ਅਮਰੀਕਾ ਦਾ ਦਾਅਵਾ ਹੈ ਕਿ ਉਸ ਨੇ ਨਿਊਯਾਰਕ ਵਿੱਚ ਸਿੱਖ ਵੱਖਵਾਦੀ, ਇੱਕ ਅਮਰੀਕੀ ਨਾਗਰਿਕ ਦੇ ਕਤਲ ਦੀ ਕਥਿਤ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।
ਬੁੱਧਵਾਰ ਨੂੰ ਇਸ ਸੰਬੰਧ ਵਿੱਚ ਭਾਰਤੀ ਨਾਗਰਿਕ ਨਿਖਿਲ ਗੁਪਤਾ ''ਤੇ ਇਲਜ਼ਾਮ ਲਾਇਆ ਗਿਆ ਸੀ। ਇਲਜ਼ਾਮ ਵਿੱਚ ਕਿਹਾ ਗਿਆ ਕਿ ਨਿਖਿਲ ਗੁਪਤਾ ਨੇ ਕਿਸੇ ਭਾਰਤੀ ਅਧਿਕਾਰੀ ਦੇ ਇਸ਼ਾਰੇ ’ਤੇ ਅਜਿਹਾ ਕਰਨਾ ਸੀ।
ਉਸ ''ਤੇ ਸਾਜ਼ਿਸ਼ ਮੁਤਾਬਕ ਫਿਰੌਤੀ ਲੈਕੇ ਕਤਲ ਕਰਨ ਦੇ ਇਲਜ਼ਾਮ ਲਾਏ ਗਏ ਹਨ। ਸਰਕਾਰੀ ਵਕੀਲਾਂ ਨੇ ਕਿਹਾ ਕਿ ਸਾਜਿਸ਼ ਭਾਰਤ ਵਿੱਚ ਰਚੀ ਗਈ ਸੀ।
ਅਦਾਲਤ ਦੇ ਦਸਤਾਵੇਜ਼ਾਂ ਵਿੱਚ ਹਾਲਾਂਕਿ ਉਸ ਕਥਿਤ ਸਿੱਖ ਵੱਖਵਾਦੀ ਦਾ ਨਾਮ ਨਹੀਂ ਹੈ ਜਿਸ ਦਾ ਕਤਲ ਕੀਤਾ ਜਾਣਾ ਸੀ।
ਭਾਰਤ ਸਰਕਾਰ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਕਤਲ ਦੀ ਸਾਜਿਸ਼ ਦੇ ਸੰਬੰਧ ਵਿੱਚ ਅਮਰੀਕੀ ਸਰਕਾਰ ਵੱਲੋਂ ਦੱਸੇ ਗਏ ਖਦਸ਼ਿਆਂ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਦੋਸ਼ ਪੱਤਰ ਅਦਾਲਤ ਵਿੱਚ ਖੁੱਲ਼੍ਹਣ ਤੋਂ ਤੁਰੰਤ ਮਗਰੋਂ, ਵ੍ਹਾਈਟ ਹਾਊਸ ਨੇ ਕਿਹਾ ਕਿ ਸਭ ਤੋਂ ਸੀਨੀਅਰ ਪੱਧਰ ''ਤੇ ਭਾਰਤ ਸਰਕਾਰ ਕੋਲ ਇਹ ਮੁੱਦਾ ਉਠਾਇਆ ਹੈ। ਵ੍ਹਾਈਟ ਹਾਊਸ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਭਾਰਤੀ ਅਧਿਕਾਰੀਆਂ ਨੇ ਇਸ ’ਤੇ “ਹੈਰਾਨੀ ਅਤੇ ਚਿੰਤਾ” ਨਾਲ ਜਵਾਬ ਦਿੱਤਾ।
ਅਮਰੀਕੀ ਅਟਾਰਨੀ ਡੈਮਿਅਨ ਵਿਲੀਅਮਜ਼ ਨੇ ਕਿਹਾ, "ਮੁਲਜ਼ਮ ਨੇ ਭਾਰਤ ਤੋਂ, ਇੱਥੇ ਨਿਊਯਾਰਕ ਸ਼ਹਿਰ ਵਿੱਚ, ਭਾਰਤੀ ਮੂਲ ਦੇ ਇੱਕ ਅਮਰੀਕੀ ਨਾਗਰਿਕ ਦੇ ਕਤਲ ਦੀ ਸਾਜ਼ਿਸ਼ ਰਚੀ, ਜਿਸ ਨੇ ਖੁੱਲ੍ਹੇਆਮ ਸਿੱਖਾਂ ਲਈ ਇੱਕ ਪ੍ਰਭੂਸੱਤਾ ਸੰਪੰਨ ਰਾਜ ਕਾਇਮ ਕਰਨ ਦੀ ਵਕਾਲਤ ਕੀਤੀ ਹੈ।"
ਉਨ੍ਹਾਂ ਨੇ ਕਿਹਾ ਕਿ ਅਸੀਂ ਅਮਰੀਕਾ ਦੀ ਧਰਤੀ ''ਤੇ ਅਮਰੀਕੀ ਨਾਗਰਿਕਾਂ ਦੇ ਕਤਲ ਦੀਆਂ ਕੋਸ਼ਿਸ਼ਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ।
ਭਾਰਤ ਵਿੱਚ ਸਿੱਖ ਇੱਕ ਧਾਰਮਿਕ ਘੱਟ ਗਿਣਤੀ ਹਨ ਜੋ ਭਾਰਤ ਦੀ ਆਬਾਦੀ ਦਾ ਲਗਭਗ 2% ਹੀ ਹਨ। ਕੁਝ ਸਿੱਖ ਹਲਕਿਆਂ ਵੱਲੋਂ ਲੰਬੇ ਸਮੇਂ ਤੋਂ ਸਿੱਖਾਂ ਲਈ ਵੱਖਰੇ ਹੋਮਲੈਂਡ ਦੀ ਮੰਗ ਕੀਤੀ ਜਾਂਦੀ ਰਹੀ ਹੈ।
ਭਾਰਤ ਸਰਕਾਰ ਨੇ ਅਕਸਰ ਪੱਛਮੀ ਦੇਸਾਂ ਵਿੱਚ ਸਿੱਖ ਵੱਖਵਾਦੀਆਂ ਵੱਲੋਂ ਖਾਲਿਸਤਾਨ ਜਾਂ ਵੱਖਰੇ ਸਿੱਖ ਹੋਮਲੈਂਡ ਦੀ ਮੰਗ ''ਤੇ ਤਿੱਖੀ ਇਤਰਾਜ਼ ਜਾਹਰ ਕੀਤਾ ਹੈ।
ਇਹ ਸਟੋਰੀ ਅਜੇ ਵਿਕਸਿਤ ਹੋ ਰਹੀ ਹੈ, ਵੇੇਰਵੇ ਦੀ ਉਡੀਕ ਹੈ।
ਇਲਜ਼ਾਮ ਦੇ ਅਨੁਸਾਰ, ਨਿਖਿਲ ਨੂੰ ਮਈ ਵਿੱਚ ਕਤਲ ਦੀ ਇਸ ਕਥਿਤ ਸਾਜਿਸ਼ ਲਈ ਇੱਕ ਭਾਰਤੀ ਅਧਿਕਾਰੀ ਵੱਲੋਂ ਚੁਣਿਆ ਗਿਆ ਸੀ। ਉਸ ਤੋਂ ਪਹਿਲਾਂ ਉਹ ਕੌਮਾਂਤਰੀ ਪੱਧਰ ’ਤੇ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਿਲ ਸੀ।
ਇਲਜ਼ਾਮ ਹੈ ਕਿ ਅਧਿਕਾਰੀ ਨੇ ਨਿਖਿਲ ਨੂੰ ਸੰਭਾਵੀ ਕਤਲ ਦੀਆਂ ਯੋਜਨਾਵਾਂ ਬਾਰੇ ਅਮਰੀਕਾ ਵਿੱਚ ਇੱਕ ਸਹਿਯੋਗੀ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਸੀ। ਦੋਸ਼ ਪੱਤਰ ਵਿੱਚ ਕਿਹਾ ਗਿਆ ਹੈ ਕਿ ਗੁਪਤਾ, ਨੇ ਇੱਕ ਹਿੱਟਮੈਨ ਨੂੰ ਮਿਲਣਾ ਸੀ ਜਿਸ ਨੇ ਨਿਊਯਾਰਕ ਸ਼ਹਿਰ ਵਿੱਚ ਉਸ ਦੇ ਨਿਸ਼ਾਨੇ ਨੂੰ ਕਤਲ ਕਰਨਾ ਸੀ।
ਇਸ ਦੇ ਨਾਲ ਅਦਾਲਤੀ ਦਸਤਾਵੇਜ਼ਾਂ ਵਿੱਚ ਕਿਹਾ ਗਿਆ ਹੈ ਕਿ, ਸਰੋਤ ਨੇ ਨਿਖਿਲ ਦੀ ਮੁਲਾਕਾਤ ਇੱਕ ਗੁਪਤ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਨਾਲ ਕਰਵਾਈ ਜਿਸ ਨੇ ਕਿਹਾ ਕਿ ਉਹ ਇੱਕ ਲੱਖ ਅਮਰੀਕੀ ਡਾਲਰ ਬਦਲੇ ਇਹ ਕੰਮ ਦੇਵੇਗਾ।
ਦੋਸ਼ ਲਾਇਆ ਗਿਆ ਹੈ ਕਿ ਨਿਖਿਲ ਗੁਪਤਾ ਨੇ 9 ਜੂਨ ਨੂੰ ਇੱਕ ਸਹਿਯੋਗੀ ਰਾਹੀਂ $15,000 ਦਾ ਭੁਗਤਾਨ ਕੀਤਾ।
ਚੈੱਕ ਗਣਰਾਜ ਦੇ ਅਧਿਕਾਰੀਆਂ ਨੇ ਗੁਪਤਾ ਨੂੰ 30 ਜੂਨ ਅਮਰੀਕੀ ਪ੍ਰੌਸੀਕਿਊਟਰਾਂ ਵੱਲੋਂ ਮੁੱਢਲੇ ਇਲਜ਼ਾਮ ਜਾਰੀ ਕੀਤੇ ਜਾਣ ਮਗਰੋਂ ਗ੍ਰਿਫਤਾਰ ਕੀਤਾ ਸੀ। ਅਦਾਲਤ ਦੇ ਦਸਤਾਵੇਜ਼ਾਂ ਅਨੁਸਾਰ, ਉਸ ਨੂੰ ਅਜੇ ਵੀ ਅਮਰੀਕਾ ਦੀ ਬੇਨਤੀ ''ਤੇ ਨਜ਼ਰਬੰਦ ਕੀਤਾ ਗਿਆ ਹੈ।
ਹਾਲਾਂਕਿ ਦਸਤਾਵੇਜ਼ਾਂ ਵਿੱਚ ਕਥਿਤ ਕਤਲ ਦੀ ਸਾਜ਼ਿਸ਼ ਦੇ ਨਿਸ਼ਾਨੇ ਦਾ ਨਾਮ ਨਹੀਂ ਲਿਆ ਗਿਆ ਪਰ ਅਮਰੀਕੀ ਅਧਿਕਾਰੀਆਂ ਨੇ ਇਸ ਗੱਲ ''ਤੇ ਜ਼ੋਰ ਦਿੱਤਾ ਕਿ ਉਹ ਇੱਕ ਸਿੱਖ ਵੱਖਵਾਦੀ ਸਮੂਹ ਦਾ ਕੋਈ ਅਮਰੀਕੀ ਨੇਤਾ ਸੀ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਤੇਲੰਗਾਨਾ ਵਿਧਾਨ ਸਭਾ ਚੋਣਾਂ ’ਚ ਉਹ ਕਿਹੜੇ ਮੁੱਦੇ ਹਨ ਜਿਨ੍ਹਾਂ ਉੱਤੇ ਲੋਕ ਵੋਟ ਪਾਉਣਗੇ
NEXT STORY