ਦੇਸ਼ ’ਚ ਕਾਨੂੰਨ ਵਿਵਸਥਾ ਦਾ ਬੁਰੀ ਤਰ੍ਹਾਂ ਭੱਠਾ ਬੈਠਾ ਹੋਇਆ ਹੈ ਅਤੇ ਆਮ ਆਦਮੀ ਤਾਂ ਕੀ, ਸੱਤਾ ਨਾਲ ਜੁੜੇ ਵੱਡੇ ਲੋਕ ਵੀ ਅਪਰਾਧੀ ਅਨਸਰਾਂ ਦੇ ਨਿਸ਼ਾਨੇ ’ਤੇ ਆਉਣ ਲੱਗੇ ਹਨ। ਬੀਤੀ 24 ਜੂਨ ਨੂੰ ਮਹਾਰਾਸ਼ਟਰ ਦੇ ਮਲਕਪੁਰ ਅਤੇ ਕਲਿਆਣ ਸਟੇਸ਼ਨਾਂ ’ਤੇ 2 ਵੱਖ-ਵੱਖ ਰੇਲ ਗੱਡੀਆਂ ’ਚ ਸਫਰ ਕਰ ਰਹੇ ਕਾਂਗਰਸ ਦੇ ਵਿਧਾਇਕ ‘ਰਾਹੁਲ ਬਾਂਦ੍ਰੇ’ ਅਤੇ ਸ਼ਿਵ ਸੈਨਾ ਦੇ ਵਿਧਾਇਕ ‘ਸੰਜੇ ਰਾਏ ਮੁਲਕਰ’ ਦੀ ਪਤਨੀ ਨੂੰ ਅਣਪਛਾਤੇ ਵਿਅਕਤੀਆਂ ਨੇ ਉਦੋਂ ਲੁੱਟ ਲਿਆ ਸੀ, ਜਦੋਂ ਉਹ ਮੁੰਬਈ ਜਾ ਰਹੇ ਸਨ। ਉਸੇ ਦਿਨ ਨਵੀਂ ਦਿੱਲੀ ਦੇ ਅਤਿ-ਸੁਰੱਖਿਅਤ ਅਖਵਾਉਣ ਵਾਲੇ ‘ਲੁਟੀਅਨਜ਼ ਖੇਤਰ’ ਵਿਚ ਮੰਡੀ ਹਾਊਸ ਨੇੜੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਵਿਜੇਂਦਰ ਗੁਪਤਾ ਦੀ ਪਤਨੀ ਸ਼ੋਭਾ ਦੀ ਕਾਰ ’ਚ ਰੱਖਿਆ ਸਾਮਾਨ ਲੈ ਕੇ ਦੋਸ਼ੀ ਫਰਾਰ ਹੋ ਗਏ।
18 ਅਗਸਤ ਦੀ ਰਾਤ ਨੂੰ 8.15 ਵਜੇ ਮੰਡੀ ਹਾਊਸ ਦੇ ਨੇੜੇ ਹੀ ‘ਫੈੱਡਰੇਸ਼ਨ ਆਫ ਇੰਡੀਅਨ ਚੈਂਬਰਸ ਆਫ ਕਾਮਰਸ ਐਂਡ ਇੰਡਸਟਰੀ’ ਦੇ ਦਫਤਰ ਦੇ ਬਾਹਰ 2 ਮੋਟਰਸਾਈਕਲ ਸਵਾਰ ਭਾਰਤ ਦੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਦੀ ਪਤਨੀ ਅਰਪਣਾ ਮਹਿਤਾ ਦੇ ਹੱਥੋਂ ਮੋਬਾਇਲ ਖੋਹ ਕੇ ਭੱਜ ਗਏ। ਅਤੇ ਹੁਣ ਰਾਜਧਾਨੀ ਨਵੀਂ ਦਿੱਲੀ ’ਚ ਹੀ 22 ਸਤੰਬਰ ਨੂੰ ਦਿੱਲੀ ਦੇ ਗ੍ਰਹਿ ਮੰਤਰੀ ਸਤੇਂਦਰ ਜੈਨ ਦੀ ਉੱਤਰ-ਪੱਛਮੀ ਦਿੱਲੀ ਦੇ ਸਰਸਵਤੀ ਵਿਹਾਰ ’ਚ ਸਥਿਤ ਰਿਹਾਇਸ਼ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ। ਇਸ ਬਾਰੇ ਐਤਵਾਰ ਰਾਤ 10 ਵਜੇ ਦੇ ਇਕ ਟਵੀਟ ’ਚ ਸਤੇਂਦਰ ਜੈਨ ਨੇ ਕਿਹਾ, ‘‘ਸਰਸਵਤੀ ਵਿਹਾਰ ’ਚ ਸਥਿਤ ਮੇਰੇ ਮਕਾਨ ’ਚ ਚੋਰੀ ਹੋਈ। ਕਈ ਘੰਟਿਆਂ ਤਕ ਚੋਰਾਂ ਨੇ ਸਾਰੀਆਂ ਮੰਜ਼ਿਲਾਂ ’ਤੇ ਡੂੰਘਾਈ ਨਾਲ ਤਲਾਸ਼ੀ ਲਈ। ਸਮਾਜ ਵਿਰੋਧੀ ਅਨਸਰਾਂ ਅਤੇ ਚੋਰਾਂ ਨੂੰ ਦਿੱਲੀ ਪੁਲਸ ਦਾ ਕੋਈ ਡਰ ਨਹੀਂ ਰਿਹਾ ਹੈ।’’
ਸਤੇਂਦਰ ਜੈਨ ਨੇ ਆਪਣੇ ਮਕਾਨ ਦੇ ਕਮਰਿਆਂ ’ਚ ਖਿੱਲਰੀਆਂ ਚੀਜ਼ਾਂ ਦੀਆਂ ਫੋਟੋਆਂ ਵੀ ਇੰਟਰਨੈੱਟ ’ਤੇ ਪਾਈਆਂ ਹਨ। ਉਨ੍ਹਾਂ ਦੀ ਪਤਨੀ ਪੂਨਮ ਵਲੋਂ ਦਰਜ ਕਰਵਾਈ ਰਿਪੋਰਟ ਅਨੁਸਾਰ ਇਹ ਮਕਾਨ ਬੰਦ ਪਿਆ ਸੀ ਅਤੇ ਗੁਆਂਢੀਆਂ ਨੇ ਉਨ੍ਹਾਂ ਨੂੰ ਮਕਾਨ ਦਾ ਮੇਨ ਗੇਟ ਖੁੱਲ੍ਹਾ ਹੋਣ ਦੀ ਸੂਚਨਾ ਦਿੱਤੀ। ਹਾਲਾਂਕਿ ਸਾਰੀਆਂ ਸਰਕਾਰਾਂ ਆਪਣੇ ਸ਼ਾਸਨ ਦੀ ਤਾਰੀਫ ਕਰਦੀਆਂ ਹਨ ਪਰ ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਸਮਾਜ ਵਿਰੋਧੀ ਅਨਸਰਾਂ ਦੇ ਹੌਸਲੇ ਇੰਨੇ ਵਧ ਗਏ ਹਨ ਕਿ ਉਹ ਮੰਤਰੀਆਂ ਅਤੇ ਵਿਧਾਇਕਾਂ ਤਕ ਨੂੰ ਲੁੱਟਣ ਲੱਗ ਪਏ ਹਨ। ਜਦ ਸਾਡੇ ਦੇਸ਼ ’ਚ ਵੀ. ਆਈ. ਪੀ. ਲੋਕ ਹੀ ਸੁਰੱਖਿਅਤ ਨਹੀਂ ਹਨ ਤਾਂ ਫਿਰ ਆਮ ਲੋਕਾਂ ਦੀ ਤਾਂ ਔਕਾਤ ਹੀ ਕੀ ਹੈ!
–ਵਿਜੇ ਕੁਮਾਰ\\\
ਆਪਣੇ ਹਵਾ-ਪਾਣੀ ਦੀ ਸਵੱਛਤਾ ਲਈ ਸਾਨੂੰ ਬਹੁਤ ਯਤਨ ਕਰਨੇ ਪੈਣਗੇ
NEXT STORY