ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਭਾਰਤ ਦੇ ਨਾਲ ਸ਼ਰਤਾਂ 'ਤੇ ਗੱਲਬਾਤ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੂੰ ਦੁਵੱਲੀ ਗੱਲਬਾਤ ਵਿੱਚ ਕੋਈ ਦਿੱਕਤ ਨਹੀਂ ਹੈ ਅਤੇ ਤੀਜੇ ਪੱਖ ਦੀ ਵਿਚੋਲਗੀ ਦਾ ਵੀ ਸਵਾਗਤ ਕੀਤਾ ਜਾਵੇਗਾ।
ਬੀਬੀਸੀ ਉਰਦੂ ਨੂੰ ਦਿੱਤੇ ਇੰਟਰਵਿਊ ਵਿੱਚ ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਨੇ ਕਦੇ ਵੀ ਗੱਲਬਾਤ ਤੋਂ ਮੂੰਹ ਨਹੀਂ ਮੋੜਿਆ, ਪਰ ਭਾਰਤ ਦਾ ਮੌਜੂਦਾ ਮਾਹੌਲ ਇਸਦੇ ਮੁਤਾਬਕ ਨਹੀਂ ਲਗਦਾ।
ਉਨ੍ਹਾਂ ਕਿਹਾ ਕਿ ਭਾਰਤ-ਸ਼ਾਸਿਤ ਕਸ਼ਮੀਰ ਵਿੱਚ ਕਰਫ਼ਿਊ ਹਟਾ ਦਿੱਤਾ ਜਾਵੇ, ਬੁਨਿਆਦੀ ਹੱਕ ਬਹਾਲ ਕਰ ਦਿੱਤੇ ਜਾਣ, ਹਿਰਾਸਤ ਵਿੱਚ ਲਏ ਗਏ ਕਸ਼ਮੀਰੀ ਨੇਤਾਵਾਂ ਨੂੰ ਛੱਡ ਦਿੱਤਾ ਜਾਵੇ ਅਤੇ ਉਨ੍ਹਾਂ ਨੂੰ ਨੇਤਾਵਾਂ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ, ਤਾਂ ਗੱਲਬਾਤ ਯਕੀਨੀ ਸ਼ੁਰੂ ਹੋ ਸਕਦੀ ਹੈ।
ਇਹ ਵੀ ਪੜ੍ਹੋ:
ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਕਿਹਾ, ''ਇਸ ਸੰਘਰਸ਼ ਵਿੱਚ ਤਿੰਨ ਪੱਖ ਹਨ। ਮੈਨੂੰ ਲਗਦਾ ਹੈ ਕਿ ਭਾਰਤ ਜੇਕਰ ਗੰਭੀਰ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਕਸ਼ਮੀਰ ਦੀ ਅਗਵਾਈ ਕਰਨ ਵਾਲਿਆਂ ਨੂੰ ਰਿਹਾਅ ਕਰ ਦੇਣਾ ਚਾਹੀਦਾ ਹੈ।"
"ਮੈਨੂੰ ਉਨ੍ਹਾਂ ਨਾਲ ਮਿਲਣ ਦਿੱਤਾ ਜਾਵੇ। ਮੈਨੂੰ ਉਨ੍ਹਾਂ ਦੀਆਂ ਭਾਵਨਾਵਾਂ ਸਮਝਣੀਆਂ ਪੈਣਗੀਆਂ ਕਿਉਂਕਿ ਅਸੀਂ ਕਸ਼ਮੀਰੀਆਂ ਦੀਆਂ ਭਾਵਨਾਵਾਂ ਨੂੰ ਅਣਦੇਖਾ ਕਰਕੇ ਗੱਲਬਾਤ ਦੇ ਟੇਬਲ 'ਤੇ ਨਹੀਂ ਬੈਠ ਸਕਦੇ।''
ਇਸ ਮਾਮਲੇ ਵਿੱਚ ਭਾਰਤ ਅਤੀਤ 'ਚ ਇਹ ਕਹਿੰਦਾ ਰਿਹਾ ਹੈ ਕਿ ਪਾਕਿਸਤਾਨ ਨੂੰ ਆਪਣੀ ਜ਼ਮੀਨ ਤੋਂ ਹੋਣ ਵਾਲੇ ਅੱਤਵਾਦੀ ਹਮਲੇ ਰੋਕਣੇ ਹੋਣਗੇ ਤਾਂ ਹੀ ਉਸ ਨਾਲ ਗੱਲਬਾਤ ਹੋ ਸਕਦੀ ਹੈ।
ਪਾਕਿਸਤਾਨ ਇਸ ਤੋਂ ਇਨਕਾਰ ਕਰਦਾ ਹੈ ਕਿ ਉਸਦੀ ਜ਼ਮੀਨ ਤੋਂ ਅੱਤਵਾਦੀ ਹਮਲੇ ਹੁੰਦੇ ਹਨ ਅਤੇ ਦਾਅਵਾ ਕਰਦਾ ਹੈ ਕਿ ਉਹ ਖ਼ੁਦ ਅੱਤਵਾਦ ਦਾ ਸ਼ਿਕਾਰ ਰਿਹਾ ਹੈ।
'ਜੰਗ ਕੋਈ ਬਦਲ ਨਹੀਂ'
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦਾ ਕਹਿਣਾ ਹੈ ਕਿ ਪਾਕਿਸਤਾਨ ਕਿਸੇ ਬਦਲ ਦੇ ਤੌਰ 'ਤੇ ਜੰਗ ਦੇ ਬਾਰੇ ਨਹੀਂ ਸੋਚ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੇ ਹਮਲਾਵਰ ਵਿਦੇਸ਼ ਨੀਤੀ ਨਹੀਂ ਅਪਣਾਈ ਅਤੇ ਸ਼ਾਂਤੀ ਹਮੇਸ਼ਾ ਤੋਂ ਹੀ ਉਸਦੀ ਪਹਿਲ ਰਹੀ ਹੈ।
ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਦੀ ਮੌਜੂਦਾ ਸਰਕਾਰ ਪਿਛਲੇ ਇੱਕ ਸਾਲ ਤੋਂ ਸੱਤਾ ਵਿੱਚ ਹੈ ਅਤੇ ਇਸ ਦੌਰਾਨ ਭਾਰਤ ਨੂੰ ਵਾਰ-ਵਾਰ ਗੱਲਬਾਤ ਲਈ ਕਹਿੰਦੀ ਰਹੀ ਹੈ ਤਾਂ ਜੋ ਦੋਵਾਂ ਦੇਸਾਂ ਵਿਚਾਲੇ ਲਟਕੇ ਮੁੱਦਿਆਂ ਦਾ ਹੱਲ ਕੱਢਿਆ ਜਾ ਸਕੇ।
ਖਾਸ ਤੌਰ 'ਤੇ ਕਸ਼ਮੀਰ ਦਾ ਮਾਮਲਾ, ਇਹ ਜਾਣਦੇ ਹੋਏ ਕਿ ਪਰਮਾਣੂ ਹਥਿਆਰਾਂ ਨਾਲ ਲੈਸ ਦੋਵੇਂ ਹੀ ਦੇਸ ਜੰਗ ਦਾ ਖ਼ਤਰਾ ਮੋਲ ਨਹੀਂ ਲੈ ਸਕਦੇ।
ਉਨ੍ਹਾਂ ਨੇ ਕਿਹਾ, ''ਜੰਗ ਲੋਕਾਂ ਲਈ ਵਿਨਾਸ਼ਕਾਰੀ ਹੋਵੇਗੀ। ਇਸ ਨਾਲ ਸਾਰੀ ਦੁਨੀਆਂ ਪ੍ਰਭਾਵਿਤ ਹੋਵੇਗੀ, ਇਸ ਲਈ ਨਿਸ਼ਚਿਤ ਤੌਰ 'ਤੇ ਇਹ ਕੋਈ ਬਦਲ ਨਹੀਂ ਹੈ।''
ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਕਿਸਤਾਨ 'ਤੇ ਜੇਕਰ ਯੁੱਧ ਥੋਪਿਆ ਗਿਆ, ਤਾਂ ਪਾਕਿਸਤਾਨ ਦੀ ਆਰਮਡ ਫੌਜ ਇਸਦੇ ਲਈ ਤਿਆਰ ਹੈ।
ਉਨ੍ਹਾਂ ਕਿਹਾ 26 ਫਰਵਰੀ ਨੂੰ ਭਾਰਤ ਨੇ ਹਮਲਾਵਰ ਰੁਖ ਦਿਖਾਇਆ ਸੀ, ਉਦੋਂ ਭਾਰਤ ਨੂੰ ਉਸੇ ਤਰ੍ਹਾਂ ਜਵਾਬ ਦਿੱਤਾ ਗਿਆ ਸੀ।
"ਅਸੀਂ ਭਾਰਤ ਦੇ ਦੋ ਜੈਟ ਮਾਰੇ ਡਿਗਾਏ ਸਨ ਅਤੇ ਉਸਦੇ ਇੱਕ ਪਾਇਲਟ ਨੂੰ ਫੜ ਲਿਆ ਸੀ। ਤੁਸੀਂ ਦੇਖਿਆ ਅਸੀਂ ਗਜ਼ਨਵੀ ਮਿਸਾਇਲ ਦਾ ਪਰੀਖਣ ਕੀਤਾ ਜੋ ਸਾਡੀ ਤਿਆਰੀ ਨੂੰ ਦਰਸਾਉਂਦੀ ਹੈ।"
ਇਹ ਵੀ ਪੜ੍ਹੋ:
ਪਾਕਿਸਤਾਨ ਦੀ ਪ੍ਰਭਾਵੀ ਕੂਟਨੀਤੀ
ਪਾਕਿਸਤਾਨ ਦੀ ਕੂਟਨੀਤੀ ਦੀ ਸਫਲਤਾ ਦਾ ਜ਼ਿਕਰ ਕਰਦੇ ਹੋਏ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਜਿਸ ਮੁੱਦੇ ਨੂੰ ਸਾਲਾਂ ਤੱਕ ਨਜ਼ਰਅੰਦਾਜ਼ ਕੀਤਾ ਗਿਆ, ਉਹ ਹੁਣ ਇੱਕ ਵਾਰ ਮੁੜ ਦੁਨੀਆਂ ਭਰ ਵਿੱਚ ਚਰਚਾ 'ਚ ਆ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ 54 ਸਾਲਾਂ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਜਦੋਂ ਕਸ਼ਮੀਰ ਦੇ ਮੁੱਦੇ 'ਤੇ ਪੱਛਮੀ ਦੁਨੀਆਂ 'ਚ ਵੀ ਵਿਰੋਧ ਪ੍ਰਦਰਸ਼ਨ ਹੋਏ, ਸੁਰੱਖਿਆ ਪਰਿਸ਼ਦ ਵਿੱਚ ਇਸ 'ਤੇ ਬਹਿਸ ਹੋ ਰਹੀ ਹੈ।
ਜਦੋਂ ਸ਼ਾਹ ਮਹਿਮੂਦ ਕੁਰੈਸ਼ੀ ਤੋਂ ਕਸ਼ਮੀਰ ਮੁੱਦੇ 'ਤੇ ਖਾੜੀ ਦੇਸਾਂ ਦੀ ਚੁੱਪੀ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਸੰਯੁਕਤ ਅਰਬ ਅਮੀਰਾਤ ਅਤੇ ਬਹਿਰੀਨ ਵੱਲੋਂ ਸਨਮਾਨਿਤ ਕੀਤੇ ਜਾਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਖਾੜੀ ਦੇਸਾਂ ਦੇ ਭਾਰਤ ਦੇ ਨਾਲ ਕਾਰੋਬਾਰੀ ਅਤੇ ਦੁਵੱਲੇ ਸਬੰਧ ਹਨ, ਪਰ ਕਸ਼ਮੀਰ 'ਤੇ ਉਨ੍ਹਾਂ ਦੀ ਰਾਇ ਬਿਲਕੁਲ ਸਪੱਸ਼ਟ ਹੈ।
ਸ਼ਾਹ ਮਹਿਮੂਦ ਕੁਰੇਸ਼ੀ ਨੇ ਕਿਹਾ, "ਉਹ (ਖਾੜੀ ਦੇ ਦੇਸ) ਸਾਡੇ ਦੋਸਤ ਹਨ ਜਿਨ੍ਹਾਂ ਮੁਸ਼ਕਿਲ ਸਮੇਂ 'ਚ ਖਾਸ ਤੌਰ 'ਤੇ ਜਦੋਂ ਸਾਡੀ ਅਰਥਵਿਵਸਥਾ 'ਤੇ ਸੰਕਟ ਸੀ, ਹਮੇਸ਼ਾ ਸਾਡੀ ਮਦਦ ਕੀਤੀ।"
"ਪਾਕਿਸਤਾਨ ਜਦੋਂ ਡਿਫਾਲਟਰ ਹੋਣ ਦੀ ਕਗਾਰ 'ਤੇ ਸੀ, ਸੰਯੁਕਤ ਅਰਬ ਅਮੀਰਾਤ ਹੀ ਸੀ ਜੋ ਸਾਡੀ ਮਦਦ ਲਈ ਅੱਗੇ ਆਇਆ। ਕੀ ਸਾਊਦੀ ਅਰਬ ਨੇ ਸਾਡੀ ਮਦਦ ਨਹੀਂ ਕੀਤੀ।"
"ਅੱਜ ਲੱਖਾਂ ਪਾਕਿਸਤਾਨੀ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਵਿੱਚ ਕੰਮ ਕਰ ਰਹੇ ਹਨ। ਕੀ ਸਾਨੂੰ ਉਨ੍ਹਾਂ ਤੋਂ ਮਦਦ ਨਹੀਂ ਮਿਲ ਰਹੀ? ਜਦੋਂ ਤੁਸੀਂ ਕੋਈ ਧਾਰਨਾ ਬਣਾਓ ਤਾਂ ਪੂਰੀ ਤਸਵੀਰ ਆਪਣੇ ਸਾਹਮਣੇ ਰੱਖੋ।''
ਸ਼ਾਹ ਮਹਿਮੂਦ ਕੂਰੇਸ਼ੀ ਨੇ ਕਿਹਾ ਕਿ ਪਾਕਿਸਤਾਨ ਦੇ ਲੋਕਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਤੱਥ ਜਦੋਂ ਸਾਹਮਣੇ ਆਉਣਗੇ, ਖਾੜੀ ਦੇ ਦੇਸ ਪਾਕਿਸਤਾਨ ਦੇ ਨਾਲ ਆਉਣਗੇ।
ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿੱਚ ਸੰਯੁਕਤ ਅਰਬ ਅਮੀਰਾਤ ਦੇ ਵਿਦੇਸ਼ ਮੰਤਰੀ ਨਾਲ ਗੱਲ ਕਰਨਗੇ ਅਤੇ ਪਾਕਿਸਤਾਨ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਉਨ੍ਹਾਂ ਨੂੰ ਜਾਣੂ ਕਰਵਾਉਣਗੇ।
ਸਾਊਦੀ ਅਰਬ ਦੀ ਭੂਮਿਕਾ ਬਾਰੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਨਿਊਯਾਰਕ ਵਿੱਚ 'ਕਸ਼ਮੀਰ ਗਰੁੱਪ' ਦੀ ਬੈਠਕ ਵਿੱਚ ਸਾਊਦੀ ਅਰਬ ਵੀ ਸਰਗਰਮ ਹਿੱਸੇਦਾਰੀ ਕਰੇਗਾ।
ਸ਼ਾਹ ਮਹਿਮੂਦ ਕੂਰੇਸ਼ੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਵਿਚਾਰ ਨੂੰ ਖਾਰਿਜ ਕਰ ਦਿੱਤਾ ਕਿ ਕਸ਼ਮੀਰ ਦੋਵਾਂ ਮੁਲਕਾਂ ਵਿਚਾਲੇ ਦੁਵੱਲਾ ਮੁੱਦਾ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਦੁਵੱਲਾ ਮੁੱਦਾ ਨਹੀਂ ਹੈ ਅਤੇ ਸੁਰੱਖਿਆ ਪਰਿਸ਼ਦ ਨੇ 11 ਪ੍ਰਸਤਾਵ ਮਨਜ਼ੂਰ ਕੀਤੇ ਸਨ ਜੋ ਭਾਰਤ ਲਈ ਰੁਕਾਵਟ ਹਨ।
ਇਹ ਵੀ ਪੜ੍ਹੋ:
ਅਮਰੀਕਾ ਤੋਂ ਉਮੀਦ
ਪਾਕਿਸਤਾਨ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਤੋਂ ਉਮੀਦ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਇਸ ਬਾਰੇ ਦੱਸਿਆ ਕਿ ਅਮਰੀਕਾ ਨਾਲ ਪਾਕਿਸਤਾਨ ਦੇ ਕਰੀਬੀ ਸਬੰਧ ਹਨ ਜੋ ਉਸ ਨੂੰ ਆਪਣਾ ਸਾਮਰਿਕ ਸਾਂਝੇਦਾਰ ਮੰਨਦਾ ਹੈ। ਇਸ ਲਈ ਸਿਰਫ਼ ਅਮਰੀਕਾ ਹੀ ਹੈ ਜੋ ਭਾਰਤ ਨੂੰ ਰਾਜ਼ੀ ਕਰ ਸਕਦਾ ਹੈ।
ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਟਰੰਪ ਕਹਿ ਚੁੱਕੇ ਹਨ ਕਿ ਉਹ ਵਿਚੋਲਗੀ ਲਈ ਤਿਆਰ ਹਨ ਅਤੇ ਪਾਕਿਸਤਾਨ ਨੇ ਉਨ੍ਹਾਂ ਦੀ ਇਸ ਪੇਸ਼ਕਸ਼ ਨੂੰ ਮਨਜ਼ੂਰ ਕੀਤਾ ਹੈ। ਭਾਰਤ ਨੇ ਇਸ ਨੂੰ ਠੁਕਰਾ ਦਿੱਤਾ ਹੈ।
ਸ਼ਾਹ ਮਹਿਮੂਦ ਕੁਰੈਸ਼ੀ ਦਾ ਇਹ ਵੀ ਕਹਿਣਾ ਹੈ ਕਿ ਭਾਰਤ ਸੁਰੱਖਿਆ ਪਰਿਸ਼ਦ ਦੇ ਪ੍ਰਸਤਾਵਾਂ ਤੋਂ ਭੱਜਦਾ ਰਿਹਾ ਹੈ।
ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਅਤੇ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਦੇ ਜ਼ਮਾਨੇ ਵਿੱਚ ਕਸ਼ਮੀਰ 'ਤੇ ਭਾਰਤ ਦੇ ਨਾਲ ਸੰਵਾਦ ਹੋਇਆ ਸੀ ਅਤੇ ਕਿਹਾ ਗਿਆ ਸੀ ਕਿ ਮੁੱਦਾ ਹੱਲ ਦੇ ਕਰੀਬ ਪਹੁੰਚ ਗਿਆ ਸੀ।
ਪਰ ਸ਼ਾਹ ਮਹਿਮੂਦ ਕੁਰੈਸ਼ੀ ਦਾ ਕਹਿਣਾ ਹੈ ਕਿ ਹਾਲਾਂਕਿ ਬੈਕ-ਚੈਨਲ ਜ਼ਰੀਏ ਗੱਲਬਾਤ ਹੋਈ ਸੀ, ਪਰ ਇਸ ਵਿੱਚ ਗ਼ਲਤੀ ਇਹ ਹੋਈ ਸੀ ਕਿ ਇਸ ਵਿੱਚ ਕਸ਼ਮੀਰੀ ਆਵਾਜ਼ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ।
ਇਹ ਵੀਡੀਓ ਵੀ ਵੇਖੋ
https://www.youtube.com/watch?v=xWw19z7Edrs&t=1s
https://www.youtube.com/watch?v=oJA8v0ziQjk
https://www.youtube.com/watch?v=QCXhPS3b2vM
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)

ਮਨਮੋਹਨ ਸਿੰਘ ਦਾ ਮੋਦੀ ਸਰਕਾਰ ਦੀ ਆਰਥਿਕ ਨੀਤੀ ਤੇ ਤਿੱਖਾ ਹਮਲਾ: ''ਕਿਸਾਨਾਂ, ਵਪਾਰੀਆਂ ਦੀ ਹਾਲਤ ਖ਼ਰਾਬ...
NEXT STORY