਖਿਆ ਬਲਾਂ ਨੇ 3 ਪਾਬੰਦੀ ਲੱਗੇ ਸੰਗਠਨਾਂ ਦੇ 5 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ।
* 31 ਜੁਲਾਈ ਨੂੰ ਸੁਰੱਖਿਆ ਬਲਾਂ ਨੇ ਮਣੀਪੁਰ ਦੇ ਵੱਖ-ਵੱਖ ਹਿੱਸਿਆਂ ਤੋਂ ਪਾਬੰਦੀ ਲੱਗੇ ਸੰਗਠਨਾਂ ਦੇ 4 ਅੱਤਵਾਦੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਇਕ ਪਿਸਤੌਲ, ਮੈਗਜ਼ੀਨ, 3 ਡੈਟੋਨੇਟਰ, 2 ਰੇਡੀਓ ਸੈੱਟ, 1 ਆਈ. ਈ. ਡੀ. ਕੈਪ ਅਤੇ 3 ਦੇਸੀ ਮੋਰਟਾਰ ਬਰਾਮਦ ਕੀਤੇ।
ਪਿਛਲੇ 26 ਤੋਂ ਵੱਧ ਮਹੀਨਿਆਂ ਤੋਂ ਮਣੀਪੁਰ ’ਚ ‘ਕੁਕੀ’ ਅਤੇ ‘ਮੈਤੇਈ’ ਭਾਈਚਾਰਿਆਂ ਵਿਚਾਲੇ ਜਾਰੀ ਹਿੰਸਾ ’ਚ ਸ਼ਾਂਤੀ ਇਕ ਛਲਾਵਾ ਹੀ ਬਣੀ ਹੋਈ ਹੈ। ਅਜਿਹੇ ਹਾਲਾਤ ’ਚ ਲੋੜ ਇਸ ਗੱਲ ਦੀ ਹੈ ਕਿ ਜਲਦੀ ਤੋਂ ਜਲਦੀ ਸਾਰੀਆਂ ਧਿਰਾਂ ਦੇ ਨੇਤਾਵਾਂ ਨੂੰ ਨਾਲ ਲੈ ਕੇ ਰਾਜ ’ਚ ਸ਼ਾਂਤੀ ਸਥਾਪਨਾ ਦੀ ਕੋਸ਼ਿਸ਼ ਕੀਤੀ ਜਾਵੇ।
ਅਜਿਹਾ ਕਰਨਾ ਇਸ ਲਈ ਜ਼ਰੂਰੀ ਹੈ ਕਿਉਂਕਿ ਇਸ ਸਮੇਂ ਮਣੀਪੁਰ ’ਚ ਜਾਰੀ ਹਿੰਸਾ ਕਾਰਨ ਰਾਜ ਦੇ ਲੋਕਾਂ ਦੀ ਸੁਰੱਖਿਆ ਅਤੇ ਸੰਪਤੀ ਹੀ ਨਹੀਂ ਸਗੋਂ ਦੇਸ਼ ਦੀ ਏਕਤਾ ਅਤੇ ਅਖੰਡਤਾ ਵੀ ਦਾਅ ’ਤੇ ਲੱਗੀ ਹੋਈ ਹੈ।
–ਵਿਜੇ ਕੁਮਾਰ
ਖਾਲੀ ਕੁਰਸੀ ਨੂੰ ਗਿਆਨ ਦੇਣਾ
NEXT STORY