ਮਾਂ ਦਾ ਦੁੱਧ ਬੱਚੇ ਲਈ ਵਰਦਾਨ ਹੈ ਪਰ ਜੇ ਬੱਚੇ ਨੂੰ ਇਹ ਵਰਦਾਨ ਜਨਮ ਦੇ ਪਹਿਲੇ ਘੰਟੇ ਵਿੱਚ ਨਾ ਮਿਲੇ ਤਾਂ ਉਸ ਦੀ ਜਿੰਦਗੀ ਖ਼ਤਰੇ ਵਿੱਚ ਪੈ ਸਕਦੀ ਹੈ।
ਸੰਯੁਕਤ ਰਾਸ਼ਟਰ ਦੀ ਰਿਪੋਰਟ ਅਨੁਸਾਰ ਘੱਟ, ਮੱਧ ਵਰਗੀ ਆਮਦਨ ਵਾਲੇ ਪੰਜ ਦੇਸਾਂ ਵਿੱਚੋਂ ਕੇਵਲ ਦੋ ਬੱਚਿਆਂ ਨੂੰ ਹੀ ਜਨਮ ਦੇ ਪਹਿਲੇ ਘੰਟੇ ਵਿੱਚ ਮਾਂ ਦਾ ਦੁੱਧ ਮਿਲਦਾ ਹੈ।
ਇਸ ਕਾਰਨ ਬੱਚਿਆਂ ਦੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ ਅਤੇ ਨਾਲ ਹੀ ਉਨ੍ਹਾਂ ਦੇ ਜਿਊਂਦਾ ਨਾ ਰਹਿਣ ਦਾ ਖ਼ਤਰਾ ਵੀ ਵਧ ਜਾਂਦਾ ਹੈ।
ਇਹ ਵੀ ਪੜ੍ਹੋ:
ਇਹ ਰਿਪੋਰਟ ਪੂਰੀ ਦੁਨੀਆਂ ਵਿੱਚ ਹੋਏ ਅਧਿਐਨ 'ਤੇ ਆਧਾਰਿਤ ਹੈ। ਰਿਪੋਰਟ ਅਨੁਸਾਰ ਕਰੀਬ 7 ਕਰੋੜ 80 ਲੱਖ ਬੱਚੇ ਅਜਿਹੇ ਹਨ ਜਿਨ੍ਹਾਂ ਨੂੰ ਜਨਮ ਦੇ ਪਹਿਲੇ ਘੰਟੇ ਵਿੱਚ ਮਾਂ ਦਾ ਦੁੱਧ ਨਹੀਂ ਮਿਲਦਾ ਹੈ।
ਜੇ ਪਹਿਲੇ ਘੰਟੇ 'ਚ ਦੁੱਧ ਨਹੀਂ ਮਿਲਿਆ ਤਾਂ...
ਸਵਾਲ ਉੱਠਦਾ ਹੈ ਕਿ ਜੇ ਕੋਈ ਔਰਤ ਆਪਣੇ ਬੱਚੇ ਨੂੰ ਜਨਮ ਦੇ ਪਹਿਲੇ ਘੰਟੇ ਵਿੱਚ ਦੁੱਧ ਨਹੀਂ ਚੁੰਘਾਉਂਦੀ ਤਾਂ ਇਸ ਦਾ ਕੀ ਅਸਰ ਹੋਵੇਗਾ?
ਰਿਪੋਰਟ ਦੀ ਮੰਨੀਏ ਤਾਂ ਜੇ ਬੱਚੇ ਨੂੰ ਜਨਮ ਦੇ ਪਹਿਲੇ ਘੰਟੇ ਵਿੱਚ ਦੁੱਧ ਨਹੀਂ ਚੁੰਘਾਇਆ ਜਾਂਦਾ ਤਾਂ ਮੌਤ ਦਾ ਖ਼ਤਰਾ 33 ਫੀਸਦ ਵਧ ਜਾਂਦਾ ਹੈ।
ਜੇ ਬੱਚੇ ਨੂੰ ਜਨਮ ਦੇ 24 ਘੰਟਿਆਂ ਤੱਕ ਵੀ ਮਾਂ ਦਾ ਦੁੱਧ ਨਹੀਂ ਮਿਲਦਾ ਹੈ ਤਾਂ ਮੌਤ ਦਾ ਖ਼ਤਰਾ ਦੁਗਣਾ ਹੋ ਜਾਂਦਾ ਹੈ।
ਦਾਅਵਾ ਕੀਤਾ ਗਿਆ ਹੈ ਕਿ ਜਿਨ੍ਹਾਂ ਬੱਚਿਆਂ ਨੂੰ ਮਾਂ ਦਾ ਦੁੱਧ ਪਹਿਲੇ ਇੱਕ ਘੰਟੇ ਵਿੱਚ ਮਿਲਦਾ ਹੈ ਉਹ ਬਾਕੀ ਬੱਚਿਆਂ ਦੇ ਮੁਕਾਬਲੇ ਵੱਧ ਸਿਹਤਮੰਦ ਰਹਿੰਦੇ ਹਨ। ਦੁੱਧ ਨਾਲ ਬੱਚੇ ਕਈ ਤਰ੍ਹਾਂ ਦੇ ਇਨਫੈਕਸ਼ਨ ਤੋਂ ਸੁਰੱਖਿਅਤ ਹੁੰਦੇ ਹਨ।
ਮਾਂ ਅਤੇ ਬੱਚੇ ਦਾ ਇਹ ਸੰਪਰਕ ਮਾਂ ਦੇ ਦੁੱਧ ਦੇ ਪ੍ਰੋਡਕਸ਼ਨ ਦੇ ਲਿਹਾਜ਼ ਨਾਲ ਵੀ ਜ਼ਰੂਰੀ ਹੈ। ਇਸ ਪਹਿਲੇ ਸੰਪਰਕ ਨਾਲ ਕੋਲੋਸਟ੍ਰਮ ਬਣਨ ਵਿੱਚ ਮਦਦ ਮਿਲਦੀ ਹੈ।
ਸਾਇੰਸਡੇਲੀ ਅਨੁਸਾਰ ਕੋਲੋਸਟਰਮ ਨੂੰ ਪਹਿਲਾ ਦੁੱਧ ਵੀ ਕਹਿੰਦੇ ਹਨ। ਮਾਂ ਬਣਨ ਤੋਂ ਬਾਅਦ ਕੁਝ ਦਿਨਾਂ ਤੱਕ ਕੋਲੋਸਟ੍ਰਮ ਬਣਦਾ ਹੈ। ਕੋਲਸਟ੍ਰਮ ਗਾੜ੍ਹਾ, ਚਿਪਚਿਪਾ ਅਤੇ ਪੀਲੇ ਰੰਗ ਦਾ ਹੁੰਦਾ ਹੈ।
ਕੋਲੋਸਟ੍ਰਮ ਕਾਰਬੋਹਾਈਡਰੇਟ, ਪ੍ਰੋਟੀਨ, ਐਂਟੀ ਬੌਡੀਜ਼ ਦਾ ਖਜ਼ਾਨਾ ਹੁੰਦਾ ਹੈ। ਇਸ ਵਿੱਚ ਫੈਟ ਬਹੁਤ ਘੱਟ ਹੁੰਦਾ ਹੈ। ਇਸ ਲਿਹਾਜ਼ ਨਾਲ ਬੱਚਾ ਇਸ ਨੂੰ ਆਸਾਨੀ ਨਾਲ ਹਜ਼ਮ ਕਰ ਲੈਂਦਾ ਹੈ। ਇਹ ਬੱਚੇ ਦੇ ਪਹਿਲੇ ਸਟੂਲ (ਮੇਕੋਨਿਯਮ) ਲਈ ਵੀ ਜ਼ਰੂਰੀ ਹੈ।
ਰਿਪੋਰਟ ਅਨੁਸਾਰ ਮਾਂ ਦੇ ਪਹਿਲੇ ਦੁੱਧ ਨੂੰ ਬੱਚੇ ਦੇ ਪਹਿਲੇ ਵੈਕਸੀਨ ਦੇ ਤੌਰ 'ਤੇ ਮੰਨਿਆ ਜਾਂਦਾ ਹੈ। ਸੰਯੁਕਤ ਰਾਸ਼ਟਰ ਨੇ 76 ਦੇਸਾਂ ਵਿੱਚ ਕੀਤੇ ਅਧਿਅਨ ਦੇ ਆਧਾਰ 'ਤੇ ਇਹ ਰਿਪੋਰਟ ਤਿਆਰ ਕੀਤੀ ਹੈ।
ਇਸ ਅਨੁਸਾਰ ਪੂਰਬੀ ਅਤੇ ਦੱਖਣੀ ਅਫਰੀਕਾ ਵਿੱਚ ਦੁੱਧ ਚੁੰਘਾਉਣ ਨੂੰ ਲੈ ਕੇ ਸਭ ਤੋਂ ਵੱਧ ਜਾਗਰੂਕਤਾ (65 ਫੀਸਦੀ) ਹੈ ਜਦਕਿ ਪੂਰਬੀ ਏਸ਼ੀਆ ਵਿੱਚ ਸਭ ਤੋਂ ਘੱਟ ( 32 ਫੀਸਦ) ਜਾਗਰੂਕਤਾ ਹੈ।
ਇਹ ਵੀ ਪੜ੍ਹੋ:
76 ਦੇਸਾਂ ਦੀ ਇਸ ਸੂਚੀ ਵਿੱਚ ਭਾਰਤ 56ਵੇਂ ਨੰਬਰ 'ਤੇ ਹੈ ਜਦਕਿ ਗੁਆਂਢੀ ਮੁਲਕ ਪਾਕਿਸਤਾਨ 75ਵੇਂ ਨੰਬਰ 'ਤੇ ਹੈ। ਸ਼੍ਰੀਲੰਕਾ ਇਸ ਸੂਚੀ ਵਿੱਚ ਪਹਿਲੇ ਨੰਬਰ 'ਤੇ ਹੈ।
ਕੀ ਸੀ-ਸੈਕਸ਼ਨ ਨਾਲ ਵੀ ਅਸਰ ਪੈਂਦਾ ਹੈ?
ਰਿਪੋਰਟ ਵਿੱਚ ਇਸ ਗੱਲ ਦਾ ਵੀ ਜ਼ਿਕਰ ਹੈ ਕਿ ਸੀ-ਸੈਕਸ਼ਨ ਯਾਨੀ ਆਪਰੇਸ਼ਨ ਨਾਲ ਹੋਣ ਵਾਲੀ ਡਿਲਿਵਰੀ ਵਿੱਚ ਤੇਜ਼ੀ ਆਉਣ ਕਾਰਨ ਵੀ ਕਈ ਵਾਰ ਮਾਂ, ਬੱਚੇ ਨੂੰ ਇੱਕ ਘੰਟੇ ਵਿਚਾਲੇ ਦੁੱਧ ਨਹੀਂ ਪਿਲਾ ਪਾਉਂਦੀ।
ਸਾਲ 2017 ਦੇ ਅੰਕੜਿਆਂ ਅਨੁਸਾਰ ਪੂਰੀ ਦੁਨੀਆਂ ਵਿੱਚ ਸੀ ਸੈਕਸ਼ਨ ਦੇ ਮਾਮਲਿਆਂ ਵਿੱਚ 20 ਫੀਸਦ ਦਾ ਵਾਧਾ ਹੋਇਆ ਹੈ। ਮਿਸਰ ਦਾ ਉਦਾਹਰਣ ਦਿੰਦੇ ਹੋਏ ਇਸ ਦੇ ਅਸਰ ਨੂੰ ਸਮਝਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ।
ਇੱਥੇ ਸੀ ਸੈਕਸ਼ਨ ਤੋਂ ਪੈਦਾ ਸਿਰਫ਼ 19 ਫੀਸਦੀ ਬੱਚਿਆਂ ਨੂੰ ਹੀ ਪਹਿਲੇ ਘੰਟੇ ਵਿੱਚ ਮਾਂ ਦਾ ਦੁੱਧ ਮਿਲਿਆ ਜਦਕਿ ਨਾਰਮਲ ਡਿਲਿਵਰੀ ਤੋਂ ਪੈਦਾ ਹੋਏ 39 ਫੀਸਦ ਬੱਚਿਆਂ ਨੂੰ ਇੱਕ ਘੰਟੇ ਅੰਦਰ ਮਾਂ ਦਾ ਦੁੱਧ ਮਿਲ ਗਿਆ ਹੈ।
ਸੀ-ਸੈਕਸ਼ਨ ਤੋਂ ਇਲਾਵਾ ਇੱਕ ਹੋਰ ਵੀ ਵੱਡਾ ਕਾਰਨ ਹੈ ਜਿਸ ਕਰਕੇ ਬੱਚਿਆਂ ਨੂੰ ਪਹਿਲੇ ਘੰਟੇ ਵਿੱਚ ਮਾਂ ਦਾ ਦੁੱਧ ਨਹੀਂ ਮਿਲਦਾ ਹੈ।
ਰਿਪੋਰਟ ਵਿੱਚ ਸੰਬਧਿਤ ਦੇਸਾਂ ਦੀਆਂ ਸਰਕਾਰਾਂ ਨੂੰ ਇਹ ਬੇਨਤੀ ਕੀਤੀ ਗਈ ਹੈ ਕਿ ਉਹ ਨਵ-ਜੰਮੇ ਬੱਚਿਆਂ ਲਈ ਤਿਆਰ ਫਾਰਮੂਲੇ ਤੇ ਦੂਜੇ ਉਤਪਾਦਾਂ ਦੇ ਬਾਜ਼ਾਰੀਕਰਨ ਦੇ ਖਿਲਾਫ਼ ਸਖ਼ਤ ਕਾਨੂੰਨੀ ਪ੍ਰਕਿਰਿਆ ਅਪਨਾਉਣ ਤਾਂ ਜੋ ਪਹਿਲੇ ਘੰਟੇ ਵਿੱਚ ਮਾਂ ਦੇ ਦੁੱਧ ਨੂੰ ਹੀ ਤਰਜ਼ੀਹ ਦਿੱਤੀ ਜਾਵੇ।
ਕੀ ਕਹਿੰਦੀਆਂ ਹਨ ਭਾਰਤੀ ਔਰਤਾਂ?
ਭਾਰਤ ਵਿੱਚ ਵਧੇਰੇ ਔਰਤਾਂ ਦਾ ਮੰਨਣਾ ਹੈ ਕਿ ਮਾਂ, ਬੱਚੇ ਨੂੰ ਪਹਿਲੇ ਘੰਟੇ ਵਿੱਚ ਦੁੱਧ ਪਿਲਾ ਸਕਣਗੀਆਂ ਜਾਂ ਨਹੀਂ ਇਹ ਬਹੁਤ ਹੱਦ ਤੱਕ ਹਸਪਤਾਲ, ਡਾਕਟਰ, ਨਰਸ ਅਤੇ ਉਸ ਵਕਤ ਮੌਜੂਦ ਲੋਕਾਂ 'ਤੇ ਨਿਰਭਰ ਕਰਦਾ ਹੈ।
ਅਨੁਮੇਧਾ ਪ੍ਰਸਾਦ ਦਾ ਕਹਿਣਾ ਹੈ ਕਿ ਕੁਝ ਗੱਲਾਂ ਨੂੰ ਭਾਰਤ ਦੇ ਵਧੇਰੇ ਹਸਪਤਾਲਾਂ ਵਿੱਚ ਤਵੱਜੋ ਨਹੀਂ ਦਿੱਤੀ ਜਾਂਦੀ ਹੈ ਜਦਕਿ ਵਿਕਸਿਤ ਦੇਸਾਂ ਵਿੱਚ ਬੱਚਿਆਂ ਦੇ ਪੈਦਾ ਹੁੰਦੇ ਹੀ ਮਾਂ ਨੂੰ ਦੇ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਕਿਤੇ ਜਾ ਕੇ ਨਾੜੂਆ ਕੱਟੀ ਜਾਂਦੀ ਹੈ ਅਤੇ ਸਾਫ਼-ਸਫਾਈ ਕੀਤੀ ਜਾਂਦੀ ਹੈ ਪਰ ਭਾਰਤ ਵਿੱਚ ਕਾਫੀ ਫ਼ਰਕ ਹੈ।
ਅਨੁਮੇਧਾ ਨੇ ਅੱਗੇ ਦੱਸਿਆ, "ਵਧੇਰੇ ਲੋਕ ਅਜਿਹਾ ਮੰਨਦੇ ਹਨ ਕਿ ਬੱਚਿਆਂ ਨੂੰ ਜਨਮ ਦੇ ਤੁਰੰਤ ਬਾਅਦ ਛਾਤੀ ਨਾਲ ਲਗਾਉਂਦੇ ਹੀ ਦੁੱਧ ਆਉਂਦਾ ਨਹੀਂ ਹੈ ਪਰ ਬੱਚੇ ਨੂੰ ਛਾਤੀ ਨਾਲ ਸਿਰਫ ਦੁੱਧ ਚੁੰਘਾਉਣ ਲਈ ਨਹੀਂ ਲਗਾਇਆ ਜਾਂਦਾ, ਇਹ ਭਾਵਨਾਤਮਕ ਲਗਾਅ ਲਈ ਵੀ ਜ਼ਰੂਰੀ ਹੈ।''
ਅਨੁਮੇਧਾ ਦੇ ਦੋਵੇਂ ਬੱਚਿਆਂ ਦੀ ਡਿਲਿਵਰੀ ਨਾਰਮਲ ਹੋਈ ਸੀ। ਉਹ ਦੱਸਦੀ ਹੈ ਕਿ ਉਨ੍ਹਾਂ ਦੇ ਪਿਤਾ ਡਾਕਟਰ ਹਨ ਇਸ ਲਈ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਪਤਾ ਸੀ ਕਿ ਮਾਂ ਦਾ ਪਹਿਲਾ ਦੁੱਧ ਇੱਕ ਘੰਟੇ ਦੇ ਅੰਦਰ ਦੇਣਾ ਜ਼ਰੂਰੀ ਹੁੰਦਾ ਹੈ।
ਉੱਥੇ ਹੀ ਦੀਪਤੀ ਦੂਬੇ ਵੀ ਉਨ੍ਹਾਂ ਮਾਵਾਂ ਵਿੱਚੋਂ ਹਨ ਜਿਨ੍ਹਾਂ ਨੂੰ ਪਤਾ ਸੀ ਕਿ ਬੱਚੇ ਦੇ ਜਨਮ ਦੇ ਇੱਕ ਘੰਟੇ ਦੇ ਅੰਦਰ ਬੱਚੇ ਨੂੰ ਦੁੱਧ ਚੁੰਘਾਉਣਾ ਜ਼ਰੂਰੀ ਹੁੰਦਾ ਹੈ। ਉਨ੍ਹਾਂ ਨੇ ਵੀ ਆਪਣੇ ਬੱਚੇ ਨੂੰ ਜਨਮ ਦੇ ਤੁਰੰਤ ਬਾਅਦ ਦੁੱਧ ਚੁੰਘਾਇਆ ਸੀ।
ਅਨੁਮੇਧਾ ਤੋਂ ਵੱਖ ਖਦੀਜਾ ਦੇ ਦੋਵੇਂ ਬੱਚੇ ਸੀ-ਸੈਕਸ਼ਨ ਨਾਲ ਹੋਏ ਹਨ। ਖਦੀਜਾ ਅਨੁਸਾਰ ਸੀ-ਸੈਕਸ਼ਨ ਵਿੱਚ ਚੁਣੌਤੀ ਤਾਂ ਹੁੰਦੀ ਹੈ ਪਰ ਜਦੋਂ ਇਹ ਪਤਾ ਹੋਵੇ ਕਿ ਬੱਚੇ ਨੂੰ ਕਿਵੇਂ ਦੁੱਧ ਚੁੰਘਾਉਣਾ ਹੈ ਤਾਂ ਵੱਧ ਪ੍ਰੇਸ਼ਾਨੀ ਨਹੀਂ ਹੁੰਦੀ ਹੈ।
ਇਹ ਵੀ ਪੜ੍ਹੋ:
ਖਦੀਜਾ ਦੇ ਇੱਕ ਬੱਚੇ ਦਾ ਜਨਮ ਲੰਡਨ ਵਿੱਚ ਹੋਇਆ ਜਿੱਥੇ ਡਾਕਟਰਾਂ ਨੇ ਇਹ ਦੱਸ ਦਿੱਤਾ ਸੀ ਕਿ ਕਿਉਂਕਿ ਉਨ੍ਹਾਂ ਦੇ ਟਾਂਕੇ ਲੱਗੇ ਹੋਏ ਸਨ ਇਸ ਲਈ ਬੈਠਣ ਦੀ ਲੋੜ ਨਹੀਂ ਤੇ ਉਹ ਲੇਟੇ ਹੋਏ ਵੀ ਬੱਚੇ ਨੂੰ ਦੁੱਧ ਚੁੰਘਾ ਸਕਦੀ ਹੈ।
ਉਹ ਕਹਿੰਦੀ ਹੈ, "ਮੈਂ ਆਪਣੇ ਬੱਚੇ ਨੂੰ ਅੱਧੇ ਘੰਟੇ ਦੇ ਅੰਦਰ ਦੁੱਧ ਚੁੰਘਾਉਣਾ ਸ਼ੁਰੂ ਕਰ ਦਿੱਤਾ ਸੀ ਪਰ ਉੱਥੇ ਹੀ ਮੇਰੀ ਪਹਿਲੀ ਡਿਲਿਵਰੀ ਦਿੱਲੀ ਵਿੱਚ ਹੋਈ ਸੀ ਤਾਂ ਮੈਨੂੰ ਡਾਕਟਰਾਂ ਦੀ ਪੂਰੀ ਮਦਦ ਨਹੀਂ ਮਿਲੀ ਸੀ। ਮੇਰੀ ਬੱਚੀ ਵੀ ਮੈਨੂੰ ਦੋ ਦਿਨਾਂ ਬਾਅਦ ਮਿਲੀ ਸੀ। ਮੇਰੇ ਟਾਂਕਿਆਂ ਵਿੱਚ ਦਰਦ ਹੋ ਰਿਹਾ ਸੀ। ਅਜਿਹੇ ਵਿੱਚ ਮੈਂ ਆਪਣੀ ਬੇਟੀ ਨੂੰ ਪਹਿਲਾ ਦੁੱਧ ਨਹੀ ਪਿਲਾ ਸਕੀ ਸੀ।''
ਖਦੀਜਾ ਮੰਨਦੀ ਹੈ ਕਿ ਸਹੀ ਜਾਣਕਾਰੀ ਹੋਵੇ ਤਾਂ ਸੀ-ਸੈਕਸ਼ਨ ਵਿੱਚ ਵੀ ਬੱਚਿਆਂ ਨੂੰ ਦੁੱਧ ਚੁੰਘਾਇਆ ਜਾ ਸਕਦਾ ਹੈ ਪਰ ਕਈ ਵਾਰ ਜਾਣਕਾਰੀ ਨਾ ਹੋਣ ਕਰਕੇ ਬੱਚੇ ਨੂੰ ਮਾਂ ਦਾ ਦੁੱਧ ਨਸੀਬ ਨਹੀਂ ਹੁੰਦਾ ਹੈ।
ਪਰ ਮਾਂ ਦਾ ਪਹਿਲਾ ਦੁੱਧ ਇੰਨਾ ਜ਼ਰੂਰੀ ਕਿਉਂ?
ਦਿੱਲੀ ਵਿੱਚ ਬੱਚਿਆਂ ਦੇ ਮਾਹਿਰ ਡਾਕਟਰ ਦਿਨੇਸ਼ ਸਿੰਘਲ ਦਾ ਕਹਿਣਾ ਹੈ ਕਿ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਮਾਂ ਦਾ ਦੁੱਧ ਬੱਚਿਆਂ ਲਈ ਬਹੁਤ ਜ਼ਰੂਰੀ ਹੈ।
ਡਾ ਸਿੰਘਲ ਅਨੁਸਾਰ, ਸਭ ਤੋਂ ਚੰਗਾ ਤਾਂ ਇਹੀ ਹੁੰਦਾ ਹੈ ਕਿ ਬੱਚੇ ਨੂੰ ਜਨਮ ਦੇ ਤੁਰੰਤ ਬਾਅਦ ਮਾਂ ਦਾ ਦੁੱਧ ਮਿਲੇ ਪਰ ਜੇ ਕਿਸੇ ਕਾਰਨ ਕਰਕੇ ਬੱਚੇ ਨੂੰ ਦੁੱਧ ਨਹੀਂ ਚੁੰਘਾਇਆ ਜਾ ਰਿਹਾ ਤਾਂ ਸਕਸ਼ਨ ਪੰਪ ਤੋਂ ਦੁੱਧ ਕੱਢ ਕੇ ਡਰਿੱਪ ਨਾਲ ਪਿਲਾਇਆ ਜਾ ਸਕਦਾ ਹੈ।
"ਇਸ ਤੋਂ ਇਲਾਵਾ ਜੇ ਮਾਂ ਹੀ ਦੁੱਧ ਚੁੰਘਾਉਣ ਦੇ ਕਾਬਿਲ ਨਹੀਂ ਹੈ ਤਾਂ ਬੱਚੇ ਨੂੰ ਫਾਰਮੂਲਾ ਮਿਲਕ ਦੇਣਾ ਹੀ ਇੱਕ ਬਦਲ ਰਹਿ ਜਾਂਦਾ ਹੈ।''
ਰਿਪੋਰਟ ਵਿੱਚ ਵੀ ਇਸ ਗੱਲ ਦਾ ਜ਼ਿਕਰ ਹੈ। ਰਿਪੋਰਟ ਅਨੁਸਾਰ, ਬਹੁਤ ਦੇਸਾਂ ਵਿੱਚ ਲੋਕ ਬੱਚੇ ਨੂੰ ਮਾਂ ਦਾ ਪਹਿਲਾ ਦੁੱਧ ਦੇਣ ਦੀ ਬਜਾਏ, ਸ਼ਹਿਦ, ਚੀਨੀ ਦਾ ਪਾਣੀ ਅਤੇ ਫਾਰਮੂਲਾ ਦੁੱਧ ਦੇਣਾ ਸਹੀ ਸਮਝਦੇ ਹਨ ਪਰ ਇਸ ਨਾਲ ਬੱਚਿਆਂ ਅਤੇ ਮਾਂ ਵਿਚਾਲੇ ਸੰਪਰਕ ਬਣਨ ਵਿੱਚ ਦੇਰੀ ਹੋ ਜਾਂਦੀ ਹੈ।
ਡਾ. ਸਿੰਘਲ ਮੰਨਦੇ ਹਨ ਕਿ ਇਹ ਸਹੀ ਨਹੀਂ ਹੈ ਕਿ ਮਾਂ ਦਾ ਦੁੱਧ ਜ਼ਿੰਦਗੀ ਭਰ ਬੱਚੇ ਨੂੰ ਬਿਮਾਰੀ ਤੋਂ ਬਚਾਏਗਾ ਪਰ ਜਨਮ ਤੋਂ ਬਾਅਦ ਬੱਚੇ ਨੂੰ ਕਈ ਤਰੀਕੇ ਦੇ ਇਨਫੈਕਸ਼ਨ ਹੋਣ ਦਾ ਡਰ ਹੁੰਦਾ ਹੈ ਅਜਿਹੇ ਵਿੱਚ ਮਾਂ ਦਾ ਹੀ ਦੁੱਧ ਦੇਣਾ ਚਾਹੀਦਾ ਹੈ।
ਉਹ ਮੰਨਦੇ ਹਨ ਕਿ ਇਸ ਗੱਲ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਕਿ ਬੱਚੇ ਨੂੰ ਮਾਂ ਦਾ ਪਹਿਲਾ ਦੁੱਧ ਮਿਲ ਜਾਵੇ ਕਿਉਂਕਿ ਅਜਿਹਾ ਨਾ ਹੋਣ ਕਰਕੇ ਬੱਚੇ ਨੂੰ ਪੂਰੀ ਸੁਰੱਖਿਆ ਨਹੀਂ ਮਿਲਦੀ ਹੈ।
ਡਾ. ਸਿੰਘਲ ਦਾ ਕਹਿਣਾ ਹੈ ਕਿ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਬੱਚੇ ਨੂੰ ਜੇ ਮਾਂ ਦੇ ਦੁੱਧ ਤੋਂ ਇਲਾਵਾ ਕੋਈ ਹੋਰ ਦੁੱਧ ਦਿੱਤਾ ਜਾਵੇ ਤਾਂ ਬੱਚਾ ਮਾਂ ਦੇ ਦੁੱਧ ਨਾਲ ਰਿਸ਼ਤਾ ਨਹੀਂ ਬਣਾ ਪਾਉਂਦਾ ਹੈ ਅਤੇ ਦੁੱਧ ਨਹੀਂ ਚੁੰਘਦਾ ਹੈ। ਇਹ ਸਥਿਤੀ ਹੋਰ ਵੀ ਖ਼ਤਰਨਾਕ ਹੋ ਜਾਂਦੀ ਹੈ।
https://www.youtube.com/watch?v=ZsVSqnTPFWA
https://www.youtube.com/watch?v=-1I74cbX51g
https://www.youtube.com/watch?v=aAqPvI-1NM
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
ਬਰਗਾੜੀ ਬੇਅਦਬੀ ਮਾਮਲਾ: ਕੈਪਟਨ ਨੇ ਸੀਬੀਆਈ ਦੀ ਕਲੋਜ਼ਰ ਰਿਪੋਰਟ ਕੀਤੀ ਰੱਦ
NEXT STORY