ਪੰਜਾਬ ਸਰਕਾਰ ਨੇ ਵਿਧਾਨ ਸਭਾ ਨੂੰ ਜਾਣਕਾਰੀ ਦਿੰਦਿਆ ਕਿਹਾ ਹੈ ਕਿ ਸੂਬੇ ਵਿੱਚ 813 ਲੋਕਾਂ ਦੇ ਹਥਿਆਰਾਂ ਦੇ ਲਾਈਸੈਂਸ ਰੱਦ ਕੀਤੇ ਗਏ ਹਨ।
ਇਨ੍ਹਾਂ ਵਿੱਚੋਂ 89 ਲੋਕਾਂ ਦਾ ਅਪਰਾਧਿਕ ਪਿਛੋਕੜ ਹੈ।
ਅਸਲ ਵਿੱਚ ਆਮ ਆਦਮੀ ਪਾਰਟੀ ਦੀ ਵਿਧਾਇਕ ਇੰਦਰਜੀਤ ਕੌਰ ਮਾਨ ਦੇ ਸਵਾਲ ਦਾ ਜਵਾਬ ਦਿੰਦਿਆ ਦੱਸਿਆ ਗਿਆ ਕਿ ਸੂਬੇ ਵਿੱਚ 3.73 ਲੱਖ ਲਾਈਸੈਂਸਧਾਰਕ ਹਨ।
ਹਥਿਆਰਾਂ ਦੇ ਲਾਈਸੈਂਸ ਰੱਖਣ ਵਿੱਚ ਸਰਹੱਦੀ ਸੂਬਾ ਗੁਰਦਾਸਪੁਰ ਪਹਿਲੇ ਨੰਬਰ ਉਪਰ ਹੈ ਜਦਕਿ ਬਠਿੰਡਾ ਅਤੇ ਪਟਿਆਲਾ ਦੂਜੇ ਅਤੇ ਤੀਜੇ ਨੰਬਰ ’ਤੇ ਆਉਂਦੇ ਹਨ।
ਕਿਸ ਜ਼ਿਲ੍ਹੇ ’ਚ ਕਿੰਨੇ ਲਾਈਸੈਂਸ ਹਨ ?
ਗ੍ਰਹਿ ਮੰਤਰਾਲਾ ਕਿਉਂ ਕਿ ਮੁੱਖ ਮੰਤਰੀ ਕੋਲ ਹੈ, ਪਰ ਉਹ ਸਦਨ ਵਿੱਚ ਹਾਜ਼ਰ ਨਹੀਂ ਸੀ ਅਤੇ ਵਿਧਾਇਕ ਦੇ ਸਵਾਲ ਦਾ ਜਵਾਬ ਲਿਖਤੀ ਤੌਰ ਉੱਤੇ ਸਦਨ ਵਿੱਚ ਰੱਖਿਆ ਗਿਆ।
ਇਸ ਜਵਾਬ ਵਿੱਚ ਦਿੱਤੀ ਗਈ ਜਾਣਕਾਰੀ ਮੁਤਾਬਕ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਸਭ ਤੋਂ ਵੱਧ ਹਥਿਆਰ ਹਨ ਉਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ।
- ਗੁਰਦਾਸਪੁਰ - 40,789
- ਬਠਿੰਡਾ - 29,353
- ਪਟਿਆਲਾ - 28,340
- ਮੋਗਾ - 26,656
- ਅੰਮ੍ਰਿਤਸਰ ਰੂਰਲ 23,201
- ਫ਼ਿਰੋਜ਼ਪੁਰ -21,432
ਜਿਆਦਾ ਲਾਈਸੈਂਸ ਮੁਹਾਲੀ ਤੇ ਪਠਾਨਕੋਟ ’ਚ ਰੱਦ
ਸਰਕਾਰ ਮੁਤਾਬਕ ਜਿਆਦਾਤਰ ਲਾਈਸੈਂਸ ਮੁਹਾਲੀ ਅਤੇ ਪਠਾਨਕੋਟ ਵਿੱਚ ਰੱਦ ਕੀਤੇ ਗਏ ਹਨ। ਅੰਕੜਿਆਂ ਅਨੁਸਾਰ ਮੁਹਾਲੀ ਵਿੱਚ 235 ਅਤੇ ਪਠਾਨਕੋਟ ਵਿੱਚ 199 ਲਾਈਸੈਂਸ ਰੱਦ ਹੋਏ ਹਨ।
ਇਸ ਦੇ ਨਾਲ ਹੀ ਲੁਧਿਆਣਾ ਰੂਰਲ ਵਿੱਚ 87 ਅਤੇ ਫ਼ਰੀਦਕੋਟ ਵਿੱਚ 84 ਲਾਈਸੈਂਸ ਰੱਦ ਕੀਤੇ ਗਏ ਹਨ।
ਜਾਣਕਾਰੀ ਮੁਤਾਬਕ ਲੁਧਿਆਣਾ ਵਿੱਚ ਜਿਨ੍ਹਾਂ 27 ਲੋਕਾਂ ਦੇ ਲਾਈਸੈਂਸ ਰੱਦ ਕੀਤਾ ਹਨ, ਉਹਨਾਂ ਦੀ ਪਿਛੋਕੜ ਅਪਰਾਧਿਕ ਹੈ।
ਪਠਾਨਕੋਟ ਵਿੱਚ ਵੀ ਜਿਨ੍ਹਾਂ 17 ਲੋਕਾਂ ਦੇ ਲਾਈਸੈਂਸ ਰੱਦ ਹੋਏ ਹਨ, ਉਹਨਾਂ ਦਾ ਰਿਕਾਰਡ ਅਪਰਾਧਿਕ ਸੀ।
ਪਿਛਲੇ ਸਾਲ ਨਵੰਬਰ ਵਿੱਚ ਸਰਕਾਰ ਨੇ ਜਨਤਕ ਥਾਵਾਂ ਉਪਰ, ਸੋਸ਼ਲ ਮੀਡੀਆ ਅਤੇ ਗੀਤਾਂ ਵਿੱਚ ਹਥਿਆਰਾਂ ਦੀ ਨੁਮਾਇਸ਼ ਉਪਰ ਪਾਬੰਧੀ ਲਗਾਈ ਸੀ।
ਪੰਜਾਬ ਵਿੱਚ ਕਿਹੜੇ ਗੈਂਗਸਟਰ ਸਰਗਰਮ ਹਨ ?
ਪੰਜਾਬ ਦੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੇ ਪੰਜਾਬ ਵਿੱਚ ਗੈਂਗਸਟਰ ਵੱਲ ਧਿਆਨ ਖਿੱਚਿਆ ਸੀ।
ਸਿੱਧੂ ਮੂਸੇਵਾਲਾ ਪੰਜਾਬੀ ਦੇ ਕੌਮਾਂਤਰੀ ਪੱਧਰ ਦੇ ਪੌਪ ਸਟਾਰ ਸਨ। 29 ਮਈ 2022 ਨੂੰ ਉਨ੍ਹਾਂ ਦਾ ਮਾਨਸਾ ਜ਼ਿਲ੍ਹੇ ਦੇ ਜਵਾਹਰਕੇ ਪਿੰਡ ਵਿੱਚ ਕੁਝ ਹਮਲਾਵਰਾਂ ਵੱਲੋਂ ਆਧੁਨਿਕ ਹਥਿਆਰਾਂ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਪੰਜਾਬ ਪੁਲਿਸ ਨੇ ਕਿਹਾ ਸੀ ਕਿ ਪਹਿਲੀ ਨਜ਼ਰੇ ਮਾਨਸਾ ਵਿੱਚ ਹੋਏ ਕਤਲੇਆਮ ਦਾ ਕਾਰਨ ਕਥਿਤ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਲੱਕੀ ਪਟਿਆਲ ਦੀ ਅਗਵਾਈ ਵਾਲੇ ਗਿਰੋਹਾਂ ਦਰਮਿਆਨ ਦੁਸ਼ਮਣੀ ਲੱਗਦਾ ਹੈ, ਅਤੇ ਦਾਅਵਾ ਕੀਤਾ ਹੈ ਕਿ ਇਹ ਵਾਰਦਾਤ 2021 ਵਿੱਚ ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਸੀ।
ਹਾਲਾਂਕਿ ਰਾਜਨੀਤਿਕ ਆਗੂ ਇਹ ਦਾਅਵਾ ਕਰਦੇ ਰਹੇ ਹਨ ਕਿ ਉਹ ਗੈਂਗਸਟਰ ਦੀਆਂ ਗਤੀਵਿਧੀਆਂ ਨੂੰ ਰੋਕਣ ਵਿੱਚ ਕਾਮਯਾਬ ਰਹੇ ਹਨ।
ਇਹਨਾਂ ਵਿੱਚੋਂ ਬਹੁਤੇ ਜਾਂ ਤਾਂ ਮਾਰੇ ਗਏ ਜਾਂ ਗ੍ਰਿਫਤਾਰ ਕੀਤੇ ਗਏ ਹਨ ਜਾਂ ਫਿਰ ਉਹ ਦੂਜੇ ਸੂਬਿਆਂ ਵਿੱਚ ਭੱਜ ਗਏ ਹਨ।
ਪਰ ਤਾਜ਼ਾ ਘਟਨਾਵਾਂ ਤੋਂ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਗੈਂਗਸਟਰ ਕਾਫ਼ੀ ਸਰਗਰਮ ਹਨ।
ਗੈਂਗਸਟਰ ਕਿਹੜੇ ਅਪਰਾਧ ਕਰਦੇ ਹਨ
ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਗੈਂਗਸਟਰਾਂ, ਖਾੜਕੂ ਅਤੇ ਨਸ਼ਾ ਤਸਕਰਾਂ ਦੇ ਹੱਥ ਮਿਲਾਉਣ ਨਾਲ ਇੱਕ ਖ਼ਤਰਨਾਕ ਰਲਿਆ ਮਿਲਿਆ ਕੰਮ ਚੱਲ ਰਿਹਾ ਹੈ।
ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਗੈਂਗਸਟਰਾਂ ਦੀ ਜ਼ਿਆਦਾਤਰ ਸਰਗਰਮੀ "ਅੰਤਰ-ਗੈਂਗ ਰੰਜਿਸ਼ਾਂ ਤੱਕ ਸੀਮਤ" ਹੈ।
ਇਸ ਤੋਂ ਲੁੱਟਾ-ਖੋਹਾਂ ਤੇ ਜ਼ਬਰਨ ਵਸੂਲੀਆਂ ਕਰਦੇ ਹਨ, ਭਾਵੇਂ ਉਹ ਲੋਕ ਫਿਲਮ ਇੰਡਸਟਰੀ, ਸੰਗੀਤ ਜਗਤ ਜਾਂ ਹੋਰ ਅਮੀਰ ਲੋਕ ਹੋਣ।
ਪੰਜਾਬ ਦਾ ਸੰਗੀਤ ਜਗਤ ਭਾਰਤ ਵਿੱਚ ਮਸ਼ਹੂਰ ਹੈ। ਇਸ ਲਈ ਇਸ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਕਰਨੀ ਸੌਖੀ ਹੋ ਜਾਂਦੀ ਹੈ।
ਗਿਰੋਹ ਉਨ੍ਹਾਂ ਕੋਲੋਂ ਜਬਰਨ ਵਸੂਲੀ ਅਤੇ ਫਰੌਤੀਆਂ ਦੀ ਮੰਗ ਕਰਦੇ ਹਨ ਅਤੇ ਇਨਕਾਰ ਕਰਨ ''ਤੇ ਅਗਵਾ ਜਾਂ ਹਮਲਾ ਵੀ ਕਰ ਦਿੰਦੇ ਹਨ, ਜਿਵੇਂ ਪਰਮੀਸ਼ ਵਰਮਾ ''ਤੇ ਹਮਲਾ ਕੀਤਾ ਸੀ ਅਤੇ ਮਨਕੀਰਤ ਔਲਖ ਵੱਲੋਂ ਧਮਕੀਆਂ ਮਿਲਣ ਦਾ ਦਾਅਵਾ ਕੀਤਾ ਗਿਆ ਸੀ।
ਇਸ ਤੋਂ ਗਿਰੋਹ ਹੋਰ ਮਸ਼ਹੂਰ ਹਸਤੀਆਂ, ਅਮੀਰ ਲੋਕਾਂ, ਵਪਾਰੀਆਂ, ਸ਼ਰਾਬ ਦੇ ਕਾਰੋਬਾਰੀਆਂ, ਸੱਟੇਬਾਜ਼ਾਂ ਆਦਿ ਕੋਲੋਂ ਵੀ ਵਸੂਲੀ ਕਰਦੇ ਹਨ।
ਪਰ ਕਈ ਸਿਆਸੀ ਤੇ ਕਾਰੋਬਾਰੀ ਲੋਕ ਇਨ੍ਹਾਂ ਗਿਰੋਹਾਂ ਦੀ ਵਰਤੋਂ ਆਪਣੇ ਹਿੱਤਾਂ ਦੀ ਪੂਰਤੀ ਲਈ ਕਰਦੇ ਹਨ।
ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਗੈਂਗਸਟਰ ਕਤਲ, ਹਥਿਆਰਾਂ ਦੀ ਤਸਕਰੀ ਅਤੇ ਨਸ਼ਾ ਤਸਕਰੀ, ਆਦਿ ਵਿੱਚ ਵੀ ਸ਼ਾਮਲ ਰਹਿੰਦੇ ਹਨ।
ਇਹ ਦੋ ਨੰਬਰ ਦੇ ਪੈਸੇ ਨੂੰ ਆਪਣੇ ਹਿਸਾਬ ਨਾਲ ਇੰਡਸਟਰੀ ਵਿੱਚ ਇਨਵੈਸਟ ਵੀ ਕਰਦੇ ਹਨ, ਭਾਵੇਂ ਉਹ ਫਿਲਮ ਹੋਵੇ ਜਾਂ ਕੋਈ ਕਾਰੋਬਾਰ ਹੋਵੇ।
ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਦੇ ਦਫ਼ਤਰ ਤੋਂ ਉਪਲਬਧ ਅਪਰਾਧ ਅੰਕੜਿਆਂ ਅਨੁਸਾਰ ਪਿਛਲੇ ਸਾਲ ਅਪ੍ਰੈਲ ਦੇ ਮੱਧ ਤੱਕ ਸੂਬੇ ਵਿੱਚ ਇਸ ਸਾਲ 158 ਕਤਲ ਹੋ ਚੁੱਕੇ ਹਨ, ਜੋ ਪ੍ਰਤੀ ਮਹੀਨਾ ਔਸਤਨ 50 ਕਤਲ ਬਣਦੇ ਹਨ।
ਸਾਲ 2021 ''ਚ 724 ਲੋਕਾਂ ਦਾ ਕਤਲ ਹੋਇਆ ਸੀ ਜਦਕਿ 2020 ''ਚ ਸੂਬੇ ''ਚ 757 ਕਤਲ ਹੋਏ।
ਸਾਲ 2021 ਵਿੱਚ ਹਰ ਮਹੀਨੇ ਔਸਤਨ 60 ਕਤਲ ਅਤੇ 2020 ਵਿੱਚ 65 ਕਤਲ ਹੋਏ।
ਕੁਝ ਵੱਡੀਆਂ ਵਾਰਦਾਤਾਂ
27 ਨਵੰਬਰ 2016: ਪੰਜਾਬ ਵਿੱਚ ਗੈਂਗਵਾਰ ਦੀ ਸਭ ਤੋਂ ਵੱਡੀ ਘਟਨਾ ਜਿਸ ਨੇ ਗਿਰੋਹਬਾਜ਼ੀ ਨੂੰ ਕੇਂਦਰੀ ਮੰਚ ਉੱਤੇ ਲਿਆਂਦਾ ਉਹ ਸੀ ਨਾਭਾ ਜੇਲ੍ਹ ਬਰੇਕ। ਗੈਂਗਸਟਰਾਂ ਨੇ ਜੇਲ੍ਹ ਉੱਤੇ ਹਮਲਾ ਕੀਤਾ ਤੇ 6 ਕੈਦੀਆਂ ਨੂੰ ਛੁਡਾ ਲਿਆ, ਇਨ੍ਹਾਂ ਵਿੱਚ 2 ਖਾਲਿਸਤਾਨੀ ਖਾੜਕੂ ਸਨ ਅਤੇ 4 ਗੈਂਗਸਟਰ (ਹਰਿੰਦਰ ਸਿੰਘ ਮਿੰਟੂ, ਸੋਨੂੰ ਮੁੱਕਦੀ, ਵਿੱਕੀ ਗੌਂਡਰ, ਨੀਟਾ ਦਿਓਲ, ਅਮਦੀਪ ਢੋਟੀਆ ਤੇ ਕਸ਼ਮੀਰ ਸਿੰਘ)
26 ਜਨਵਰੀ 2018: ਨਾਭਾ ਜੇਲ੍ਹ ਵਿੱਚੋਂ ਭੱਜੇ ਗੈਂਗਸਟਰ ਹਰਿੰਦਰ ਸਿੰਘ ਉਰਫ਼ ਵਿੱਕੀ ਗੌਂਡਰ ਅਤੇ ਉਸ ਦੇ ਸਾਥੀ ਪ੍ਰੇਮਾ ਲਾਹੌਰੀਆ ਨੂੰ ਪੁਲਿਸ ਨੇ ਗੰਗਾਨਗਰ ਦੇ ਇੱਕ ਪਿੰਡ ਵਿੱਚ ਪੁਲਿਸ ਮੁਕਾਬਲੇ ਵਿੱਚ ਮਾਰਨ ਦਾ ਦਾਅਵਾ ਕੀਤਾ।
14 ਅਪ੍ਰੈਲ 2018: ਗਾਇਕ ਪਰਮੀਸ਼ ਵਰਮਾ ਉੱਤੇ ਗੋਲੀਆਂ ਚਲਾਈਆਂ ਗਈਆਂ, ਪਰ ਉਨ੍ਹਾਂ ਦਾ ਬਚਾਅ ਹੋ ਗਿਆ।
11 ਅਕਤੂਬਰ 2020: ਕਾਂਗਰਸ ਦੇ ਵਿਦਿਆਰਥੀ ਵਿੰਗ ਦੇ ਪੰਜਾਬ ਯੂਨੀਵਰਸਿਟੀ ਦੇ ਪ੍ਰਧਾਨ ਗੁਰਲਾਲ ਨੂੰ ਚੰਡੀਗੜ੍ਹ ਦੇ ਸਿਟੀ ਇਮਪੋਰੀਅਮ ਹੋਟਲ ਦੇ ਬਾਹਰ ਹਲਾਕ ਕੀਤਾ ਗਿਆ। ਉਸ ਨੂੰ ਲਾਰੈਂਸ ਬਿਸ਼ਨੋਈ ਦੇ ਨੇੜੇ ਸਮਝਿਆ ਜਾਂਦਾ ਸੀ।
22 ਅਕਤੂਬਰ 2020: ਰਣਜੀਤ ਸਿੰਘ ਉਰਫ਼ ਰਾਣਾ ਸਿੱਧੂ ਦਾ ਕਤਲ ਕਰ ਦਿੱਤਾ ਗਿਆ। ਮੁਕਤਸਰ ਪੁਲਿਸ ਨੇ ਦਾਅਵਾ ਕੀਤਾ ਸੀ ਇਕ ਇਹ ਕਤਲ ਗੁਰਲਾਲ ਦਾ ਬਦਲਾ ਲੈਣ ਲਈ ਕੀਤਾ ਗਿਆ।
7 ਅਗਸਤ 2021: ਮੁਹਾਲੀ ਵਿੱਚ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਨੂੰ ਗੋਲੀਆਂ ਮਾਰ ਕੇ ਹਲ਼ਾਕ ਕੀਤਾ ਗਿਆ।
14 ਮਾਰਚ 2022: ਜਲੰਧਰ ਦੇ ਮੱਲ੍ਹੀਆਂ ਪਿੰਡ ਵਿੱਚ ਕਬੱਡੀ ਟੂਰਨਾਮੈਂਟ ਦੌਰਾਨ ਕੌਮਾਂਤਰੀ ਪੱਧਰ ਦੇ ਕਬੱਡੀ ਖਿਡਾਰੀ ਨੰਗਲ ਅੰਬੀਆਂ ਦਾ ਕਤਲ ਕਰ ਦਿੱਤਾ ਗਿਆ।
9 ਮਈ 2022: ਮੁਹਾਲੀ ਵਿੱਚ ਪੰਜਾਬ ਪੁਲਿਸ ਦੇ ਖ਼ੁਫ਼ੀਆ ਵਿਭਾਗ ਦੇ ਮੁੱਖ ਦਫ਼ਤਰ ਉੱਤੇ ਹਮਲਾ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
ਨਾਲੰਦਾ : ਸੰਸਾਰ ਨੂੰ ਬਦਲਣ ਵਾਲੀ ਯੂਨੀਵਰਸਿਟੀ, ਜਦੋਂ ਖਿਲਜੀ ਦੀ ਫੌਜ ਨੇ ਅੱਗ ਲਾਈ ਤਾਂ 3 ਮਹੀਨੇ ਧੁਖ਼ਦੀ...
NEXT STORY