ਦੇਵਭੂਮੀ ਉੱਤਰਾਖੰਡ, ਜਿਥੇ ਸਾਲ ਭਰ ਤੀਰਥ ਯਾਤਰੀਆਂ ਦਾ ਤਾਂਤਾ ਲੱਗਾ ਰਹਿੰਦਾ ਹੈ, ਸ਼ੁਰੂ ਤੋਂ ਹੀ ਮਨੁੱਖੀ ਜਾਤੀ ਵੱਲੋਂ ਵਾਤਾਵਰਣ ਨਾਲ ਛੇੜਛਾੜ ਦੇ ਮਾੜੇ ਨਤੀਜੇ ਝੱਲਦੀ ਆ ਰਹੀ ਹੈ। ਜੂਨ 2013 ’ਚ ‘ਚੌਰਾਬਾੜੀ ਗਲੇਸ਼ੀਅਰ’ ਪਿਘਲਣ ਨਾਲ ਮੰਦਾਕਿਨੀ ਨਦੀ ’ਚ ਆਏ ਭਿਆਨਕ ਹੜ੍ਹ ਦਾ ਪਾਣੀ ਕੇਦਾਰਨਾਥ ਧਾਮ ਤਕ ਜਾ ਪਹੁੰਚਿਆ, ਜਿਸ ’ਚ 5000 ਤੋਂ ਵੱਧ ਲੋਕ ਮਾਰੇ ਗਏ ਜਾਂ ਲਾਪਤਾ ਹੋ ਗਏ।
...ਹੁਣ 7 ਫਰਵਰੀ ਨੂੰ ਸਵੇਰੇ ਸਾਢੇ 9 ਵਜੇ ਉੱਤਰਾਖੰਡ ਦੇ ਚਮੋਲੀ ਜਨਪਦ ਦੇ ਉੱਚ ਹਿਮਾਲਿਆਈ ਖੇਤਰ (ਨੰਦਾ ਦੇਵੀ) ’ਚ ਗਲੇਸ਼ੀਅਰ ਟੁੱਟਣ ਨਾਲ ‘ਰੈਣੀ’ ਪਿੰਡ ਦੇ ਉੱਪਰ ਰਿਸ਼ੀਗੰਗਾ ਨਦੀ ’ਚ ਅਚਾਨਕ ਜ਼ਬਰਦਸਤ ਹੜ੍ਹ ਆਉਣ ਨਾਲ ਧੌਲੀ ਗੰਗਾ ਦੇ ਕੰਢੇ ਵਸੇ ਇਕ ਦਰਜਨ ਤੋਂ ਵੱਧ ਪਿੰਡਾਂ ਤੋਂ ਇਲਾਵਾ ਰੈਣੀ ਪਿੰਡ ਦੇ ਨੇੜੇ ਸਥਿਤ 2 ਪਾਵਰ ਪ੍ਰਾਜੈਕਟ ਤਬਾਹ ਹੋ ਗਏ ਅਤੇ ਹੁਣ ਤਕ ਦੀਆਂ ਖ਼ਬਰਾਂ ਅਨੁਸਾਰ 18 ਲਾਸ਼ਾਂ ਮਿਲ ਚੁੱਕੀਆਂ ਹਨ ਅਤੇ 202 ਤੋਂ ਵੱਧ ਵਿਅਕਤੀ ਲਾਪਤਾ ਦੱਸੇ ਜਾਂਦੇ ਹਨ।
ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਚੱਟਾਨਾਂ ਅਤੇ ਦਰੱਖਤ ‘ਉੱਡਦੇ’ ਦਿਖਾਈ ਦੇ ਰਹੇ ਸਨ। ਰਿਸ਼ੀਗੰਗਾ ਨਦੀ ’ਤੇ ਜਿਥੇ ਹਾਈਡ੍ਰੋ ਪਾਵਰ ਪ੍ਰਾਜੈਕਟ ਕਾਇਮ ਕੀਤਾ ਗਿਆ, ਉਹ ਥਾਂ ਬਹੁਤ ਖਤਰਨਾਕ ਦੱਸੀ ਜਾਂਦੀ ਹੈ। ਪਿੰਡ ਵਾਲਿਆਂ ਨੇ ਸੰਨ 2000 ’ਚ ਇਸ ਦੇ ਵਿਰੁੱਧ ਪਟੀਸ਼ਨ ਦਾਇਰ ਕੀਤੀ ਸੀ ਅਤੇ ਅੰਦੋਲਨ ਕੀਤਾ ਸੀ ਪਰ ਇਸ ਦੇ ਬਾਵਜੂਦ ਇਹ ਪ੍ਰਾਜੈਕਟ ਕਾਇਮ ਕੀਤਾ ਗਿਆ।
ਸਾਲ 2019 ਦੀਆਂ ਗਰਮੀਆਂ ’ਚ ਪਿੰਡ ਵਾਲਿਆਂ ਨੇ ਉੱਤਰਾਖੰਡ ਹਾਈਕੋਰਟ ’ਚ ਇਕ ਲੋਕਹਿੱਤ ਪਟੀਸ਼ਨ ਵੀ ਦਾਇਰ ਕਰ ਕੇ ਕਿਹਾ ਸੀ ਕਿ ਰਿਸ਼ੀਗੰਗਾ ਪਣ-ਬਿਜਲੀ ਪ੍ਰਾਜੈਕਟ ਨਾਲ ਇਸ ਖੇਤਰ ਦੇ ਲੋਕਾਂ ਦੇ ਜਾਨ-ਮਾਲ ਨੂੰ ਭਾਰੀ ਖਤਰਾ ਹੋ ਸਕਦਾ ਹੈ।
ਇਸ ਤੋਂ ਬਾਅਦ ਅਦਾਲਤ ਨੇ ਚਮੋਲੀ ਦੇ ਜ਼ਿਲਾ ਅਧਿਕਾਰੀਆਂ ਅਤੇ ਸੂਬਾ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਕੱਤਰ ਨੂੰ ਪਿੰਡ ਵਾਲਿਆਂ ਵੱਲੋਂ ਲਗਾਏ ਗਏ ਦੋਸ਼ਾਂ ਦੇ ਪਿਛੋਕੜ ’ਚ ਰਿਸ਼ੀਗੰਗਾ ਪ੍ਰਾਜੈਕਟ ਦੇ ਨਿਰੀਖਣ ਦਾ ਹੁਕਮ ਦਿੱਤਾ ਸੀ।
ਸਾਲ 2013 ’ਚ ਸੁਪਰੀਮ ਕੋਰਟ ਨੇ ਕੇਦਾਰਨਾਥ ਧਾਮ ਦੀ ਘਟਨਾ ’ਤੇ ਖੁਦ ਨੋਟਿਸ ਲੈਂਦੇ ਹੋਏ 2014 ’ਚ ਅਲਕਨੰਦਾ ਅਤੇ ਭਗੀਰਥੀ ਨਦੀਆਂ ਦੇ ਨੇੜੇ ਤਜਵੀਜ਼ਤ 39 ’ਚੋਂ 24 ਬਿਜਲੀ ਪ੍ਰਾਜੈਕਟਾਂ ’ਤੇ ਰੋਕ ਲਾਉਂਦੇ ਹੋਏ ਚਿਤਾਵਨੀ ਦਿੱਤੀ ਸੀ ਕਿ ਸੂਬੇ ’ਚ ਪਣ-ਬਿਜਲੀ ਪ੍ਰਾਜੈਕਟ ਕਾਇਮ ਕਰਨਾ ਤਬਾਹਕੁੰਨ ਸਿੱਧ ਹੋ ਸਕਦਾ ਹੈ ਪਰ ਉੱਤਰਾਖੰਡ ਸਰਕਾਰ ਨੇ ਸੂਬੇ ’ਚ ਗੰਭੀਰ ਬਿਜਲੀ ਸੰਕਟ ਦਾ ਹਵਾਲਾ ਦਿੰਦੇ ਹੋਏ ਪਣ-ਬਿਜਲੀ ਪ੍ਰਾਜੈਕਟਾਂ ਅਤੇ ਡੈਮਾਂ ਦਾ ਨਿਰਮਾਣ ਜਾਰੀ ਰੱਖਿਆ।
* 2014 ’ਚ ਕੇਂਦਰੀ ਵਾਤਾਵਰਣ ਅਤੇ ਊਰਜਾ ਮੰਤਰਾਲਿਆਂ ਨੇ ਡੈਮਾਂ ਨੂੰ ਸੁਰੱਖਿਅਤ ਦੱਸਿਆ ਸੀ ਪਰ ਤੱਤਕਾਲੀਨ ਜਲ ਸਰੋਤ ਮੰਤਰੀ ਉਮਾ ਭਾਰਤੀ ਨੇ 2016 ’ਚ ਇਸ ਖਤਰੇ ਬਾਰੇ ਸੁਚੇਤ ਕਰਦਿਆਂ ਕਿਹਾ ਸੀ ਕਿ ਉੱਤਰਾਖੰਡ ’ਚ ਨਦੀਆਂ ’ਤੇ ਕੋਈ ਨਵਾਂ ਡੈਮ ਜਾਂ ਪਾਵਰ ਪ੍ਰਾਜੈਕਟ ਬਣਾਉਣਾ ਖਤਰਨਾਕ ਹੋਵੇਗਾ।
* 2017 ’ਚ ਨੋਬਲ ਪੁਰਸਕਾਰ ਜੇਤੂ ਰਾਜਿੰਦਰ ਸਿੰਘ ਨੇ ਭਵਿੱਖਬਾਣੀ ਕੀਤੀ ਸੀ ਕਿ ਨੇੜ ਭਵਿੱਖ ’ਚ 2013 ਵਰਗੀ ਦੁਰਘਟਨਾ ਫਿਰ ਹੋਵੇਗੀ।
* 2019 ’ਚ ਪ੍ਰਕਾਸ਼ਿਤ ਇਕ ਹੋਰ ਅਧਿਐਨ ’ਚ ਕਿਹਾ ਗਿਆ ਸੀ ਕਿ ਤਾਪਮਾਨ ਵਧਣ ਦੇ ਕਾਰਨ 21ਵੀਂ ਸ਼ਤਾਬਦੀ ਦੇ ਆਰੰਭ ਤੋਂ ਹੀ ਹਿਮਾਲਿਆ ਦੇ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ, ਜਿਸ ਨਾਲ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
* ਉੱਤਰਾਖੰਡ ਦੇ ਨੇੜੇ-ਤੇੜੇ ਸਥਿਤ 1834 ਗਲੇਸ਼ੀਅਰ ਹਿਮਾਲਿਆ ’ਤੇ ਜਮ੍ਹਾ ਹੋ ਰਹੀ ‘ਬਲੈਕ ਕਾਰਬਨ’ ਅਤੇ ਧਰਤੀ ਦੇ ਵਧਦੇ ਤਾਪਮਾਨ ਦੇ ਕਾਰਨ ਦੁੱਗਣੀ ਤੇਜ਼ੀ ਨਾਲ ਪਿਘਲ ਰਹੇ ਹਨ। ਸੂਬੇ ਦੇ ਜੰਗਲਾਂ ਦੀ ਅੱਗ ਦੀ ਤਪਸ਼ ਵੀ ਗਲੇਸ਼ੀਅਰਾਂ ਤਕ ਪਹੁੰਚ ਕੇ ਤਬਾਹੀ ਦਾ ਕਾਰਨ ਬਣ ਰਹੀ ਹੈ।
ਹਾਲਾਂਕਿ ਹੁਣ ਪਾਣੀ ਦਾ ਕਹਿਰ ਘਟ ਗਿਆ ਹੈ ਅਤੇ ਬਚਾਅ ਟੀਮਾਂ ਦੇ ਮੈਂਬਰ ਬੜੀ ਤੇਜ਼ੀ ਨਾਲ ਕੰਮ ਕਰ ਰਹੇ ਹਨ ਪਰ ਇਸ ਘਟਨਾ ਨੇ ਇਕ ਵਾਰ ਫਿਰ ਵਾਤਾਵਰਣ ਦੀ ਰਖਵਾਲੀ ’ਚ ਮਨੁੱਖੀ ਕੋਤਾਹੀਆਂ ਅਤੇ ਇਸ ਤੱਥ ਨੂੰ ਦਰਸਾਇਆ ਹੈ ਕਿ ਸਰਕਾਰਾਂ ਨੇ ਪਿਛਲੀਆਂ ਘਟਨਾਵਾਂ ਤੋਂ ਕੋਈ ਸਬਕ ਨਹੀਂ ਸਿੱਖਿਆ।
ਅੰਨ੍ਹੇਵਾਹ ਅਤੇ ਅਨਿਯੋਜਿਤ ਨਿਰਮਾਣ ਇਸ ਖੇਤਰ ’ਚ ਵਾਤਾਵਰਣ ਲਈ ਸਭ ਤੋਂ ਵੱਡੀ ਚੁਣੌਤੀ ਹਨ। ਹੋਟਲ ਅਤੇ ਪ੍ਰਾਈਵੇਟ ਰੀਅਲ ਅਸਟੇਟ ਕੰਪਨੀਆਂ ਵੱਲੋਂ ਵਾਤਾਵਰਣ ਦੀ ਸੁਰੱਖਿਆ ਸਬੰਧੀ ਸਿਫਾਰਸ਼ਾਂ ਦੀ ਅਣਦੇਖੀ ਕਰ ਕੇ ਨਿਰਮਾਣ ਕਰਨ ਦੀਆਂ ਸ਼ਿਕਾਇਤਾਂ ਆਮ ਹਨ। ਆਵਾਜਾਈ ਵਧਣ ਤੋਂ ਇਲਾਵਾ ਇਸ ਖੇਤਰ ਨੂੰ ਜਹਾਜ਼ਾਂ ਨਾਲ ਜੋੜਨ ਅਤੇ ਵਧੇ ਹੋਏ ਟਰੈਫਿਕ ਨਾਲ ਵੀ ਗਲੇਸ਼ੀਅਰ ਪਿਘਲ ਰਹੇ ਹਨ।
ਅਜਿਹੀਆਂ ਘਟਨਾਵਾਂ ਨਾ ਹੋਣ ਇਸ ਦੇ ਲਈ ਜ਼ਰੂਰੀ ਹੈ ਕਿ ਪਹਾੜੀ ਇਲਾਕਿਆਂ ’ਚ ਇਸ ਸਮੇਂ ਚੱਲ ਰਹੇ ਸਾਰੇ ਪ੍ਰਾਜੈਕਟਾਂ ਦਾ ਮੁੜ-ਨਿਰੀਖਣ ਕੀਤਾ ਜਾਵੇ, ਭਵਿੱਖ ’ਚ ਕੋਈ ਵੀ ਪ੍ਰਾਜੈਕਟ ਆਰੰਭ ਕਰਨ ਤੋਂ ਪਹਿਲਾਂ ਉਸ ਸਥਾਨ ਦੀ ਭੂਗੌਲਿਕ ਅਤੇ ਵਾਤਾਵਰਣ ਦੀ ਸਥਿਤੀ ਨੂੰ ਧਿਆਨ ’ਚ ਰੱਖਿਆ ਜਾਵੇ ਅਤੇ ਸੁਰੱਖਿਆ ਸਬੰਧੀ ਸਾਰੇ ਮਾਪਦੰਡਾਂ ਨੂੰ ਪੂਰਾ ਕਰਨ ਤੋਂ ਬਾਅਦ ਹੀ ਕਿਸੇ ਪ੍ਰਾਜੈਕਟ ਦੀ ਪ੍ਰਵਾਨਗੀ ਦਿੱਤੀ ਜਾਵੇ।
ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਜਿਸ ਤਰ੍ਹਾਂ ਮੌਜੂਦਾ ਘਟਨਾ ’ਚ 2 ਵੱਡੇ ਪ੍ਰਾਜੈਕਟਾਂ ਦੇ ਤਬਾਹ ਹੋਣ ਦੇ ਇਲਾਵਾ 18 ਵਿਅਕਤੀਆਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਹਨ ਅਤੇ 202 ਤੋਂ ਵੱਧ ਲੋਕਾਂ ਦੇ ਅਜੇ ਵੀ ਲਾਪਤਾ ਹੋਣ ਦੇ ਨਤੀਜੇ ਵਜੋਂ ਅਣਗਿਣਤ ਪਰਿਵਾਰ ਉੱਜੜ ਗਏ ਹਨ, ਉਸੇ ਤਰ੍ਹਾਂ ਭਵਿੱਖ ’ਚ ਵੀ ਅਜਿਹੇ ਹਾਦਸਿਆਂ ’ਚ ਪਰਿਵਾਰ ਉੱਜੜਦੇ ਰਹਿਣਗੇ ਅਤੇ ਦੇਸ਼ ਦਾ ਵੀ ਨੁਕਸਾਨ ਹੁੰਦਾ ਰਹੇਗਾ।
–ਵਿਜੇ ਕੁਮਾਰ
ਭਾਰਤ ਦੇ ਮਰਦ ਪ੍ਰਧਾਨ ਕਾਰਪੋਰੇਟ ਜਗਤ ’ਚ ਘੱਟ ਹੁੰਦਾ ਔਰਤਾਂ ਦਾ ਦਰਜਾ
NEXT STORY