ਕਮਰ ਦਰਦ ਜਾਂ ਸੋਖੇ ਸ਼ਬਦਾਂ ਵਿੱਚ ਕਹੀਏ ਚੂਲੇ ਅਤੇ ਪਸਲੀਆਂ ਦੇ ਵਿਚਕਾਰਲੀ ਥਾਂ ਦੀ ਪੀੜ।
ਇਹ ਮੁਸ਼ਕਲ ਦੁਨੀਆਂ ਭਰ ਵਿੱਚ ਤੇਜ਼ੀ ਨਾਲ ਵਧ ਰਹੀ ਹੈ ਅਤੇ ਕਈਆਂ ਦੀ ਰੋਜ਼ਾਨਾ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀ ਹੈ ਪਰ ਹਾਲੇ ਵੀ ਅਸੀਂ ਇਸ ਬਾਰੇ ਬਹੁਤ ਘੱਟ ਜਾਣਦੇ ਹਾਂ।
ਜੇ ਤੁਸੀਂ ਅਜੇ ਤੱਕ ਇਸ ਤੋਂ ਬਚੇ ਹੋਏ ਹੋ ਤਾਂ ਵੀ ਸੰਭਾਵਨਾ ਹੈ ਕਿ ਕਦੇ ਨਾ ਕਦੇ ਇਹ ਹੋ ਜਾਵੇ।
ਵਿਸ਼ਵ ਸਿਹਤ ਸੰਗਠਨ ਮੁਤਾਬਕ ਕਮਰ ਦਰਦ ਦੁਨੀਆਂ ਭਰ ਵਿੱਚ ਅਪੰਗਤਾ ਪੈਦਾ ਕਰਨ ਵਾਲੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ।
ਇਸ ਨਾਲ ਮਰੀਜ਼ ਦੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ, ਘੁੰਮਣ-ਫਿਰਨ ਅਤੇ ਰੋਜ਼ਾਨਾ ਦੇ ਕੰਮ ਕਰਨ ਦੀ ਸਮਰੱਥਾ ਸੀਮਤ ਹੋ ਜਾਂਦੀ ਹੈ।
ਸਾਲ 2020 ਦੌਰਾਨ 3 ਪਿੱਛੇ 1 ਜਣੇ ਨੇ ਘੱਟੋ-ਘੱਟ ਇੱਕ ਵਾਰ ਇਸ ਦੀ ਸ਼ਿਕਾਇਤ ਜ਼ਰੂਰ ਕੀਤੀ।
ਇਸ ਹਿਸਾਬ ਨਾਲ ਅੰਕੜਾ 60 ਕਰੋੜ ਬਣਦਾ ਹੈ ਜੋ ਕਿ 1990 ਦੀ ਤੁਲਨਾ ਵਿੱਚ 60% ਜ਼ਿਆਦਾ ਹੈ।
ਸੰਗਠਨ ਨੂੰ ਲਗਦਾ ਹੈ ਕਿ ਇਹ ਅੰਕੜਾ ਆਉਣ ਵਾਲੇ ਦਹਾਕਿਆਂ ਦੌਰਾਨ ਹੋਰ ਵਧੇਗਾ।
ਇੱਕ ਅੰਦਾਜ਼ੇ ਮੁਤਾਬਕ ਸਾਲ 2050 ਤੱਕ ਲਗਭਗ 84 ਕਰੋੜ ਲੋਕ ਇਸ ਤੋਂ ਪੀੜਤ ਹੋਣ ਦੀ ਸੰਭਾਵਨਾ ਹੈ।
ਸਿਹਤ ਸੰਗਠਨ ਦਾ ਕਹਿਣਾ ਹੈ ਕਿ ਸਿਹਤ ਸਮੱਸਿਆਵਾਂ ਦੇ ਗੰਭੀਰ ਨਤੀਜੇ ਹੁੰਦੇ ਹਨ।
ਇਨ੍ਹਾਂ ਦੀ ਕੀਮਤ ਮਰੀਜ਼ ਤਾਂ ਚੁਕਾਉਂਦੇ ਹੀ ਹਨ ਸਗੋਂ ਸਮੁੱਚੇ ਸਮਾਜ ਉੱਪਰ ਇਨ੍ਹਾਂ ਦਾ ਅਸਰ ਪੈਂਦਾ ਹੈ।
ਇਸੇ ਦੇ ਮੱਦੇ ਨਜ਼ਰ ਆਲਮੀ ਸਿਹਤ ਸੰਗਠਨ ਨੇ ਦਸੰਬਰ 2023 ਵਿੱਚ ਗੰਭੀਰ ਕਮਰ ਦਰਦ ਦੇ ਇਲਾਜ ਲਈ ਹਦਾਇਤਾਂ ਜਾਰੀ ਕੀਤੀਆਂ ਹਨ।
ਜਦੋਂ ਤਕਲੀਫ਼ ਤਿੰਨ ਮਹੀਨੇ ਤੋਂ ਜ਼ਿਆਦਾ ਰਹੇ ਤਾਂ ਉਸ ਨੂੰ ਗੰਭੀਰ ਕਮਰ ਦਰਦ ਕਿਹਾ ਜਾਂਦਾ ਹੈ।
ਵਿਸ਼ਵ ਸਿਹਤ ਸੰਗਠਨ ਵੱਲੋਂ ਜਾਰੀ ਦਸਤਾਵੇਜ਼ ਉੱਤੇ ਦੁਨੀਆਂ ਭਰ ਤੋਂ ਕਮਰ ਦਰਦ ਅਤੇ ਇਸ ਦੇ ਇਲਾਜ ਨਾਲ ਜੁੜੇ ਵਿਗਿਆਨਕ ਸਬੂਤਾਂ ਦਾ ਵਿਸ਼ਲੇਸ਼ਣ ਕਰਨ ਵਾਲੇ ਕਈ ਮਾਹਰਾਂ ਦੇ ਦਸਤਖ਼ਤ ਹਨ।
ਇਨ੍ਹਾਂ ਮਾਹਰਾਂ ਨੇ ਦੇਖਿਆ ਕਿ ਕਮਰ ਦਰਦ ਦੇ ਇਲਾਜ ਵਿੱਚ ਕੀ ਸਹੀ ਕੰਮ ਕਰਦਾ ਹੈ ਅਤੇ ਕੀ ਨਹੀਂ?
ਮਾਹਿਰਾਂ ਦੀਆਂ ਸਿਫ਼ਾਰਿਸ਼ਾਂ ਵਿੱਚ ਮਰੀਜ਼ ਦੀ ਸਧਾਰਣ ਸਾਂਭ-ਸੰਭਾਲ ਤੋਂ ਇਲਾਵਾ ਉਸਦੀ ਸਦੀਵੀ ਸੰਭਾਲ, ਕਮਰ ਦਰਦ ਬਾਰੇ ਲੋਕਾਂ ਨੂੰ ਸਿੱਖਿਅਤ ਕਰਨ, ਮਾਨਸਿਕ ਦਿੱਕਤਾਂ ਦੇ ਡਾਕਟਰਾਂ ਨਾਲ ਗੱਲਬਾਤ, ਕਸਰਤ ਤੋਂ ਲੈ ਕੇ ਫੌਰੀ ਰਾਹਤ ਲਈ ਵਿਸ਼ੇਸ਼ ਕਿਸਮ ਦੇ ਇਲਾਜ (ਜਿਵੇਂ ਕਿ ਦਵਾਈਆਂ ਅਤੇ ਮਾਲਸ਼) ਤੱਕ ਸ਼ਾਮਲ ਹਨ।
ਕਮਰ ਦਰਦ ਵਿੱਚ ਕੀ ਕਾਰਗਰ ਹੈ
ਵਿਸ਼ਵ ਸਿਹਤ ਸੰਗਠਨ ਮੁਤਾਬਕ ਹੇਠ ਲਿਖੇ ਇਲਾਜਾਂ ਦੇ ਕਈ ਲਾਭ ਹੁੰਦੇ ਹਨ—
- ਮਿਆਰੀ ਸਿੱਖਿਆ/ਸਲਾਹਕਾਰੀ
- ਵਿਸ਼ੇਸ਼ ਤੌਰ ਉੱਤੇ ਤਿਆਰ ਸਰੀਰਕ ਕਸਰਤ ਦੇ ਪ੍ਰੋਗਰਾਮ
- ਐਕੂਪੰਕਚਰ ਅਤੇ ਸੂਈਆਂ ਖੋਭਣ ਵਾਲੇ ਉਪਚਾਰਕ ਦੇ ਹੋਰ ਤਰੀਕੇ
- ਰੀੜ੍ਹ ਦੀ ਹੱਡੀ ਦੀ ਥੈਰੇਪੀ (ਮਾਲਸ਼ ਦੀ ਇੱਕ ਕਿਸਮ)
- ਮਾਲਸ਼
- ਓਪਰੇਂਟ ਵਿਵਹਾਰ ਥੈਰੇਪੀ (ਇੱਕ ਕਿਸਮ ਦੀ ਮਨੋ-ਚਿਕਿਤਸਾ)
- ਕੌਗਨਿਟਵ- ਬਿਹੇਵੀਅਰ ਥੈਰੇਪੀ (ਮਨੋ-ਚਿਕਿਤਸਾ ਦੀ ਇੱਕ ਕਿਸਮ)
- ਸਧਾਰਨ ਸਾੜ ਵਿਰੋਧੀ ਦਵਾਈਆਂ (ਜਿਵੇਂ ਕਿ ਆਈਬਿਊਪਰੋਫ਼ੈਨ ਅਤੇ ਡੀਕਲੋਫੇਨੈਕ)
- ਚਮੜੀ ਉੱਤੇ ਮਲਣ ਵਾਲੀਆਂ ਦੇਸੀ ਮੱਲ੍ਹਮਾਂ
- ਬਾਇਓ-ਸਾਈਕੋ-ਸੋਸ਼ਲ (ਸਰੀਰਕ, ਮਾਨਸਿਕ ਅਤੇ ਸਮਾਜਿਕ) ਸਾਂਭ-ਸੰਭਾਲ
ਕੀ ਕਾਰਗਰ ਨਹੀਂ ਹੈ
ਵਿਸ਼ਵ ਸਿਹਤ ਸੰਗਠਨ ਨੇ ਆਪਣੀਆਂ ਹਦਾਇਤਾਂ ਵਿੱਚ ਕਮਰ ਦਰਦ ਦੇ ਉਹ ਇਲਾਜ ਵੀ ਦੱਸੇ ਜਿਨ੍ਹਾਂ ਬਾਰੇ ਸਾਇੰਸਦਾਨਾਂ ਨੇ ਦੇਖਿਆ ਕਿ ਇਹ ਕਾਰਗਰ ਨਹੀਂ ਹਨ।
ਸਾਇੰਸਦਾਨਾਂ ਨੇ ਦੇਖਿਆ ਕਿ ਇਨ੍ਹਾਂ ਤਰੀਕਿਆਂ ਦੇ ਨਫ਼ੇ ਨਾਲੋਂ ਨੁਕਸਾਨ ਜ਼ਿਆਦਾ ਸਨ।
ਇਹ ਹਨ—
- ਖਿੱਚ (ਉਪਕਰਨ ਅਤੇ ਤਕਨੀਕਾਂ ਜੋ ਰੀੜ੍ਹ ਦੀ ਹੱਡੀ ਦੇ ਦਬਾਅ ਅਤੇ ਦਰਦ ਨੂੰ ਦੂਰ ਕਰਨ ਦਾ ਦਾਅਦਾ ਕਰਦੀਆਂ ਹਨ)
- ਉਪਚਾਰਕ ਅਲਟਰਾਸਾਊਂਡ
- ਟ੍ਰਾਂਸ-ਕਿਊ-ਟੇਨੀਅਸ ਇਲੈਕਟ੍ਰੀਕਲ ਨਰਵ ਸਟੀਮੂਲੇਸ਼ਨ (ਟੀਈਐਨਐਸ) – ਇਸ ਪ੍ਰਕਿਰਿਆ ਤਹਿਤ ਬਿਜਲੀ ਕਰੰਟ ਦੀ ਵਰਤੋਂ ਇਲਾਜ ਲਈ ਕੀਤੀ ਜਾਂਦੀ ਹੈ
- ਕਮਰ ਦੀਆਂ ਪੇਟੀਆਂ ਅਤੇ ਕਮਰ ਨੂੰ ਦਿੱਤੇ ਜਾਣ ਵਾਲੇ ਸਹਾਰੇ
- ਅਫ਼ੀਮ ਜਾਂ ਉਸ ਵਰਗੀਆਂ ਜਾਂ ਉਸ ਵਰਗ ਦੀਆਂ ਦਵਾਈਆਂ
- ਤਣਾਅ ਦੀਆਂ ਦਵਾਈਆਂ ਜਿਨ੍ਹਾਂ ਵਿੱਚ ਚੋਣਵੇਂ ਸੇਰੋਟੋਨਿਨ ਹੋਣ
- ਟ੍ਰਾਈ-ਸਾਈਕਲਿਕ ਐਂਟੀ ਡਿਪਰੇਸੈਂਟਸ
- ਨਾੜਾਂ ਦੇ ਖਿਚਾਅ ਵਿੱਚ ਦਿੱਤੀਆਂ ਜਾਣ ਵਾਲੀਆਂ ਦਵਾਈਆਂ
- ਪਿੰਜਰ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਪਹੁੰਚਾਉਣ ਵਾਲੀਆਂ ਦਵਾਈਆਂ
- ਕੋਰਟੀਕੋਸਟੀਰੋਇਡ ਵਰਗ ਦੀਆਂ ਦਵਾਈਆਂ
- ਸੁੰਨ ਜਾਂ ਬੇਹੋਸ਼ ਕਰਨ ਦੇ ਤਰੀਕੇ
- ਹਰਬਲ ਦਵਾਈ
- ਵਿਲੋਜ਼ (ਸੈਲਿਕਸ ਐੱਸਪੀਪੀ.)/ਹਰਬਲ ਦਵਾਈ
- ਮੋਟਾਪੇ ਦੀਆਂ ਦਵਾਈਆਂ ਨਾਲ ਭਾਰ ਘਟਾਉਣਾ
ਕੁਝ ਦਵਾਈਆਂ, ਜਿਵੇਂ ਕਿ ਐਸੀਟਾਮਿਨੋਫ਼ਿਨ ਬਾਰੇ ਕਮਰ ਦਰਦ ਦੇ ਇਲਾਜ ਵਿੱਚ ਸਿਫਾਰਸ਼ ਕੀਤੇ ਜਾਣ ਜਾਂ ਨਾ ਕੀਤੇ ਜਾਣ ਲਈ ਲੋੜੀਂਦੇ ਅਧਿਐਨ ਨਹੀਂ ਹਨ।
ਇਲਾਜ ਜਿਨ੍ਹਾਂ ਬਾਰੇ ਅਧਿਐਨ ਦੀ ਕਮੀ ਹੈ
ਵਿਸ਼ਵ ਸਿਹਤ ਸੰਗਠਨ ਨੇ ਇਲਾਜ ਦੇ ਉਨ੍ਹਾਂ ਤਰੀਕਿਆਂ ਬਾਰੇ ਵੀ ਜ਼ਿਕਰ ਕੀਤਾ ਹੈ ਜਿਨ੍ਹਾਂ ਬਾਰੇ ਵਿਗਿਆਨਕ ਅਧਿਐਨ ਦੀ ਕਮੀ ਹੈ।
ਮਾਹਰਾਂ ਮੁਤਾਬਕ ਜਾਣਕਾਰੀ ਦੀ ਕਮੀ ਕਾਰਨ ਇਨ੍ਹਾਂ ਦੇ ਕਾਰਗਰ ਹੋਣ ਬਾਰੇ ਕੋਈ ਨਤੀਜਾ ਨਹੀਂ ਕੱਢਿਆ ਜਾ ਸਕਦਾ।
ਖੋਜ ਪੇਪਰ ਦੇ ਲੇਖਕਾਂ ਮੁਤਾਬਕ ਇਲਾਜ ਦੇ ਕੁਝ ਤਰੀਕਿਆਂ ਦੀ ਵਰਤੋਂ ਕਰਨ ਜਾਂ ਨਾ ਕਰਨ ਬਾਰੇ ਫੈਸਲਾ ਕਰਨ ਤੋਂ ਪਹਿਲਾਂ ਸਾਨੂੰ ਇਸ ਬਾਰੇ ਹੋਰ ਖੋਜ ਦੀ ਉਡੀਕ ਕਰ ਲੈਣੀ ਚਾਹੀਦੀ ਹੈ।
ਇਸ ਸੂਚੀ ਵਿੱਚ ਸ਼ਾਮਲ ਹਨ—
- ਰੀਐਕਟਿਵ ਬਿਹੇਵੀਅਰ ਥੈਰੇਪੀ (ਮਾਨਸਿਕ ਦਿੱਕਤਾਂ ਦੇ ਇਲਾਜ ਦੀ ਇੱਕ ਕਿਸਮ)
- ਕੌਗਨਿਟਿਵ ਥੈਰੇਪੀ (ਮਾਨਸਿਕ ਦਿੱਕਤਾਂ ਦੇ ਇਲਾਜ ਦੀ ਇੱਕ ਕਿਸਮ)
- ਧਿਆਨ ਲਗਾਉਣ ਅਤੇ ਤਣਾਅ ਘਟਾਉਣ ਦੇ ਢੰਗ
- ਪੈਰਾਸੀਟਾਮੋਲ
- ਬੈਂਜੋ-ਡਾਇਆ-ਜ਼ੇਪੀਨ ਵਰਗ ਦੀਆਂ ਦਵਾਈਆਂ
- ਭੰਗ-ਅਧਾਰਿਤ ਨੁਸਖੇ
- ਅਰਨਿਕਾ (ਸੋਲੀਡਾਗੋ ਚਿਲੇਨਸਿਸ) ''ਤੇ ਅਧਾਰਤ ਨੁਸਖ਼ੇ
- ਅਦਰਕ
- ਦੌਰਿਆਂ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਦਵਾਈਆਂ
- ਚਿੱਟੀ ਲਿਲੀ (ਲਿਲੀਅਮ ਕੈਂਡੀਡਮ) ਅਧਾਰਤ ਨੁਸਖ਼ੇ
- ਵੱਖ-ਵੱਖ ਜੜੀ-ਬੂਟੀ ਅਧਾਰਿਤ ਮਲਣ ਵਾਲੀਆਂ ਦਵਾਈਆਂ
- ਬਿਨਾਂ ਦਵਾਈਆਂ ਦੇ ਸਰੀਰ ਦੇ ਭਾਰ ਨੂੰ ਠੀਕ ਰੱਖਣਾ
ਮਰੀਜ਼-ਕੇਂਦਰਿਤ ਇਲਾਜ
ਹਦਾਇਤਾਂ ਵਿੱਚ ਇਲਾਜ ਦੇ ਇੱਕ ਤਰੀਕੇ ਨੂੰ ਵਿਗਿਆਨਕ ਅਧਿਐਨਾਂ ਦੀ ਗੈਰ-ਮੌਜੂਦਗੀ ਦੇ ਬਾਵਜੂਦ ਕਾਰਗਰ ਜ਼ਰੂਰ ਮੰਨਿਆ ਗਿਆ ਹੈ। ਉਹ ਹੈ, ਕਮਰ ਦਰਦ ਵਾਲੇ ਮਰੀਜ਼ਾਂ ਦੀ ਹਿੱਲ-ਜੁੱਲ ਅਤੇ ਕੰਮ ਕਰਨ ਵਿੱਚ ਮਦਦਗਾਰ ਸਹਾਇਕ ਉਪਕਰਣਾਂ ਦੀ ਵਰਤੋਂ।
ਇਹ ਖਾਸ ਤੌਰ ’ਤੇ ਮੰਨਿਆ ਗਿਆ ਹੈ ਕਿ ਮੁਸ਼ਕਲ ਦੇ ਸਮੇਂ ਅਜਿਹੇ ਉਪਕਰਣਾਂ ਦੀ ਵਰਤੋਂ ਜ਼ਰੂਰੀ ਹੋ ਸਕਦੀ ਹੈ।
ਜਿਨ੍ਹਾਂ ਨਾਲ ਕਿਸੇ ਹਾਦਸੇ ਤੋਂ ਬਚਦੇ ਹੋਏ ਮਰੀਜ਼ ਦੀ ਹਿਲ-ਜੁਲ ਵਿੱਚ ਮਦਦ ਕੀਤੀ ਜਾ ਸਕੇ।
ਜਿਵੇਂ ਕਿ ਤੁਰਨ ਲਈ ਸਹਾਰੇ (ਲੱਕ ਦੀ ਉਚਾਈ ਉੱਤੇ ਲੇਟਵੇਂ ਰੁੱਖ ਲੱਗੀਆਂ ਪਾਈਪਾਂ, ਜਿਨ੍ਹਾਂ ਨੂੰ ਫੜ ਕੇ ਤੁਰਿਆ ਜਾ ਸਕੇ), ਤੁਰਨ ਲਈ ਸੋਟੀਆਂ ਜਾਂ ਫੌਹੁੜੀਆਂ।
ਇਹ ਦਸਤਾਵੇਜ਼ ਚਾਰ ਮੁੱਖ ਸਿਧਾਂਤਾਂ ਨੂੰ ਅਧਾਰ ਬਣਾ ਕੇ ਤਿਆਰ ਕੀਤਾ ਗਿਆ ਹੈ।
ਮਰੀਜ਼-ਕੇਂਦਰਿਤ ਇਲਾਜ, ਇਲਾਜ ਤੱਕ ਸਾਰਿਆਂ ਦੀ ਸਮਾਨ ਪਹੁੰਚ, ਮਰੀਜ਼ਾਂ ਨੂੰ ਨਾ ਹੀ ਕਲੰਕ ਦੇ ਪਾਤਰ ਬਣਾਇਆ ਜਾਵੇ ਅਤੇ ਨਾ ਹੀ ਉਨ੍ਹਾਂ ਨਾਲ ਵਿਤਕਰਾ ਕੀਤਾ ਜਾਵੇ।
ਇਸ ਤੋਂ ਇਲਾਵਾ ਇੰਟੀਗ੍ਰੇਟਡ (ਏਕੀਕ੍ਰਿਤ) ਸਿਹਤ-ਸੰਭਾਲ।
ਇਲਾਜ ਦੀ ਸ਼ਰੂਆਤ ਚੰਗੇ ਨਿਰੀਖਣ ਤੋਂ ਹੁੰਦੀ ਹੈ ਜਿਸ ਰਾਹੀਂ ਬੀਮਾਰੀ ਦਾ ਸਹੀ-ਸਹੀ ਪਤਾ ਲਾਇਆ ਜਾਵੇ।
ਬ੍ਰਾਜ਼ੀਲ ਦੀ ਗਠੀਆ ਰੋਗ ਇਲਾਜ ਵਿਗਿਆਨ ਸੋਸਾਈਟੀ ਦੇ ਮੁਖੀ ਡਾ਼ ਮਾਰਕੋ ਐਂਤੋਨੀਏ ਅਰੂਯਾ ਦੱਸਦੇ ਹਨ ਕਿ ਕਮਰ ਦਰਦ ਦੇ ਕਈ ਕਾਰਨ ਹੋ ਸਕਦੇ ਹਨ।
“ਜ਼ਿਆਦਾਤਰ ਇਸ ਦਾ ਸੰਬੰਧ (ਉੱਠਣ-ਬੈਠਣ ਦੀ) ਮੁਦਰਾ (ਆਸਣ) ਨਾਲ ਹੁੰਦਾ ਹੈ। ਦਿਨ ਵਿੱਚ ਕੰਮ ਕਰਨ ਦੀ ਮੁਦਰਾ ਅਤੇ ਮਨੋਵਿਗਿਆਨਕ ਕਾਰਨ ਵੀ।”
ਉਹ ਅੱਗੇ ਕਹਿੰਦੇ ਹਨ, “ਕਮਰ ਦਰਦ ਕੁਝ ਮਾਮਲਿਆਂ ਵਿੱਚ ਕੈਂਸਰ ਜਾਂ ਮੈਟਾਸਟੈਸਿਸ ਦਾ ਲੱਛਣ ਵੀ ਹੋ ਸਕਦਾ ਹੈ।”
ਉਹ ਦਸਦੇ ਹਨ ਕਿ ਕੈਂਸਰ ਸੈੱਲਾਂ ਦੇ ਕੇਂਦਰ ਤੋਂ ਪਰ੍ਹਾਂ ਸਰੀਰ ਦੇ ਦੂਜੇ ਹਿੱਸਿਆਂ ਵਿੱਚ ਫੈਲਣ ਨੂੰ ਮੈਟਾਸਟੈਸਿਸ ਕਿਹਾ ਜਾਂਦਾ ਹੈ।
ਇਹ ਬੀਮਾਰ ਸੈੱਲ ਆਮ ਕਰਕੇ ਰੀੜ੍ਹ ਦੀ ਹੱਡੀ ਦੇ ਮਣਕਿਆਂ ਕੋਲ ਇਕੱਠੇ ਹੁੰਦੇ ਹਨ ਅਤੇ ਵਧਦੇ-ਫੁਲਦੇ ਹਨ।
ਜੇ ਕੁਝ ਦਿਨਾਂ ਵਿੱਚ ਦਰਦ ਨਾ ਠੀਕ ਹੋਵੇ ਤਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਤਾਂ ਕਿ ਜਾਂਚ ਸਹੀ ਢੰਗ ਨਾਲ ਕੀਤੀ ਜਾ ਸਕੇ।
ਸਾਓ ਪੋਲੋ ਦੇ ਅਲਬਰਟ ਆਈਨਸਟਾਈਨ ਹਸਪਤਾਲ ਵਿੱਚ ਹੱਡੀਆਂ ਅਤੇ ਰੀੜ੍ਹ ਦੀ ਹੱਡੀ ਦੇ ਸਰਜਨ ਲੂਸੀਆਨੋ ਮਿਲਰ ਸਮਝਾਉਂਦੇ ਹਨ ਕਿ ਮੁਢਲੀ ਜਾਂਚ ਡਾਕਟਰ ਕੋਲ ਹੋਣੀ ਚਾਹੀਦੀ ਹੈ। ਸ਼ੱਕ ਦੀ ਪੁਸ਼ਟੀ ਲਈ ਸੀਟੀ ਸਕੈਨ ਅਤੇ ਐੱਮਰਆਰਆਈ ਵਗੈਰਾ ਵੀ ਜ਼ਰੂਰੀ ਹਨ।
“ਸਾਡੇ ਕੋਲ ਖਤਰੇ ਦੇ ਕੁਝ ਸੰਕੇਤ ਵੀ ਹਨ ਕਿ ਕਿਤੇ ਬੀਮਾਰੀ ਜ਼ਿਆਦਾ ਗੰਭੀਰ ਤਾਂ ਨਹੀਂ। ਕਮਰ ਦਰਦ ਕਾਰਨ ਭਾਰ ਘਟਣਾ, ਕਮਜ਼ੋਰੀ, ਇੱਕ ਜਾਂ ਦੋਵਾਂ ਲੱਤਾਂ ਵਿੱਚ ਕੰਬਣੀ ਛਿੜਨੀ। ਅਜਿਹਾ ਦਰਦ ਜਿਸ ਵਿੱਚ ਇੱਕ, ਦੋ ਜਾਂ ਤਿੰਨ ਮਹੀਨਿਆਂ ਵਿੱਚ ਵੀ ਫਰਕ ਨਾ ਪੈ ਰਿਹਾ ਹੋਵੇ। ਕੈਂਸਰ ਦੇ ਇਤਿਹਾਸ ਵਾਲੇ ਮਰੀਜ਼। ਜਦੋਂ ਮੁਸ਼ਕਿਲ ਬੱਚਿਆਂ ਵਿੱਚ ਜਾਂ ਬਜ਼ੁਰਗਾਂ ਵਿੱਚ ਹੋਵੇ।”
''ਕੋਈ ਜਾਦੂਈ ਨੁਸਖ਼ਾ ਦਰਦ ਠੀਕ ਨਹੀਂ ਕਰ ਸਕਦਾ''
ਬੀਬੀਸੀ ਬ੍ਰਾਜ਼ੀਲ ਨੇ ਜਿਹੜੇ ਮਾਹਰਾਂ ਨਾਲ ਗੱਲਬਾਤ ਕੀਤੀ ਉਨ੍ਹਾਂ ਨੇ ਇਸ ਵੱਲ ਵੀ ਧਿਆਨ ਦਵਾਇਆ ਕਿ ਭਾਵੇਂ ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ-ਨਿਰਦੇਸ਼ਾਂ ਸਦਕਾ ਕਮਰ ਦਰਦ (ਜਦੋਂ ਇਹ ਕਿਸੇ ਹੋਰ ਬੀਮਾਰੀ ਕਰਕੇ ਨਾ ਹੋਵੇ) ਦੇ ਇਲਾਜ ਵਿੱਚ ਇਕਸਾਰਤਾ ਆਵੇਗੀ ਪਰ ਫਿਰ ਵੀ ਹਰ ਮਰੀਜ਼ ਦਾ ਉਸ ਦੀਆਂ ਖਾਸ ਜ਼ਰੂਰਤਾਂ ਦੇ ਮੁਤਾਬਕ ਹੀ ਇਲਾਜ ਕੀਤਾ ਜਾਣਾ ਚਾਹੀਦਾ ਹੈ।
ਮਿਸਾਲ ਵਜੋਂ ਜਦੋਂ ਕਿਸੇ ਵਿਅਕਤੀ ਦੇ ਕਮਰ ਦਰਦ ਦੀ ਵਜ੍ਹਾ ਮਨੋਵਿਗਿਆਨਕ ਹੋਵੇ ਤਾਂ ਕਿਸੇ ਮਾਨਸਿਕ ਰੋਗਾਂ ਦੇ ਮਾਹਰ ਨੂੰ ਮਿਲਣਾ ਅਤੇ ਤਣਾਅ ਦੀਆਂ ਦਵਾਈਆਂ ਦੀ ਵਰਤੋਂ ਵੀ ਜ਼ਰੂਰੀ ਹੋ ਸਕਦੀ ਹੈ।
ਹਾਲਾਂਕਿ ਵਿਸ਼ਵ ਸਿਹਤ ਸੰਗਠਨ ਮੁਤਾਬਕ ਇਨ੍ਹਾਂ ਦਵਾਈਆਂ ਦੀ ਕਮਰ ਦਰਦ ਵਿੱਚ ਕੋਈ ਸਿੱਧੀ ਭੂਮਿਕਾ ਨਹੀਂ ਹੈ।
ਅਖੀਰ ਵਿੱਚ ਡਾਕਟਰ ਕਹਿੰਦੇ ਹਨ ਕਿ ਅਜਿਹਾ ਕੋਈ ਜਾਦੂਈ ਨੁਸਖਾ ਨਹੀਂ ਹੈ ਜੋ ਕਮਰ ਦਰਦ ਦੀਆਂ ਮੁਸ਼ਕਿਲਾਂ ਨੂੰ ਹਮੇਸ਼ਾ ਲਈ ਹੱਲ ਕਰ ਦੇਵੇ ।
ਦਵਾਈਆਂ ਨਾਲ ਆਰਜੀ ਰਾਹਤ ਤਾਂ ਮਿਲ ਸਕਦੀ ਹੈ ਪਰ ਚੰਗੀ ਸਿਹਤ ਅਤੇ ਕਮਰ ਲਈ ਰਹਿਣ-ਸਹਿਣ ਦੇ ਤੌਰ-ਤਰੀਕੇ ਵਿੱਚ ਬਦਲਾਅ ਕਰਨਾ ਜ਼ਰੂਰੀ ਹੈ।
ਤਰਜ਼ੇ- ਜ਼ਿੰਦਗੀ ਵਿੱਚ ਬਦਲਾਅ ਕਰਕੇ ਹੀ ਕਮਰ ਦਰਦ ਦੁਬਾਰਾ ਨਾ ਹੋਵੇ, ਇਸ ਗੱਲ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ।
ਡਾ਼ ਮਿਲਰ ਦਸਦੇ ਹਨ, “ਇੱਕ ਅਢੁਕਵੀਂ ਤਰਜ਼ੇ-ਜ਼ਿੰਦਗੀ, ਜਿਸ ਵਿੱਚ ਸੁਸਤ ਤਰਜ਼ੇ-ਜ਼ਿੰਦਗੀ, ਤਣਾਅ ਅਤੇ ਇੱਥੋਂ ਤੱਕ ਕਿ ਸਿਗਰਟਨੋਸ਼ੀ ਵੀ ਸ਼ਾਮਲ ਹੈ। ਸਭ ਤੋਂ ਵੱਡਾ ਕਾਰਨ ਹੈ ਜਿਸ ਕਾਰਨ ਲੋਕ ਕਮਰ ਦਰਦ ਦੀ ਸ਼ਿਕਾਇਤ ਲੈ ਕੇ ਡਾਕਟਰ ਕੋਲ ਜਾਂਦੇ ਹਨ।”
ਡਾ਼ ਮਾਰਕੋ ਐਂਤੋਨੀਏ ਕਹਿੰਦੇ ਹਨ, “ਅਸੀਂ ਸਿਰਫ਼ ਸਮੱਸਿਆ ਤੱਕ ਸੀਮਤ ਨਹੀਂ ਰਹਿ ਸਕਦੇ। ਸਾਨੂੰ ਰੋਕਥਾਮ ਬਾਰੇ ਸੋਚਣਾ ਪਵੇਗਾ। "
"ਜਿਸ ਵਿੱਚ ਮੁਦਰਾ ਅਤੇ ਐਰਗਨੋਮਿਕਸ, ਤੋਂ ਬਾਅਦ ਸਿਹਤਮੰਦ ਖਾਦ-ਖੁਰਾਕ, ਸਰੀਰਕ ਵਰਜਸ਼ ਦੀ ਆਦਤ ਜਿਸ ਨਾਲ ਮਾਸਪੇਸ਼ੀਆਂ ਦੀ ਮਜ਼ਬੂਤ ਬਣਨ ਅਤੇ ਮਾਨਸਿਕ ਸਿਹਤ ਦੀ ਸੰਭਾਲ ਸ਼ਾਮਲ ਹੈ।"
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਪਰਫਿਊਮ ਫੈਕਟਰੀ ਵਿੱਚ ਲੱਗੀ ਅੱਗ, ਇੱਕ ਦੀ ਮੌਤ 9 ਲਾਪਤਾ
NEXT STORY