ਜਿਵੇਂ ਕਿ ਅਸੀਂ ਅਕਸਰ ਲਿਖਦੇ ਰਹਿੰਦੇ ਹਾਂ ਕਿ ਕੁਝ ਸਮੇਂ ਤੋਂ ਦੇਸ਼-ਵਿਦੇਸ਼ ਦੇ ਹਾਲਾਤ ਦੇਖਦੇ ਹੋਏ ਅਨੇਕਾਂ ਲੋਕਾਂ ਦਾ ਕਹਿਣਾ ਠੀਕ ਹੀ ਲੱਗਦਾ ਹੈ ਕਿ ਸ਼ਨੀਦੇਵ ਨਾਰਾਜ਼ ਹਨ ਅਤੇ ਵਿਸ਼ਵ ’ਤੇ ਸਾੜ੍ਹਸਤੀ ਆਈ ਹੋਈ ਹੈ।
ਜਿਥੇ ਵਿਸ਼ਵ ’ਚ ‘ਕੋਰੋਨਾ’ ਇਨਫੈਕਸ਼ਨ ਨਾਲ ਮੌਤਾਂ ਦਾ ਅੰਕੜਾ ਲਗਾਤਾਰ ਵਧ ਰਿਹਾ ਹੈ, ਉਥੇ ਭੂਚਾਲ, ਹੜ੍ਹ, ਆਸਮਾਨੀ ਿਬਜਲੀ ਆਦਿ ਕੁਦਰਤੀ ਪ੍ਰਕੋਪਾਂ, ਅੱਤਵਾਦੀ ਘਟਨਾਵਾਂ ਅਤੇ ਹੋਰ ਦੁਰਘਟਨਾਵਾਂ ’ਚ ਜਾਨ-ਮਾਲ ਦਾ ਭਾਰੀ ਨੁਕਸਾਨ ਹੋ ਰਿਹਾ ਹੈ :
* 02 ਅਗਸਤ ਨੂੰ ਕਰਨਾਲ ਦੇ ਬਿਆਨਾ ਪਿੰਡ ’ਚ ਮਿੱਟੀ ਦਾ ਢੇਰ ਧੱਸਣ ਕਾਰਨ ਉਸ ਦੇ ਹੇਠਾਂ ਦੱਬ ਕੇ ਦੋ ਮਜ਼ਦੂਰ ਔਰਤਾਂ ਦੀ ਮੌਤ ਹੋ ਗਈ।
* 02 ਅਗਸਤ ਨੂੰ ਦੱਖਣੀ ਕੋਰੀਆ ’ਚ ਮੀਂਹ ਨਾਲ 6 ਵਿਅਕਤੀ ਮਰ ਗਏ।
* 02 ਅਗਸਤ ਨੂੰ ਓਡਿਸ਼ਾ ਦੇ ਬਾਲਾਸੋਰ ਅਤੇ ਭਦਰਕ ਜ਼ਿਲਿਆਂ ’ਚ ਆਸਮਾਨੀ ਬਿਜਲੀ ਡਿੱਗਣ ਦੀਆਂ ਵੱਖ-ਵੱਖ ਘਟਨਾਵਾਂ ’ਚ ਆਪਣੇ ਚਚੇਰੇ ਭਰਾ ਨੂੰ ਰੱਖੜੀ ਬੰਨ੍ਹਣ ਗਈ 12 ਸਾਲਾ ਲੜਕੀ ਸਮੇਤ 6 ਵਿਅਕਤੀਆਂ ਦੀ ਮੌਤ ਅਤੇ 2 ਹੋਰ ਜ਼ਖਮੀ ਹੋ ਗਏ।
* 03 ਅਗਸਤ ਨੂੰ ਆਸਾਮ ਦੇ ਸ਼ਿਵਸਾਗਰ ਜ਼ਿਲੇ ਦੇ ਨਾਈਜਿਰਾ ’ਚ ਤੇਲ ਅਤੇ ਕੁਦਰਤੀ ਗੈਸ ਕਮਿਸ਼ਨ ਦੀ ਗੈਸ ਪਾਈਪਲਾਈਨ ’ਚ ਧਮਾਕੇ ਦੇ ਬਾਅਦ ਅੱਗ ਲੱਗ ਗਈ।
* 03 ਅਗਸਤ ਨੂੰ ਗੁਜਰਾਤ ਦੇ ਅਹਿਮਦਾਬਾਦ ’ਚ 3.3 ਤੀਬਰਤਾ ਦਾ ਭੂਚਾਲ ਆਇਆ।
* 04 ਅਗਸਤ ਨੂੰ ਲਿਬਨਾਨ ਦੀ ਰਾਜਧਾਨੀ ਬੈਰੂਤ ’ਚ ਬੰਦਰਗਾਹ ਦੇ ਗੋਦਾਮ ’ਚ ਪਏ 2750 ਟਨ ਅਮੋਨੀਅਮ ਨਾਈਟ੍ਰੇਟ ’ਚ ਭਿਆਨਕ ਧਮਾਕੇ ਨਾਲ ਹੁਣ ਤਕ 150 ਦੇ ਲਗਭਗ ਲੋਕਾਂ ਦੀ ਮੌਤ ਅਤੇ ਘੱਟ ਤੋਂ ਘੱਟ 4000 ਲੋਕ ਜ਼ਖਮੀ ਹੋਏ ਹਨ।
* 05 ਅਗਸਤ ਨੂੰ ਪ੍ਰਸ਼ਾਂਤ ਮਹਾਸਾਗਰ ’ਚ ਸਥਿਤ ਦੇਸ਼ ਪਾਪੁਆ ਨਿਊ ਗਿਨੀ ’ਚ 5.4 ਅਤੇ ਨੇਪਾਲ ਦੇ ਕਾਠਮੰਡੂ ’ਚ 3.5 ਤੀਬਰਤਾ ਦੇ ਭੂਚਾਲ ਆਏ।
* 05 ਅਗਸਤ ਨੂੰ ਪੂਰਬੀ ਅਮਰੀਕਾ ’ਚ ‘ਇਸਾਯਸ’ ਨਾਂ ਦੇ ਤੂਫਾਨ ਦੀ ਲਪੇਟ ’ਚ ਆਉਣ ਨਾਲ ਘੱਟ ਤੋਂ ਘੱਟ ਅੱਧਾ ਦਰਜਨ ਲੋਕ ਮਾਰੇ ਗਏ ਅਤੇ ਜਾਇਦਾਦ ਦਾ ਭਾਰੀ ਨੁਕਸਾਨ ਹੋਇਆ। ਓਧਰ ਉੱਤਰ ਕੈਰੋਲਿਨਾ ਅਤੇ ਹੋਰਨਾਂ ਥਾਵਾਂ ’ਤੇ ਹੜ੍ਹ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਦੇ ਕਾਰਨ ਕਈ ਲੋਕ ਜਾਨ ਬਚਾਉਣ ਲਈ ਸੁਰੱਖਿਅਤ ਥਾਵਾਂ ਵੱਲ ਭੱਜ ਗਏ ਅਤੇ ਜਨਜੀਵਨ ਠੱਪ ਹੋ ਗਿਆ।
* 05 ਅਗਸਤ ਨੂੰ ਹਿਮਾਚਲ ਦੇ ਚੰਬਾ ਸਥਿਤ ‘ਰਸੋਟ’ ਦੇ ਜੰਗਲ ’ਚ ਆਸਮਾਨੀ ਬਿਜਲੀ ਡਿੱਗਣ ਨਾਲ 3 ਵਿਅਕਤੀਆਂ ਦੀ ਮੌਤ ਹੋ ਗਈ।
* 06 ਅਗਸਤ ਨੂੰ ਅਹਿਮਦਾਬਾਦ ਦੇ ਨਿੱਜੀ ਹਸਪਤਾਲ ’ਚ ਅੱਗ ਲੱਗਣ ਨਾਲ ਉਥੇ ਇਲਾਜ ਅਧੀਨ ਕੋਰੋਨਾ ਦੇ 8 ਮਰੀਜ਼ਾਂ ਦੀ ਮੌਤ ਹੋ ਗਈ।
* 07 ਅਗਸਤ ਨੂੰ ਕੇਰਲ ਦੇ ਕੋਝੀਕੋਡ ’ਚ ਦੁਬਈ ਤੋਂ ਕੇਰਲ ਆ ਰਿਹਾ ਏਅਰ ਇੰਡੀਆ ਐਕਸਪ੍ਰੈੈੱਸ ਦਾ ਜਹਾਜ਼ ਲੈਂਡਿੰਗ ਦੇ ਸਮੇਂ ਰਨ-ਵੇ ਤੋਂ ਤਿਲਕ ਕੇ 50 ਫੁੱਟ ਡੂੰਘੀ ਖੱਡ ’ਚ ਜਾ ਡਿੱਗਿਆ, ਜਿਸ ਨਾਲ ਜਹਾਜ਼ ਦੇ ਤਿੰਨ ਟੁਕੜੇ ਹੋ ਗਏ ਅਤੇ ਘੱਟ ਤੋਂ ਘੱਟ 18 ਵਿਅਕਤੀਆਂ ਦੀ ਮੌਤ ਅਤੇ ਹੋਰ ਸਾਰੇ ਯਾਤਰੀ ਜ਼ਖਮੀ ਹੋ ਗਏ।
* ਪੰਜਾਬ ’ਚ ਹਾਲ ਹੀ ਦੇ ਜ਼ਹਿਰੀਲੀ ਸ਼ਰਾਬ ਕਾਂਡ ਦੇ ਨਤੀਜੇ ਵਜੋਂ ਘੱਟੋ–ਘੱਟ 121 ਵਿਅਕਤੀਆਂ ਦੀ ਮੌਤ ਹੋ ਗਈ ਹੈ।
* ਇਹੀ ਨਹੀਂ ਇਸ ਸਮੇਂ ਦੇਸ਼ ਦੇ 14 ਤੋਂ ਵੱਧ ਸੂਬੇ ਹੜ੍ਹ ਦੀ ਲਪੇਟ ’ਚ ਹਨ, ਜਿਨ੍ਹਾਂ ਵਿਚ ਵੱਡੀ ਗਿਣਤੀ ’ਚ ਲੋਕਾਂ ਦੀ ਮੌਤ ਅਤੇ ਅਰਬਾਂ ਰੁਪਇਆਂ ਦੀ ਜਾਇਦਾਦ ਤਬਾਹ ਹੋ ਚੁੱਕੀ ਹੈ।
ਮੁੰਬਈ ’ਚ ਮੀਂਹ ਦਾ 46 ਸਾਲ ਦਾ ਰਿਕਾਰਡ ਟੁੱਟ ਗਿਆ ਅਤੇ ਕਈ ਥਾਵਾਂ ’ਤੇ ਸੜਕਾਂ, ਰੇਲਵੇ ਟਰੈਕ ਅਤੇ ਸਬ-ਵੇ ਪੂਰੀ ਤਰ੍ਹਾਂ ਪਾਣੀ ’ਚ ਡੁੱਬ ਗਏ। ਲੋਕਾਂ ਦੇ ਘਰਾਂ ’ਚ ਪਾਣੀ ਦਾਖਲ ਹੋ ਗਿਆ, ਰੁੱਖ ਪੁੱਟੇ ਗਏ ਅਤੇ ਦਰਜਨਾਂ ਮਕਾਨਾਂ ’ਚ ਤਰੇੜਾਂ ਆ ਗਈਆਂ ਹਨ।
ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਹਜ਼ਾਰਾਂ ਪਿੰਡ ਹੜ੍ਹ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਨੇਪਾਲ ਵਲੋਂ ਛੱਡੇ ਗਏ ਲੱਖਾਂ ਕਿਊਸਿਕ ਪਾਣੀ ਨਾਲ ਬਿਹਾਰ ’ਚ ਆਇਆ ਹੜ੍ਹ ਕਹਿਰ ਬਣ ਕੇ ਲੋਕਾਂ ਦੀ ਜਾਨ ਲੈ ਰਿਹਾ ਹੈ।
ਕੇਰਲ ਦੇ ਇਡੁੱਕੀ ’ਚ ਮੀਂਹ ਨਾਲ ਜ਼ਮੀਨ ਖਿਸਕਣ ਕਾਰਨ ਮਜ਼ਦੂਰਾਂ ਦਾ ਇਕ ਘਰ ਢਹਿ ਜਾਣ ਨਾਲ ਉਸ ਦੇ ਹੇਠਾਂ ਦੱਬ ਕੇ ਘੱਟੋ-ਘੱਟ 15 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਇਕ ਹਾਥੀ ਵੀ ਹੜ੍ਹ ਦੇ ਪਾਣੀ ’ਚ ਰੁੜ੍ਹ ਗਿਆ।
ਕੁਦਰਤ ਦੇ ਪ੍ਰਕੋਪ ਨਾਲ ਦੇਸ਼-ਵਿਦੇਸ਼ ’ਚ ਹੋ ਰਹੀ ਤਬਾਹੀ ਅਤੇ ਆਉਣ ਵਾਲੀਆਂ ਆਫਤਾਂ ਦੀਆਂ ਇਹ ਤਾਂ ਕੁਝ ਉਦਾਹਰਣ ਮਾਤਰ ਹਨ। ਸ਼ਨੀਦੇਵ ਨਾਰਾਜ਼ ਹਨ ਜਾਂ ਨਹੀਂ ਇਹ ਵੱਖਰੀ ਗੱਲ ਹੈ ਪਰ ਇਸ ਸਮੇਂ ਜੋ ਕੁਝ ਹੋ ਰਿਹਾ ਹੈ, ਉਸ ਦੇ ਪਿੱਛੇ ਕੁਝ ਨਾ ਕੁਝ ਗੱਲ ਤਾਂ ਹੈ!
ਸ਼ਾਇਦ ਕੁਦਰਤ ਚਿਤਾਵਨੀ ਦੇ ਰਹੀ ਹੈ ਕਿ ਅਜੇ ਵੀ ਸੰਭਲ ਜਾਓ ਅਤੇ ਮੇਰੇ ਨਾਲ ਛੇੜਛਾੜ ਕਰਨੀ ਬੰਦ ਕਰ ਦਿਓ, ਨਹੀਂ ਤਾਂ ਮੇਰਾ ਕ੍ਰੋਧ ਹੋਰ ਵਧਿਆ ਤਾਂ ਤੁਹਾਨੂੰ ਇਸ ਨਾਲੋਂ ਵੀ ਵੱਧ ਤਬਾਹੀ ਦੇ ਦਿਲ-ਕੰਬਾਊ ਦ੍ਰਿਸ਼ ਦੇਖਣੇ ਪੈਣਗੇ।
–ਵਿਜੇ ਕੁਮਾਰ
ਹੁਵਾਵੇਈ ਦੀ CFO ਦੀ ਗ੍ਰਿਫਤਾਰੀ ਤੋਂ ਬਾਅਦ ਚੀਨ-ਕੈਨੇਡਾ ਦੇ ਰਿਸ਼ਤਿਆਂ ’ਚ ਕੜਵਾਹਟ
NEXT STORY