ਆਸਾਰਾਮ ਨੂੰ ਗਾਂਧੀ ਨਗਰ ਅਦਾਲਤ ਨੇ ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਆਸਾਰਾਮ ਪਹਿਲਾਂ ਤੋਂ ਹੀ ਨਾਬਾਲਗ ਦੇ ਬਲਾਤਕਾਰ ਦੇ ਮਾਮਲੇ ਵਿੱਚ ਸਜ਼ਾ ਕੱਟ ਰਹੇ ਹਨ। ਇਹ ਮਾਮਲਾ 2013 ਦਾ ਸੀ।
ਇਸ ਤੋਂ ਪਹਿਲਾਂ ਸਿਰਸਾ ਦੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਵੀ ਬਲਾਤਕਾਰ ਦੇ ਮਾਮਲੇ ਵਿੱਚ ਉਮਰ ਕੈਦ ਕੱਟ ਰਹੇ ਹਨ।
ਆਸਾਰਾਮ ਸਮੇਤ ਆਪਣੇ ਆਪ ਨੂੰ ਸੰਤ ਦੱਸਣ ਵਾਲੇ ਕਈ ਹੋਰ ਧਰਮ ਪ੍ਰਚਾਰਕ ਵੀ ਭ੍ਰਿਸ਼ਟਾਚਾਰ ਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਕਾਰਨ ਸਜ਼ਾ ਕੱਟ ਰਹੇ ਹਨ ਜਾਂ ਜਮਾਨਤ ’ਤੇ ਬਾਹਰ ਹਨ।
ਇੱਥੇ ਤੁਸੀਂ ਬੀਬੀਸੀ ਪੰਜਾਬੀ ਵਲੋਂ ਕਵਰ ਕੀਤੀਆ ਗਈਆਂ ਕੁਝ ਰਿਪੋਰਟਾਂ ਨੂੰ ਪੜ੍ਹ ਸਕਦੇ ਹੋ, ਜੋ ਇਨ੍ਹਾਂ ਕਥਿਤ ਬਾਬਿਆਂ ਦੇ ਪਿਛੋਕੜ, ਚਲਦੇ ਮਾਮਲਿਆਂ ਤੇ ਸਜ਼ਾਵਾਂ ’ਤੇ ਝਾਤ ਮਾਰਦੀਆਂ ਹਨ।
ਖ਼ੁਦ ਨੂੰ ਸ਼ਿਵਜੀ ਦਾ ਅਵਤਾਰ ਦੱਸਣ ਵਾਲਾ ਵਰਿੰਦਰ ਦੇਵ ਦੀਕਸ਼ਿਤ
ਦਿੱਲੀ ਵਿੱਚ ਫਾਊਡੇਸ਼ਨ ਫ਼ਾਰ ਸੋਸ਼ਲ ਇੰਪਾਵਰਮੈਂਟ ਨਾਮ ਦੀ ਇੱਕ ਗ਼ੈਰ ਸਰਕਾਰੀ ਸੰਸਥਾ ਨੇ ਇੱਕ ਮਾਮਲੇ ਵਿੱਚ ਜਨਹਿਤ ਪਟੀਸ਼ਨ ਦਾਖ਼ਲ ਕੀਤੀ ਸੀ।
ਸੰਸਥਾ ਦੇ ਵਕੀਲ ਨੇ ਦੱਸਿਆ ਕਿ ਵਰਿੰਦਰ ਦੇਵ ਦਿਕਸ਼ਿਤ ਆਪਣੇ ਆਪ ਨੂੰ ਸ਼ਿਵ ਦਾ ਅਵਤਾਰ ਦੱਸਦੇ ਹਨ।
ਉਨ੍ਹਾਂ ਕਿਹਾ, "ਜਿਸ ਤਰ੍ਹਾਂ ਸ਼ਿਵਲਿੰਗ ਦੀ ਪੂਜਾ ਹੁੰਦੀ ਹੈ, ਉਸੇ ਤਰ੍ਹਾਂ ਆਪਣੇ ਲਿੰਗ ਦੀ ਪੂਜਾ ਕਰਨ ਨੂੰ ਕਹਿੰਦੇ ਹਨ। ਜੋ ਕੁੜੀਆਂ ਉੱਥੇ ਰਹਿੰਦੀਆਂ ਹਨ, ਉਨ੍ਹਾਂ ਨੂੰ ਨਸ਼ੇ ਦੀ ਹਾਲਤ ''ਚ ਰੱਖਿਆ ਜਾਂਦਾ ਹੈ। ਸ਼ੁਰੂਆਤ ਵਿੱਚ ਕੁੜੀਆਂ ਤੋਂ ਇੱਕ ਰਸਮ ਕਰਵਾਈ ਜਾਂਦੀ ਹੈ ਜਿਸ ਨੂੰ ਉਹ ''ਭੱਟੀ'' ਕਹਿੰਦੇ ਹਨ।"
"ਇਸ ਰਸਮ ਦੇ ਮੁਤਾਬਕ ਕੁੜੀਆਂ ਨੂੰ 7 ਦਿਨਾਂ ਤੱਕ ਇਕੱਲੇ ਰੱਖਿਆ ਜਾਂਦਾ ਹੈ। ਜੋ ਕੁੜੀਆਂ ਇਹ ਰਸਮ ਕਰ ਲੈਂਦੀਆਂ ਹਨ, ਉਨ੍ਹਾਂ ਨੂੰ ਫਿਰ ਦੂਜੇ ਸ਼ਹਿਰਾਂ ਦੇ ਆਸ਼ਰਮ ਵਿੱਚ ਭੇਜ ਦਿੱਤਾ ਜਾਂਦਾ ਹੈ।''''
"ਨਾਬਾਲਗ ਕੁੜੀਆਂ ਨੂੰ ਇਹ ਕਹਿ ਕੇ ਫ਼ਸਾਇਆ ਜਾਂਦਾ ਹੈ ਕਿ ਤੂੰ ਮੇਰੀ ਗੋਪੀ ਬਣੇਂਗੀ। ਜੋ ਕੁੜੀਆਂ ਆਪਣੇ ਨਾਲ ਜਿਣਸੀ ਸ਼ੋਸ਼ਣ ਹੋਣ ਦਿੰਦੀਆਂ ਹਨ, ਉਨ੍ਹਾਂ ਨੂੰ ਵਰਿੰਦਰ ਦੇਵ ਕਹਿੰਦੇ ਹਨ ਕਿ ‘ਤੂੰ ਮੇਰੀਆਂ16 ਹਜ਼ਾਰ ਰਾਣੀਆਂ ਵਿੱਚੋਂ ਇੱਕ ਹੈਂ’।
ਕੌਣ ਹੈ ਜਲੇਬੀ ਬਾਬਾ ਜਿਸ ਨੂੰ ਬਲਤਕਾਰ ਦੇ ਕੇਸ ’ਚ 10 ਸਾਲ ਜੇਲ੍ਹ ਹੋਈ
ਪੰਜਾਬ ਦੇ ਮਾਨਸਾ ਵਿੱਚ ਜਨਮਿਆ ਬਿੱਲੂ ਰਾਮ ਅੱਠ ਸਾਲ ਦੀ ਉਮਰ ’ਚ ਘਰੋਂ ਨਿਕਲ ਗਿਆ ਸੀ।
ਘੁੰਮਦਾ ਘੁੰਮਾਉਂਦਾ ਉਹ ਦਿੱਲੀ ਚਲਾ ਗਿਆ ਜਿਥੇ ਉਸ ਦੀ ਮੁਲਾਕਾਤ ਇੱਕ ਦਿਗੰਬਰ ਰਾਮੇਸ਼ਵਰ ਨਾਂ ਦੇ ਬਾਬੇ ਨਾਲ ਹੋਈ।
ਬਿੱਲੂ ਰਾਮ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਨੇ ਦਿਗੰਬਰ ਰਾਮੇਸ਼ਵਰ ਨੂੰ ਆਪਣਾ ਗੁਰੂ ਧਾਰ ਲਿਆ ਤੇ ਉਸ ਨਾਲ ਉਜੈਨ ਡੇਰੇ ''ਤੇ ਚਲਾ ਗਿਆ ਜਿਥੇ ਉਹ ਕਰੀਬ ਦਸ ਸਾਲ ਰਿਹਾ।
ਅਠਾਰਾਂ ਸਾਲ ਦੀ ਉਮਰ ’ਚ ਉਹ ਵਾਪਸ ਆਪਣੇ ਘਰ ਮਾਨਸਾ ਆਇਆ ਜਿੱਥੇ ਪਰਿਵਾਰ ਨੇ ਉਸ ਦਾ ਵਿਆਹ ਕਰ ਦਿੱਤਾ।
ਵਿਆਹ ਮਗਰੋਂ ਉਹ ਰੋਜ਼ੀ-ਰੋਟੀ ਲਈ ਮਾਨਸਾ ਤੋਂ ਹਰਿਆਣਾ ਦੇ ਟੋਹਾਣਾ ਕਸਬੇ ਆ ਗਿਆ। ਟੋਹਾਣਾ ਆ ਕੇ ਉਸ ਨੇ ਜਲੇਬੀ ਦੀ ਰੇਹੜੀ ਲਾਈ ਤੇ ਉਸ ਦਾ ਕੰਮ ਚਲ ਪਿਆ ਸੀ।
ਪਰ ਕਰੀਬ ਵੀਹ ਕੁ ਸਾਲ ਪਹਿਲਾਂ ਬਿਲੂ ਰਾਮ ਨੇ ਆਪਣੇ ਘਰ ਇਕ ਮੰਦਰ ਬਣਾਇਆ। ਮੰਦਰ ’ਚ ਉਹ ਔਰਤਾਂ ਨੂੰ ਕਥਿਤ ਤੌਰ ਉੱਤੇ ਸਮੱਸਿਆਵਾਂ ਦਾ ਹੱਲ ਦੱਸਣ ਲੱਗਿਆ।
ਇਸੇ ਦੌਰਾਨ ਬਿਲੂ ਰਾਮ ਤੋਂ ਉਹ ਜਲੇਬੀ ਬਾਬਾ ਬਣ ਗਿਆ।
ਅਮਰਪੁਰੀ ਉਰਫ਼ ਜਲੇਬੀ ਬਾਬਾ ’ਤੇ ਔਰਤਾਂ ਦੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਸਨ ਜੋ ਅਦਾਲਤ ਵਿੱਚ ਸਾਬਿਤ ਹੋਏ ਹਨ।
ਬਿਲੂ ਬਾਬੇ ਉੱਤੇ ਇਲਜ਼ਾਮ ਹਨ ਉਹ ਔਰਤਾਂ ਦੀਆਂ ਵੀਡੀਓ ਬਣਾ ਕੇ ਉਨ੍ਹਾਂ ਨੂੰ ਬਲੈਕਮੇਲ ਵੀ ਕਰਦਾ ਸੀ।
10 ਜਨਵਰੀ 2023 ਨੂੰ ਬਿੱਲੂ ਉਰਫ਼ ਜਲੇਬੀ ਵਾਲਾ ਬਾਬਾ ਨੂੰ ਅਦਾਲਤ ਨੇ 14 ਸਾਲ ਦੀ ਸਜ਼ਾ ਸੁਣਾਈ ਸੀ।
ਬਲਾਤਕਾਰ ਦੇ ਦੋਸ਼ਾਂ ਵਿਚ ਜੇਲ੍ਹ ਭੁਗਤ ਰਿਹਾ ਸੱਚਾ ਸੌਦਾ ਮੁਖੀ
ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਸਾਧਵੀਆਂ ਨਾਲ ਬਲਾਤਕਾਰ ਮਾਮਲੇ ਵਿਚ 20-20 ਸਾਲ ਦੀ ਕੈਦ ਕੱਟ ਰਹੇ ਹਨ।
ਉਨ੍ਹਾਂ ਉੱਤੇ ਡੇਰੇ ਦੇ ਇੱਕ ਸਾਬਕਾ ਪੈਰੋਕਾਰ ਰਣਜੀਤ ਸਿੰਘ ਅਤੇ ਪੱਤਰਕਾਰ ਛਤਰਪਤੀ ਦੇ ਕਤਲ ਦਾ ਇਲਜ਼ਾਮ ਵੀ ਹੈ।
ਡੇਰਾ ਸੱਚਾ ਸੌਦਾ ਮੁਖੀ ਉੱਤੇ ਪ੍ਰੇਮੀਆਂ ਨੂੰ ਗੁੰਮਰਾਹ ਕਰਕੇ ਨਿਪੁੰਸਕ ਬਣਾਉਣ ਵਰਗੇ ਮਾਮਲੇ ਵੀ ਚੱਲ ਰਹੇ ਹਨ।
ਮਾਮਲਾ 2002 ਦਾ ਹੈ ਜਦੋਂ ਇੱਕ ਕਥਿਤ ਸਾਧਵੀ ਨੇ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਨੂੰ ਇੱਕ ਚਿੱਠੀ ਲਿਖ ਕੇ ਗੁਰਮੀਤ ਰਾਮ ਰਹੀਮ ਉੱਤੇ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਸੀ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਦਾਲਤ ਨੇ ਜਾਂਚ ਦੀ ਜ਼ਿੰਮੇਵਾਰੀ ਸੀਬੀਆਈ ਨੂੰ ਸੌਂਪ ਦਿੱਤੀ ਸੀ।
ਉਸੇ ਮਾਮਲੇ ਵਿੱਚ ਗੁਰਮੀਤ ਰਾਮ ਰਹੀਮ ਇੰਸਾ ਇਸ ਸਮੇਂ ਜੇਲ੍ਹ ਵਿਚ ਸਜਾ ਕੱਟ ਰਹੇ ਹਨ।
ਧੋਖਾਧੜੀ ਤੇ ਅਸ਼ਲੀਲਤਾ ਦੇ ਇਲਜ਼ਾਮ ਸਨ ਨਿਤਿਆਨੰਦ ਸਵਾਮੀ ’ਤੇ
ਮਾਮਲਾ 2010 ਦਾ ਹੈ। ਪੁਲਿਸ ਨੇ ਧਰਮ ਪ੍ਰਚਾਰਕ ਨਿਤਿਆਨੰਦ ਸਵਾਮੀ ਨੂੰ ਹਿਮਾਚਲ ਪ੍ਰਦੇਸ ਤੋਂ ਗ੍ਰਿਫ਼ਤਾਰ ਕੀਤਾ।
ਉਨ੍ਹਾਂ ਖ਼ਿਲਾਫ਼ ਧੋਖਾਧੜੀ ਤੇ ਅਸ਼ਲੀਲਤਾ ਦੇ ਮਾਮਲੇ ਦਰਜ ਸਨ।
ਉਨ੍ਹਾਂ ਦੀ ਕਥਿਤ ਸੈਕਸ ਸੀਡੀ ਸਾਹਮਣੇ ਆਈ ਸੀ। ਜਿਸ ਨੂੰ ਫ਼ੋਰੈਂਸਿਕ ਲੈਬ ਦੀ ਜਾਂਚ ਵਿੱਚ ਸਹੀ ਠਹਿਰਾਇਆ ਗਿਆ ਸੀ।
ਪੁਲਿਸ ਜਾਂਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਿਤਿਆਨੰਦ ਨੇ ਦੁਨੀਆਂ ਭਰ ਵਿੱਚ ਫ਼ੈਲੇ ਆਪਣੇ ਮਿਸ਼ਨ ਦੇ ਸਾਰੇ ਆਹੁਦਿਆਂ ਨੂੰ ਛੱਡ ਦਿੱਤਾ ਸੀ।
ਨਿਤਿਆਨੰਦ ਨੇ ਪੁਲਿਸ ਜਾਂਚ ਰੋਕੇ ਜਾਣ ਲਈ ਅਦਾਲਤ ਵਿੱਚ ਅਪੀਲ ਵੀ ਕੀਤੀ ਸੀ ਪਰ ਕਰਨਾਟਕ ਹਾਈ ਕੋਰਟ ਨੇ ਉਨ੍ਹਾਂ ਦੀ ਇਹ ਅਪੀਲ ਖਾਰਜ ਕਰ ਦਿੱਤੀ ਸੀ।
ਜ਼ਿਕਰਯੋਗ ਹੈ ਕਿ ਨਿਤਿਆਨੰਦ ਨੂੰ ਬਾਅਦ ਵਿੱਚ ਜ਼ਮਾਨਤ ਮਿਲ ਗਈ ਸੀ।
-
ਸੈਕਸ ਰੈਕੇਟ ਚਲਾਉਣ ਦੇ ਇਲਜ਼ਾਮਾਂ ਵਾਲੇ ਭੀਮਾਨੰਦ
ਦਿੱਲੀ ਦੇ ਇਹ ਬਾਬਾ ਭੀਮਾਨੰਦ ਆਪਣੇ ਆਪ ਨੂੰ ਇੱਛਾਧਾਰੀ ਸੰਤ ਦੱਸਦੇ ਸਨ। ਭੀਮਾਨੰਦ ਆਪਣੇ ਨਾਗਿਨ ਡਾਂਸ ਕਰਕੇ ਵੀ ਚਰਚਾ ਵਿੱਚ ਰਹਿੰਦੇ ਸਨ।
1997 ਵਿੱਚ ਉਨ੍ਹਾਂ ਨੂੰ ਦਿੱਲੀ ਦੇ ਲਾਜਪਤ ਨਗਰ ਇਲਾਕੇ ਤੋਂ ਪੁਲਿਸ ਨੇ ਦੇਹ ਵਪਾਰ ਵਿੱਚ ਸ਼ਾਮਿਲ ਹੋਣ ਦੇ ਇਲਜ਼ਾਮਾਂ ਅਧੀਨ ਗ੍ਰਿਫ਼ਤਾਰ ਕਰ ਲਿਆ ਸੀ।
ਉਨ੍ਹਾਂ ’ਤੇ ਇਲਜ਼ਾਮ ਸੀ ਕਿ ਉਹ ਪ੍ਰਵਚਨ ਬਹਾਨੇ ਕੁੜੀਆਂ ਨੂੰ ਬੁਲਾਉਂਦੇ ਹਨ ਤੇ ਗੁੰਮਰਾਹ ਕਰਕੇ ਸੈਕਸ ਰੈਕੇਟ ਚਲਾਉਂਦੇ ਹਨ।
ਆਪਣੇ ਆਪ ਨੂੰ ਸੰਤ ਦੱਸਣ ਵਾਲੇ ਭੀਮਾਨੰਦ ਦਾ ਅਸਲ ਨਾਮ ਸ਼ਿਵਮੂਰਤ ਦਵਿਵੇਦੀ ਹੈ। ਬਾਬਾ ਬਣਨ ਤੋਂ ਪਹਿਲਾਂ ਉਹ ਇੱਕ ਪੰਜ ਤਾਰਾ ਹੋਟਲ ਵਿੱਚ ਸੁਰੱਖਿਆ ਕਮਰੀ ਵਜੋਂ ਨੌਕਰੀ ਕਰਦੇ ਸਨ।
ਭੀਮਾਨੰਦ ਦੀ ਕਰੋੜਾ ਦੀ ਜਾਇਦਾਦ ਨੂੰ 2015 ਵਿੱਚ ਇਨਫ਼ੋਰਮੈਂਟ ਡਾਇਰੈਕਟੋਰੇਟ ਨੇ ਜ਼ਬਤ ਕਰ ਲਈ ਸੀ।
ਹਾਲਾਂਕਿ ਉਨ੍ਹਾਂ ਵਲੋਂ ਹੀ ਚਿਤਰਕੂਟ ਵਿਚ ਬਣਵਾਇਆ ਗਿਆ ਤਿੰਨ ਮੰਜ਼ਲਾ ਮੰਦਰ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਬੰਦ ਨਹੀਂ ਕੀਤਾ ਗਿਆ ਸੀ।
ਆਸਾਰਾਮ: ਬਲਾਤਕਾਰ ਦੇ ਦੋਸ਼ੀ ਦਾ ਪਿਛੋਕੜ ਤੇ ਜੇਲ੍ਹ ਤੋਂ ਬਚਣ ਲਈ ਵਰਤੇ ਹਥਕੰਡਿਆਂ ਦੀ ਕਹਾਣੀ
NEXT STORY