ਵਿਆਹਾਂ ’ਚ ਦਾਜ ਦਾ ਲੈਣ-ਦੇਣ ਅਜਿਹੀ ਬੁਰਾਈ ਹੈ ਜਿਸ ਕਾਰਨ ਵੱਡੀ ਗਿਣਤੀ ’ਚ ਪਰਿਵਾਰ ਤਬਾਹ ਹੋ ਰਹੇ ਹਨ ਕਿਉਂਕਿ ਵਿਆਹ ’ਤੇ ਦਾਜ ਦੇਣ ਦੀ ਮਜਬੂਰੀ ’ਚ ਕਈ ਪਰਿਵਾਰ ਕਰਜ਼ੇ ’ਚ ਡੁੱਬ ਜਾਂਦੇ ਹਨ। ਭਾਰਤ ’ਚ ਦਾਜ ਦੀ ਮਾੜੀ ਪ੍ਰਥਾ ਦਾ ਅਨੁਮਾਨ ਵਿਸ਼ਵ ਬੈਂਕ ਵਲੋਂ ਕੁਝ ਸਾਲ ਪਹਿਲਾਂ ਦੇਸ਼ ਦੇ 17 ਸੂਬਿਆਂ ਦੇ ਪੇਂਡੂ ਇਲਾਕਿਆਂ ’ਚ 40,000 ਵਿਆਹਾਂ ਦੇ ਅਧਿਐਨ ਤੋਂ ਲਾਇਆ ਜਾ ਸਕਦਾ ਹੈ ਜਿਸ ’ਚ ਕਿਹਾ ਗਿਆ ਸੀ ਕਿ 95 ਫੀਸਦੀ ਵਿਆਹਾਂ ’ਚ ਦਾਜ ਦਿੱਤਾ ਗਿਆ। ਦਾਜ ਲਈ ਔਰਤਾਂ ਨੂੰ ਸਤਾਉਣ ਦੇ ਮਾਮਲੇ ’ਚ ਸਮਾਜ ਦਾ ਕੋਈ ਵੀ ਵਰਗ ਪਿੱਛੇ ਨਹੀਂ ਹੈ। ‘ਰਾਸ਼ਟਰੀ ਅਪਰਾਧ ਰਿਕਾਰਡ’ ਬਿਊਰੋ ਮੁਤਾਬਕ ਭਾਰਤ ’ਚ ਸੰਨ 2020 ’ਚ ਦਾਜ ਲਈ ਰੋਜ਼ਾਨਾ ਔਸਤ 19 ਔਰਤਾਂ ਦੀ ਹੱਤਿਆ ਕੀਤੀ ਗਈ। ਉਸ ਸਾਲ ਦਾਜ ਹਿੰਸਾ ਦੇ ਲਗਭਗ 10,500 ਮਾਮਲੇ ਦਰਜ ਕੀਤੇ ਗਏ ਸਨ, ਜਿਨ੍ਹਾਂ ’ਚੋਂ 7045 ਔਰਤਾਂ ਦੀ ਮੌਤ ਹੋਈ। ਦਾਜ ਦਾ ਲੈਣ-ਦੇਣ ਆਧੁਨਿਕ ਸਮਾਜ ਦੇ ਮੱਥੇ ’ਤੇ ਇਕ ਕਲੰਕ ਦਾ ਰੂਪ ਧਾਰਨ ਕਰ ਚੁੱਕਾ ਹੈ, ਜਿਸ ’ਚ ਬੇਟੀਆਂ ਦੇ ਮਾਤਾ-ਪਿਤਾ ਦਾ ਸਤਿਕਾਰ ਅਤੇ ਸਹੁਰੇ ਘਰ ’ਚ ਉਨ੍ਹਾਂ ਦੀ ਸੁਰੱਖਿਆ ਦਾਜ ਦੀ ਮਾਤਰਾ ’ਤੇ ਹੀ ਨਿਰਭਰ ਕਰਦੀ ਹੈ। ਪੁਰਾਤਨ ਪ੍ਰੰਪਰਾਵਾਂ ਦੇ ਨਾਂ ’ਤੇ ਮੁਟਿਆਰ ਦੇ ਪਰਿਵਾਰ ਵਾਲਿਆਂ ’ਤੇ ਦਬਾਅ ਪਾਉਣ ਲਈ ਸਹੁਰੇ ਪਰਿਵਾਰ ਵਲੋਂ ਮੁਟਿਆਰ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਹੈ। ਦਾਜ ਦੇ ਸਰਾਪ ਦਾ ਇਕ ਦਰਦਨਾਕ ਉਦਾਹਰਣ ਰਾਜਸਥਾਨ ਦੇ ‘ਚਾਪਯਾ’ ਪਿੰਡ ’ਚ ਤਿੰਨ ਸਕੇ ਭਰਾਵਾਂ ਨਾਲ ਵਿਆਹੀਆਂ ਤਿੰਨ ਸਕੀਆਂ ਭੈਣਾਂ ਵਲੋਂ 25 ਮਈ ਨੂੰ ਖੂਹ ’ਚ ਛਾਲ ਮਾਰ ਕੇ ਆਤਮਹੱਤਿਆ ਦੇ ਰੂਪ ’ਚ ਸਾਹਮਣੇ ਆਇਆ। ਇਨ੍ਹਾਂ ਤਿੰਨਾਂ ਭੈਣਾਂ ’ਚ ਦੋ ਛੋਟੀਆਂ ਭੈਣਾਂ ਗਰਭਵਤੀ ਸਨ, ਜਦੋਂਕਿ ਸਭ ਤੋਂ ਵੱਡੀ 27 ਸਾਲਾ ਭੈਣ ਦੇ ਨਾਲ ਉਸ ਦੇ ਦੋ ਬੱਚਿਆਂ ਦੀ ਵੀ ਮੌਤ ਹੋ ਗਈ, ਜਿਨ੍ਹਾਂ ’ਚੋਂ ਇਕ ਦੀ ਉਮਰ 4 ਸਾਲ ਅਤੇ ਦੂਜੇ ਦੀ ਸਿਰਫ 22 ਦਿਨ ਦੀ ਸੀ।
ਆਤਮਹੱਤਿਆ ਕਰਨ ਵਾਲੀਆਂ ਭੈਣਾਂ ’ਚੋਂ ਸਭ ਤੋਂ ਛੋਟੀ ਅਤੇ ਮੋਟਰਸਾਈਕਲ ਚਲਾਉਣ ਦੀ ਸ਼ੌਕੀਨ ਅਤੇ ਫੌਜ ’ਚ ਭਰਤੀ ਹੋਣ ਦੀ ਇੱਛੁਕ ਮੁਟਿਆਰ ਨੇ ਵਟਸਐਪ ’ਤੇ ਛੱਡੇ ਸੰਦੇਸ਼ਾਂ ’ਚ ਆਪਣਾ ਦਰਦ ਅਤੇ ਯਾਤਨਾ ਪ੍ਰਗਟ ਕਰਦੇ ਹੋਏ ਲਿਖਿਆ : ‘‘ਅਸੀਂ ਦੁਨੀਆ ਤੋਂ ਜਾ ਰਹੀਆਂ ਹਾਂ। ਹੁਣ ਸਭ ਲੋਕ ਖੁਸ਼ ਹੋ ਜਾਣਗੇ। ਸਾਡੀ ਮੌਤ ਦਾ ਕਾਰਨ ਸਾਡੇ ਸਹੁਰੇ ਵਾਲੇ ਹਨ। ਰੋਜ਼-ਰੋਜ਼ ਮਰਨ ਦੀ ਬਜਾਏ ਇਕ ਵਾਰ ਮਰਨਾ ਚੰਗਾ ਹੈ। ਪ੍ਰਭੂ ਜੀ, ਕਿਰਪਾ ਕਰ ਕੇ ਸਾਨੂੰ ਤਿੰਨਾਂ ਨੂੰ ਫਿਰ ਇਕ ਹੀ ਘਰ ’ਚ ਜਨਮ ਦੇਣਾ। ਮੇਰੀ ਆਪਣੇ ਪਰਿਵਾਰ ਵਾਲਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰ ਕੇ ਸਾਡੀ ਚਿੰਤਾ ਨਾ ਕਰਨਾ।’’ਇਸ ਤੋਂ 19 ਮਿੰਟ ਬਾਅਦ ਉਸ ਨੇ ਇਕ ਹੋਰ ਵਟਸਐਪ ਮੈਸੇਜ ਲਿਖਿਆ, ‘‘ਅਸੀਂ ਮਰਨਾ ਨਹੀਂ ਚਾਹੁੰਦੀਆਂ ਪਰ ਸਹੁਰੇ ਵਾਲਿਆਂ ਵਲੋਂ ਤੰਗ-ਪ੍ਰੇਸ਼ਾਨ ਕੀਤੇ ਜਾਣ ਨੂੰ ਸਹਿਣ ਦੀ ਬਜਾਏ ਇਹ ਮੌਤ ਬਿਹਤਰ ਹੈ। ਇਸ ’ਚ ਸਾਡੇ ਮਾਤਾ-ਪਿਤਾ ਦਾ ਕੋਈ ਦੋਸ਼ ਨਹੀਂ।’’ ਆਤਮਹੱਤਿਆ ਕਰਨ ਵਾਲੀਆਂ ਤਿੰਨਾਂ ਭੈਣਾਂ ਦਾ ਪਿਤਾ ਇਕ ਭੂਮੀਹੀਣ ਮਜ਼ਦੂਰ ਹੈ, ਜਿਸ ਦੀਆਂ ਤਿੰਨ ਹੋਰ ਬੇਟੀਆਂ ਹਨ। ਉਸ ਨੇ ਆਪਣੀਆਂ ਤਿੰਨਾਂ ਬੇਟੀਆਂ ਨੂੰ ਸੀਮਿਤ ਸਾਧਨਾਂ ਦੇ ਬਾਵਜੂਦ ਉੱਚ ਸਿੱਖਿਆ ਦਿਵਾਈ ਅਤੇ ਉਨ੍ਹਾਂ ਦਾ ਵਿਆਹ ਇਕ ਅਮੀਰ ਪਰਿਵਾਰ ’ਚ ਇਸ ਉਮੀਦ ਨਾਲ ਕੀਤਾ ਸੀ ਕਿ ਉਥੇ ਤਿੰਨੋਂ ਖੁਸ਼ ਰਹਿਣਗੀਆਂ ਪਰ ਹੋਇਆ ਇਸ ਦੇ ਉਲਟ। ਸਭ ਤੋਂ ਵੱਡੀ ਬੇਟੀ ਨੂੰ ਤਾਂ ਉਸ ਦੇ ਪਤੀ ਨੇ ਕਈ ਵਾਰ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਸ ਨੂੰ ਕਈ-ਕਈ ਦਿਨ ਹਸਪਤਾਲ ’ਚ ਰਹਿਣਾ ਪਿਆ। ਕੁੱਟਮਾਰ ਤੋਂ ਤੰਗ ਆ ਕੇ ਕਈ ਵਾਰ ਉਹ ਪੇਕੇ ਵਾਪਸ ਆਈ ਪਰ ਹਰ ਵਾਰ ਉਸ ਨੂੰ ਸਮਝਾ ਕੇ ਵਾਪਸ ਭੇਜ ਦਿੱਤਾ ਜਾਂਦਾ।
ਉਸ ਦੇ ਪਿਤਾ ਨੇ ਰੋਂਦੇ ਹੋਏ ਕਿਹਾ, ‘‘ਇਸ ਲਈ ਮੈਂ ਹੀ ਦੋਸ਼ੀ ਹਾਂ ਕਿਉਂਕਿ ਮੈਂ ਪੁਲਸ ’ਚ ਰਿਪੋਰਟ ਦਰਜ ਨਹੀਂ ਕਰਵਾਈ। ਜੇ ਮੈਂ ਪੁਲਸ ’ਚ ਰਿਪੋਰਟ ਦਰਜ ਕਰਵਾਈ ਹੁੰਦੀ ਤਾਂ ਸ਼ਾਇਦ ਮੇਰੀਆਂ ਬੇਟੀਆਂ ਜ਼ਿੰਦਾ ਹੁੰਦੀਆਂ।’’ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਮੁਤਾਬਕ ਵਧੇਰੇ ਔਰਤਾਂ ’ਤੇ ਉਨ੍ਹਾਂ ਦੇ ਆਪਣੇ ਹੀ ਜ਼ੁਲਮ ਕਰਦੇ ਹਨ, ਜਿਨ੍ਹਾਂ ’ਚ ਉਨ੍ਹਾਂ ਦੇ ਪਤੀ ਜਾਂ ਰਿਸ਼ਤੇਦਾਰਾਂ ਵਲੋਂ ਜ਼ੁਲਮ ਦੇ ਮਾਮਲਿਆਂ ਦੀ ਗਿਣਤੀ 2020 ’ਚ 30.9 ਫੀਸਦੀ ਦੇ ਲਗਭਗ ਸੀ। 1961 ਦੇ ਬਾਅਦ ਤੋਂ ਹੁਣ ਤਕ ਦਾਜ ਪ੍ਰਥਾ ਨੂੰ ਖਤਮ ਕਰਨ ਲਈ ਪਤਾ ਨਹੀਂ ਕਿੰਨੇ ਕਾਨੂੰਨ ਅਤੇ ਨਿਯਮ ਬਣਾਏ ਜਾ ਚੁੱਕੇ ਹਨ ਪਰ ਉਨ੍ਹਾਂ ’ਚੋਂ ਕੋਈ ਵੀ ਪ੍ਰਭਾਵਸ਼ਾਲੀ ਸਿੱਧ ਨਹੀਂ ਹੋਇਆ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਪੜ੍ਹੇ-ਲਿਖੇ ਲੋਕ ਵੀ ਦੂਜਿਆਂ ਦੀ ਕਮਾਈ ਹਾਸਲ ਕਰਨ ਲਈ ਬਿਨਾਂ ਝਿਜਕ ਦਾਜ ਦੀ ਮੰਗ ਕਰਦੇ ਅਤੇ ਲੈਂਦੇ ਹਨ। ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਦੇਖ ਕੇ ਲੱਗਦਾ ਹੀ ਨਹੀਂ ਹੈ ਕਿ ਇਹ 21ਵੀਂ ਸਦੀ ਦਾ ਭਾਰਤ ਹੈ। ਇਸ ਲਈ ਇਸ ਕਲੰਕ ਨੂੰ ਮਿਟਾਉਣ ਲਈ ਜਿਥੇ ਸਰਕਾਰ ਨੂੰ ਦਾਜ ਰੋਕੂ ਕਾਨੂੰਨ ਸਖਤੀ ਨਾਲ ਲਾਗੂ ਕਰਨ ਅਤੇ ਦਾਜ ਹੱਤਿਆਵਾਂ ਅਤੇ ਆਤਮਹੱਤਿਆਵਾਂ ਲਈ ਜ਼ਿੰਮੇਵਾਰ ਲੋਕਾਂ ਨੂੰ ਜਿੰਨੀ ਜਲਦੀ ਸੰਭਵ ਹੋ ਸਕੇ ਹੋਰ ਸਖਤ ਸਜ਼ਾ ਦੇਣ ਦੀ ਲੋੜ ਹੈ, ਉਥੇ ਇਸ ਲਈ ਸਮਾਜ ਨੂੰ ਆਪਣੀ ਸੋਚ ਅਤੇ ਨਜ਼ਰੀਆ ਬਦਲਣਾ ਅਤੇ ਬੇਟੀਆਂ ਨੂੰ ਚੰਗੀ ਸਿੱਖਿਆ ਦੇ ਕੇ ਉਨ੍ਹਾਂ ਨੂੰ ਆਰਥਿਕ ਪੱਖੋਂ ਸਮਰੱਥ ਬਣਾਉਣਾ ਵੀ ਜ਼ਰੂਰੀ ਹੈ। ਕਿਸੇ ਹੱਦ ਤਕ ਪੀੜਤ ਮੁਟਿਆਰਾਂ ਦੇ ਮਾਤਾ-ਪਿਤਾ ਵੀ ਦੋਸ਼ੀ ਹਨ, ਜੋ ਵੱਖ-ਵੱਖ ਕਾਰਨਾਂ ਕਾਰਨ ਉਨ੍ਹਾਂ ’ਤੇ ਹੋਣ ਵਾਲੇ ਅੱਤਿਆਚਾਰਾਂ ਨੂੰ ਲੈ ਕੇ ਅੱਖਾਂ ਬੰਦ ਕਰਕੇ ਰੱਖਦੇ ਹਨ। ਇਸ ਲਈ ਕੇਂਦਰ ਅਤੇ ਸੂਬਾਈ ਸਰਕਾਰਾਂ ਨੂੰ ਗੈਰ-ਸਰਕਾਰੀ ਸੰਗਠਨਾਂ ਨਾਲ ਮਿਲ ਕੇ ਦਾਜ ਦੀ ਮਾੜੀ ਪ੍ਰਥਾ ਵਿਰੁੱਧ ਸਮਾਜ ਖਾਸ ਕਰ ਕੇ ਨੌਜਵਾਨਾਂ ’ਚ ਜਾਗਰੂਕਤਾ ਪੈਦਾ ਕਰਨ ਲਈ ਮੁਹਿੰਮ ਚਲਾਉਣੀ ਚਾਹੀਦੀ ਹੈ।
ਵਿਜੇ ਕੁਮਾਰ
ਭਾਰਤ ਨੂੰ ਉੱਤਰ-ਪੱਛਮ ਵਲੋਂ ਘੇਰਨ ਲਈ ਚੀਨ ਦਾ ਪਾਕਿਸਤਾਨ ’ਚ ਆਪਣੀ ਫੌਜ ਲਿਆਉਣ ਦਾ ਯਤਨ
NEXT STORY