ਦਿੱਲੀ ਦੀ ਜਵਾਹਰ ਲਾਲ ਯੂਨੀਵਰਸਿਟੀ (ਜੇਐੱਨਯੂ) ਦੇ ਸਾਬਕਾ ਵਿਦਿਆਰਥੀਆਂ ਵਿੱਚ ਨੌਬਲ ਜੇਤੂ ਅਰਥ-ਸ਼ਾਸ਼ਤਰੀ ਹਨ, ਲੀਬੀਆ ਅਤੇ ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਹਨ ਅਤੇ ਬਹੁਤ ਸਾਰੇ ਸਿਰਕੱਢ ਆਗੂ, ਰਾਜਦੂਤ, ਕਲਾਕਾਰ ਤੇ ਆਪਣੇ-ਆਪਣੇ ਖੇਤਰਾਂ ਵਿੱਚ ਵਿਦਵਾਨ ਵੀ ਹਨ।
ਜੇਐੱਨਯੂ ਨੂੰ ਕੌਮਾਂਤਰੀ ਪੱਧਰ 'ਤੇ ਆਪਣੀ ਅਕਾਦਮਿਕ ਗੁਣਵੱਤਾ ਅਤੇ ਰਿਸਰਚ ਲਈ ਵੀ ਜਾਣਿਆ ਜਾਂਦਾ ਹੈ। ਇਹ ਯੂਨੀਵਰਸਿਟੀ ਭਾਰਤ ਦੀ ਸਰਬਉੱਚ ਰੈਂਕਿੰਗ ਵਾਲੀਆਂ ਸੰਸਥਾਵਾਂ ਵਿਚੋਂ ਇੱਕ ਹੈ।
ਫਿਰ ਵੀ, ਜੇਐੱਨਯੂ ਦੀ ਇੰਨੀ ਸ਼ੋਹਰਤ, ਡਾਂਗਾ, ਪੱਥਰ ਅਤੇ ਲੋਹੇ ਦੀਆਂ ਰਾਡਾਂ ਲੈ ਕੇ ਆਏ ਨਕਾਬਪੋਸ਼ਾਂ ਨੂੰ ਕੈਂਪਸ ਵਿੱਚ ਦਾਖ਼ਲ ਹੋਣ ਤੋਂ ਰੋਕ ਨਹੀਂ ਸਕੀ।
ਇਨ੍ਹਾਂ ਨਕਾਬਪੋਸ਼ ਹਥਿਆਰਬੰਦ ਲੋਕਾਂ ਨੇ ਐਤਵਾਰ ਸ਼ਾਮੀਂ ਜੇਐੱਨਯੂ ਦੇ ਵਿਸ਼ਾਲ ਕੈਂਪਸ ਵਿੱਚ ਬੇਖੌਫ਼ ਹੋ ਕੇ ਗੁੰਡਾਗਰਦੀ ਕੀਤੀ।
ਉਨ੍ਹਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ 'ਤੇ ਹਮਲਾ ਕੀਤਾ ਅਤੇ ਜਾਇਦਾਦ ਨੂੰ ਵੀ ਨੁਕਸਾਨ ਪਹੁੰਚਾਇਆ। ਇਹ ਨਕਾਬਪੋਸ਼ ਹੱਲਾ ਮਚਾਉਂਦੇ ਰਹੇ ਅਤੇ ਪੁਲਿਸ ਕਰੀਬ ਇੱਕ ਘੰਟੇ ਤੱਕ ਦਖ਼ਲ ਕਰਨ ਤੋਂ ਇਨਕਾਰ ਕਰਦੀ ਰਹੀ।
ਇਹ ਵੀ ਪੜ੍ਹੋ-
ਇਸ ਦੌਰਾਨ ਕੈਂਪਸ ਦੇ ਬਾਹਰ ਇੱਕ ਗੇਟ 'ਤੇ ਭੀੜ ਇਕੱਠੀ ਹੋ ਗਈ ਸੀ, ਜੋ ਰਾਸ਼ਟਰਵਾਦ ਦੇ ਨਾਅਰੇ ਲਗਾ ਰਹੀ ਸੀ ਅਤੇ ਪੱਤਰਕਾਰਾਂ ਦੇ ਨਾਲ ਜਖ਼ਮੀ ਵਿਦਿਆਰਥੀਆਂ ਨੂੰ ਲੈਣ ਆਈ ਐਂਬੂਲੈਂਸ ਨੂੰ ਨਿਸ਼ਾਨਾ ਬਣਾ ਰਹੀ ਸੀ। ਇਸ ਹਿੰਸਾ ਵਿੱਚ ਕਰੀਬ 40 ਲੋਕ ਜਖ਼ਮੀ ਹੋ ਗਏ।
ਆਰਐੱਸਐੱਸ ਪੱਖ਼ੀ ਅਤੇ ਖੱਬੇਪੱਖੀ ਵਿਦਿਆਰਥੀਆਂ ਨੇ ਇਸ ਹਿੰਸਾ ਲਈ ਇੱਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਵਧੇਰੇ ਚਸ਼ਮਦੀਦਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨਕਾਬਪੋਸ਼ ਲੋਕਾਂ ਦੀ ਇਸ ਹਿੰਸਕ ਭੀੜ ਦੇ ਜ਼ਿਆਦਾਤਰ ਮੈਂਬਰ, ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨਾਲ ਸਬੰਧਤ ਸਨ।
https://www.youtube.com/watch?v=wn0mKUx3lHs
ਉਨ੍ਹਾਂ ਨਾਲ ਕਈ ਬਾਹਰੀ ਲੋਕ ਵੀ ਸਨ। ਏਬੀਵੀਪੀ, ਭਾਰਤ ਦੀ ਮੌਜੂਦਾ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦਾ ਵਿਦਿਆਰਥੀ ਵਿੰਗ ਹੈ।
ਹਿੰਸਾ ਲਈ ਕੌਣ ਜ਼ਿੰਮੇਵਾਰ?
ਦੇਖਿਆ ਜਾਵੇ ਤਾਂ ਐਤਵਾਰ ਨੂੰ ਜੇਐੱਨਯੂ ਵਿੱਚ ਹੋਈ ਹਿੰਸਾ ਭੜਕਣ ਦਾ ਕਾਰਨ, ਹੋਸਟਲ ਦੀ ਫੀਸ ਵਧਾਏ ਜਾਣ ਤੋਂ ਉਪਜਿਆ ਵਿਵਾਦ ਹੈ।
ਇਸ ਵਿਵਾਦ ਕਾਰਨ ਜੇਅਐੱਨਯੂ ਕੈਂਪਸ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਅਰਾਜਕਤਾ ਦੇ ਹਾਲਾਤ ਸਨ। ਯੂਨੀਵਰਸਿਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਇਲਜ਼ਾਮ ਹੈ ਕਿ ਇਹ ਹਮਲਾ ਉਨ੍ਹਾਂ 'ਵਿਦਿਆਰਥੀਆਂ ਦੇ ਇੱਕ ਸਮੂਹ' ਨੇ ਕੀਤਾ, ਜੋ ਨਵੇਂ ਵਿਦਿਆਰਥੀਆਂ ਦੇ ਰਜਿਸਟ੍ਰੇਸ਼ਨ ਦੀ ਮੌਜੂਦਾ ਪ੍ਰਕਿਰਿਆ ਦਾ ਵਿਰੋਧ ਕਰ ਰਹੇ ਸਨ।
ਜ਼ਿਆਦਾਤਰ ਲੋਕਾਂ ਦਾ ਇਹ ਮੰਨਣਾ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਦੇ ਇਸ ਬਿਆਨ ਦਾ ਮਤਲਬ ਹੈ ਕਿ ਉਹ ਖੱਬੇਪੱਖੀ ਵਿਦਿਆਰਥੀ ਹਿੰਸਾ ਲਈ ਜ਼ਿੰਮੇਵਾਰ ਹੈ, ਜੋ ਫੀਸ ਵਧਾਏ ਜਾਣ ਦਾ ਵਿਰੋਧ ਕਰ ਰਹੇ ਹਨ।
ਪਰ, ਲੋਕਾਂ ਨੂੰ ਇਸ ਗੱਲ ਦਾ ਡਰ ਵੱਧ ਸਤਾ ਰਿਹਾ ਹੈ ਕਿ ਸੱਤਾਧਾਰੀ ਪਾਰਟੀ ਭਾਜਪਾ, ਕੈਂਪਸ ਵਿੱਚ ਆਪਣੇ ਵਿਰੋਧ ਵਿੱਚ ਉਠ ਰਹੀਆਂ ਆਵਾਜ਼ਾਂ ਨੂੰ ਦਬਾਉਣਾ ਚਾਹੁੰਦੀ ਹੈ।
ਰਵਾਇਤੀ ਤੌਰ 'ਤੇ ਜੇਐੱਨਯੂ ਵਿੱਚ ਖੱਬੇਪੱਖੀ ਸਿਆਸਤ ਦਾ ਦਬਦਬਾ ਰਿਹਾ ਹੈ। ਪਰ ਜਦੋਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਹਿੰਦੂ-ਰਾਸ਼ਟਰਵਾਦ ਦੀ ਲਹਿਰ 'ਤੇ ਸਵਾਰ ਭਾਜਪਾ, ਸੱਤਾ ਵਿੱਚ ਆਈ ਹੈ, ਉਦੋਂ ਤੋਂ ਜੇਐੱਨਯੂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ।
ਵਿਦਿਆਰਥੀਆਂ 'ਤੇ ਭਾਸ਼ਣ ਦੇਣ ਕਰਕੇ ਦੇਸਧ੍ਰੋਹ ਦੇ ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਜੇਐੱਨਯੂ ਨੂੰ ਭਾਜਪਾ ਅਤੇ ਪੱਖਪਾਤੀ ਨਿਊਜ਼ ਚੈਨਲਾਂ ਨੇ 'ਰਾਸ਼ਟਰਵਿਰੋਧੀ' ਦੱਸ ਕੇ ਉਸ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੇਐੱਨਯੂ ਦੇ ਵਿਦਿਆਰਥੀਆਂ ਨੂੰ 'ਅਰਬਨ ਨਕਸਲ' ਕਿਹਾ ਜਾਂਦਾ ਹੈ।
ਐਤਵਾਰ ਨੂੰ ਜੇਐੱਨਯੂ ਦੇ ਕੈਂਪਸ ਵਿੱਚ ਹੋਇਆ ਹਮਲਾ ਭਾਰਤ ਦੇ ਮੌਜੂਦਾ ਹਾਲਾਤ ਬਾਰੇ ਕਈ ਗੱਲਾਂ ਦੱਸਦਾ ਹੈ।
ਵਿਰੋਧ ਵਿੱਚ ਉੱਠ ਰਹੀਆਂ ਆਵਾਜ਼ਾਂ ਕੀ ਦਬਾਈਆਂ ਜਾ ਰਹੀਆਂ ਹਨ?
ਪਹਿਲੀ ਗੱਲ ਤਾਂ ਇਹ ਕਿ ਇਸ ਘਟਨਾ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਦੇਸ ਦੀ ਰਾਜਧਾਨੀ ਦਿੱਲੀ ਵਿੱਚ ਕਾਨੂੰਨ ਵਿਵਸਥਾ ਦਾ ਰਾਜ ਬਿਲਕੁਲ ਖ਼ਤਮ ਹੋ ਗਿਆ ਹੈ।
https://www.youtube.com/watch?v=OOnEtSBxm_w
ਦਿੱਲੀ ਵਿੱਚ ਇਸ ਦੀ ਜ਼ਿੰਮੇਵਾਰੀ ਭਾਰਤ ਦੇ ਬੇਹੱਦ ਤਾਕਤਵਰ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕੋਲ ਹੈ।
ਜੇਕਰ ਕੋਈ ਹਿੰਸਕ ਭੀੜ ਭਾਰਤ ਦੀਆਂ ਸਭ ਤੋਂ ਸ਼ਾਨਦਾਰ ਯੂਨੀਵਰਸਿਟੀਆਂ ਵਿਚੋਂ ਇੱਕ ਦੇ ਕੈਂਪਸ ਵਿੱਚ ਵੜ ਕੇ ਹੱਲਾ ਮਚਾ ਸਕਦੀ ਹੈ ਅਤੇ ਪੁਲਿਸ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਕਰਨ ਵਿੱਚ ਅਸਫ਼ਲ ਰਹਿੰਦੀ ਹੈ, ਤਾਂ ਬਹੁਤ ਸਾਰੇ ਲੋਕਾਂ ਦਾ ਸਵਾਲ ਹੈ ਕਿ ਆਖ਼ਿਰ ਅਜਿਹੇ ਹਾਲਾਤ 'ਚ ਸੁਰੱਖਿਅਤ ਕੌਣ ਹੈ?
ਇਸ ਤੋਂ ਇਲਾਵਾ, ਆਲੋਚਕਾਂ ਦਾ ਕਹਿਣਾ ਹੈ ਕਿ ਭਾਜਪਾ ਦੀ 'ਮਾਰੋ ਅਤੇ ਭੱਜੋ' ਦੀ ਸਿਆਸਤ ਦੇ ਸ਼ੱਕ ਮੁਤਾਬਕ ਹੀ ਹਾਲਾਤ ਪੈਦਾ ਹੋ ਰਹੇ ਹਨ, ਜੋ ਬੇਹੱਦ ਚਿੰਤਾ ਵਾਲੇ ਹਨ।
ਜਦੋਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਸੱਤਾ ਵਿੱਚ ਆਏ ਹਨ, ਉਦੋਂ ਤੋਂ ਉਨ੍ਹਾਂ ਨੇ ਲਗਾਤਾਰ ਆਪਣੇ ਵਿਰੋਧੀਆਂ ਨੂੰ ਨੀਵਾਂ ਦਿਖਾਉਣ ਅਤੇ ਦੁਸ਼ਮਣ ਵਜੋਂ ਪੇਸ਼ ਕਰਨ ਦਾ ਸਿਲਸਿਲਾ ਜਾਰੀ ਰੱਖਿਆ ਹੈ, ਉਹ ਬਾਦਸਤੂਰ।
ਇਹ ਵੀ ਪੜ੍ਹੋ-
ਉਹ ਆਪਣੇ ਵਿਰੋਧੀਆਂ ਨੂੰ ਕਦੇ ਰਾਸ਼ਟਰ-ਵਿਰੋਧੀ ਅਤੇ ਕਦੇ ਸ਼ਹਿਰੀ ਨਕਸਲਵਾਦੀ ਕਹਿ ਕਰ ਬੁਲਾਉਂਦੇ ਹਨ।
ਸਿਆਸੀ ਵਿਸ਼ਲੇਸ਼ਕ ਸੁਹਾਸ ਪਲਸ਼ਿਕਰ ਕਹਿੰਦੇ ਹਨ, "ਸਾਰੇ ਮੁਜ਼ਾਹਰੇਕਾਰੀਆਂ ਨੂੰ ਰਾਸ਼ਟਰਧ੍ਰੋਹੀ ਕਹਿ ਕੇ ਅਜਿਹਾ ਮਾਹੌਲ ਪੈਦਾ ਕਰ ਦਿੱਤਾ ਗਿਆ ਹੈ, ਜਿਸ 'ਚ ਕਾਨੂੰਨ-ਵਿਵਸਥਾ ਦੀਆਂ ਧੱਜੀਆਂ ਉਡਾ ਕੇ ਬੇਰੋਕ-ਟੋਕ ਹਿੰਸਾ ਹੋ ਰਹੀ ਹੈ।"
ਸੁਹਾਸ ਪਲਸ਼ਿਕਰ ਅੱਗੇ ਕਹਿੰਦੇ ਹਨ, "ਅੱਜ ਬੇਹੱਦ ਸੰਗਠਿਤ ਤਰੀਕੇ ਨਾਲ ਸ਼ੱਕ ਅਤੇ ਨਫ਼ਰਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ।"
ਇਸ ਦਾ ਇਹ ਸਿੱਟਾ ਨਿਕਲਿਆ ਹੈ ਕਿ ਵਿਰੋਧ ਵਿੱਚ ਉੱਠਣ ਵਾਲੀਆਂ ਆਵਾਜ਼ਾਂ ਅਤੇ ਵਿਚਾਰਾਂ ਪ੍ਰਤੀ ਸਹਿਣਸ਼ੀਲਤਾ ਦੀ ਗੁੰਜਾਇਸ਼ ਹੋਰ ਘਟਦੀ ਜਾ ਰਹੀ ਹੈ।
ਜੇਐੱਨਯੂ ਦੇ ਵਿਦਿਆਰਥੀ ਰਹੇ ਸੀਨੀਅਰ ਪੱਤਰਕਾਰ ਰੋਸ਼ਨ ਕਿਸ਼ੋਰ ਕਹਿੰਦੇ ਹਨ ਕਿ ਐਤਵਾਰ ਨੂੰ ਕੈਂਪਸ ਵਿੱਚ ਹੋਈ ਘਟਨਾ ਨੇ ਇਹ ਸਾਬਿਤ ਕੀਤਾ ਹੈ, "ਅਸੀਂ ਇੱਕ ਅਜਿਹੇ ਯੁੱਗ ਵਿੱਚ ਰਹਿ ਰਹੇ ਹਾਂ, ਜਿੱਥੇ ਸਿੱਖਿਅਕ ਸੰਸਥਾਵਾਂ 'ਚ ਵਿਚਾਰਧਾਰਾ ਦੇ ਵਿਰੋਧੀਆਂ ਦੀ ਆਵਾਜ਼ ਨੂੰ ਬੇਹੱਦ ਬੇਰਹਿਮੀ ਨਾਲ ਕੁਚਲ ਦਿੱਤਾ ਜਾਵੇਗਾ। ਇਨ੍ਹਾਂ ਹਾਲਾਤ ਵਿੱਚ ਹਕੂਮਤ ਜ਼ਿਆਦਾ ਤੋਂ ਜ਼ਿਆਦਾ ਇਹ ਕਰੇਗੀ ਕਿ ਮੂਕ ਦਰਸ਼ਕ ਬਣੀ ਰਹੇਗੀ।"
ਜੇਅਐੱਨਯੂ 'ਤੇ ਹਮਲਾ ਕਈ ਮਾਮਲਿਆਂ ਵਿੱਚ ਦੁੱਖਦਾਈ
ਜੇਐੱਨਯੂ: ਦਿ ਮੇਕਿੰਗ ਆਫ ਏ ਯੂਨੀਵਰਸਿਟੀ ਦੇ ਲੇਖਕ ਰਾਕੇਸ਼ ਬਟਬਿਆਲ ਕਹਿੰਦੇ ਹਨ, "ਆਕਸਫੋਰਡ ਜਾਂ ਕੈਂਬ੍ਰਿਜ ਤੋਂ ਇਲਾਵਾ ਜੇਐੱਨਯੂ ਦੇ ਵਿਦਿਆਰਥੀਆਂ ਵਿੱਚ ਬਹੁਤ ਵਿਭਿੰਨਤਾ ਦੇਖਣ ਨੂੰ ਮਿਲਦੀ ਹੈ। ਇੱਥੇ ਸਮਾਜ ਦੇ ਹਰ ਦਰਜੇ ਦੇ ਵਿਦਿਆਰਥੀ ਪੜ੍ਹਨ ਆਉਂਦੇ ਹਨ।"
"ਭਾਰਤ ਦੇ ਜਗੀਰਵਾਦੀ ਅਤੇ ਜਾਤਾਂ ਵਿੱਚ ਵੰਡੇ ਸਮਾਜ ਦੇ ਲਿਹਾਜ ਨਾਲ ਇਹ ਯੂਨੀਵਰਸਿਟੀ 'ਇੱਕ ਇਨਕਲਾਬ ਹੋਣ ਵਰਗੀ' ਹੈ। ਜਿੱਥੇ ਅਮੀਰ ਅਤੇ ਗਰੀਬ, ਕਮਜ਼ੋਰ ਅਤੇ ਅਸਰਦਾਰ, ਸ਼ਹਿਰੀ ਅਤੇ ਗ੍ਰਾਮੀਣ ਭਾਰਤ ਦੇ ਵਿਦਿਆਰਥੀ ਮਿਲਦੇ ਹਨ, ਨਾਲ ਰਹਿੰਦੇ ਅਤੇ ਪੜ੍ਹਦੇ ਹਨ। ਜੇਐੱਨਯੂ ਫੈਕਲਟੀ ਦੇ ਇੱਕ ਮੈਂਬਰ ਅਤੁਲ ਸੂਦ ਕਹਿੰਦੇ ਹਨ ਕਿ 'ਐਤਵਾਰ ਦੀ ਰਾਤ ਨੂੰ ਜੇਐੱਨਯੂ 'ਚ ਜੋ ਹੋਇਆ, ਉਹ ਇਸ ਕੈਂਪਸ ਵਿੱਚ ਕਦੇ ਨਹੀਂ ਹੋਇਆ ਸੀ।"
https://www.youtube.com/watch?v=VY_IWh0eTew
ਭਾਵੇਂ, ਜੇਐੱਨਯੂ ਕੈਂਪਸ ਵਿੱਚ ਹਿੰਸਕ ਸੰਘਰਸ਼ ਕੋਈ ਨਵੀਂ ਗੱਲ ਨਹੀਂ ਹੈ। 1980 ਦੇ ਦਹਾਕੇ ਵਿੱਚ ਯੂਨੀਵਰਸਿਟੀ ਵਿੱਚ ਪ੍ਰਵੇਸ਼ ਪ੍ਰਕਿਰਿਆ ਵਿੱਚ ਬਦਲਾਅ ਨੂੰ ਲੈ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚਾਲੇ ਸੰਘਰਸ਼ ਹੋਇਆ ਸੀ।
ਉਸ ਦੌਰ ਦੀਆਂ ਅਖ਼ਬਾਰਾਂ ਦੀਆਂ ਸੁਰਖ਼ੀਆਂ ਮੁਤਾਬਕ ਕੈਂਪਸ ਵਿੱਚ 'ਅਰਾਜਕਤਾ' ਦਾ ਮਾਹੌਲ ਸੀ। ਵਿਦਿਆਰਥੀਆਂ ਨੇ ਕੈਂਪਸ ਵਿੱਚ ਅਧਿਆਪਕਾਂ ਦੇ ਘਰਾਂ 'ਤੇ ਪਹਿਲਾਂ ਹਮਲੇ ਕੀਤੇ ਸੀ।
ਕਈ ਲੋਕਾਂ ਮੁਤਾਬਕ, ਪੁਲਿਸ ਨੇ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ ਸੀ। ਕਈ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਇਨ੍ਹਾਂ ਵਿਚੋਂ 40 ਕੈਂਪਸ ਤੋਂ ਬਾਹਰ ਕਰ ਦਿੱਤਾ ਗਿਆ ਸੀ। ਰਾਕੇਸ਼ ਲਿਖਦੇ ਹਨ ਕਿ ਉਸ ਹਿੰਸਕ ਸੰਘਰਸ਼ ਤੋਂ ਬਾਅਦ ਤੋਂ, ਜੇਐੱਨਯੂ ਕੈਂਪਸ ਦੀ ਸਿਆਸਤ ਵਿੱਚ ਤਾਕਤ ਇੱਕ ਨਵੀਂ ਅਤੇ ਬੇਹੱਦ ਮਹੱਤਵਪੂਰਨ ਗੱਲ ਹੋ ਗਈ ਸੀ।
ਪਰ, ਇਸ ਵਾਰ ਹਾਲਾਤ ਬਿਲਕੁਲ ਵੱਖਰੇ ਹਨ। ਜੇਐੱਨਯੂ ਕੈਂਪਸ ਵਿੱਚ ਹਿੰਸਾ ਨੂੰ ਲੈ ਕੇ ਹਕੂਮਤ ਦਾ ਰਵੱਈਆ ਬੇਹੱਦ ਸਖ਼ਤ ਹੈ। ਸਰਕਾਰ ਨੇ ਰੋਸ-ਮੁਜ਼ਾਹਰੇ ਕਰਨ ਵਾਲੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।
ਪਿਛਲੇ ਦਸੰਬਰ ਮਹੀਨੇ ਤੋਂ, ਇਹ ਤੀਜੀ ਵਾਰ ਹੈ ਕਿ ਜਦੋਂ ਭਾਰਤ ਕਿਸੇ ਯੂਨੀਵਰਸਿਟੀ ਦੇ ਕੈਂਪਸ ਵਿੱਚ ਮੁਜ਼ਹਰਾਕਾਰੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਹਿੰਸਾ ਝੱਲਦੇ ਵਿਦਿਆਰਥੀ
ਦਿੱਲੀ ਦੀਆਂ ਮੁੱਖ ਯੂਨੀਵਰਸਿਟੀਆਂ ਵਿਚੋਂ ਵੀ ਵਿਦਿਆਰਥੀਆਂ ਨੂੰ ਹਿੰਸਾ ਅਤੇ ਪੁਲਿਸ ਦੀ ਬੇਰਹਿਮੀ ਦਾ ਸਾਹਮਣਾ ਕਰਨਾ ਪਿਆ ਹੈ, ਉੱਥੇ ਉੱਤਰੀ ਭਾਰਤ ਦੀ ਅਲੀਗੜ੍ਹ ਯੂਨੀਵਰਸਟੀ ਦੇ ਵਿਦਿਆਰਥੀਆਂ ਨਾਲ ਵੀ ਪੁਲਿਸ ਨੇ ਹਿੰਸਾ ਕੀਤੀ ਸੀ।
ਐਮਨੇਸਟੀ ਇੰਟਰਨੈਸ਼ਨਲ, ਇੰਡੀਆ ਦੇ ਅਵਿਨਾਸ਼ ਕੁਮਾਰ ਕਹਿੰਦੇ ਹਨ, "ਵਿਦਿਆਰਥੀਆਂ ਨੂੰ ਲਗਾਤਾਰ ਦੁਸ਼ਮਣ ਬਣਾਉਣ ਦੀ ਸਰਕਾਰ ਦੀ ਮੁਹਿੰਮ ਕਾਰਨ ਵਿਦਿਆਰਥੀਆਂ 'ਤੇ ਅਜਿਹੇ ਹਿੰਸਕ ਹਮਲਿਆਂ ਦਾ ਖ਼ਤਰਾ ਵੱਧ ਗਿਆ ਹੈ ਅਤੇ ਅਜਿਹੇ ਹਮਲੇ ਕਰਨ ਵਾਲਿਆਂ ਨੂੰ ਸਰਕਾਰ ਬੇਖ਼ੌਫ਼ ਹੋ ਕੇ ਹੱਲਾ ਕਰਨ ਦਿੰਦੀ ਹੈ। ਹੁਣ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਸਰਕਾਰ ਆਪਣੇ ਨਾਗਰਿਕਾਂ ਦੀ ਗੱਲ ਸੁਣੇ।"
ਸਭ ਤੋਂ ਵਧੇਰੇ ਚਿੰਤਾ ਦੀ ਗੱਲ ਇਹ ਹੈ ਕਿ ਭਾਰਤ ਦੇ ਵਿਰੋਧੀ ਦਲ ਵਿਦਿਆਰਥੀਆਂ ਦੇ ਹਿਤਾਂ ਦੇ ਹੱਕ ਵਿੱਚ ਆਵਾਜ਼ ਚੁੱਕਣ 'ਚ ਅਸਫ਼ਲ ਰਹੇ ਹਨ।
ਸੀਨੀਅਰ ਪੱਤਰਕਾਰ ਰੋਸ਼ਨ ਕਿਸ਼ੋਰ ਕਹਿੰਦੇ ਹਨ, "ਜੋ ਸਮਾਜ ਆਪਣੀਆਂ ਸਿੱਖਿਅਤ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਵਿੱਚ ਹਿੰਸਾ ਦਾ ਸਮਰਥਨ ਕਰਦਾ ਹੈ, ਉਸ ਨੂੰ ਇਹ ਸਮਝਣਾ ਚਾਹੀਦਾ ਹੈ ਉਹ ਆਪਣੇ ਭਵਿੱਖ ਨੂੰ ਤਬਾਹ ਕਰਨ ਦਾ ਸਮਰਥਨ ਕਰ ਰਿਹਾ ਹੈ।"
ਸਾਫ਼ ਹੈ ਕਿ ਭਾਰਤ ਆਪਣੇ ਹੀ ਨੌਜਵਾਨਾਂ ਨੂੰ ਹਰਾ ਰਿਹਾ ਹੈ।
ਇਹ ਵੀ ਪੜ੍ਹੋ-
ਇਹ ਵੀ ਦੇਖੋ
https://www.youtube.com/watch?v=n_vWI0J3hN4
https://www.youtube.com/watch?v=lmFlCOQYH7Y
https://www.youtube.com/watch?v=zvtrZA-Rosg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
CAA Protest: ਕੜਾਕੇ ਦੀ ਠੰਢ, ਗ੍ਰਿਫਡਤਾਰੀਆਂ ਦੇ ਬਾਵਜੂਦ ਮੁਸਲਮਾਨ ਕੁੜੀਆਂ ਮੁਜ਼ਾਹਰਿਆਂ ’ਚ ਮੋਹਰੀ, ਕੀ...
NEXT STORY