ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਖਤਮ ਕਰਨ ਪਿੱਛੋਂ ਸੂਬੇ ਦੀ ਸਥਿਤੀ ’ਚ ਕਾਫੀ ਤਬਦੀਲੀ ਨਜ਼ਰ ਆਉਂਦੀ ਹੈ। ਐੱਨ. ਆਈ. ਏ. ਵਰਗੀਆਂ ਕੇਂਦਰੀ ਏਜੰਸੀਆਂ ਦੀ ਭਾਰੀ ਤਾਇਨਾਤੀ ਦੇ ਸਿੱਟੇ ਵਜੋਂ ਵਾਦੀ ’ਚ ਪੱਥਰਬਾਜ਼ੀ ਵਰਗੀਆਂ ਘਟਨਾਵਾਂ ਅਮਲੀ ਤੌਰ ’ਤੇ ਸਿਫਰ ਰਹਿ ਗਈਆਂ ਹਨ ਅਤੇ ਅੱਤਵਾਦ ਦੀਆਂ ਘਟਨਾਵਾਂ ’ਚ ਵੀ ਕਮੀ ਆਈ ਹੈ।
ਇਸ ਦੌਰਾਨ ਜੰਮੂ-ਕਸ਼ਮੀਰ ਦੇ ਉਪ-ਰਾਜਪਾਲ ਮਨੋਜ ਸਿਨ੍ਹਾ ਨੇ ਕਿਹਾ ਹੈ ਕਿ ਘਾਟੀ ’ਚ ਵੱਖਵਾਦੀ ਅਤੇ ਅੱਤਵਾਦੀ ਗਰੁੱਪਾਂ ਵੱਲੋਂ ਪਾਕਿਸਤਾਨ ਦੀ ਭੜਕਾਹਟ ’ਤੇ ਹਿੰਸਾਤਮਕ ਸਰਗਰਮੀਆਂ ਰਾਹੀਂ ਸਾਧਾਰਨ ਆਮ ਜ਼ਿੰਦਗੀ ਨੂੰ ਉਥਲ-ਪੁਥਲ ਕਰਨ ਦਾ ਦੌਰ ਹੁਣ ਖਤਮ ਹੋ ਚੁੱਕਾ ਅਤੇ ਉਸ ਦੀ ਥਾਂ ਸ਼ਾਂਤੀ ਅਤੇ ਵਿਕਾਸ ਨੇ ਲੈ ਲਈ ਹੈ।
ਸ਼੍ਰੀ ਸਿਨ੍ਹਾ ਦਾ ਕਹਿਣਾ ਹੈ ਕਿ ਹੁਣ ਇੱਥੇ ਮੁੜ ਹੱਦਬੰਦੀ ਅਤੇ ਵੋਟਰ ਸੂਚੀਆਂ ’ਚ ਸੋਧ ਤੋਂ ਬਾਅਦ ਚੋਣਾਂ ਕਰਵਾਉਣ ਦਾ ਫੈਸਲਾ ਪੂਰੀ ਤਰ੍ਹਾਂ ਚੋਣ ਕਮਿਸ਼ਨ ’ਤੇ ਨਿਰਭਰ ਕਰਦਾ ਹੈ।
ਇਸ ਦੌਰਾਨ ਘਾਟੀ ’ਚ ਕਸ਼ਮੀਰੀ ਅਤੇ ਗੈਰ-ਕਸ਼ਮੀਰੀ ਹਿੰਦੂਆਂ ਦੀਆਂ ਹੱਤਿਆਵਾਂ ’ਚ ਆਈ ਤੇਜ਼ੀ ਨੇ ਸੁਰੱਖਿਆ ਦੇ ਮੋਰਚੇ ’ਤੇ ਮਿਲੀ ਸਫਲਤਾ ਨੂੰ ਫਿੱਕਾ ਕੀਤਾ ਹੈ। 5 ਅਗਸਤ, 2019 ਤੋਂ ਬਾਅਦ ਨਾਗਰਿਕਾਂ ਦੀਆਂ ਜਿੰਨੀਆਂ ਹੱਤਿਆਵਾਂ ਹੋਈਆਂ ਹਨ, ਉਨ੍ਹਾਂ ’ਚੋਂ 50 ਫੀਸਦੀ ਸਿਰਫ ਪਿਛਲੇ 8 ਮਹੀਨਿਆਂ ’ਚ ਹੋਈਆਂ ਹਨ। ਇਸ ਤੋਂ ਇਲਾਵਾ ਜੰਮੂ ’ਚ ਹਿੰਦੂ ਬਹੁਗਿਣਤੀ ਵਾਲੇ ਖੇਤਰਾਂ ’ਤੇ ਹਮਲਿਆਂ ਦੇ ਯਤਨ ਹੋਏ ਹਨ।
ਸਾਲ 2022 ’ਚ ਅੱਤਵਾਦੀਆਂ ਨੇ 22 ਟਾਰਗੈੱਟ ਕਿਲਿੰਗ ਕੀਤੀਆਂ ਜਦੋਂ ਕਿ ਇਸ ਸਾਲ ਵੀ ਇਹ ਜਾਰੀ ਹਨ। ਲੰਘੀ 29 ਮਈ ਨੂੰ ਟਾਰਗੈੱਟ ਕਿਲਿੰਗ ਨੂੰ ਅੰਜਾਮ ਦੇਣ ਦਾ ਯਤਨ ਕੀਤਾ ਅਤੇ ਆਨੰਤਨਾਗ ਜ਼ਿਲੇ ਦੇ ਊਧਮਪੁਰ ’ਚ ਸਰਕਸ ਮੁਲਾਜ਼ਮ ਦੀਪੂ ਨੂੰ ਨਿਸ਼ਾਨਾ ਬਣਾਇਆ ਗਿਆ ਜਦੋਂਕਿ ਇਸ ਤੋਂ ਡੇਢ ਮਹੀਨੇ ਬਾਅਦ ਹੀ 14 ਜੁਲਾਈ ਨੂੰ ਸ਼ੋਪੀਆਂ ’ਚ 3 ਪ੍ਰਵਾਸੀ ਮਜ਼ਦੂਰਾਂ ਨੂੰ ਜ਼ਖਮੀ ਕਰ ਦਿੱਤਾ ਗਿਆ।
ਜੰਮੂ ’ਚ ਸਾਲ 2022 ਦੀ ਸ਼ੁਰੂਆਤ ਹਿੰਦੂ ਨਾਗਰਿਕਾਂ ਦੀ ਹੱਤਿਆ ਨਾਲ ਹੋਈ। ਅਜਿਹਾ ਕਈ ਸਾਲਾਂ ਬਾਅਦ ਵੇਖਿਆ ਗਿਆ। ਜੰਮੂ ’ਚ ਘੁਸਪੈਠ ਦੀਆਂ ਕਈ ਘਟਨਾਵਾਂ ਹੋੋਈਆਂ ਜਿਨ੍ਹਾਂ ’ਚ ਦਰਜਨ ਤੋਂ ਵੱਧ ਜਵਾਨ ਸ਼ਹੀਦ ਹੋ ਗਏ ਜਦੋਂਕਿ ਅੱਤਵਾਦੀ ਭੱਜਣ ’ਚ ਸਫਲ ਰਹੇ।
ਇਸ ਦੌਰਾਨ ਘਾਟੀ ’ਚ ਟਾਰਗੈੱਟ ਕਿਲਿੰਗ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਅੱਤਵਾਦੀਆਂ ਦੇ ਮਦਦਗਾਰਾਂ ਦੀ ਹਥਿਆਰਾਂ ਨਾਲ ਗ੍ਰਿਫਤਾਰੀ ਅਤੇ ਅੱਤਵਾਦੀਆਂ ਦੇ ਟਿਕਾਣਿਆਂ ਤੋਂ ਗੋਲਾ-ਬਾਰੂਦ ਆਦਿ ਦੀ ਬਰਾਮਦਗੀ ਦਾ ਸਿਲਸਿਲਾ ਵੀ ਜਾਰੀ ਹੈ। ਲਿਹਾਜ਼ਾ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਜੰਮੂ-ਕਸ਼ਮੀਰ ਦੀ ਸਥਿਤੀ ਗੰਭੀਰ ਸੁਰੱਖਿਆ ਪ੍ਰਬੰਧਾਂ ਦੀ ਮੰਗ ਕਰਦੀ ਹੈ ਤਾਂ ਜੋ ਇੱਥੇ ਪੱਕੀ ਸ਼ਾਂਤੀ ਕਾਇਮ ਕਰ ਕੇ ਇਕ ਵਾਰ ਮੁੜ 30 ਸਾਲ ਪਹਿਲਾਂ ਵਾਲਾ ਸੁਨਹਿਰੀ ਦੌਰ ਵਾਪਸ ਲਿਆਂਦਾ ਜਾ ਸਕੇ।
ਨਸ਼ੇ ’ਚ ਅੰਨ੍ਹੇ ਹੋ ਕੇ ਲੋਕ ਕਿਹੋ-ਜਿਹੇ ਕਰ ਰਹੇ ਅਪਰਾਧ!
NEXT STORY