ਜੇਜੇਪੀ ਆਗੂ ਦੁਸ਼ਯੰਤ ਚੌਟਾਲਾ ਨੇ ਚੋਣ ਕਮਿਸ਼ਨਰ ਤੇ ਹਰਿਆਣਾ ਸਰਕਾਰ ਨੂੰ ਚਿੱਠੀ ਲਿੱਖ ਕੇ ਕਿਹਾ ਹੈ ਕਿ ਉਨ੍ਹਾਂ ਨੂੰ ਨਿੱਜੀ ਨੰਬਰ 'ਤੇ ਦੁਬਈ ਤੋਂ ਇੱਕ ਧਮਕੀ ਭਰਿਆ ਫ਼ੋਨ ਆਇਆ ਹੈ। ਉਨ੍ਹਾਂ ਨੇ ਇਸ ਖਿਲਾਫ਼ ਸ਼ਿਕਾਇਤ ਦਰਜ ਕਰਨ ਦੀ ਮੰਗ ਕੀਤੀ ਸੀ।
ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਅਸਟੈਂਟ ਨੇ ਫੋਨ ਚੁੱਕਿਆ ਸੀ।
ਉਨ੍ਹਾਂ ਕਿਹਾ, "ਇੱਕ ਸ਼ਖਸ ਨੇ ਆਪਣਾ ਨਾਮ 'ਪਵਨ' ਦੱਸਦਿਆਂ ਕਿਹਾ ਕਿ ਦੁਸ਼ਯੰਤ ਨੂੰ ਚੋਣਾਂ ਵਿੱਚ ਜ਼ਿਆਦਾ ਨਹੀਂ ਬੋਲਣਾ ਚਾਹੀਦਾ ਵਰਨਾ ਉਸ ਨੂੰ ਇਸ ਦੇ 'ਮਾੜੇ ਨਤੀਜੇ ਭੁਗਤਣੇ' ਪੈ ਸਕਦੇ ਹਨ। ਉਸ ਨੇ ਖੁਦ ਨੂੰ 'ਪਾਬਲੋ ਐਸਕੋਬਾਰ' ਗੈਂਗ ਦਾ ਮੈਂਬਰ ਦੱਸਿਆ।"
ਦੁਸ਼ਯੰਤ ਚੌਟਾਲਾ ਨੇ ਖੁਦ ਤੇ ਪਰਿਵਾਰ ਲਈ ਸੁਰੱਖਿਆ ਦੀ ਮੰਗ ਕੀਤੀ ਹੈ।
ਜੀਂਦ ਦੇ ਐਸਪੀ ਅਸ਼ਵਿਨ ਸ਼ੈਨਵੀ ਦਾ ਕਹਿਣਾ ਹੈ ਕਿ ਇਸ ਸਬੰਧੀ ਉਨ੍ਹਾਂ ਨੂੰ ਚੌਟਾਲਾ ਤੋਂ ਗ਼ੈਰ-ਰਸਮੀ ਸ਼ਿਕਾਇਤ ਮਿਲੀ ਹੈ। ਸ਼ਿਕਾਇਤ ਦਰਜ ਕਰ ਲਈ ਗਈ ਹੈ ਤੇ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ:
'ਮੇਰੇ ਪੋਤੇ ਦੀ ਪਾਰਟੀ- ਜੇਜੇਪੀ ਨੂੰ 0 ਸੀਟ ਮਿਲੇਗੀ'
ਸਾਬਕਾ ਮੁੱਖ ਮੰਤਰੀ ਤੇ ਆਈਐਨਐਲਡੀ ਦੇ ਮੋਢੀ ਓਮ ਪ੍ਰਕਾਸ਼ ਚੌਟਾਲਾ ਹਾਲ ਹੀ ਵਿੱਚ ਪੈਰੋਲ ਤੇ ਬਾਹਰ ਸੀ ਤੇ ਇੱਕ ਬਿਆਨ ਕਾਰਨ ਵਿਵਾਦਾਂ ਵਿੱਚ ਘਿਰ ਗਏ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ 'ਚੋਂ ਹੀ ਟੁੱਟ ਕੇ ਬਣੀ ਜਨਨਾਇਕ ਪਾਰਟੀ, ਜਿਸ ਦੀ ਅਗਵਾਈ ਦੁਸ਼ਯੰਤ ਚੌਟਾਲਾ ਕਰ ਰਹੇ ਹਨ ਉਸ ਨੂੰ ਵਿਧਾਨ ਸਭਾ ਚੋਣਾਂ ਵਿੱਚ ਨਾਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ।
ਓਮ ਪ੍ਰਕਾਸ਼ ਚੌਟਾਲਾ ਨੇ ਕਿਹਾ, "ਇਹ ਉਨ੍ਹਾਂ ਲੋਕਾਂ ਲਈ ਬਹੁਤ ਮੰਦਭਾਗੀ ਗੱਲ ਹੈ ਜੋ ਗੌਤਮ (ਨਾਰਨੌਂਦ ਤੋਂ ਜੇਜੇਪੀ ਉਮੀਦਵਾਰ) ਨੂੰ ਆਪਣਾ ਦਾਦਾ ਮੰਨਦੇ ਹਨ ਪਰ ਮੈਨੂੰ ਨਹੀਂ। ਤੁਸੀਂ ਧਿਆਨ ਦੇਵੋ, ਜੇਜੇਪੀ ਇੱਕ ਵੀ ਸੀਟ ਹਾਸਿਲ ਨਹੀਂ ਕਰ ਸਕੇਗੀ।"
ਜਨਤਾ ਟੀਵੀ 'ਤੇ ਚੱਲਿਆ ਇਹ ਇੰਟਰਵਿਊ ਕਈ ਥਾਈਂ ਸ਼ੇਅਰ ਕੀਤਾ ਗਿਆ। ਭਾਜਪਾ ਨੇ ਵੀ 9 ਅਕਤੂਬਰ ਨੂੰ ਆਪਣੇ ਅਧਿਕਾਰੀ ਫੇਸਬੁੱਕ ਪੇਜ ਤੋਂ ਇਹ ਇੰਟਰਵਿਊ ਸ਼ੇਅਰ ਕੀਤਾ।
ਆਪ ਆਗੂ ਦੀ ਚੋਣ ਮੁਹਿੰਮ ਦੌਰਾਨ ਫਾਰਸਾ
ਹਰਿਆਣਾ ਦੇ ਆਮ ਆਦਮੀ ਪਾਰਟੀ ਦੇ ਸੂਬਾਈ ਆਗੂ ਨਵੀਨ ਜੈਹਿੰਦ ਨੇ ਰੋਹਤਕ ਵਿੱਚ ਐਤਵਾਰ ਨੂੰ ਇੱਕ ਪ੍ਰੈਸ ਕਾਨਫੰਰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਚੋਣ ਮੁਹਿੰਮ ਦੌਰਾਨ ਫਾਰਸਾ ਲੈ ਕੇ ਜਾਣ ਕਾਰਨ ਉਨ੍ਹਾਂ ਨੂੰ ਚੋਣ ਕਮਿਸ਼ਨ ਨੇ ਚੋਣ ਜ਼ਾਬਤੇ ਦੀ ਉਲੰਘਣਾ ਕਰਾਰ ਦਿੱਤਾ ਹੈ।
ਖੁਦ ਨੂੰ ਬ੍ਰਾਹਮਣ ਵਜੋਂ ਪੇਸ਼ ਕਰਨ ਵਾਲੇ ਜੈਹਿੰਦ ਚੋਣ ਕਮਿਸ਼ਨ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੇ ਸਿਰ ਵੱਢਣ ਦੇ ਬਿਆਨ 'ਤੇ ਉਹ ਕਾਰਵਾਈ ਕਿਉਂ ਨਹੀਂ ਕਰਦੇ।
ਜੈਹਿੰਦ ਨੇ ਕਿਹਾ, "ਜਨ ਆਸ਼ੀਰਵਾਦ ਯਾਤਰਾ ਦੌਰਾਨ ਜਦੋਂ ਇੱਕ ਵਰਕਰ ਨੇ ਮੁੱਖ ਮੰਤਰੀ ਮਨੋਹਰ ਲਾਲ ਦੇ ਸਿਰ 'ਤੇ ਚਾਂਦੀ ਦਾ ਤਾਜ ਪਹਿਨਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਉਹ ਸਿਰ ਵੱਢ ਦੇਣਗੇ। ਉਸ ਵੇਲੇ ਮਨੋਹਰ ਲਾਲ ਦੇ ਹੱਥ ਵਿੱਚ ਫਾਰਸਾ ਸੀ ਤੇ ਉਹ ਹਵਾ ਵਿੱਚ ਲਹਿਰਾ ਰਹੇ ਸਨ।"
ਉਨ੍ਹਾਂ ਕਿਹਾ ਕਿ ਜਦੋਂ ਤੱਕ ਚੋਣ ਕਮਿਸ਼ਨ ਖੱਟਰ ਖਿਲਾਫ਼ ਕਾਰਵਾਈ ਨਹੀਂ ਕਰਨਗੇ ਉਹ ਫਾਰਸਾ ਨਾਲ ਲੈ ਕੇ ਹੀ ਜਾਣਗੇ।
ਤੁਸੀਂ ਪਾਕਿਸਤਾਨੀ ਹੋ- ਸੋਨਾਲੀ ਫੋਗਾਟ
9 ਅਕਤੂਬਰ ਨੂੰ ਬਿਜ਼ਨੈਸ ਸਟੈਂਡਰਡ ਨੇ ਖ਼ਬਰ ਛਾਪੀ ਕਿ ਭਾਜਪਾ ਦੇ ਆਦਮਪੁਰ ਤੋਂ ਉਮੀਦਵਾਰ ਤੇ ਟਿਕਟੌਕ ਸਟਾਰ ਸੋਨਾਲੀ ਫੋਗਾਟ ਨੇ ਇੱਕ ਰੈਲੀ ਦੌਰਾਨ ਕੁਝ ਲੋਕਾਂ ਵਲੋਂ ਭਾਰਤ ਮਾਤਾ ਕੀ ਜੈ ਦਾ ਨਾਅਰਾ ਲਾਉਣ 'ਤੇ ਨਰਾਜ਼ਗੀ ਜ਼ਾਹਿਰ ਕੀਤੀ ਤੇ ਪੁੱਛਿਆ ਕਿ ਕੀ ਉਹ ਪਾਕਿਸਤਾਨੀ ਹਨ।
ਫੋਗਾਟ ਨੇ ਹਿਸਾਰ ਦੇ ਬਾਲਸਮੰਡ ਪਿੰਡ ਵਿੱਚ ਰੈਲੀ ਕੀਤੀ ਸੀ। ਉਸ ਦੌਰਾਨ ਉਨ੍ਹਾਂ ਨੇ ਭਾਰਤ ਮਾਤਾ ਕੀ ਜੈ ਲਾਉਣ ਦੇ ਨਾਅਰੇ ਲਾਏ। ਪਰ ਕੁਝ ਨੌਜਵਾਨਾਂ ਨੇ ਨਾਅਰੇ ਲਾਉਣ ਤੋਂ ਇਨਕਾਰ ਕਰ ਦਿੱਤਾ। ਵਿਵਾਦ ਵਧਣ ਤੋਂ ਬਾਅਦ ਸੋਨਾਲੀ ਫੋਗਾਟ ਨੇ ਮੁਆਫ਼ੀ ਮੰਗ ਲਈ ਸੀ।
ਭਾਜਪਾ ਆਗੂ ਦਾ ਵਿਵਾਦਤ ਬਿਆਨ
ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਫਤੇਹਾਬਾਦ ਤੋਂ ਉਮੀਦਵਾਰ ਡੂਰਾ ਰਾਮ ਇੱਕ ਵਾਅਦੇ ਕਾਰਨ ਵਿਵਾਦ ਵਿੱਚ ਘਿਰ ਗਏ ਹਨ। ਉਨ੍ਹਾਂ ਵੋਟਰਾਂ ਨੂੰ ਵਾਅਦਾ ਕੀਤਾ ਕਿ ਜੇ ਉਹ ਚੋਣ ਜਿੱਤ ਜਾਂਦੇ ਹਨ ਤਾਂ ਚਾਲਾਨ ਮਾਮਲੇ ਦਾ ਹੱਲ ਕਰਨ ਵਿੱਚ ਮਦਦ ਕਰਨਗੇ।
ਨਵੇਂ ਮੋਟਰ ਵ੍ਹੀਕਲ ਐਕਟ ਦੇ ਲਾਗੂ ਹੋਣ ’ਤੇ ਭਾਰੀ ਜੁਰਮਾਨਾ ਲਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ:
ਇੱਕ ਚੋਣ ਮੁਹਿੰਮ ਦੌਰਾਨ ਇਸ ਸਬੰਧੀ ਦੂਰਾ ਰਾਮ ਨੇ ਕਿਹਾ, "ਜੇ ਤੁਸੀਂ ਮੈਨੂੰ ਵੋਟ ਪਾਓਗੇ ਤਾਂ ਤੁਹਾਡਾ ਭਰਾ, ਪੁੱਤਰ ਇੱਥੋਂ ਵਿਧਾਇਕ ਬਣੇਗਾ। ਫਿਰ ਚਾਲਾਨ ਦੇ ਮਾਮਲਿਆਂ ਦਾ ਧਿਆਨ ਮੈਂ ਰੱਖਾਂਗਾ। ਇਸ ਬਾਰੇ ਯਕੀਨ ਰੱਖੋ।"
ਦੂਰਾ ਰਾਮ ਸੀਨੀਅਰ ਕਾਂਗਰਸ ਆਗੂ ਕੁਲਦੀਪ ਬਿਸ਼ਨੋਈ ਦੇ ਚਚੇਰੇ ਭਰਾ ਹਨ।
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ
https://www.youtube.com/watch?v=xWw19z7Edrs&t=1s
https://www.youtube.com/watch?v=kSUBaAnpgeM
https://www.youtube.com/watch?v=CeDOM8pkvtg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

IMF ਦਾ ਅੰਦਾਜ਼ਾ: ਸਾਰੀ ਦੁਨੀਆਂ ਸਣੇ ਭਾਰਤ ਦੀ ਵਿਕਾਸ ਦਰ ਘਟੇਗੀ - 5 ਅਹਿਮ ਖ਼ਬਰਾਂ
NEXT STORY