ਜਸਟਿਨ ਟਰੂਡੋ ਨਾਲ ਹਰਜੀਤ ਸੱਜਣ ਦੀ ਪੰਜਾਬ ਫ਼ੇਰੀ ਦੌਰਾਨ ਦੀ ਫਾਈਲ ਫੋਟੋ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਭਾਰਤੀ ਏਜੰਸੀਆਂ ਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਸ਼ਮੂਲੀਅਤ ਬਾਰੇ ਇਲਜ਼ਾਮ ਲਗਾਉਣ ਤੋਂ ਬਾਅਦ ਇਸ ਮਾਮਲੇ ਸਬੰਧੀ ਵੱਖ-ਵੱਖ ਪੱਖ ਸਾਹਮਣੇ ਆ ਰਹੇ ਹਨ।
ਭਾਵੇਂ ਭਾਰਤ ਵੱਲੋਂ ਇਨ੍ਹਾਂ ਇਲਜ਼ਾਮਾਂ ਨੂੰ ਖਾਰਿਜ ਕੀਤਾ ਹੈ ਪਰ ਇਸ ਦੇ ਨਾਲ ਹੀ ਇਸ ਗੱਲ ਬਾਰੇ ਵੀ ਚਰਚਾ ਹੋ ਰਹੀ ਹੈ ਕਿ ਟਰੂਡੋ ਵੱਲੋਂ ਇਹ ਜਾਣਕਾਰੀ ਇਸ ਵੇਲੇ ਕਿਉਂ ਜਨਤਕ ਕੀਤੀ ਗਈ?
ਕੈਨੇਡਾ ਦੇ ਮੰਤਰੀ ਹਰਜੀਤ ਸਿੰਘ ਸੱਜਣ ਨੇ ਇੱਕ ਮੀਡੀਆ ਅਦਾਰੇ ਨਾਲ ਇਸ ਬਾਰੇ ਖ਼ੁਲਾਸਾ ਕੀਤਾ ਹੈ।
ਹਰਜੀਤ ਸਿੰਘ ਸੱਜਣ ਇਸ ਵੇਲੇ ਕੈਨੇਡਾ ਵਿੱਚ ਐਮਰਜੈਂਸੀ ਪ੍ਰੀਪੇਅਰਡਨੈੱਸ ਮੰਤਰੀ ਹਨ, ਉਹ ਕੈਨੇਡਾ ਦੇ ਰੱਖਿਆ ਮੰਤਰੀ ਵੀ ਰਹਿ ਚੁੱਕੇ ਹਨ।
ਉਨ੍ਹਾਂ ਨੇ ਦੀ ਪੱਤਰਕਾਰ ਸ਼ੀਨਾ ਗੁੱਡਯੀਅਰ ਨੂੰ ਦੱਸਿਆ ਕਿ ਟਰੂਡੋ ਨੇ ਕੈਨੇਡਾ ਦੇ ਨਾਗਰਿਕ ਦੇ ਕਤਲ ਵਿੱਚ ਭਾਰਤੀ ਏਜੰਸੀਆਂ ਦੀ ਸ਼ਮੂਲੀਅਤ ਹੋਣ ਬਾਰੇ ਇਲਜ਼ਾਮ ਜਨਤਕ ਇਸ ਲਈ ਕੀਤੇ ਕਿਉਂਕਿ ਉਨ੍ਹਾਂ ਨੂੰ ਇਹ ਪਤਾ ਲੱਗਾ ਸੀ ਕਿ ਇਸ ਬਾਰੇ ਜਾਣਕਾਰੀ ਮੀਡੀਆ ਵਿੱਚ ਆਉਣ ਵਾਲੀ ਸੀ।
ਟਰੂਡੋ ਨੇ ਪੁਲਿਸ ਦੀ ਜਾਂਚ ਖ਼ਤਮ ਹੋਣ ਤੱਕ ਇੰਤਜ਼ਾਰ ਕਿਉਂ ਨਹੀਂ ਕੀਤਾ
“ਸਾਡੀ ਸਰਕਾਰ ਅਤੇ ਏਜੰਸੀਆਂ ਨੇ ਭਾਰਤੀ ਅਧਿਕਾਰੀਆਂ ਨਾਲ ਗੱਲ ਕੀਤੀ ਅਤੇ ਪ੍ਰਧਾਨ ਮੰਤਰੀ ਨੇ ਵੀ ਇਹ ਮੁੱਦਾ ਚੁੱਕਿਆ ਹੈ”
ਆਖ਼ਿਰ ਟਰੂਡੋ ਵੱਲੋਂ ਕੈਨੇਡਾ ਦੀ ਪੁਲਿਸ ਦੀ ਜਾਂਚ ਖ਼ਤਮ ਹੋਣ ਤੱਕ ਇੰਤਜ਼ਾਰ ਕਿਉਂ ਨਹੀਂ ਕੀਤਾ ਗਿਆ।
ਇਸ ਬਾਰੇ ਸੱਜਣ ਨੇ ਕਿਹਾ, “ਪ੍ਰਧਾਨ ਮੰਤਰੀ ਲਈ ਇਹ ਬਿਆਨ ਜਾਰੀ ਕਰਨਾ ਜ਼ਰੂਰੀ ਸੀ ਕਿਉਂਕਿ ਇਸ ਸੰਬੰਧੀ ਕੁਝ ਜਾਣਕਾਰੀ ਮੀਡੀਆ ਵਿੱਚ ਆਉਣ ਵਾਲੀ ਸੀ।”
ਉਨ੍ਹਾਂ ਦੱਸਿਆ ਕਿ ਕੈਨੇਡਾ ਦੇ ਨਾਗਰਿਕਾਂ ਦੀ ਸੁਰੱਖਿਆ ਦੇ ਨਾਲ-ਨਾਲ ਇਹ ਯਕੀਨੀ ਬਣਾਉਣਾ ਕਿ ਉਨ੍ਹਾਂ ਕੋਲ ਸਹੀ ਜਾਣਕਾਰੀ ਹੋਵੇ, ਜ਼ਰੂਰੀ ਹੈ। ਇਹ ਵੀ ਪ੍ਰਧਾਨ ਮੰਤਰੀ ਵੱਲੋਂ ਬਿਆਨ ਜਾਰੀ ਕਰਨ ਦੇ ਕਾਰਨਾਂ ਵਿੱਚੋਂ ਇੱਕ ਹੈ।
ਪ੍ਰਧਾਨ ਮੰਤਰੀ ਟਰੂਡੋ ਵਲੋਂ ਲਗਾਏ ਗਏ ਇਲਜ਼ਾਮਾਂ ਨੂੰ ਸਾਬਤ ਕਰਨ ਲਈ ਸਬੂਤਾਂ ਬਾਰੇ ਉਨ੍ਹਾਂ ਕਿਹਾ, “ਪਹਿਲੀ ਗੱਲ ਇਹ ਹੈ ਕਿ ਇਸ ਮਾਮਲੇ ਬਾਰੇ ਪੁਲਿਸ ਵੱਲੋਂ ਜਾਂਚ ਜਾਰੀ ਹੈ ਅਤੇ ਇਸ ਬਾਰੇ ਕੁਝ ਵੀ ਕਹਿਣਾ ਮੇਰੇ ਲਈ ਠੀਕ ਨਹੀਂ ਹੋਵੇਗਾ।”
ਇਲਜ਼ਾਮਾਂ ਬਾਰੇ ਭਾਰਤੀ ਸਰਕਾਰ ਦੀ ਪ੍ਰਤਿਕਿਰਿਆ ਬਾਰੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ, “ਸਾਡੀ ਸਰਕਾਰ ਅਤੇ ਏਜੰਸੀਆਂ ਨੇ ਭਾਰਤੀ ਅਧਿਕਾਰੀਆਂ ਨਾਲ ਗੱਲ ਕੀਤੀ ਅਤੇ ਪ੍ਰਧਾਨ ਮੰਤਰੀ ਨੇ ਵੀ ਇਹ ਮੁੱਦਾ ਚੁੱਕਿਆ ਹੈ।”
“ਮੈਂ ਇੱਕ ਹੋਰ ਗੱਲ ਸਪਸ਼ਟ ਕਰਨੀ ਚਾਹੁੰਦਾ ਹਾਂ ਕਿ ਇਸ ਬਾਰੇ ਸਬੂਤ ਪੁਲਿਸ ਕੋਲ ਹਨ ਅਤੇ ਪੁਲਿਸ ਹੀ ਅਗਲੀ ਕਾਰਵਾਈ ਬਾਰੇ ਫ਼ੈਸਲਾ ਲਵੇਗੀ।”
ਏਜੰਸੀਆਂ ਨਾਲ ਮਸ਼ਵਰੇ ਤੋਂ ਬਾਅਦ ਲਿਆ ਫ਼ੈਸਲਾ
ਭਾਰਤ ਵੱਲੋਂ ਜਾਂਚ ਵਿੱਚ ਸਹਿਯੋਗ ਬਾਰੇ ਸੱਜਣ ਨੇ ਕਿਹਾ, ‘‘ਮੈਂ ਤੁਹਾਨੂੰ ਇਹ ਭਰੋਸਾ ਦਿੰਦਾ ਹਾਂ ਕਿ ਪ੍ਰਧਾਨ ਮੰਤਰੀ ਵੱਲੋਂ ਇਸ ਗੱਲ ਨੂੰ ਜਨਤਕ ਕਰਨ ਦਾ ਫ਼ੈਸਲਾ ਸਬੰਧਿਤ ਏਜੰਸੀਆਂ ਨਾਲ ਮਸ਼ਵਰੇ ਤੋਂ ਬਾਅਦ ਹੀ ਲਿਆ ਗਿਆ ਸੀ।’’
“ਅਸੀਂ ਇਸ ਬਾਰੇ ਜਾਣਕਾਰੀ ਜਨਤਕ ਨਾ ਕਰਨ ਨੂੰ ਹੀ ਤਰਜੀਹ ਦਿੰਦੇ, ਪਰ ਕਿਉਂਕਿ ਇਸ ਬਾਰੇ ਖ਼ਬਰਾਂ ਬਾਹਰ ਆਉਣ ਵਾਲੀਆਂ ਸਨ, ਇਸ ਲਈ ਪ੍ਰਧਾਨ ਮੰਤਰੀ ਲਈ ਜਿੰਨੀ ਜਾਣਕਾਰੀ ਦਿੱਤੀ ਜਾ ਸਕਦੀ ਹੈ, ਉਸ ਨਾਲ ਇਸ ਨੂੰ ਸਪਸ਼ਟ ਕਰਨਾ ਜ਼ਰੂਰੀ ਸੀ।”
ਸੀਬੀਸੀ ਰੇਡੀਓ ਨਾਲ ਗੱਲਬਾਤ ਦੌਰਾਨ ਸੱਜਣ ਨੇ ਅੱਗੇ ਕਿਹਾ, “ਕੈਨੇਡਾ ਦੇ ਲੋਕਾਂ ਨੂੰ ਸਪਸ਼ਟ ਜਾਣਕਾਰੀ ਦੇਣਾ ਸਾਡੀ ਮੁੱਖ ਤਰਜੀਹ ਹੈ। ਕਿਸੇ ਵੀ ਜਾਣਕਾਰੀ ਨੂੰ ਕੈਨੇਡਾ ਦੇ ਲੋਕਾਂ ਵਿੱਚ ਪਾੜਾ ਪਾਉਣ ਤੋਂ ਰੋਕਣ ਲਈ ਕੈਨੇਡਾ ਦੇ ਲੋਕਾਂ ਦਾ ਭਰੋਸਾ ਜਿੱਤਣਾ ਜ਼ਰੂਰੀ ਸੀ, ਕਿਉਂਕਿ ਪਹਿਲਾਂ ਵੀ ਕਈ ਵਾਰ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਇਸ ਜਾਣਕਾਰੀ ਨੂੰ ਜਨਤਕ ਕਰਨ ਦਾ ਇੱਕ ਕਾਰਨ ਹੈ।”
ਹਰਦੀਪ ਸਿੰਘ ਨਿੱਝਰ ਦੀ ਸੁਰੱਖਿਆ ਬਾਰੇ ਸਵਾਲ ਦੇ ਜਵਾਬ ਵਿੱਚ ਸੱਜਣ ਨੇ ਕਿਹਾ, “ਪਹਿਲੀ ਗੱਲ ਇਨ੍ਹਾਂ ਸਵਾਲਾਂ ਦੇ ਜਵਾਬ ਆਰਸੀਐੱਮਪੀ (ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ) ਵੱਲੋਂ ਦਿੱਤੇ ਜਾਣੇ ਹਨ। ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਸਕਦਾ ਹਾਂ ਕਿ ਜਦੋਂ ਗੱਲ ਇਸ ਉੱਤੇ ਆਉਂਦੀ ਹੈ ਕਿ ਕੀ ਕੀਤਾ ਗਿਆ ਹੈ ਤਾਂ ਬਹੁਤ ਕੁਝ ਅਜਿਹਾ ਹੈ ਜੋ ਪਰਦੇ ਦੇ ਪਿੱਛੇ ਹੁੰਦਾ ਹੈ।’’
‘‘ਕੁਝ ਕੁ ਹਿੱਸੇ ਬਾਰੇ ਗੱਲ ਕੀਤੀ ਜਾ ਸਕਦੀ ਹੈ ਪਰ ਬਹੁਤੀਆਂ ਗੱਲਾਂ ਦੱਸੀਆਂ ਨਹੀਂ ਜਾ ਸਕਦੀਆਂ। ਇਹ ਗੱਲ ਮੈਂ ਪੂਰੇ ਯਕੀਨ ਨਾਲ ਕਹਿ ਸਕਦਾ ਹਾਂ ਕਿ ਜਦੋਂ ਵੀ ਇਸ ਬਾਰੇ ਯਕੀਨ ਕਰਨਯੋਗ ਜਾਣਕਾਰੀ ਹੋਵੇ ਕਿ ਕਿਸੇ ਨੂੰ ਖ਼ਤਰਾ ਹੈ ਸਾਡੀਆਂ ਖੂਫੀਆ ਏਜੰਸੀਆਂ ਅਤੇ ਪੁਲਿਸ ਏਜੰਸੀਆਂ ਤੁਰੰਤ ਕੰਮ ਕਰਦੀਆਂ ਹਨ।”
”ਇਸ ਵੇਲੇ ਕਿਉਂਕਿ ਜਾਂਚ ਅਜੇ ਚੱਲ ਰਹੀ ਹੈ, ਇਸ ਲਈ ਇਸ ਕੇਸ ਬਾਰੇ ਹੋਰ ਗੱਲ ਨਹੀਂ ਕਰ ਸਕਦੇ।”
ਮੀਡੀਆ ਕੋਲ ਜਾਣਕਾਰੀ ਹੋਣ ਦੀ ਗੱਲ ਬਾਰੇ ਵੀ ਖ਼ਦਸ਼ਾ
ਬੀਬੀਸੀ ਦੇ ਸੀਨੀਅਰ ਪੱਤਰਕਾਰ ਖੁਸ਼ਹਾਲ ਲਾਲੀ ਨਾਲ ਗੱਲ ਕਰਦਿਆਂ ਕੈਨੇਡਾ ਵਿੱਚ ਰਹਿੰਦੇ ਉੱਘੇ ਪੱਤਰਕਾਰ ਸ਼ਮੀਲ ਨੇ ਦੱਸਿਆ ਕਿ ਕੈਨੇਡਾ ਦੀ ਸਰਕਾਰ ਵੱਲੋਂ ਹਾਲ ਹੀ ਵਿੱਚ ਕੈਨੇਡਾ ਦੀਆਂ ਚੋਣਾਂ ਵਿੱਚ ਚੀਨ ਦੀ ਦਖ਼ਲਅੰਦਾਜ਼ੀ ਬਾਰੇ ਜਨਤਕ ਜਾਂਚ ਸ਼ੁਰੂ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਇਸ ਮਸਲੇ ਨੂੰ ਲੈ ਕੇ ਵੀ ਸਰਕਾਰ ਘਿਰੀ ਹੋਈ ਹੈ।
ਉਨ੍ਹਾਂ ਕਿਹਾ, ‘‘ਇਹ ਹੋ ਸਕਦਾ ਹੈ ਕਿ ਸਰਕਾਰ ਨੂੰ ਇਹ ਡਰ ਹੋਵੇ ਕਿ ਕੈਨੇਡਾ ਦੀ ਧਰਤੀ ਉੱਤੇ ਕਿਸੇ ਬਾਹਰੀ ਦੇਸ਼ ਵੱਲੋਂ ਕਤਲ ਸਬੰਧੀ ਕੋਈ ਜਾਣਕਾਰੀ ਇਸ ਤਰੀਕੇ ਮੀਡੀਆ ਰਾਹੀਂ ਸਾਹਮਣੇ ਆਵੇ ਤਾਂ ਸਰਕਾਰ ਲਈ ਵੱਡੀ ਮੁਸੀਬਤ ਬਣ ਸਕਦੀ ਹੈ।’’
ਉਨ੍ਹਾਂ ਇਹ ਵੀ ਕਿਹਾ ਕਿ ਹੋ ਸਕਦਾ ਹੈ ਕਿ ਸਰਕਾਰ ਕੋਲ ਇਹ ਜਾਣਕਾਰੀ ਪਹੁੰਚਣੀ ਕਿ ਇਹ ਗੱਲ ਮੀਡੀਆ ਰਾਹੀਂ ਸਾਹਮਣੇ ਆ ਸਕਦੀ ਹੈ, ਇਹ ਵੀ ਇੱਕ ਪਲਾਨ ਦਾ ਹਿੱਸਾ ਹੋਵੇ।
ਕੀ ਹੈ ਕੈਨੇਡਾ ਦੀਆਂ ਚੋਣਾਂ ਵਿੱਚ ਦਖ਼ਲਅੰਦਾਜ਼ੀ ਦਾ ਮਸਲਾ
ਇਹ ਜਾਣਕਾਰੀ ਗੁਪਤ ਖੂਫੀਆ ਜਾਣਕਾਰੀ ਉੱਤੇ ਆਧਾਰਿਤ ਹੈ, ਇਹ ਇਲਜ਼ਾਮ ਹਨ ਕਿ ਬੀਜਿੰਗ ਦੇ ਕੂਟਨੀਤਿਕਾਂ ਅਤੇ ਕੈਨੇਡਾ ਵਿਚਲੇ ਉਨ੍ਹਾਂ ਦੇ ਏਜੰਟਾਂ ਨੇ ਕੈਨੇਡਾ ਦੀਆਂ ਚੋਣਾਂ ਦੇ ਨਤੀਜੇ ਲਿਬਰਲ ਪਾਰਟੀ ਦੇ ਪੱਖ ਵਿੱਚ ਭੁਗਤਾਉਣ ਦੀ ਕੋਸ਼ਿਸ਼ ਕੀਤੀ।
ਗਲੋਬ ਐਂਡ ਮੇਲ ਅਖ਼ਬਾਰ ਅਤੇ ਗਲੋਬਲ ਨਿਊਜ਼ ਦੀਆਂ ਖ਼ਬਰਾਂ ਮੁਤਾਬਕ ਖੂਫੀਆ ਮਹਿਕਮਾ ਇਸ ਗੱਲ ਬਾਰੇ ਚਿੰਤਤ ਹੈ ਕਿ ਚੀਨ ਦੀ ਕਮਿਊਨਿਸਟ ਪਾਰਟੀ ਨੇ ਕੈਨੇਡਾ ਵਿਚਲੇ ਆਪਣੇ ਸਫਾਰਤਖਾਨਿਆਂ ਉੱਤੇ ਚੋਣਵੇਂ ਉਮੀਦਵਾਰਾਂ ਦੀ ਹਮਾਇਤ ਲਈ ਜ਼ੋਰ ਪਾ ਕੇ ਚੋਣਾਂ ਵਿੱਚ ਦਖਲ ਦਿੱਤਾ।
ਕੀ ਕਹਿ ਰਹੇ ਹਨ ਕੈਨੇਡਾ ਰਹਿੰਦੇ ਪੰਜਾਬੀ
ਬੀਬੀਸੀ ਨੇ ਕੈਨੇਡਾ ਦੇ ਬਰੈਮਪਟਨ ਅਤੇ ਮਿਸੀਸਾਗਾ ਵਿੱਚ ਕੁਝ ਲੋਕਾਂ ਨਾਲ ਗੱਲਬਾਤ ਕੀਤੀ ਹੈ।
ਕੈਨੇਡਾ ਵਿੱਚ ਪੜ੍ਹਨ ਲਈ ਗਏ ਵਿਦਿਆਰਥੀਆਂ ਸਮੇਤ ਕਈ ਲੋਕਾਂ ਨੇ ਇਸ ਬਾਰੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ, ਹਾਲਾਂਕਿ ਕੁਝ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਵੀਜ਼ੇ ਸਬੰਧੀ ਕੋਈ ਮੁਸ਼ਕਲ ਆ ਸਕਦੀ ਹੈ।
ਗੁਰਦੀਪ ਸਿੰਘ ਨੇ ਕਿਹਾ, “ਅਸੀਂ ਚਾਹੁੰਦੇ ਹਾਂ ਦੋਵਾਂ ਦੇਸ਼ਾਂ ਦਾ ਆਪਸ ਵਿੱਚ ਵਧੀਆ ਮਿਲਵਰਤਨ ਹੋਵੇ, ਦੋਵਾਂ ਨੂੰ ਇੱਕ ਦੂਜੇ ਦਾ ਸਹਿਯੋਗ ਦੇਣਾ ਚਾਹੀਦਾ ਹੈ, ਇਹ ਨਹੀਂ ਹੋਣਾ ਚਾਹੀਦਾ ਕਿ ਇੱਥੇ ਵੀ ਸਿੱਖਾਂ ਜਾਂ ਪੰਜਾਬੀਆਂ ਨਾਲ ਧੱਕਾ ਹੋਵੇ ਅਤੇ ਉੱਥੇ ਵੀ ਹੋਵੇ।”
ਇੱਕ ਹੋਰ ਨਾਗਰਿਕ ਨੇ ਕਿਹਾ, “ਅਸੀਂ ਦੋਵਾਂ ਪੱਖਾਂ ਦੀ ਗੱਲ ਸੁਣੀ ਹੈ ਪਰ ਇਸ ਬਾਰੇ ਕਿਸੇ ਨਤੀਜੇ ਉੱਤੇ ਨਹੀਂ ਪਹੁੰਚ ਸਕਦੇ। ਪਰ ਇਸ ਬਾਰੇ ਪੜਤਾਲ ਜ਼ਰੂਰ ਹੋਣੀ ਚਾਹੀਦੀ ਹੈ ਕਿ ਵਾਕਿਆ ਹੀ ਦੋਵਾਂ ਦੀ ਗੱਲ ਸਹੀ ਹੈ ਜਾਂ ਗਲਤ।”
ਆਸ਼ੀਸ਼ ਬੰਸਲ ਨੇ ਕਿਹਾ, “ਮੈਨੂੰ ਇੰਝ ਲੱਗਦਾ ਹੈ ਕਿ ਇਹ ਮਾਮਲਾ ਸਿਰਫ ਚੋਣਾਂ ਕਰਕੇ ਚੁੱਕਿਆ ਜਾ ਰਿਹਾ ਹੈ, ਰਾਜਨੀਤਿਕ ਲੋਕ ਵੋਟਾਂ ਲੈਣ ਲਈ ਰਾਜਨੀਤੀ ਕਰਦੇ ਹਨ। ਸਿੱਖ ਭਾਈਚਾਰੇ ਦੀਆਂ ਵੋਟਾਂ ਲੈਣ ਲਈ ਅਜਿਹਾ ਕੀਤਾ ਜਾ ਰਿਹਾ ਹੈ।”
“ਰਾਜਨੀਤਿਕ ਲੋਕ ਆਉਂਦੇ ਜਾਂਦੇ ਰਹਿੰਦੇ ਹਨ, ਸਾਡਾ ਆਪਸ ਵਿੱਚ ਵੈਰ ਨਹੀਂ ਹੋਣਾ ਚਾਹੀਦਾ, ਜਿਸ ਨਾਲ ਸਾਡਾ ਕੋਈ ਨੁਕਸਾਨ ਹੋਵੇ।”
ਕੈਨੇਡਾ ਰਹਿੰਦੇ ਇੱਕ ਹੋਰ ਨਾਗਰਿਕ ਨੇ ਕਿਹਾ, “ਅਸੀਂ ਇਹੀ ਕੈਨੇਡਾ ਸਰਕਾਰ ਨੂੰ ਕਹਿੰਦੇ ਹਾਂ ਕਿ ਜਿਹੜਾ ਸਿੱਖਾਂ ਨਾਲ ਧੱਕਾ ਹੋ ਰਿਹਾ ਹੈ, ਇਸ ਬਾਰੇ ਗੱਲਬਾਤ ਕਰਕੇ ਹੱਲ ਕਰਨਾ ਚਾਹੀਦਾ ਹੈ, ਇੰਡੀਆ ਵਿੱਚ ਵੀ ਸਿੱਖ ਇਸ ਤਰ੍ਹਾਂ ਮਾਰੇ ਗਏ ਅਤੇ ਬਾਹਰਲਿਆਂ ਮੁਲਕਾਂ ਵਿੱਚ ਵੀ ਮਾਰੇ ਜਾ ਰਹੇ ਹਨ, ਇਸ ਕਰਕੇ ਸਾਨੂੰ ਇਸ ਗੱਲ ਬਾਰੇ ਬਹੁਤ ਅਫ਼ਸੋਸ ਹੈ।”
ਸਕੀਨਾ ਲੇਖੀ ਨੇ ਕਿਹਾ ਕਿ ਇਹ ਸਾਰਾ ਕੁਝ ਰਾਜਨੀਤਿਕ ਪੱਧਰ ਉੱਤੇ ਚੱਲ ਰਿਹਾ ਹੈ ਅਤੇ ਆਮ ਲੋਕ ਬਹੁਤ ਆਰਾਮ ਨਾਲ ਰਹਿ ਰਹੇ ਹਨ ਅਤੇ ਇੱਥੇ ਸਾਰੇ ਸੁਰੱਖਿਅਤ ਹਨ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਹਰਦੀਪ ਸਿੰਘ ਨਿੱਝਰ : ਭਾਰਤ- ਕੈਨੇਡਾ ਦੇ ਕੂਟਨੀਤਿਕ ਸੰਕਟ ਤੋਂ ਪੱਛਮੀ ਮੁਲਕ ਕਿਉਂ ਘਬਰਾ ਕਰੇ ਹਨ
NEXT STORY