ਅਦਾਕਾਰ ਅਤੇ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਇਨ੍ਹੀਂ ਦਿਨੀਂ ਚਰਚਾ ਵਿੱਚ ਬਣੇ ਹੋਏ ਹਨ, ਇਸ ਦੀ ਇੱਕੋ ਵਜ੍ਹਾ ਫ਼ਿਲਮ ਗ਼ਦਰ-2 ਦੀ ਸਫਲਤਾ ਨਹੀਂ ਹੈ ਬਲਕਿ ਬੈਂਕ ਆਫ ਬੜੌਦਾ ਦਾ ਉਹ ਨੋਟਿਸ ਵੀ ਹੈ, ਜਿਸ ਵਿੱਚ ਸੰਨੀ ਦਿਓਲ ਦੇ ਮੁੰਬਈ ਸਥਿਤ ਬੰਗਲੇ ਨੂੰ ਨਿਲਾਮ ਕਰਨ ਦੀ ਗੱਲ ਕਹੀ ਗਈ ਸੀ।
ਬੈਂਕ ਨੇ ਆਪਣੇ ਪਹਿਲਾਂ ਜਾਰੀ ਨੋਟਿਸ ਵਿੱਚ ਕਿਹਾ ਕਿ ਪੰਜਾਬ ਦੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਦਸੰਬਰ 2022 ਤੋਂ ਬੈਂਕ ਆਫ ਬੜੌਦਾ ਤੋਂ ਕਰਜ਼ੇ ਵਜੋਂ ਲਏ 55.99 ਕਰੋੋੜ ਰੁਪਏ ਦਾ ਭੁਗਤਾਨ ਨਹੀਂ ਕਰ ਰਹੇ ਹਨ, ਇਸ ਲਈ ਬੈਂਕ ਕੋਲ ਗਹਿਣੇ ਪਏ ਉਨ੍ਹਾਂ ਦੇ ਬੰਗਲੇ ਦੀ ਈ-ਨਿਲਾਮੀ ਕੀਤੀ ਜਾਵੇਗੀ।
19 ਅਗਸਤ ਨੂੰ ਜਦੋਂ ਇਹ ਨੋਟਿਸ ਅਖ਼ਬਾਰਾਂ ਵਿੱਚ ਛਪਿਆ ਤਾਂ ਲੋਕ ਸੰਨੀ ਦਿਓਲ ਕੋਲੋਂ ਕਰਜ਼ਾ ਨਾ ਮੋੜਨ ਬਾਰੇ ਸਵਾਲ ਪੁੱਛਣ ਲੱਗੇ, ਉਨ੍ਹਾਂ ਨੇ ਇਸ ਨੂੰ ਵਿਅਕਤੀਗਤ ਮਾਮਲਾ ਦੱਸਦੇ ਹੋਏ ਇਸ ਬਾਰੇ ਕੋਈ ਟਿੱਪਣੀ ਕਰਨ ਤੋਂ ਮਨ੍ਹਾ ਕਰ ਦਿੱਤਾ।
ਹਾਲਾਂਕਿ, ਦੋ ਦਿਨ ਬਾਅਦ ਬੈਂਕ ਆਫ ਬੜੌਦਾ ਨੇ ‘ਤਕਨੀਕੀ ਕਾਰਨਾਂ’ ਦਾ ਹਵਾਲਾ ਦਿੰਦੇ ਹੋਏ ਇਹ ਨੋਟਿਸ ਵਾਪਸ ਲੈ ਲਿਆ।
ਕੀ ਹੈ ਪੂਰਾ ਮਾਮਲਾ
ਅਦਾਕਾਰ ਸੰਨੀ ਦਿਓਲ ਨੇ ਬੈਂਕ ਆਫ ਬੜੌਦਾ ਕੋਲੋਂ ਮੁੰਬਈ ਦੇ ਜੁਹੂ ਵਿੱਚ ਸਥਿਤ ਆਪਣੇ ‘ਸੰਨੀ ਵਿਲਾ’ ਬੰਗਲੇ ਉੱਤੇ ਇੱਕ ਲੋਨ ਲਿਆ ਸੀ।
ਇਸ ਲੋਨ ਵਿੱਚ ਉਨ੍ਹਾਂ ਦੇ ਭਰਾ ਬੌਬੀ ਦਿਓਲ ਅਤੇ ਪਿਤਾ ਧਰਮਿੰਦਰ ਸਿੰਘ ਗਾਰੰਟਰ ਬਣੇ ਸਨ। ਇਸ ਤੋਂ ਇਲਾਵਾ ‘ਸੰਨੀ ਸਾਊਂਡ ਪ੍ਰਾਈਵੇਟ ਲਿਮਿਟਿਡ’ ਨੂੰ ਕਾਰਪੋਰੇਟ ਗਾਰੰਟਰ ਬਣਾਇਆ ਗਿਆ ਸੀ।
ਮਨੀ ਕੰਟ੍ਰੋਲ ਨਿਊਜ਼ ਵੈਬਸਾਈਟ ਦੇ ਮੁਤਾਬਕ, ਉਨ੍ਹਾਂ ਨੇ ਇਹ ਲੋਨ ਸਾਲ 2019 ਵਿੱਚ ਇੱਕ ਫਿਲਮ ਨੂੰ ਫਾਇਨੈਂਸ ਕਰਨ ਲਈ ਲਿਆ ਸੀ।
2019 ਲੋਕਸਭਾ ਚੋਣਾਂ ਦੇ ਸਮੇਂ ਚੋਣ ਅਯੋਗ ਨੁੰ ਦਿੱਤੇ ਗਏ ਹਲਫਨਾਮੇ ਵਿੱਚ ਵੀ ਸੰਨੀ ਦਿਓਲ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਕਰੀਬ 50 ਕਰੋੜ ਰੁਪਏ ਦਾ ਲੋਨ ਲਿਆ ਹੋਇਆ ਹੈ।
ਕਰਜ਼ਾ ਸਮੇਂ ਸਿਰ ਨਾ ਮੋੜਨ ਦੇ ਕਾਰਨ ਬੈਂਕ ਨੇ ਦਸੰਬਰ 2022 ਦੇ ਅਖ਼ੀਰ ਵਿੱਚ ਇਸ ਨੂੰ ਨਾਨ-ਪਰਫੌਰਮਿੰਗ ਐੱਸਟ (ਐਨਪੀਏ) ਘੋਸ਼ਿਤ ਕਰ ਦਿੱਤਾ ਸੀ।
ਬੈਂਕ ਨੇ ਕੀ ਕੀਤਾ
ਬੈਂਕ ਆਫ ਬੜੌਦਾ ਨੇ ਆਪਣੇ ਰੁਪਏ ਵਾਪਸ ਲੈਣ ਲਈ ਸੰਨੀ ਦਿਓਲ ਦੇ ਉਸ ਬੰਗਲੇ ਦੀ ਨਿਲਾਮੀ ਦਾ ਫ਼ੈਸਲਾ ਕੀਤਾ, ਜੋ ਉਨ੍ਹਾਂ ਨੇ ਗਹਿਣੇ ਰੱਖਿਆ ਸੀ।
ਬੈਂਕ ਨੇ 19 ਅਗਸਤ 2023 ਨੂੰ ਕਈ ਅਖ਼ਬਾਰਾਂ ਵਿੱਚ ਨੋਟਿਸ ਜਾਰੀ ਕਰਕੇ ਦੱਸਿਆ ਕਿ ਸੰਨੀ ਦਿਓਲ ਉੱਤੇ ਕਰੀਬ 56 ਕਰੋੜ ਰੁਪਏ ਅਤੇ ਦਸੰਬਰ 2022 ਤੋਂ ਬਾਅਦ ਇਸ ਰਕਮ ਉੱਤੇ ਲੱਗਣ ਵਾਲਾ ਵਿਆਜ ਬਕਾਇਆ ਹੈ, ਜਿਸ ਨੂੰ ਵਾਪਸ ਲੈਣ ਲਈ ਬੈਂਕ ਇਸ ਬੰਗਲੇ ਨੂੰ ਨਿਲਾਮ ਕਰਨ ਜਾ ਰਿਹਾ ਹੈ।
ਨਿਲਾਮੀ ਦੇ ਲਈ ਬੰਗਲੇ ਦੀ ਮੂਲ ਕੀਮਤ 51 ਕਰੋੜ 43 ਲੱਖ ਰੱਖੀ ਗਈ ਅਤੇ ਨਿਲਾਮੀ ਦੀ ਤਾਰੀਖ 25 ਸਤੰਬਰ, 2023 ਰੱਖੀ ਗਈ। ਬੈਂਕ ਨੇ ਇਛੁੱਕ ਖ਼ਰੀਦਦਾਰਾਂ ਤੋਂ ਮੂਲ ਕੀਮਤ ਦਾ ਦਸ ਫੀਸਦ ਜਮ੍ਹਾਂ ਕਰਕੇ ਆਨਲਾਈਨ ਹੋਣ ਵਾਲੀ ਨਿਲਾਮੀ ਵਿੱਚ ਹਿੱਸਾ ਲੈਣ ਲਈ ਕਿਹਾ।
ਨੋਟਿਸ ਜਾਰੀ ਕਰਦੇ ਹੋਏ ਬੈਂਕ ਨੇ ਸਾਫ਼-ਸਾਫ਼ ਕਿਹਾ ਕਿ ਫ਼ਿਲਹਾਲ ਉਨ੍ਹਾਂ ਕੋਲ ‘ਸਿੰਬੋਲਿਕ ਪੋਜੈਸ਼ਨ’ ਹੈ ਯਾਨੀ ਬੰਗਲਾ ਹਾਲੇ ਪੂਰੀ ਤਰ੍ਹਾਂ ਉਨ੍ਹਾਂ ਦੇ ਕਬਜ਼ੇ ਵਿੱਚ ਨਹੀਂ ਹੈ, ਨਾਲ ਹੀ ਇਹ ਵੀ ਕਿਹਾ ਕਿ ਇੱਛੁਕ ਖ਼ਰੀਦਾਰ 14 ਸਤੰਬਰ ਨੂੰ ਬੰਗਲੇ ਨੂੰ ਦੇਖਣ ਦੇ ਲਈ ਆ ਸਕਦੇ ਹਨ।
ਬੈਂਕ ਦੀ ਕਾਰਵਾਈ ‘ਤੇ ਉੱਠਦੇ ਸਵਾਲ
ਦੋ ਦਿਨ ਬਾਅਦ ‘ਤਕਨੀਕੀ ਕਾਰਨਾਂ’ ਦਾ ਹਵਾਲਾ ਦਿੰਦੇ ਹੋਏ ਬੈਂਕ ਨੇ ਇਹ ਨੋਟਿਸ ਵਾਪਸ ਲੈ ਲਿਆ।
ਬੈਂਕ ਨੇ ਬਿਆਨ ਜਾਰੀ ਕਰਕੇ ਇਸ ਪਿੱਛੇ ਤਿੰਨ ਕਾਰਨ ਦੱਸੇ, ਸਭ ਤੋਂ ਪਹਿਲਾ ਕਾਰਨ ਇਹ ਸੀ ਕਿ ਕਿੰਨੇ ਰੁਪਏ ਵਸੂਲ ਕਰਨੇ ਹਨ, ਉਸ ਦੀ ਸਹੀ ਜਾਣਕਾਰੀ ਬੈਂਕ ਕੋਲ ਨਹੀਂ ਸੀ।
ਓਰੀਏਂਟਲ ਬੈਂਕ ਆਫ ਕਾਮਰਸ ਦੇ ਐਸਟ ਰਿਕਵਰੀ ਮੈਨੇਜਮੈਂਟ ਬ੍ਰਾਂਚ ਵਿੱਚ ਕਈ ਵੱਡੇ ਅਹੁਦਿਆਂ ‘ਤੇ ਰਹੇ ਕੇਸ਼ਵ ਖਨੇਜਾ ਬੈਂਕ ਦੇ ਇਸ ਬਿਆਨ ਉੱਤੇ ਸਵਾਲ ਚੁੱਕਦੇ ਹਨ।
ਉਹ ਕਹਿੰਦੇ ਹਨ, “ਬੈਂਕ ਨੇ ਜਦੋਂ ਅਖ਼ਬਾਰਾਂ ਵਿੱਚ ਨਿਲਾਮੀ ਦਾ ਨੋਟਿਸ ਜਾਰੀ ਕੀਤਾ ਤਾਂ ਉਸ ਵਿੱਚ ਸਪਸ਼ਟ ਬਕਾਇਆ ਲੋਨ ਦੀ ਰਕਮ ਲਿਖੀ ਹੋਈ ਹੈ, ਤਾਂ ਇਸ ਗੱਲ ਦਾ ਕੋਈ ਅਧਾਰ ਮੈਨੂੰ ਦਿਖਾਈ ਨਹੀਂ ਦਿੰਦਾ।”
ਬੈਂਕ ਆਫ ਬੜੌਦਾ ਨੇ ਨੋਟਿਸ ਵਾਪਸ ਲੈਣ ਦਾ ਦੂਜਾ ਕਾਰਨ ਇਹ ਦੱਸਿਆ ਕਿ ਵੇਚਣ ਦਾ ਨੋਟਿਸ ਬੰਗਲੇ ਦੀ ਸਿੰਬੋਲਿਕ, ਯਾਨੀ ਪ੍ਰਤੀਕਾਤਮ ਪੋਜੈਸ਼ਨ (ਕਬਜ਼ਾ) ‘ਤੇ ਅਧਾਰਤ ਸੀ। ਬੈਂਕ ਨੇ ਕਬਜ਼ੇ ਦੇ ਲਈ ਮੁੱਖ ਮੈਟ੍ਰੋਪੋਲਿਟਨ ਮੈਜਿਸਟ੍ਰੇਟ ਕੋਲ ਅਰਜ਼ੀ ਦਿੱਤੀ ਹੋਈ ਹੈ, ਜੋ ਪੈਂਡਿੰਗ ਹੈ।
ਕੇਸ਼ਵ ਖਨੇਜਾ ਕਹਿੰਦੇ ਹਨ, “ਜਿਸ ਸਰਫੇਸੀ ਧਾਰਾ ਦੇ ਤਹਿਤ ਬੈਂਕ ਨੇ ਵੇਚਣ ਦਾ ਨੋਟਿਸ ਜਾਰੀ ਕੀਤਾ ਸੀ, ਉਸੇ ਧਾਰਾ ਦੇ ਤਹਿਤ ਬੈਂਕ ਕੋਲ ਇਹ ਹੱਕ ਹੈ ਕਿ ਉਹ ਸਿਰਫ ਸਿੰਬੋਲਿਕ ਪੋਜੈਸ਼ਨ ਦੇ ਅਧਾਰ ‘ਤੇ ਜਾਇਦਾਦ ਨੂੰ ਨਿਲਾਮ ਕਰ ਸਕਦਾ ਹੈ, ਬੈਂਕ ਆਮ ਤੌਰ ‘ਤੇ ਬਿਨਾਂ ਫਿਜ਼ੀਕਲ ਪੋਜੈਸ਼ਨ ਦੇ ਐਨਪੀਏ ਹੋਣ ‘ਤੇ ਜਾਇਦਾਦ ਨਿਲਾਮ ਕਰਦਾ ਹੈ, ਇਸ ਲਈ ਬੈਂਕ ਨੇ ਸਾਫ਼ ਤੌਰ ‘ਤੇ ਨੋਟਿਸ ਵਿੱਚ ਸਿੰਬੋਲਿਕ ਪੋਜੈਸ਼ਨ ਦੀ ਗੱਲ ਲਿਖੀ ਸੀ।”
ਬੈਂਕ ਆਫ ਬੜੌਦਾ ਨੇ ਤੀਜਾ ਅਤੇ ਸਭ ਤੋਂ ਮੁੱਖ ਕਾਰਨ ਇਹ ਦੱਸਿਆ ਕਿ ਵੇਚਣ ਲਈ ਨੋਟਿਸ ਪ੍ਰਕਾਸ਼ਿਤ ਹੋਣ ਤੋਂ ਬਾਅਦ ਸੰਨੀ ਦਿਓਲ ਨੇ ਬਕਾਇਆ ਰਕਮ ਨੂੰ ਨਿਪਟਾਉਣ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਹੈ।
ਬੈਂਕਿੰਗ ਐਕਸਪਰਟ ਅਤੇ ਵਾਇਸ ਆਫ ਬੈਂਕਿੰਗ ਦੇ ਫਾਊਂਡਰ ਅਸ਼ਵਨੀ ਰਾਣਾ ਕਹਿੰਦੇ ਹਨ, “ਵਿਕਰੀ ਨੋਟਿਸ ਪ੍ਰਕਾਸ਼ਤ ਹੋਣ ਤੋਂ ਬਾਅਦ ਦੇ ਤੀਹ ਦਿਨਾਂ ਦੇ ਅੰਦਰ ਜੇਕਰ ਕੋਈ ਵਿਅਕਤੀ ਲੋਨ ਦੇ ਪੈਸੇ ਵਾਪਸ ਕਰ ਦਿੰਦਾ ਹੈ ਤਾਂ ਬੈਂਕ ਨੋਟਿਸ ਵਾਪਸ ਲੈ ਲੈਂਦਾ ਹੈ।”
ਪਰ ਇੱਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਵਿਕਰੀ ਨੋਟਿਸ ਪ੍ਰਕਾਸ਼ਤ ਹੋਣ ਤੋਂ ਬਾਅਦ ਵਿਅਕਤੀ ਨੂੰ ਪੂਰਾ ਲੋਨ ਮੋੜਨਾ ਪੈਂਦਾ ਹੈ।
ਬੈਂਕਿੰਗ ਮਾਹਰ ਕੇਸ਼ਵ ਖਨੇਜਾ ਕਹਿੰਦੇ ਹਨ, “ ਵਿਕਰੀ ਨੋਟਿਸ ਇੱਕ ਵਾਰੀ ਆਇਆ ਤਾਂ ਵਿਅਕਤੀ ਨੇ ਨੋਟਿਸ ਦੇ ਹਿਸਾਬ ਨਾਲ ਹੀ ਰਕਮ ਦਾ ਭੁਗਤਾਨ ਕਰਨਾ ਹੁੰਦਾ ਹੈ, ਜੇਕਰ ਨੋਟਿਸ ਵਿੱਚ 56 ਕਰੋੜ ਰੁਪਏ ਬਕਾਇਆ ਹਨ ਤਾਂ ਉਸ ਨੂੰ ਉਨੇ ਰੁਪਏ ਹੀ ਬੈਂਕ ਨੂੰ ਮੋੜਨੇ ਪੈਣਗੇ, ਉਦੋਂ ਹੀ ਜਾਇਦਾਦ ਦੀ ਨਿਲਾਮੀ ਰੁਕਦੀ ਹੈ।''''
''''ਜਿਵੇਂ ਕੀ ਸੰਨੀ ਦਿਓਲ ਨਾਲ ਜੁੜੇ ਜਾਇਦਾਦ ਵੇਚਣ ਦੇ ਨੋਟਿਸ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਹੈ, ਬੈਂਕ ਨਿਲਾਮੀ ਨੂੰ ਇਸ ਦੇ ਨੋਟਿਸ ਦੇ ਇੱਕ ਮਹੀਨੇ ਬਾਅਦ ਰੱਖਦਾ ਹੈ ਅਤੇ ਇਸ ਦੌਰਾਨ ਵਿਅਕਤੀ ਇਹ ਕਰਜ਼ਾ ਮੋੜ ਸਕਦਾ ਹੈ।”
ਹੁਣ ਸਵਾਲ ਇਹ ਹੈ ਕਿ ਕੀ ਸੰਨੀ ਦਿਓਲ ਨੇ ਕਰੀਬ 56 ਕਰੋੜ ਦਾ ਕਰਜ਼ਾ ਬੈਂਕ ਨੂੰ ਮੋੜ ਦਿੱਤਾ ਹੈ, ਇਸ ਸਵਾਲ ਦਾ ਜਵਾਬ ਫ਼ਿਲਹਾਲ ਬੈਂਕ ਨੇ ਨਹੀਂ ਦਿੱਤਾ ਹੈ।
- 19 ਅਗਸਤ 2023 ਨੂੰ ਬੈਂਕ ਆਫ ਬੜੌਦਾ ਨੇ ਸੰਨੀ ਦਿਓਲ ਦੇ ਬੰਗਲੇ ਦੀ ਨਿਲਾਮੀ ਦਾ ਨੋਟਿਸ ਜਾਰੀ ਕੀਤਾ
- ਬੈਂਕ ਦੇ ਨੋਟਿਸ ਮੁਤਾਬਕ, ਸੰਨੀ ਨੇ ਬੈਂਕ ਦਾ 55.99 ਕਰੋੜ ਦਾ ਕਰਜ਼ਾ ਨਹੀਂ ਮੋੜਿਆ ਸੀ
- ਇਸ ਲਈ ਬੈਂਕ ਨੇ ਗਹਿਣੇ ਰੱਖੇ ਸੰਨੀ ਦਿਓਲ ਦੇ ਬੰਗਲੇ ਦੀ ਨਿਲਾਮੀ ਕਰਕੇ ਰਕਮ ਵਸੂਲਣ ਦਾ ਫੈਸਲਾ ਕੀਤਾ
- ਨਿਲਾਮੀ ਲਈ ਬੰਗਲੇ ਦੀ ਕੀਮਤ 51 ਕਰੋੜ 43 ਲੱਖ ਰੱਖੀ ਗਈ ਅਤੇ ਤਾਰੀਖ 25 ਸਤੰਬਰ ਤੈਅ ਕੀਤੀ ਗਈ
- ਪਰ ਦੋ ਬਾਅਦ, ਬੈਂਕ ਨੇ ਤਕਨੀਕੀ ਕਾਰਨਾਂ ਦਾ ਹਵਾਲਾ ਦੇ ਕੇ ਇਹ ਨੋਟਿਸ ਵਾਪਸ ਲੈ ਲਿਆ
- ਹਾਲਾਂਕਿ ਕੁਝ ਮਾਹਰਾਂ ਮੁਤਾਬਕ, ਬੈਂਕ ਵੱਲੋਂ ਨੋਟਿਸ ਵਾਪਸ ਲੈਣ ਦੇ ਜੋ ਕਾਰਨ ਦੱਸੇ ਗਏ, ਉਹ ਸਪਸ਼ਟ ਨਹੀਂ ਹਨ
- ਵਿਰੋਧੀ ਪਾਰਟੀਆਂ ਦੇ ਆਗੂ ਵੀ ਹੁਣ ਇਸ ਮਾਮਲੇ ''ਤੇ ਸਵਾਲ ਚੁੱਕ ਰਹੇ ਹਨ
ਨਿਲਾਮੀ ਦੀ ਪ੍ਰਕਿਰਿਆ
ਅਖ਼ਬਾਰਾਂ ਵਿੱਚ ਬੰਗਲੇ ਨੂੰ ਨਿਲਾਮ ਕਰਨ ਦਾ ਇਸ਼ਤਿਹਾਰ 19 ਅਗਸਤ ਨੂੰ ਛਪਿਆ ਪਰ ਇਹ ਇੱਕ ਦਿਨ ਵਿੱਚ ਨਹੀਂ ਹੋਇਆ। ਕਿਸੇ ਵੀ ਜਾਇਦਾਦ ਨੂੰ ਨਿਲਾਮ ਕਰਨ ਦੀ ਇੱਕ ਲੰਬੀ ਪ੍ਰਕਿਰਿਆ ਹੈ।
ਕੇਸ਼ਵ ਖਨੇਜਾ ਦੱਸਦੇ ਹਨ ਕਿ ਜੇਕਰ ਕੋਈ ਵਿਅਕਤੀ 90 ਦਿਨਾਂ ਤੱਕ ਲੋਨ ਦੀ ਕਿਸ਼ਤ ਨਾ ਮੋੜੇ ਤਾਂ 91ਵੇਂ ਦਿਨ ਬੈਂਕ ਦਾ ਆਟੋਮੇਟਿਡ ਸਿਸਟਮ ਉਸ ਖਾਤੇ ਨੂੰ ਐਨਪੀਏ ਘੋਸ਼ਿਤ ਕਰ ਦਿੰਦਾ ਹੈ।
ਖਨੇਜਾ ਕਹਿੰਦੇ ਹਨ, “ਐਨਪੀਏ ਘੋਸ਼ਿਤ ਹੋਣ ਤੋਂ ਬਾਅਦ ਵਿਅਕਤੀ ਨੂੰ ਸਰਫੇਸੀ ਐਕਟ ਦੇ ਸੈਕਸ਼ਨ 13(2) ਦੇ ਤਹਿਤ ਡਿਮਾਂਡ ਨੋਟਿਸ ਦਿੱਤਾ ਜਾਂਦਾ ਹੈ ਅਤੇ 60 ਦਿਨਾਂ ਦੇ ਅੰਦਰ ਬਕਾਇਆ ਪੈਸਾ ਜਮ੍ਹਾ ਕਰਨ ਦਾ ਸਮਾਂ ਦਿੱਤਾ ਜਾਂਦਾ ਹੈ, ਜੇਕਰ ਤਾਂ ਵੀ ਵਿਅਕਤੀ ਪੈਸਾ ਨਾ ਦੇਵੇ ਤਾਂ ਅਗਲੇ ਦਸ ਦਿਨਾਂ ਦੇ ਅੰਦਰ-ਅੰਦਰ ਬੈਂਕ ਸਰਫੇਸੀ ਐਕਟ ਦੇ ਸੈਕਸ਼ਨ 13(4) ਦੇ ਤਹਿਤ ਪੋਜੈਸ਼ਨ ਨੋਟਿਸ ਦਿੰਦਾ ਹੈ, ਜਿਸ ਨੂੰ ਬੈਂਕ ਉਸ ਜਾਇਦਾਦ ਉੱਤੇ ਚਿਪਕਾਉਂਦਾ ਹੈ, ਜੋ ਗਹਿਣੇ ਰੱਖੀ ਹੁੰਦੀ ਹੈ।”
ਪੋਜੈਸ਼ਨ ਨੋਟਿਸ ਇੱਕ ਤਰ੍ਹਾਂ ਨਾਲ ਪ੍ਰਤੀਕਾਤਮਕ ਹੁੰਦਾ ਹੈ, ਜਿਸ ਦਾ ਮਤਲਬ ਹੈ ਕਿ ਹੁਣ ਇਸ ਜਾਇਦਾਦ ਉੱਤੇ ਬੈਂਕ ਦਾ ਹੱਕ ਹੁੰਦਾ ਹੈ। ਬੈਂਕ ਬਹੁਤ ਵਾਰ ਡਿਸਟ੍ਰਿਕ ਮੈਜਿਸਟ੍ਰਟ ਜਾਂ ਚੀਫ਼ ਮੈਟ੍ਰੋਪਾਲਿਟਨ ਮੈਜਿਸਟ੍ਰੇਟ ਕੋਲ ਅਰਜ਼ੀ ਦੇ ਕੇ ਇਸ ਨੂੰ ਕਬਜ਼ੇ ਵਿੱਚ ਵੀ ਲੈ ਲੈਂਦਾ ਹੈ।
ਖਨੇਜਾ ਦੱਸਦੇ ਹਨ, “ਨਿਲਾਮੀ ਤੋਂ ਪਹਿਲਾਂ ਬੈਂਕ ਜਾਇਦਾਦ ਦੀ ਕੀਮਤ ਦੁਬਾਰਾ ਕਰਵਾਉਂਦਾ ਹੈ, ਕਿਉਂਕਿ ਇਸ ਐਕਟ ਦੇ ਮੁਤਾਬਕ ਜਾਇਦਾਦ ਦੀ ਕੀਮਤ 12 ਮਹੀਨਿਆਂ ਤੋਂ ਪੁਰਾਣੀ ਨਹੀਂ ਹੋਣੀ ਚਾਹੀਦੀ।''''
''''ਵਿਕਰੀ ਨੋਟਿਸ ਜਾਰੀ ਕਰਨ ਤੋਂ ਪਹਿਲਾਂ ਵੀ ਬੈਂਕ ਕਰਜ਼ ਮੋੜਨ ਦੇ ਲਈ ਵਿਅਕਤੀ ਨੂੰ ਫਿਰ ਤੋਂ ਕਹਿੰਦਾ ਹੈ, ਤਾਂ ਵੀ ਪੈਸਾ ਨਾ ਅਦਾ ਕਰਨ ਉੱਤੇ ਬੈਂਕ ਵਿਕਰੀ ਨੋਟਿਸ ਜਾਰੀ ਕਰਦਾ ਹੈ ਅਤੇ ਉਸ ਨੂੰ ਜਾਇਦਾਦ ਉੱਤੇ ਚਿਪਕਾ ਦਿੰਦਾ ਹੈ, ਆਖ਼ਰ ਵਿੱਚ ਫਿਰ ਤੋਂ ਵਿਕਰੀ ਨੋਟਿਸ ਨੂੰ ਅਖ਼ਬਾਰਾਂ ਵਿੱਚ ਪ੍ਰਕਾਸ਼ਤ ਕੀਤਾ ਜਾਂਦਾ ਹੈ।”
ਇਸ ਦਾ ਮਤਲਬ ਸਪਸ਼ਟ ਹੈ ਕਿ ਸੰਨੀ ਦਿਓਲ ਨੇ ਜਿਸ ਬੰਗਲੇ ਨੂੰ ਵੇਚਣ ਦਾ ਨੋਟਿਸ ਬੈਂਕ ਨੇ 19 ਅਗਸਤ ਨੂੰ ਜਾਰੀ ਕੀਤਾ ਸੀ, ਉਸ ਦੇ ਲਈ ਪਹਿਲਾਂ ਹੀ ਬੈਂਕ ਵੱਲੋਂ ਕਈ ਵਾਰ ਚੇਤਾਵਨੀ ਦਿੱਤੀ ਜਾ ਚੁੱਕੀ ਸੀ, ਬਾਵਜੂਦ ਇਸ ਦੇ ਇਸ ਉੱਤੇ ਸੰਨੀ ਦਿਓਲ ਨੇ ਧਿਆਨ ਹੀਂ ਦਿੱਤਾ।
ਕਾਂਗਰਸ ਨੇ ਚੁੱਕੇ ਸਵਾਲ
ਕਾਂਗਰਸ ਪਾਰਟੀ ਨੇ ਬੈਂਕ ਦੇ ਨੋਟਿਸ ਵਾਪਸ ਲੈਣ ਉੱਤੇ ਸਵਾਲ ਚੁੱਕੇ ਹਨ।
ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਲੋਕਾਂ ਦੇ ਗੁੱਸੇ ਅਤੇ ਮੀਡੀਆ ਕਵਰੇਜ ਦੀ ਵਜ੍ਹਾ ਨਾਲ ਬੈਂਕ ਆਫ ਬੜੌਦਾ ਨੂੰ ਸੰਨੀ ਦਿਓਲ ਨਾਲ ਜੁੜੀ ਜਾਇਦਾਦ ਦੇ ਨਿਲਾਮੀ ਨੋਟਿਸ ਨੂੰ ਵਾਪਸ ਲੈਣਾ ਪਿਆ।
ਉਨ੍ਹਾਂ ਨੇ ਕਿਹਾ, “ਬੈਂਕ ਨੇ ਨੋਟਿਸ ਜਾਰੀ ਕਰਦਿਆਂ ਹੋਏ ‘ਤਕਨੀਕੀ ਕਾਰਨਾਂ’ ਦਾ ਹਵਾਲਾ ਦਿੱਤਾ, ਹੁਣ ਕੋਈ ਨਿਲਾਮੀ ਨਹੀਂ ਹੋਵੇਗੀ, ਉਮੀਦ ਹੈ ਭਾਜਪਾ ਸਾਂਸਦ ਕੋਲੋਂ 56 ਕਰੋੜ ਰੁਪਏ ਵਸੂਲਣ ਦੇ ਮਾਮਲੇ ਵਿੱਚ ਕਾਰਵਾਈ ਹੋਵੇਗੀ।”
ਕਾਂਗਰਸ ਨੇਤਾ ਮਣਿਕਮ ਟੈਗੋਰ ਨੇ ਐਕਸ (ਟਵਿੱਟਰ) ਅਕਾਉਂਟ ਕਰਦੇ ਹੋਏ ਲਿਖਿਆ ਕਿ ''ਸੰਨੀ ਦਿਓਲ ਦੇ ਕਰਜ਼ਾ ਨਾ ਮੋੜਨ ਤੋਂ ਬਾਅਦ ਬੈਂਕ ਆਫ ਬੜੌਦਾ ਨੇ ਉਨ੍ਹਾਂ ਦੀ ਜਾਇਦਾਦ ਨੂੰ ਨਿਲਾਮ ਕਰਨ ਦਾ ਨੋਟਿਸ ਜਾਰੀ ਕੀਤਾ, ਪਰ ਬੈਂਕ ਨੂੰ ਸਾਬ੍ਹ ਅਤੇ ਸੰਨੀ ਦਿਓਲ ਦੇ ਰਿਸ਼ਤਿਆਂ ਦਾ ਅਹਿਸਾਸ ਬਾਅਦ ਵਿੱਚ ਹੋਇਆ।''
ਐਨਪੀਏ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਸੰਸਦ ਵਿੱਚ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਮਾਰਚ 2022 ਦੇ ਅੰਤ ਤੱਕ 50 ਸਭ ਤੋਂ ਵੱਡੇ ‘ਵਿਲਫੁਲ ਡਿਫਾਲਰਾਂ’ ਉੱਤੇ ਬੈਂਕਾਂ ਦੇ 92 ਹਜ਼ਾਰ 570 ਕਰੋੜ ਰੁਪਏ ਬਕਾਇਆ ਸਨ।
ਇਸ ਵਿੱਚ 7 ਹਜ਼ਾਰ 848 ਕਰੋੜ ਰੁਪਏ ਦੀ ਸਭ ਤੋਂ ਵੱਡੀ ਬਕਾਇਆ ਰਕਮ ਮੇਹੁਲ ਚੌਕਸੀ ਦੀ ਕੰਪਨੀ ਦੀ ਸੀ।
ਉਪਲੱਬਧ ਜਾਣਕਾਰੀ ਮੁਤਾਬਕ, ਭਾਰਤ ਵਿੱਚ ਦਸੰਬਰ 2022 ਤੱਕ 3 ਲੱਖ 40 ਹਜ਼ਾਰ 570 ਕਰੋੜ ਰੁਪਏ ਦੀ ਰਕਮ ਵਾਲੇ 15 ਹਜ਼ਾਰ 778 ‘ਵਿਲਫੁਲ ਡਿਫਾਲਟ’ ਖਾਤੇ ਸਨ, ਇਸ ਵਿੱਚੋਂ ਤਕਰੀਬਨ 85 ਫੀਸਦੀ ਡਿਫਾਲਟ ਸਟੇਟ ਬੈਂਕ ਆਫ ਇੰਡੀਆ, ਪੰਜਾਬ ਨੈਸ਼ਨਕ ਬੈਂਕ, ਯੂਨਿਅਨ ਬੈਂਕ ਆਫ ਇੰਡਿਆ, ਅਤੇ ਬੈਂਕ ਆਫ ਬੜੌਦਾ ਜਿਹੇ ਸਰਕਾਰੀ ਬੈਂਕਾਂ ਦੇ ਸਨ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਚੰਦਰਯਾਨ-3: ਚੰਨ ''ਤੇ ਟੋਏ ਕਿਵੇਂ ਪਏ? ਕੀ ਚੰਦ ਗੋਲ ਨਹੀਂ ਹੈ? ਜਾਣੋ ਚੰਨ ਬਾਰੇ ਅਜਿਹੀਆਂ ਹੀ 10 ਖ਼ਾਸ...
NEXT STORY