13 ਜੂਨ, 1997 ਨੂੰ ਦਿੱਲੀ ਦੇ ਉਪਹਾਰ ਸਿਨੇਮਾ ਵਿੱਚ ਭਿਆਨਕ ਅੱਗ ਲੱਗ ਗਈ ਸੀ, ਜਿਸ ਵਿੱਚ 59 ਲੋਕ ਮਾਰੇ ਗਏ ਅਤੇ 100 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ।
ਉਸ ਵੇਲੇ ਉਪਹਾਰ ਸਿਨੇਮਾ ਵਿੱਚ ਮਸ਼ਹੂਰ ਹਿੰਦੀ ਫ਼ਿਲਮ ‘ਬਾਰਡਰ’ ਲੱਗੀ ਹੋਈ ਸੀ।
ਇਸੇ ਫ਼ਿਲਮ ਨੂੰ ਦੇਖਣ ਆਪਣੀ ਪਤਨੀ ਅਤੇ ਚਾਰ ਸਾਲ ਦੇ ਪੁੱਤ ਦੇ ਨਾਲ ਕੈਪਟਨ ਮਨਜਿੰਦਰ ਸਿੰਘ ਭਿੰਡਰ ਵੀ ਗਏ ਸਨ ਪਰ ਇਹ ਪਰਿਵਾਰ ਕਦੇ ਮੁੜ ਕੇ ਨਹੀਂ ਆਇਆ।
ਕੈਪਟਨ ਭਿੰਡਰ ਨੂੰ ਇਸ ਭਿਆਨਕ ਹਾਦਸੇ ਦੌਰਾਨ ਕਈਆਂ ਨੇ ਹੀਰੋ ਦੱਸਿਆ, ਅਜਿਹਾ ਇਸ ਲਈ ਕਿਉਂਕਿ ਉਨ੍ਹਾਂ ਨੇ ਆਪਣੀ ਅਤੇ ਪਰਿਵਾਰ ਦੀ ਪਰਵਾਹ ਕੀਤੇ ਬਿਨਾਂ ਫ਼ਿਲਮ ਵੇਖਣ ਆਏ ਕਈ ਲੋਕਾਂ ਦੀ ਜਾਨ ਬਚਾਈ ਸੀ। ਇਸ ਹਾਦਸੇ ਨੂੰ ਲਗਭਗ 26 ਸਾਲ ਬੀਤ ਗਏ ਹਨ।
ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਬਾਅਦ ਇਸ ਹਾਦਸੇ ਦੀ ਗੱਲ ਕਰਨ ਪਿੱਛੇ ਇੱਕ ਖ਼ਾਸ ਵਜ੍ਹਾ ਹੈ।
ਉਪਹਾਰ ਸਿਨੇਮਾ ਦੇ ਇਸ ਹਾਦਸੇ ਉੱਤੇ ਇੱਕ ਸੀਰੀਜ਼ ਬਣਾਈ ਗਈ ਹੈ। ਇਸ ਫਿਲਮ ਦਾ ਨਾਂ ਹੈ, ‘ਟ੍ਰਾਇਲ ਬਾਇ ਫਾਇਰ’ ਜਿਸ ਨੂੰ ਨੈਟਫਲਿੱਕਸ ਉੱਤੇ 13 ਜਨਵਰੀ, 2023 ਨੂੰ ਰਿਲੀਜ਼ ਕੀਤਾ ਗਿਆ ਸੀ।
ਇਸ ਫਿਲਮ ਉੱਤੇ ਭਾਜਪਾ ਆਗੂ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਉਪਹਾਰ ਸਿਨੇਮਾ ਬਾਰੇ ਬਣੀ ਇਸ ਸੀਰੀਜ਼ ਵਿੱਚ ਕਈ ਲੋਕਾਂ ਦੀ ਜਾਨ ਬਚਾਉਣ ਵਾਲੇ ਕੈਪਟਨ ਮਨਜਿੰਦਰ ਸਿੰਘ ਭਿੰਡਰ ਦੇ ਯੋਗਦਾਨ ਨੂੰ ਨਹੀਂ ਦਿਖਾਇਆ ਗਿਆ ਹੈ।
ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ‘‘1997 ਦੇ ਉੁਪਹਾਰ ਸਿਨੇਮਾ ਹਾਦਸੇ ਉੱਤੇ ਬਣੀ ਨੈੱਟਫਲਿਕਸ ਸੀਰੀਜ਼ ‘ਟ੍ਰਾਇਲ ਬਾਇ ਫਾਇਰ’ ਬਹਾਦਰ ਸਿੱਖ ਹੀਰੋ ਕੈਪਟਨ ਮਨਜਿੰਦਰ ਸਿੰਘ ਭਿੰਡਰ ਦੀ ਭੂਮਿਕਾ ਨਹੀਂ ਦਿਖਾਉਂਦੀ ਹੈ।”
“ਭਿੰਡਰ ਦੇ ਪਰਿਵਾਰ ਨੇ ਸਿਨੇਮਾ ਹਾਲ ਵਿੱਚੋਂ ਨਿਕਲਣ ਦੀ ਥਾਂ ਉੱਥੇ ਰਹਿ ਕੇ ਹੋਰਾਂ ਦੀ ਮਦਦ ਕੀਤੀ। ਭਿੰਡਰ ਦੀ ਕਹਾਣੀ ਨਾ ਦਿਖਾ ਕੇ ਨੈੱਟਫਲਿਕਸ ਨੇ ਸਿੱਖਾਂ ਪ੍ਰਤੀ ਵਿਤਕਰਾ ਕੀਤਾ ਹੈ ਅਤੇ ਸਿੱਖ ਸਮਾਜ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਾਈ ਹੈ।’’
ਇਕਬਾਲ ਸਿੰਘ ਲਾਲਪੁਰਾ ਨੇ ਓਟੀਟੀ ਪਲੇਟਫਾਰਮ ਨੈੱਟਫਲਿੱਕਸ ਨੂੰ ਇਸ ਮਸਲੇ ਨੂੰ ਰਿਵੀਊ ਕਰਨ ਨੂੰ ਕਿਹਾ ਹੈ।
ਜਿਸ ਸ਼ਖ਼ਸ ਕੈਪਟਨ ਭਿੰਡਰ ਦਾ ਜ਼ਿਕਰ ਨੈੱਟਫਲਿੱਕਸ ਸੀਰੀਜ਼ ਤੋਂ ਵਿਸਾਰਿਆ ਗਿਆ ਆਖ਼ਿਰ ਉਹ ਸ਼ਖ਼ਸ ਸੀ ਕੌਣ...ਆਓ ਜਾਣੀਏ
ਕੌਣ ਸਨ ਕੈਪਟਨ ਮਨਜਿੰਦਰ ਸਿੰਘ ਭਿੰਡਰ?
ਕੈਪਟਨ ਮਨਜਿੰਦਰ ਸਿੰਘ ਭਿੰਡਰ ਨਾਭਾ ਦੇ ਪੰਜਾਬ ਪਬਲਿਕ ਸਕੂਲ ਤੋਂ ਪੜ੍ਹੇ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀਆਂ ਤਿੰਨ ਭੈਣਾਂ ਹਨ। ਉਨ੍ਹਾਂ ਦੇ ਪਿਤਾ ਵਰਦੀਪ ਸਿੰਘ ਵੀ ਫੌਜ ਵਿੱਚ ਸਨ ਅਤੇ ਬਤੌਰ ਕੈਪਟਨ ਫੌਜ ਤੋਂ ਰਿਟਾਇਰ ਹੋਏ।
ਅੰਮ੍ਰਿਤਸਰ ਦੇ ਪਿੰਡ ਮਹਿਤਾ ਚੌਂਕ ਨਾਲ ਤਾਲੁਕ ਰੱਖਣ ਵਾਲੇ ਕੈਪਟਨ ਮਨਜਿੰਦਰ ਸਿੰਘ ਭਿੰਡਰ ਉਪਹਾਰ ਸਿਨੇਮਾ ਦੇ ਹਾਦਸੇ ਦੌਰਾਨ ਦਿੱਲੀ ਵਿੱਚ ਹੀ ਡਿਊਟੀ ਦੇ ਰਹੇ ਸਨ ਅਤੇ 13 ਜੂਨ ਨੂੰ ਆਪਣੇ ਪੁੱਤ ਅਤੇ ਪਤਨੀ ਨਾਲ ਬਾਰਡਰ ਫ਼ਿਲਮ ਦੇਖਣ ਗਏ ਸਨ।
ਪੰਜਾਬ ਪਬਲਿਕ ਸਕੂਲ ਨਾਭਾ ਦੀ ਉੱਤੇ ਮਨਜਿੰਦਰ ਸਿੰਘ ਭਿੰਡਰ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਵੈੱਬਸਾਈਟ ਮੁਤਾਬਕ ਕੈਪਟਨ ਭਿੰਡਰ ਆਪਣੇ ਸਕੂਲ ਦੇ ਦਿਨਾਂ ਦੌਰਾਨ ਇੱਕ ਬਿਹਤਰੀਨ ਖਿਡਾਰੀ ਅਤੇ ਘੋੜਸਵਾਰ ਸਨ। ਉਨ੍ਹਾਂ ਨੇ ਸਕੂਲ ਲਈ ਕਈ ਐਵਾਰਡ ਜਿੱਤੇ। ਉਨ੍ਹਾਂ ਨੂੰ ਮਿਲੇ ਐਵਾਰਡਾਂ ਵਿੱਚ ਡਿਊਕ ਆਫ਼ ਐਡਿਨਬਰਾ ਐਵਾਰਡ, ਬੈਸਟ ਰਾਈਡਰ ਟ੍ਰਾਫ਼ੀ ਸਾਲ 1982-83 ਸ਼ਾਮਲ ਹਨ।
1988 ਤੋਂ 1990 ਦੌਰਾਨ ਉਨ੍ਹਾਂ ਨੇ ਕਈ ਕੌਮੀ ਪੱਧਰ ਦੇ ਘੋੜਸਵਾਰ ਮੁਕਾਬਲੇ ਵੀ ਆਪਣੇ ਨਾਮ ਕੀਤੇ। 1990 ਵਿੱਚ ਨੈਸ਼ਨਲ ਪੋਲੋ ਅਸੋਸੀਏਸ਼ਨ ਵੱਲੋਂ ਦਿੱਲੀ ਵਿੱਚ ਕਰਵਾਈ ਗਈ ਜੂਨੀਅਰ ਨੈਸ਼ਨਲ ਪੋਲੋ ਮੀਟ ਵਿੱਚ ਮਨਜਿੰਦਰ ਸਿੰਘ ਭਿੰਡਰ ਜੂਨੀਅਰ ਨੈਸ਼ਨਲ ਪੋਲੋ ਟੀਮ ਦੇ ਕਪਤਾਨ ਵੀ ਰਹੇ।
1990 ਵਿੱਚ ਹੀ ਭਿੰਡਰ ਐੱਨਡੀਏ (ਨੈਸ਼ਨਲ ਡਿਫੈਂਸ ਅਕੈਡਮੀ) ਦੀ ਰਾਈਡਿੰਗ ਅਤੇ ਪੋਲੋ ਟੀਮ ਦੇ ਕਪਤਾਨ ਵੀ ਰਹੇ।
1991 ਵਿੱਚ ਭਿੰਡਰ ਆਈਐੱਮਏ (ਇੰਡੀਅਨ ਮਿਲਟਰੀ ਅਕੈਡਮੀ) ਦੀ ਰਾਈਡਿੰਗ ਅਤੇ ਪੋਲੋ ਟੀਮ ਦੇ ਵੀ ਕਪਤਾਨ ਰਹੇ।
ਮੌਤ ਤੋਂ ਪਹਿਲਾਂ ਭਿੰਡਰ ਨੇ ਬਤੌਰ ਸੀਨੀਅਰ ਹਰ ਸਾਲ ਪੂਰੇ ਭਾਰਤ ਵਿੱਚ ਹੋਣ ਵਾਲੇ ਘੋੜਸਵਾਰੀ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਕਈ ਐਵਾਰਡ ਜਿੱਤੇ ਸਨ।
ਭਿੰਡਰ ਬੈਂਗਲੋਰ ਨੈਸ਼ਨਲ ਗੇਮਜ਼ ਵਿੱਚ ਬੈਸਟ ਰਾਈਡਰ (ਘੋੜਸਵਾਰ) ਸਨ, ਉਨ੍ਹਾਂ ਇਸ ਮੁਕਾਬਲੇ ਵਿੱਚ ਤਿੰਨ ਗੋਲਡ, ਇੱਕ ਸਿਲਵਰ ਅਤੇ ਇੱਕ ਬਰੌਂਜ਼ ਮੈਡਲ ਜਿੱਤਿਆ ਸੀ।
ਕੈਪਟਨ ਮਨਜਿੰਦਰ ਸਿੰਘ ਭਿੰਡਰ ਨੇ ਉਸ ਸਮੇਂ ਸਿੰਗਾਪੁਰ ਵਿੱਚ ਏਸ਼ੀਅਨ ਗੇਮਜ਼ ਵਿੱਚ ਭਾਰਤ ਦੀ ਨੁਮਾਇੰਦਗੀ ਕਰਨੀ ਸੀ, ਪਰ ਖੇਡਾਂ ਤੋਂ ਪਹਿਲਾਂ ਹੀ ਉਹ ਭਿਆਨਕ ਹਾਦਸੇ ਦੀ ਭੇਟ ਚੜ੍ਹ ਗਏ।
ਬਾਰਡਰ ਫ਼ਿਲਮ ਦੇਖਣ ਪਰਿਵਾਰ ਸਣੇ ਗਏ ਸਨ ਕੈਪਟਨ ਭਿੰਡਰ
13 ਜੂਨ, 1997 ਨੂੰ ਕੈਪਟਨ ਭਿੰਡਰ ਆਪਣੀ ਪਤਨੀ ਜਯੋਤ ਰੂਪ ਅਤੇ ਚਾਰ ਸਾਲਾਂ ਦੇ ਪੁੱਤ ਰਸਕਿਨ ਨਾਲ ਦਿੱਲੀ ਦੇ ਗ੍ਰੀਨ ਪਾਰਕ ਵਿਖੇ ਬਣੇ ਉਪਹਾਰ ਸਿਨੇਮਾ ਵਿੱਚ ਫ਼ਿਲਮ ‘ਬਾਰਡਰ’ ਦੇਖਣ ਗਏ ਸੀ। ਫ਼ਿਲਮ ਚੱਲ ਰਹੀ ਸੀ ਕਿ ਸਿਨੇਮਾ ਹਾਲ ਅੰਦਰ ਅੱਗ ਲੱਗ ਗਈ।
ਮਾੜੇ ਅੱਗ ਬੁਝਾਓ ਯੰਤਰਾਂ ਅਤੇ ਬਾਹਰ ਨਿਕਲਣ ਦੇ ਮਾੜੇ ਇੰਤਜ਼ਾਮਾਂ ਕਾਰਨ ਲੋਕ ਅੰਦਰ ਹੀ ਫਸੇ ਰਹੇ ਗਏ।
ਕੈਪਟਨ ਭਿੰਡਰ ਨੇ ਆਪਣੇ ਦੋਸਤ ਕੈਪਟਨ ਰਾਜੇਸ਼ ਪੱਟੂ ਨੂੰ ਬਾਹਰੋਂ ਮਦਦ ਲਈ ਭੇਜਿਆ ਤੇ ਖ਼ੁਦ ਸਿਨੇਮਾ ਹਾਲ ਅੰਦਰ ਰਹਿਣ ਦਾ ਫ਼ੈਸਲਾ ਕੀਤਾ।
ਇਹ ਫ਼ੈਸਲਾ ਉਨ੍ਹਾਂ ਨੇ ਸਿਨੇਮਾ ਹਾਲ ਅੰਦਰ ਫਸੇ ਲੋਕਾਂ ਦੀ ਮਦਦ ਲਈ ਕੀਤਾ ਤਾਂ ਜੋ ਉਨ੍ਹਾਂ ਨੂੰ ਹੌਲੀ-ਹੌਲੀ ਹਾਲ ਤੋਂ ਬਾਹਰ ਕੱਢਿਆ ਜਾ ਸਕੇ। ਉਨ੍ਹਾਂ ਨੇ ਕਈ ਲੋਕਾਂ ਦੀ ਜਾਨ ਬਚਾਈ ਸੀ।
ਬਦਕਿਸਮਤੀ ਨਾਲ ਉਹ ਖ਼ੁਦ ਅਤੇ ਉਨ੍ਹਾਂ ਦਾ ਪਰਿਵਾਰ ਭਿਆਨਕ ਹਾਦਸੇ ਦੌਰਾਨ ਨਾ ਬਚ ਸਕਿਆ।
ਉਨ੍ਹਾਂ ਦੇ ਮਾਪਿਆਂ ਨੂੰ ਕੈਪਟਨ ਭਿੰਡਰ ਦੀ ਮੌਤ ਮਗਰੋਂ ਪੈਨਸ਼ਨ ਲਈ ਲੜਾਈ ਲੜਨੀ ਪਈ ਸੀ। ਕੈਪਟਨ ਭਿੰਡਰ ਦੀ ਮੌਤ ਕਿਸੇ ਫੌਜੀ ਕਾਰਵਾਈ ਵਿੱਚ ਨਹੀਂ ਹੋਈ ਸੀ, ਇਸੇ ਕਰਕੇ ਉਨ੍ਹਾਂ ਦੀ ਪੈਨਸ਼ਨ ਦੀ ਅਰਜ਼ੀ ਨੂੰ ਨਾਮਨਜ਼ੂਰ ਕਰ ਦਿੱਤਾ ਗਿਆ ਸੀ।
ਕੋਰਟ ਦੇ ਦਖਲ ਮਗਰੋਂ ਕੈਪਟਨ ਭਿੰਡਰ ਦੇ ਮਾਪਿਆਂ ਦੀ ਪੈਨਸ਼ਨ ਨੂੰ ਜਾਰੀ ਕੀਤਾ ਗਿਆ ਸੀ।
ਕੈਪਟਨ ਭਿੰਡਰ ਦੀ ਘੋੜਸਵਾਰੀ ਨੂੰ ਕਿਵੇਂ ਦਿੱਤੀ ਗਈ ਸ਼ਰਧਾਂਜਲੀ
ਕੈਪਟਨ ਮਨਜਿੰਦਰ ਸਿੰਘ ਭਿੰਡਰ ਦੀ ਮੌਤ ਤੋਂ ਬਾਅਦ ਭਾਰਤੀ ਓਲੰਪਿਕ ਸੰਘ ਅਤੇ ਦਿੱਲੀ ਓਲੰਪਿਕ ਸੰਘ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਿਆਂ ਉਸ ਵੇਲੇ ਕੁਝ ਇਨ੍ਹਾਂ ਸ਼ਬਦਾਂ ਨਾਲ ਯਾਦ ਕੀਤਾ ਗਿਆ।
‘‘ਦਿੱਲੀ ਦੀ ਨੁਮਾਇੰਦਗੀ ਕਰਨ ਵਾਲੇ ਕੈਪਟਨ ਭਿੰਡਰ ਇੱਕਲੇ ਅਜਿਹੇ ਘੋੜਸਵਾਰ ਸਨ ਜਿਨ੍ਹਾਂ ਨੇ ਹਰ ਤਰ੍ਹਾਂ ਦੀ ਵਿਧੀ ਵਿੱਚ ਹਿੱਸਾ ਲਿਆ, ਜਿਸ ਵਿੱਚ ਸ਼ੋਅ ਜੰਪਿੰਗ, ਇਵੈਂਟਿੰਗ ਅਤੇ ਟੈਂਟ-ਪੈਗਿੰਗ ਸ਼ਾਮਲ ਹਨ। ਉਨ੍ਹਾਂ ਨੇ ਇਨ੍ਹਾਂ ਸਾਰੀਆਂ ਵਿਧੀਆਂ ਵਿੱਚ ਮੈਡਲ ਜਿੱਤੇ ਅਤੇ ਸ਼ੋਅ ਜੰਪਿੰਗ ਵਿੱਚ ਖ਼ਾਸ ਤੌਰ ਉੱਤੇ ਵਿਸ਼ੇਸ਼ ਪ੍ਰਦਰਸ਼ਨ ਦਿਖਾਇਆ। ਕੈਪਟਨ ਭਿੰਡਰ ਨੇ ਇਸ ਦੌਰਾਨ ਦੇਸ਼ ਦੇ ਬਿਹਤਰੀਨ 33 ਘੋੜਸਵਾਰਾਂ ਵਿੱਚੋਂ ਆਪਣੇ ਘੋੜੇ ਫਾਰੋਹ ’ਤੇ ਗੋਲਡ ਮੈਡਲ ਜਿੱਤਿਆ।’’
‘‘ਕੈਪਟਨ ਭਿੰਡਰ ਅਤੇ ਉਨ੍ਹਾਂ ਦੇ ਪਿਆਰੇ ਘੋੜੇ ਫਾਰੋਹ ਨੇ ਬਹੁਤ ਸਤਿਕਾਰ ਅਤੇ ਸਫ਼ਲਤਾ ਹਾਸਲ ਕੀਤੀ। ਕੈਪਟਨ ਭਿੰਡਰ ਬਹੁਤ ਹੀ ਸ਼ਾਨਦਾਰ ਇਨਸਾਨ, ਚੰਗੇ ਫੌਜੀ ਅਤੇ ਬਿਹਤਰੀਨ ਖਿਡਾਰੀ ਸਨ। ਉਹ ਸਕਾਰਾਤਮਕ ਸੋਚ ਦੇ ਚੰਗੇ ਸਰੋਤ ਸਨ।’’
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਪੰਜਾਬ ਕੈਬਨਿਟ: ਗੁਰਮੀਤ ਸਿੰਘ ਖੁੱਡੀਆਂ ਅਤੇ ਬਲਕਾਰ ਸਿੰਘ ਬਾਰੇ ਜਾਣੋ ਕੁਝ ਖ਼ਾਸ ਗੱਲਾਂ
NEXT STORY