ਅਨੀਤਾ ਦੱਸਦੇ ਹਨ ਕਿ ਕਈ ਕੋਸ਼ਿਸ਼ਾਂ ਦੇ ਬਾਅਦ ਵੀ ਹਾਲਾਤ ਨਹੀਂ ਸੁਧਰੇ ਅਤੇ ਉਨ੍ਹਾਂ ਦੇ ਪਤੀ ਦੀ ਸ਼ਰਾਬ ਦੀ ਆਦਤ ਵਧਦੀ ਗਈ, ਆਖਿਰ ਉਨ੍ਹਾਂ ਦੇ ਪਤੀ ਦੀ ਮੌਤ ਹੋ ਗਈ
ਬਚਪਨ ਵਿੱਚ ਦੂਰਦਰਸ਼ਨ ‘ਤੇ ਆਉਂਦੇ ਨਾਟਕਾਂ ਵਿੱਚ ਦਿਸਦਾ ਇੱਕ ਚਿਹਰਾ, ਕਦੇ ‘ਮੰਨਤ’, ਕਦੇ ‘ਲੈਜੈਂਡ ਆਫ ਭਗਤ ਸਿੰਘ’ ਵਰਗੀਆਂ ਫ਼ਿਲਮਾਂ ਵਿੱਚ ਦਿਸਿਆ।
2017-18 ਵਿੱਚ ਮੀਡੀਆ ਦੇ ਇੱਕ ਸਾਥੀ ਨੇ ਉਨ੍ਹਾਂ ਦੇ ਐਕਟਿੰਗ ਸਕੂਲ ਬਾਰੇ ਦੱਸਦਿਆਂ ਜ਼ਿਕਰ ਕੀਤਾ ਤਾਂ ਮੁੜ ਉਹ ਮਕਬੂਲ ਚਿਹਰਾ ਅੱਖਾਂ ਅੱਗੇ ਆ ਗਿਆ।
ਜਿਸ ਮਕਸਦ ਲਈ ਐਕਟਿੰਗ ਸਕੂਲ ਬਾਰੇ ਪਤਾ ਕਰ ਰਹੀ ਸੀ, ਉਸ ਲਈ ਤਾਂ ਉੱਥੇ ਜਾਣ ਦਾ ਮੌਕਾ ਨਹੀਂ ਮਿਲਿਆ, ਪਰ ਉਸ ਤੋਂ ਬਾਅਦ ਉਨ੍ਹਾਂ ਦੇ ਇੱਕ ਨਾਟਕ ਬਾਰੇ ਖ਼ਬਰ ਕਰਨ ਲਈ ਉੱਥੇ ਗਈ।
ਅਨੀਤਾ ਨਾਲ ਉਦੋਂ ਪਹਿਲੀ ਵਾਰ ਮੁਲਾਕਾਤ ਹੋਈ, ਉਨ੍ਹਾਂ ਵਿੱਚ ਬੱਚਿਆਂ ਨੂੰ ਐਕਟਿੰਗ ਦੇ ਗੁਰ ਸਿਖਾਉਣ ਲਈ ਕਮਾਲ ਦੀ ਸ਼ਿੱਦਤ ਦੇਖੀ।
ਕਈ ਵਾਰ ਇੰਟਰਵਿਊ ਦਾ ਪਲਾਨ ਬਣਿਆ, ਪਰ ਕਿਸੇ ਕਾਰਨ ਨੇਪਰੇ ਨਾ ਚੜ੍ਹਿਆ ਅਤੇ ਹੁਣ ਜ਼ਿੰਦਗੀਨਾਮਾ ਪ੍ਰੋਗਰਾਮ ਲਈ ਉਨ੍ਹਾਂ ਨਾਲ ਰੂਬਰੂ ਹੋਏ।
ਅਨੀਤਾ ਸ਼ਬਦੀਸ਼ ਉਨ੍ਹਾਂ ਕਲਾਕਾਰਾਂ ਵਿੱਚੋਂ ਹਨ, ਜੋ ਥੀਏਟਰ (ਰੰਗ-ਮੰਚ) ਕਰਦਿਆਂ ਟੀਵੀ ਅਤੇ ਫ਼ਿਲਮਾਂ ਦੀ ਦੁਨੀਆਂ ਵਿੱਚ ਆਏ।
ਕਮਾਲ ਦੀ ਗੱਲ ਇਹ ਹੈ ਕਿ ਟੀਵੀ ਅਤੇ ਫ਼ਿਲਮਾਂ ਵਿੱਚ ਪਛਾਣ ਬਣਾਉਣ ਦੇ ਬਾਵਜੂਦ ਵੀ, ਉਨ੍ਹਾਂ ਨੇ ਹਮੇਸ਼ਾ ਰੰਗ-ਮੰਚ ਨੂੰ ਕਮਰਸ਼ੀਅਲ ਸਿਨੇਮਾ ਤੋਂ ਵੱਧ ਤਰਜੀਹ ਦਿੱਤੀ ਹੈ।
ਥੀਏਟਰ ਨੇ ਉਨ੍ਹਾਂ ਨੂੰ ਨਿੱਜੀ ਜ਼ਿੰਦਗੀ ਵਿੱਚ ਆਈਆਂ ਤਕਲੀਫ਼ਾਂ ਨਾਲ ਲੜਨ ਲਈ ਹਿੰਮਤ ਦਿੱਤੀ ਅਤੇ ਉਨ੍ਹਾਂ ਨੇ ਥੀਏਟਰ ਤੋਂ ਮਿਲਿਆ ਨਵਾਂ ਜਨਮ, ਥੀਏਟਰ ਦੇ ਲੇਖੇ ਲਗਾ ਦਿੱਤਾ।
ਅਨੀਤਾ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਗੁਰੂਹਰਸਹਾਏ ਦੇ ਜੰਮ-ਪਲ ਹਨ। ਉਨ੍ਹਾਂ ਦੇ ਪਿਤਾ ਧਰਮਪਾਲ ਉਪਾਸ਼ਕ ਕਵੀ ਹਨ ਅਤੇ ਉਨ੍ਹਾਂ ਦੇ ਮਾਤਾ ਦਾ ਨਾਮ ਸੀਤਾ ਦੇਵੀ ਹੈ।
ਅਨੀਤਾ ਦੱਸਦੇ ਹਨ ਕਿ ਬਚਪਨ ਤੋਂ ਹੀ ਉਨ੍ਹਾਂ ਨੂੰ ਕਲਾ ਨਾਲ ਜੁੜਨ ਵਾਲਾ ਮਾਹੌਲ ਮਿਲਿਆ ਹੈ। ਹੁਣ ਉਹ 53 ਸਾਲ ਦੇ ਹਨ ਅਤੇ ਆਪਣੇ ਪਤੀ ਸ਼ਬਦੀਸ਼ ਨਾਲ ਮੁਹਾਲੀ ਵਿੱਚ ਰਹਿੰਦੇ ਹਨ।
ਅਨੀਤਾ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਗੁਰੂਹਰਸਹਾਏ ਦੇ ਜੰਮ-ਪਲ ਹਨ
ਛੋਟੀ ਉਮਰ ਵਿੱਚ ਵਿਆਹ, ਅਣ-ਸੁਖਾਵਾਂ ਰਿਸ਼ਤਾ ਅਤੇ ਪਤੀ ਦੀ ਮੌਤ
ਅਨੀਤਾ ਸ਼ਬਦੀਸ਼ ਨੇ ਦੱਸਿਆ ਕਿ 19 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਵਿਆਹ ਹੋ ਗਿਆ ਸੀ। ਪਰ ਉਨ੍ਹਾਂ ਦੇ ਪਤੀ ਨੂੰ ਸ਼ਰਾਬ ਪੀਣ ਦੀ ਆਦਤ ਸੀ, ਇਸ ਲਈ ਉਨ੍ਹਾਂ ਵਿਚਕਾਰ ਰਿਸ਼ਤਾ ਸੁਖਾਵਾਂ ਨਹੀਂ ਰਹਿ ਸਕਿਆ।
ਅਨੀਤਾ ਕਹਿੰਦੇ ਹਨ, “ਛੋਟੀ ਉਮਰ ਵਿੱਚ ਵਿਆਹ ਕਰਵਾਉਣ ਦੀ ਕੋਈ ਮਜਬੂਰੀ ਨਹੀਂ ਸੀ। ਮੈਂ ਇਸ ਲਈ ਆਪਣੇ ਮਾਪਿਆ ਨੂੰ ਵੀ ਦੋਸ਼ ਨਹੀਂ ਦਿੰਦੀ। ਮੇਰੀ ਉਮਰ ਛੋਟੀ ਹੋਣ ਕਰਕੇ ਉਨ੍ਹਾਂ ਨੇ ਇੱਕ ਵਾਰ ਰਿਸ਼ਤੇ ਨੂੰ ਨਾਂਹ ਵੀ ਕੀਤੀ, ਪਰ ਉਨ੍ਹਾਂ ਨੂੰ ਰਿਸ਼ਤਾ ਚੰਗਾ ਲੱਗਿਆ, ਇਸ ਲਈ ਵਿਆਹ ਹੋ ਗਿਆ।”
ਉਹ ਕਹਿੰਦੇ ਹਨ ਕਿ ਪਤੀ ਨੂੰ ਸ਼ਰਾਬ ਦੀ ਆਦਤ ਹੋਣ ਕਾਰਨ ਉਨ੍ਹਾਂ ਨੂੰ ਛੋਟੀ ਉਮਰ ਵਿੱਚ ਹੀ ਅਜਿਹਾ ਮਾਹੌਲ ਦੇਖਣਾ ਪਿਆ ਜੋ ਉਨ੍ਹਾਂ ਲਈ ਬਹੁਤ ਨਵਾਂ ਸੀ। ਅਨੀਤਾ ਨੇ ਦੱਸਿਆ ਕਿ ਉਹ ਇਹੀ ਸੋਚਦੇ ਰਹਿੰਦੇ ਸੀ ਕਿ ਕਿਵੇਂ ਪਤੀ ਦੀ ਜ਼ਿੰਦਗੀ ਵਿੱਚ ਬਦਲਾਅ ਲਿਆਉਣ ਤਾਂ ਕਿ ਸੋਹਣੀ ਜ਼ਿੰਦਗੀ ਲੰਘੇ।
ਅਨੀਤਾ ਕਹਿੰਦੇ ਹਨ, “ਰਿਸ਼ਤੇ ਵੇਲੇ ਗੱਲ ਹੋਈ ਸੀ ਕਿ ਸਾਡੇ ਘਰ ਦੀ ਗੱਲ ਬਾਹਰ ਨਾ ਜਾਵੇ, ਜੋ ਕਿ ਮੇਰੇ ਦਿਮਾਗ਼ ਵਿੱਚ ਬਹਿ ਗਈ ਅਤੇ ਮੈਂ ਕੀ ਸਹਿ ਰਹੀ ਹਾਂ ਇਸ ਬਾਰੇ ਕਿਸੇ ਨੂੰ ਨਹੀਂ ਦੱਸਿਆ।''''
''''ਜਦੋਂ ਗੱਲ ਮੇਰੇ ਵੱਸੋਂ ਬਾਹਰ ਹੋਣ ਲੱਗੀ ਤਾਂ ਅਸੀਂ ਸੰਗਰੂਰ ਤੋਂ ਮੋਹਾਲੀ ਸ਼ਿਫਟ ਹੋਣ ਦਾ ਫ਼ੈਸਲਾ ਲਿਆ ਤਾਂ ਕਿ ਉਨ੍ਹਾਂ ਨੂੰ ਉਸ ਮਾਹੌਲ ਵਿੱਚੋਂ ਕੱਢ ਸਕਾਂ। ਉਦੋਂ ਮੈਂ ਇੱਥੇ ਆ ਕੇ ਸੰਤ ਈਸ਼ਰ ਸਿੰਘ ਸਕੂਲ ਵਿੱਚ ਨੌਕਰੀ ਵੀ ਕੀਤੀ“
ਅਨੀਤਾ ਦੱਸਦੇ ਹਨ ਕਿ ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਹਾਲਾਤ ਨਹੀਂ ਸੁਧਰੇ ਅਤੇ ਉਨ੍ਹਾਂ ਦੇ ਪਤੀ ਦੀ ਸ਼ਰਾਬ ਦੀ ਆਦਤ ਵਧਦੀ ਗਈ, ਆਖਰ ਉਨ੍ਹਾਂ ਦੇ ਪਤੀ ਦੀ ਮੌਤ ਹੋ ਗਈ।
ਅਨੀਤਾ ਨੇ ਕਿਹਾ, “ਮੈਨੂੰ ਲਗਦਾ ਸੀ ਕਿ ਜ਼ਿੰਦਗੀ ਚਿੱਟੀ ਚਾਦਰ ਵਿੱਚ ਲਪੇਟੀ ਜਾ ਚੁੱਕੀ ਹੈ ਅਤੇ ਮੈਨੂੰ ਲਗਦਾ ਸੀ ਕਿ ਸ਼ਾਇਦ ਜ਼ਿੰਦਗੀ ਖਤਮ ਹੋ ਚੁੱਕੀ ਹੈ।“
ਰੰਗ-ਮੰਚ ਨੇ ਕਿਵੇਂ ਦਿੱਤਾ ‘ਨਵਾਂ ਜਨਮ’
ਅਨੀਤਾ ਸ਼ਬਦੀਸ਼ ਪਿਛਲੇ ਵੀਹ ਸਾਲਾਂ ਤੋਂ ਗੁਰਸ਼ਰਨ ਸਿੰਘ ਦੇ ਨਾਮ ‘ਤੇ ਹਰ ਸਾਲ ਥੀਏਟਰ ਫੈਸਟੀਵਲ ਕਰਵਾਉਂਦੇ ਹਨ
ਛੋਟੀ ਉਮਰ ਵਿੱਚ ਵਿਧਵਾ ਹੋ ਜਾਣ ਤੋਂ ਬਾਅਦ ਅਨੀਤਾ ਨੇ ਜ਼ਿੰਦਗੀ ਨੂੰ ਕਿਵੇਂ ਅੱਗੇ ਤੋਰਿਆ ਅਤੇ ਕਿਵੇਂ ਆਪਣੀ ਪਛਾਣ ਬਣਾਈ, ਉਨ੍ਹਾਂ ਦੀ ਕਹਾਣੀ ਪ੍ਰੇਰਣਾ ਦੇਣ ਵਾਲੀ ਹੈ।
ਅਨੀਤਾ ਦੇ ਪਿਤਾ ਧਰਮਪਾਲ ਉਪਾਸ਼ਕ ਬਚਪਨ ਤੋਂ ਹੀ ਉਨ੍ਹਾਂ ਨੂੰ ਨਾਟਕ ਦਿਖਾਉਣ ਲਿਜਾਇਆ ਕਰਦੇ ਸੀ, ਇਸ ਲਈ ਉਹ ਚਿਣਗ ਅਨੀਤਾ ਅੰਦਰ ਮੌਜੂਦ ਸੀ।
ਅਨੀਤਾ ਕਹਿੰਦੇ ਹਨ, ”ਮੈਨੂੰ ਇਹ ਲਗਦਾ ਹੁੰਦਾ ਸੀ ਕਿ ਡੈਡੀ ਜਿਸ ਤਰ੍ਹਾ ਸਾਨੂੰ ਪੜ੍ਹਾਉਂਦੇ ਰਹੇ, ਨਾਟਕ ਦਿਖਾਉਂਦੇ ਰਹੇ, ਜਿਸ ਤਰੀਕੇ ਨਾਲ ਉਨ੍ਹਾਂ ਨੇ ਸਾਨੂੰ ਪਾਲਿਆ ਪੋਸਿਆ, ਐਨਾਂ ਕੁਝ ਹੋਣ ਤੋਂ ਬਾਅਦ ਵੀ ਮੈਨੂੰ ਆਪਣਾ ਆਪ ਉਨ੍ਹਾਂ ਲਈ ਸਾਬਿਤ ਕਰਨਾ ਪੈਣਾ ਕਿ ਜੋ ਤੁਸੀਂ ਕੀਤਾ ਉਹ ਗਲਤ ਨਹੀਂ ਕੀਤਾ।’’
ਸਾਰੇ ਕਹਿੰਦੇ ਹਨ ਕਿ ਵਿਆਹ ਨਹੀਂ ਕਰਨਾ ਚਾਹੀਦਾ ਸੀ, ਪਰ ਉਨ੍ਹਾਂ ਨੇ ਬਿਹਤਰੀ ਲਈ ਕੀਤਾ ਸੀ।
ਅਨੀਤਾ ਦੱਸਦੇ ਹਨ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਸੋਚ ਲਿਆ ਕਿ ਉਹ ਨਾਟਕ ਨੂੰ ਆਪਣੀ ਜ਼ਿੰਦਗੀ ਬਣਾ ਲੈਣਗੇ।
ਫਿਰ ਆਪਣੇ ਪਿਤਾ ਦੇ ਜ਼ਰੀਏ ਹੀ ਅਨੀਤਾ ਦੀ ਮੁਲਾਕਾਤ ਪੰਜਾਬ ਦੇ ਨਾਮੀਂ ਨਾਟਕਕਾਰ ਗੁਰਸ਼ਰਨ ਸਿੰਘ ਦੇ ਨਾਲ ਹੋਈ। ਅਨੀਤਾ ਦੱਸਦੇ ਹਨ ਕਿ ਇਹ ਮਈ, 1993 ਦੀ ਗੱਲ ਹੈ।
“ਡੈਡੀ ਨੇ ਗੁਰਸ਼ਰਨ ਭਾਜੀ ਨੂੰ ਬੇਨਤੀ ਕੀਤੀ ਕਿ ਮੇਰੀ ਬੇਟੀ ਨੂੰ ਆਪਣੇ ਰੰਗ ਮੰਚ ਨਾਲ ਜੋੜਨ। ਭਾਜੀ ਦੀ ਟੀਮ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਪੇਸ਼ਕਾਰੀ ਲਈ ਨਾਟਕ ‘ਨਵਾਂ ਜਨਮ’ ਦੀ ਤਿਆਰੀ ਕਰ ਰਹੀ ਸੀ, ਭਾਜੀ ਨੇ ਮੈਨੂੰ ਵੀ ਨਾਲ ਲੈ ਲਿਆ ਅਤੇ ਮੈਂ ਭਾਜੀ ਨਾਲ ਉਹ ਪਹਿਲਾ ਨਾਟਕ ਪੇਸ਼ ਕੀਤਾ।''''
''''ਉਸ ਨਾਟਕ ਦਾ ਪਹਿਲਾ ਸ਼ੋਅ ਕਰਨ ਤੋਂ ਬਾਅਦ ਹੀ ਮੈਨੂੰ ਮਹਿਸੂਸ ਹੋਇਆ ਕਿ ਮੇਰਾ ਨਵਾਂ ਜਨਮ ਹੋ ਗਿਆ ਹੈ, ਹੁਣ ਮੈਂ ਪਿੱਛੇ ਮੁੜ ਕੇ ਨਹੀਂ ਦੇਖਣਾ। ”
ਛੋਟੀ ਉਮਰ ਵਿੱਚ ਵਿਧਵਾ ਹੋ ਗਈ ਔਰਤ, ਜੋ ਆਪਣੀ ਖੁਸ਼ੀ ਅਤੇ ਜ਼ਿੰਦਗੀ ਦਾ ਮਕਸਦ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ, ਉਸ ਲਈ ਸਮਾਜ ਦਾ ਰਵੱਈਆ ਉਸ ਦੌਰ ਵਿੱਚ ਕਿੰਨਾ ਕੁ ਹਾਂ-ਪੱਖੀ ਰਿਹਾ?
ਅਨੀਤਾ ਕਹਿੰਦੇ ਹਨ ਜਦੋਂ ਉਹ ਰੰਗ-ਮੰਚ ਨਾਲ ਜੁੜ ਗਏ ਤਾਂ ਉਸ ਵੇਲੇ ਕੁਝ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਅਤੇ ਰਵੱਈਆ ਉਨ੍ਹਾਂ ਨੂੰ ਬਹੁਤ ਤਕਲੀਫ਼ ਦਿੰਦਾ ਸੀ।
ਉਨ੍ਹਾਂ ਨੇ ਦੱਸਿਆ, “ਪਹਿਲਾਂ ਤਾਂ ਰਿਸ਼ਤੇਦਾਰ ਮੇਰੇ ਮਾਪਿਆਂ ਨੂੰ ਕਹਿੰਦੇ ਸੀ ਕਿ ਇਸ ਨੂੰ ਦੁੱਖ ਵਿੱਚੋਂ ਕੱਢਿਆ ਜਾਵੇ, ਪਰ ਜਦੋਂ ਮੈਂ ਲਗਾਤਾਰ ਰੰਗ-ਮੰਚ ਕਰਨ ਲੱਗ ਗਈ ਤਾਂ ਕਹਿਣ ਲੱਗੇ ਕਿ ਹੁਣ ਇਸ ਦੇ ਨਾਟਕ ਬੰਦ ਕਰਵਾ ਕੇ ਘਰੇ ਬਿਠਾਓ ਜਾਂ ਵਿਆਹ ਕਰਵਾ ਕੇ ਤੋਰੋ। ਪਰ ਮੇਰੇ ਪਿਤਾ ਕਹਿੰਦੇ ਸੀ ਕਿ ਮੇਰੀ ਬੇਟੀ ‘ਤੇ ਮੈਨੂੰ ਯਕੀਨ ਹੈ, ਜੋ ਕਰ ਰਹੀ ਹੈ ਉਸ ਨੂੰ ਕਰਨ ਦਿਓ।”
ਅਨੀਤਾ ਕਹਿੰਦੇ ਹਨ ਕਿ ਉਨ੍ਹਾਂ ਦੇ ਪਿਤਾ, ਉਸ ਵੇਲੇ ਰਿਸ਼ਤੇਦਾਰਾਂ ਦੇ ਦਬਾਅ ਜਾਂ ਸਮਾਜ ਦੀ ਸੋਚ ਦੇ ਦਬਾਅ ਵਿੱਚ ਨਹੀਂ ਆਏ, ਬਲਕਿ ਉਨ੍ਹਾਂ ਨੂੰ ਰੰਗ ਮੰਚ ਨਾਲ ਜੁੜੇ ਰਹਿਣ ਦਿੱਤਾ।
ਜਲੰਧਰ ਦੂਰਦਰਸ਼ਨ ‘ਤੇ ਕਿਵੇਂ ਮਿਲਿਆ ਮੌਕਾ?
ਅਨੀਤਾ ਕਹਿੰਦੇ ਹਨ, “ਨਾਟਕ ਕਰਦਿਆਂ-ਕਰਦਿਆਂ ਹੀ ਮੈਨੂੰ ਦੂਰਦਰਸ਼ਨ ਨੇ ਆਪ ਅਵਾਜ਼ ਮਾਰੀ ਸੀ।”
ਅਨੀਤਾ ਸ਼ਬਦੀਸ਼ ਨੇ ਜਲੰਧਰ ਦੂਰਦਰਸ਼ਨ ਜ਼ਰੀਏ ਲੋਕਾਂ ਵਿੱਚ ਆਪਣੀ ਪਛਾਣ ਬਣਾਈ।
ਉਨ੍ਹਾਂ ਦੀ ਪਹਿਲੀ ਕਹਾਣੀ ‘ਸਫੇਦ ਫੁੱਲ ਤੇ ਸ਼ਬਨਮ’ ਸੀ। ਅਨੀਤਾ ਬਲਾਚੌਰ ਖੇਤਰ ਵਿੱਚ ਪਾਲੀ ਭੁਪਿੰਦਰ ਹੁਰਾਂ ਦਾ ਨਾਟਕ ‘ਉਸ ਨੂੰ ਕਹੀਂ’ ਕਰਨ ਗਏ ਸਨ, ਜਿੱਥੇ ਮੁਕਾਬਲੇ ਵਿੱਚ ਅਨੀਤਾ ਨੂੰ ਬੈਸਟ ਐਕਟ੍ਰੈਸ ਦਾ ਐਵਾਰਡ ਮਿਲਿਆ।
ਅਨੀਤਾ ਨੇ ਦੱਸਿਆ, “ਉਸ ਮੁਕਾਬਲੇ ਦੀ ਜੱਜਮੈਂਟ ਲਈ ਜੋ ਦੂਰਦਰਸ਼ਨ ਤੋਂ ਆਏ ਹੋਏ ਸੀ, ਉਨ੍ਹਾਂ ਨੇ ਕਿਹਾ ਕਿ ਤੁਸੀਂ ਚੰਗੇ ਕਲਾਕਾਰ ਹੋ, ਦੂਰਦਰਸ਼ਨ ਕਿਉਂ ਨਹੀਂ ਆਉਂਦੇ? ਮੈਂ ਕਿਹਾ ਮੈਨੂੰ ਪਤਾ ਹੀ ਨਹੀਂ ਕਿ ਕਿਵੇਂ ਆਈਦਾ ਹੈ। ਉਹ ਨੰਬਰ ਲੈ ਗਏ ਕਿ ਜੇ ਕੋਈ ਪ੍ਰੋਜੈਕਟ ਹੋਏਗਾ ਤਾਂ ਸੱਦਣਗੇ।”
ਫਿਰ ਅਨੀਤਾ ਨੂੰ ਦੂਰਦਰਸ਼ਨ ‘ਤੇ ਆਪਣੇ ਪਹਿਲੇ ਹੀ ਪ੍ਰੋਜੈਕਟ ਲਈ ਜਸਵੰਤ ਦੀਦ ਨਾਲ ਕੰਮ ਕਰਨ ਦਾ ਮੌਕਾ ਮਿਲਿਆ।
ਅਨੀਤਾ ਕਹਿੰਦੇ ਹਨ, “ਨਾਟਕ ਕਰਦਿਆਂ-ਕਰਦਿਆਂ ਹੀ ਮੈਨੂੰ ਦੂਰਦਰਸ਼ਨ ਨੇ ਆਪ ਅਵਾਜ਼ ਮਾਰੀ ਸੀ।”
ਅਨੀਤਾ ਸ਼ਬਦੀਸ਼ ਦੂਰਦਰਸ਼ਨ ‘ਤੇ ਪ੍ਰਸਾਰਿਤ ਹੋਏ ਨਾਟਕਾਂ ਤੋਂ ਆਮ ਲੋਕਾਂ ਵਿੱਚ ਮਸ਼ਹੂਰ ਹੋਏ ਸਨ।
ਉਹ ਗੁਰਪ੍ਰੀਤ ਘੁੱਗੀ ਹੁਰਾਂ ਨਾਲ ‘ਪਾਰੋ ਦੀ ਮੁਸਕਾਨ’ ਸਮੇਤ ਕਈ ਹੋਰ ਸੀਰੀਅਲ ਕਰ ਚੁੱਕੇ ਸਨ, ਪਰ ‘ਭਾਗਾਂ ਵਾਲੀਏ’ ਨਾਟਕ ਤੋਂ ਉਹ ਬਹੁਤ ਮਕਬੂਲ ਹੋਏ, ਜਦੋਂ ਸੀਰੀਅਲ ਵਿੱਚ ਉਨ੍ਹਾਂ ਦੀ ਐਂਟਰੀ ਹੁੰਦੀ ਸੀ ਤਾਂ ਅਵਾਜ਼ ਚੱਲਦੀ ਸੀ, “ਆ ਗਈ ਨਿਰੰਜਨ ਕੌਰ”।
ਇਸ ਸੀਰੀਅਲ ਵਿੱਚ ਉਨ੍ਹਾਂ ਦਾ ਨੈਗੇਟਿਵ ਕਿਰਦਾਰ ਸੀ।
ਜਦੋਂ ਉਨ੍ਹਾਂ ਦੀ ਪਛਾਣ ਬਣਨੀ ਸ਼ੁਰੂ ਹੋਈ, ਅਨੀਤਾ ਨੇ ਉਸ ਵੇਲੇ ਦਾ ਇੱਕ ਕਿੱਸਾ ਸੁਣਾਇਆ, “ਅਸੀਂ ਜਲਾਲਾਬਾਦ ਵਾਲੇ ਪਾਸੇ ਸ਼ੋਅ ਕਰਨ ਗਏ ਸੀ ਤਾਂ ਇੱਕ ਬਜ਼ੁਰਗ ਨੇ ਕਿਹਾ ਕਿ ਬੇਟਾ ਇਹੋ ਜਿਹੇ ਰੋਲ ਨਾ ਕਰਿਆ ਕਰ।''''
''''ਕਹਿੰਦੇ ਜਦੋਂ ਤੂੰ ਸ਼ਾਮ ਨੂੰ ਟੀਵੀ ’ਤੇ ਆਉਂਦੀ ਹੈ ਨਾ ਗੁੱਤ ਬੜ੍ਹਕਾਉਂਦੀ, ਸਾਰੀਆਂ ਬੀਬੀਆਂ ਤੈਨੂੰ ਗਾਲ੍ਹਾਂ ਕੱਢਦੀਆਂ ਹਨ। ਕਹਿੰਦੀਆਂ ਨੇ ਆ ਗਈ ਟੁੱਟ ਪੈਣੀ, ਹੁਣ ਇਹ ਕਰੂਗੀ ਕੋਈ ਕਾਰਾ। ਮੈਨੂੰ ਉਸ ਵੇਲੇ ਲੱਗਿਆ ਕਿ ਮੇਰਾ ਕਿਰਦਾਰ ਸਫਲ ਹੋ ਰਿਹੈ ਜੇ ਉਹ ਮੈਨੂੰ ਗਾਲ੍ਹਾਂ ਕੱਢ ਰਹੇ ਨੇ ਤਾਂ।”
ਟੀਵੀ ਵਿੱਚ ਕੰਮ ਕਰਦਿਆਂ ਉਨ੍ਹਾਂ ਨੂੰ ਫ਼ਿਲਮਾਂ ਵਿੱਚ ਮੌਕਾ ਮਿਲਿਆ। ਉਨ੍ਹਾਂ ਦੀ ਪਹਿਲੀ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਮੰਨਤ’ ਅਤੇ ਪਹਿਲੀ ਹਿੰਦੀ ਫ਼ਿਲਮ ‘ਦ ਲੈਜੇਂਡ ਆਫ ਭਗਤ ਸਿੰਘ’ ਹਨ।
ਅਨੀਤਾ ਨਾਲ ਸ਼ਬਦੀਸ਼ ਕਿਵੇਂ ਜੁੜਿਆ ?
ਪਤੀ ਸ਼ਬਦੀਸ਼ ਨਾਲ ਅਨੀਤਾ
ਅਨੀਤਾ ਕਹਿੰਦੇ ਹਨ ਕਿ ਪਹਿਲੇ ਪਤੀ ਦੀ ਮੌਤ ਤੋਂ ਬਾਅਦ ਉਹ ਕਦੇ ਵੀ ਵਿਆਹ ਨਹੀਂ ਸੀ ਕਰਵਾਉਣਾ ਚਾਹੁੰਦੇ।
ਉਹ ਕਹਿੰਦੇ ਹਨ ਕਿ ਉਹ ਦੁਬਾਰਾ ਉਸ ਤਰ੍ਹਾਂ ਦੇ ਹਾਲਾਤ ਨਹੀਂ ਦੇਖਣਾ ਚਾਹੁੰਦੇ ਸਨ, ਜੋ ਪਹਿਲੇ ਵਿਆਹ ਤੋਂ ਬਾਅਦ ਦੀ ਜ਼ਿੰਦਗੀ ਵਿੱਚ ਦੇਖੇ।
ਫਿਰ ਗੁਰਸ਼ਰਨ ਸਿੰਘ ਨੇ ਹੀ ਉਨ੍ਹਾਂ ਨੂੰ ਸ਼ਬਦੀਸ਼ ਨਾਲ ਵਿਆਹ ਕਰਵਾਉਣ ਲਈ ਵਿਚਾਰ ਕਰਨ ਨੂੰ ਕਿਹਾ ਸੀ।
ਅਨੀਤਾ ਨੇ ਦੱਸਿਆ, “ਅਸੀਂ ਜਲੰਧਰ ਦੇਸ਼ ਭਗਤ ਹਾਲ ਵਿੱਚ ਟੀਮ ਲੈ ਕੇ ਗਏ ਸੀ, ਸ਼ਬਦੀਸ਼ ਵੀ ਉੱਥੇ ਸਨ। ਗੁਰਸ਼ਰਨ ਭਾਜੀ ਮੈਨੂੰ ਟੀਮ ਨਾਲ ਉੱਥੇ ਛੱਡ ਕੇ ਆਪਣੇ ਕਿਸੇ ਕੰਮ ਚਲੇ ਗਏ। ਮੈਨੂੰ ਕਹਿੰਦੇ ਤੁਸੀਂ ਆਪਸ ਵਿੱਚ ਦੋਹੇਂ ਜਣੇ ਗੱਲ ਕਰ ਲਿਓ, ਮੈਨੂੰ ਫਿਰ ਖਿਝ ਚੜ੍ਹ ਗਈ ਵੀ ਮੈਂ ਕੀ ਗੱਲ ਕਰਨੀ ਹੈ, ਮੈਂ ਤਾਂ ਨਾਂਹ ਕਰ ਚੁੱਕੀ ਹਾਂ।''''
''''ਸ਼ਬਦੀਸ਼ ਮੈਨੂੰ ਪਹਿਲਾਂ ਪੁੱਛ ਚੁੱਕੇ ਸੀ ਅਤੇ ਮੈਂ ਕਿਹਾ ਸੀ ਕਿ ਮੈਂ ਵਿਆਹ ਨਹੀਂ ਕਰਾਉਣਾ ਚਾਹੁੰਦੀ। ਪਰ ਜਦੋਂ ਭਾਜੀ ਦੁਬਾਰਾ ਗੱਲ ਕਰਨ ਨੂੰ ਕਹਿ ਗਏ ਤਾਂ ਸ਼ਬਦੀਸ਼ ਨੇ ਮੈਨੂੰ ਫਿਰ ਪੁੱਛਿਆ।”
ਅਨੀਤਾ ਨੇ ਦੱਸਿਆ ਕਿ ਸ਼ਬਦੀਸ਼ ਨੂੰ ਉਨ੍ਹਾਂ ਦੇ ਅਤੀਤ ਬਾਰੇ ਪਤਾ ਸੀ, ਇਸ ਲਈ ਉਨ੍ਹਾਂ ਨੇ ਕਿਹਾ ਕਿ ਉਹ ਮੁੜ ਉਸ ਤਰ੍ਹਾਂ ਦੇ ਹਾਲਾਤ ਵਿੱਚ ਨਹੀਂ ਜਾਣਾ ਚਾਹੁੰਦੇ।
“ਸ਼ਬਦੀਸ਼ ਕਹਿੰਦੇ ਕਿ ਮੈਂ ਵਾਅਦਾ ਤਾਂ ਨਹੀਂ ਕਰ ਸਕਦਾ, ਕਿਉਂਕਿ ਵਿਆਹ ਕਰਵਾਉਣ ਵੇਲੇ ਬੰਦਾ ਕੁਝ ਹੋਰ ਹੁੰਦਾ, ਬਾਅਦ ਵਿੱਚ ਕੁਝ ਹੋਰ ਹੋ ਸਕਦਾ। ਪਰ ਤੁਸੀਂ ਦੱਸੋ ਕਿ ਤੁਸੀਂ ਇਸ ਬਾਰੇ ਕੀ ਸੋਚਦੇ ਹੋ।''''
''''ਮੈਂ ਕਿਹਾ ਤੁਸੀਂ ਡਰਿੰਕ ਕਿੰਨੀ ਕਰਦੇ ਹੋ, ਸ਼ਬਦੀਸ਼ ਕਹਿੰਦੇ ਜੇ ਦੋਸਤ ਮਿੱਤਰ ਇਕੱਠੇ ਹੋ ਜਾਣ ਪੰਜ-ਛੇ ਦਿਨ ਲਗਾਤਾਰ ਵੀ ਹੋ ਜਾਂਦੀ ਹੈ, ਲੰਘ ਜਾਣ ਤਾਂ ਪੰਜ-ਛੇ ਮਹੀਨੇ ਬਿਨ੍ਹਾਂ ਪੀਤਿਆਂ ਵੀ ਲੰਘ ਜਾਂਦੇ ਨੇ।''''
ਇਹ ਸੁਣਦਿਆਂ ਅਨੀਤਾ ਲਗਾਤਾਰ ਪੰਜ-ਛੇ ਦਿਨ ਸ਼ਰਾਬ ਪੀਣ ਵਾਲੀ ਗੱਲ ਨੂੰ ਗੰਭੀਰਤਾ ਨਾਲ ਲੈ ਗਏ ਅਤੇ ਫਿਰ ਰਿਸ਼ਤੇ ਨੂੰ ਨਾਂਹ ਕਰ ਦਿੱਤੀ ਅਤੇ ਗੁਰਸ਼ਰਨ ਭਾਜੀ ਨੂੰ ਕਿਹਾ ਕਿ ਸ਼ਬਦੀਸ਼ ਬਹੁਤ ਸ਼ਰਾਬ ਪੀਂਦੇ ਹਨ, ਉਨ੍ਹਾਂ ਦੀ ਰਿਸ਼ਤੇ ਨੂੰ ਨਾਂਹ ਹੈ।
ਫਿਰ ਜਦੋਂ ਗੁਰਸ਼ਰਨ ਭਾਜੀ ਨੇ ਗੱਲ ਸਪਸ਼ਟ ਕਰਵਾਈ ਤਾਂ ਬਾਅਦ ਵਿੱਚ ਦੋਹਾਂ ਦਾ ਵਿਆਹ ਹੋ ਗਿਆ।
ਸ਼ਬਦੀਸ਼ ਨਾਲ ਵਿਆਹ ਦੇ ਫ਼ੈਸਲੇ ਬਾਰੇ ਅਨੀਤਾ ਨੇ ਕਿਹਾ, “ਮੈਂ ਪਹਿਲਾਂ ਜਿੰਨਾਂ ਨਰਕ ਭੋਗਿਆ ਸੀ, ਸ਼ਬਦੀਸ਼ ਨਾਲ ਵਿਆਹ ਤੋਂ ਬਾਅਦ ਜ਼ਿੰਦਗੀ ਵਿੱਚ ਓਨਾ ਹੀ ਸਵਰਗ ਮਿਲਿਆ। ਸਾਡੇ ਦੋਸਤ ਕਹਿੰਦੇ ਹੁੰਦੇ ਹਨ ਕਿ ਕਵਿਤਾ ਅਤੇ ਨਾਟਕ ਦਾ ਵਿਆਹ ਹੋਇਆ।“
ਅਨੀਤਾ ਦੇ ਪਤੀ ਸ਼ਬਦੀਸ਼ ਖੁਦ ਵੀ ਕਲਾ ਖੇਤਰ ਨਾਲ ਜੁੜੇ ਹੋਏ ਹਨ।
ਦੂਜੇ ਵਿਆਹ ਤੋਂ ਬਾਅਦ ਵੀ ਅਨੀਤਾ ਸ਼ਬਦੀਸ਼ ਮਾਂ ਨਹੀਂ ਬਣ ਸਕੇ। ਉਹ ਕਹਿੰਦੇ ਹਨ ਕਿ ਕਈ ਲੋਕ ਸੋਚਦੇ ਹਨ ਕਿ ਫ਼ਿਲਮੀ ਦੁਨੀਆ ਵਿੱਚ ਹੋਣ ਕਰਕੇ ਮੈਂ ਜਾਣ-ਬੁੱਝ ਕੇ ਬੱਚਾ ਨਹੀਂ ਚਾਹਿਆ, ਪਰ ਅਜਿਹਾ ਨਹੀਂ ਹੈ।
ਉਹ ਕਹਿੰਦੇ ਹਨ, “ਮਾਂ ਨਾ ਬਣਨ ਸਕਣਾ ਮੇਰੇ ਲਈ ਬਹੁਤ ਵੱਡਾ ਖ਼ਲਾਅ ਹੈ, ਪਰ ਮੈਂ ਮਾਂ ਬਣਕੇ ਇੱਕ-ਦੋ ਬੱਚਿਆਂ ਦੀ ਮਾਂ ਬਣਨਾ ਸੀ, ਪਰ ਹੁਣ ਮੈਂ ਉਨ੍ਹਾਂ ਸਾਰੇ ਬੱਚਿਆਂ ਦੀ ਮਾਂ ਹਾਂ ਜੋ ਮੇਰੇ ਕੋਲ ਐਕਟਿੰਗ ਸਿੱਖਣ ਆਉਂਦੇ ਹਨ।“
20 ਸਾਲ ਤੋਂ ਹਰ ਸਾਲ ਕਰਵਾ ਰਹੇ ਹਨ ਗੁਰਸ਼ਰਨ ਸਿੰਘ ਨਾਟ ਉਤਸਵ
ਅਨੀਤਾ ਸ਼ਬਦੀਸ਼ ਪਿਛਲੇ ਵੀਹ ਸਾਲਾਂ ਤੋਂ ਗੁਰਸ਼ਰਨ ਸਿੰਘ ਦੇ ਨਾਮ ‘ਤੇ ਹਰ ਸਾਲ ਥੀਏਟਰ ਫੈਸਟੀਵਲ ਕਰਵਾਉਂਦੇ ਹਨ। ਗੁਰਸ਼ਰਨ ਸਿੰਘ ਪੰਜਾਬ ਦੇ ਬੇਮਿਸਾਲ ਥੀਏਟਰ ਕਲਾਕਾਰ, ਲੇਖਕ, ਨਿਰਦੇਸ਼ਕ ਅਤੇ ਐਕਟੀਵਿਸਟ ਰਹੇ ਹਨ।
ਡੀਡੀ ਪੰਜਾਬੀ ’ਤੇ ਇੱਕ ਨਾਟਕ ਵਿੱਚ ਨਿਭਾਈ ਭੂਮਿਕਾ ਕਾਰਨ ਪੰਜਾਬ ਦੇ ਆਮ ਲੋਕਾਂ ਵਿੱਚ ਉਨ੍ਹਾਂ ਦੀ ਪਹਿਚਾਣ ਹੀ ਭਾਈ ਮੰਨਾ ਸਿੰਘ ਵਜੋਂ ਬਣ ਗਈ ਸੀ।
ਅਨੀਤਾ ਸ਼ਬਦੀਸ਼ ਕਹਿੰਦੇ ਹਨ ਕਿ ਗੁਰਸ਼ਰਨ ਭਾਜੀ ਨੂੰ ਲੈ ਕੇ ਉਹ ਭਾਵੁਕ ਹਨ।
ਉਨ੍ਹਾਂ ਕਿਹਾ, “ਮੈਨੂੰ ਉਸ ਦੁਨੀਆ ਵਿੱਚੋਂ ਕੱਢ ਕੇ ਰੰਗ ਮੰਚ ਦੀ ਦੁਨੀਆ ਦਿਖਾਈ ਭਾਜੀ ਨੇ।”
ਉਹ ਕਹਿੰਦੇ ਹਨ ਕਿ ਗੁਰਸ਼ਰਨ ਭਾਜੀ ਨਾਲ ਪਿੰਡ ਪਿੰਡ ਜਾਂਦਿਆਂ ਇੰਨਾਂ ਸਕੂਨ ਮਿਲਦਾ ਸੀ ਕਿ ਇੰਨਾਂ ਪੜ੍ਹਿਆ ਲਿਖਿਆ ਬੰਦਾ ਕਿਵੇਂ ਸਾਰਾ ਕੁਝ ਛੱਡ ਕੇ ਪਿੰਡ ਪਿੰਡ ਜਾ ਕੇ ਚੰਗੇ ਸੁਨੇਹੇ ਦਾ ਹੋਕਾ ਦੇ ਰਿਹਾ ਹੈ।
ਗੁਰਸ਼ਰਨ ਸਿੰਘ ਬਾਰੇ ਅਨੀਤਾ ਸ਼ਬਦੀਸ਼ ਇੱਕ ਕਿੱਸਾ ਸੁਣਾਉਂਦੇ ਹਨ, “ਜਦੋਂ ਅਸੀਂ ਨਾਟਕ ਕਰਨ ਜਾਂਦੇ ਸੀ ਤਾਂ ਲੋਕ ਬਹੁਤ ਚਾਅ ਨਾਲ ਦੇਖਣ ਆਉਂਦੇ ਸੀ, ਪੰਜ ਜਣਿਆ ਦਾ ਨਾਟਕ ਦੇਖਣ ਲਈ ਪੰਜ ਹਜ਼ਾਰ ਲੋਕ ਵੀ ਇਕੱਠੇ ਹੋ ਜਾਂਦੇ ਸੀ।
''''ਇੱਕ ਵਾਰ ਅਸੀਂ ਨਾਟਕ ਕਰਨ ਜਾਣਾ ਸੀ, ਭਾਜੀ ਮੈਨੂੰ ਲੈਣ ਲਈ ਆਉਣ ਵਿੱਚ ਲੇਟ ਹੋ ਗਏ, ਜਦੋਂ ਮੈਂ ਗੱਡੀ ਕੋਲ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਮੇਰੇ ਭਰਾ ਦੀ ਮੌਤ ਹੋ ਗਈ ਹੈ, ਇਸ ਲਈ ਮੈਂ ਲੇਟ ਹੋ ਗਿਆ।’’
‘‘ਮੈਂ ਹੈਰਾਨ ਹੋਈ ਅਤੇ ਉਨ੍ਹਾਂ ਨੂੰ ਕਿਹਾ ਕਿ ਕੀ ਤੁਹਾਡਾ ਜਾਣਾ ਠੀਕ ਨਹੀਂ ਹੈ। ਤੁਸੀਂ ਘਰ ਜਾਓ, ਮੈਂ ਟੀਮ ਨੂੰ ਲੈ ਕੇ ਚਲੀ ਜਾਵਾਂਗੀ ਅਤੇ ਨਾਟਕ ਕਰ ਆਵਾਂਗੇ। ਉਹ ਕਹਿਣ ਲੱਗੇ, ਹਜ਼ਾਰਾਂ ਲੋਕ ਮੇਰਾ ਇੰਤਜ਼ਾਰ ਕਰ ਰਹੇ ਹੋਣਗੇ, ਉਨ੍ਹਾਂ ਨੂੰ ਮੇਰੀ ਫ਼ਿਕਰ ਹੈ ਅਤੇ ਮੈਨੂੰ ਉਨ੍ਹਾਂ ਦੀ, ਇਸ ਲਈ ਮੈਨੂੰ ਜਾਣਾ ਹੀ ਪਵੇਗਾ।”
ਅਨੀਤਾ ਸ਼ਬਦੀਸ਼ ਆਪਣੀ ਜ਼ਿੰਦਗੀ ਮੁੜ ਲੀਹ ‘ਤੇ ਲਿਆਉਣ ਵਿੱਚ ਗੁਰਸ਼ਰਨ ਸਿੰਘ ਦਾ ਵੱਡਾ ਯੋਗਦਾਨ ਮੰਨਦੇ ਹਨ ਅਤੇ ਉਨ੍ਹਾਂ ਲਈ ਬਹੁਤ ਭਾਵੁਕ ਹਨ। ਉਨ੍ਹਾਂ ਦੱਸਿਆ ਕਿ ਜਦੋਂ ਗੁਰਸ਼ਰਨ ਭਾਜੀ ਨੂੰ ਕਾਲੀ ਦਾਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਤਾਂ ਉਨ੍ਹਾਂ ਦੇ ਸਨਮਾਨ ਵਿੱਚ ਉਹ ਵੀ ਕੁਝ ਕਰਨਾ ਚਾਹੁੰਦੇ ਸਨ।
ਅਨੀਤਾ ਨੇ ਦੱਸਿਆ, “ਕਾਲ਼ੀ ਦਾਸ ਐਵਾਰਡ ਬਹੁਤ ਵੱਡਾ ਐਵਾਰਡ ਸੀ। ਅਸੀਂ ਗੁਰਸ਼ਰਨ ਭਾਜੀ ਤੋਂ ਬਹੁਤ ਕੁਝ ਸਿੱਖਿਆ ਹੈ, ਅਸੀਂ ਸੋਚਿਆ ਭਾਜੀ ਦੇ ਸਨਮਾਨ ਵਿੱਚ ਸਾਨੂੰ ਵੀ ਕੁਝ ਕਰਨਾ ਚਾਹੀਦਾ ਹੈ। ਮੈਂ ਇੱਕ ਮਮੈਂਟੋ ਦੇ ਕੇ ਜਾਂ ਲੋਈ ਦੇ ਕੇ ਸਨਮਾਨਿਤ ਨਹੀਂ ਕਰਨਾ ਚਾਹੁੰਦੀ ਸੀ। ਫਿਰ ਮੈਂ ਅਤੇ ਸ਼ਬਦੀਸ਼ ਨੇ ਟੀਮ ਨਾਲ ਚਰਚਾ ਕਰਕੇ ਇਹ ਥੀਏਟਰ ਫੈਸਟੀਵਲ ਪਲਾਨ ਕੀਤਾ।“
ਅਨੀਤਾ ਦੱਸਦੇ ਹਨ ਕਿ 2004 ਵਿੱਚ ਉਨ੍ਹਾਂ ਦਾ ਇੱਕ ਵਿਦੇਸ਼ ਦੌਰਾ ਸੀ, ਜੋ ਵੀ ਉੱਥੋਂ ਕਮਾਈ ਹੋਈ ਉਸ ਨਾਲ ਉਨ੍ਹਾਂ ਨੇ ਪਹਿਲਾ ਫੈਸਟੀਵਲ ਨੇਪਰੇ ਚਾੜ੍ਹਿਆ। ਪਹਿਲਾ ਥੀਏਟਰ ਫੈਸਟੀਵਲ ਦੋ ਦਿਨਾਂ ਦਾ ਸੀ।
ਅਨੀਤਾ ਨੇ ਦੱਸਿਆ ਕਿ ਉਸ ਫੈਸਟੀਵਲ ਲਈ ਉਨ੍ਹਾਂ ਨੇ ਗੁਰਸ਼ਰਨ ਸਿੰਘ ਨਾਲ ਜੁੜੇ ਕਈ ਵੱਡੇ ਕਲਾਕਾਰਾਂ ਨੂੰ ਇੱਕ ਮੰਚ ‘ਤੇ ਇਕੱਠਾ ਕੀਤਾ ਸੀ। ਪਹਿਲੇ ਥੀਏਟਰ ਫੈਸਟੀਵਲ ਨੂੰ ਮਿਲੇ ਹੁੰਗਾਰੇ ਕਰਕੇ ਇਸ ਦੀ ਲਗਾਤਾਰਤਾ ਬਰਕਰਾਰ ਹੋ ਗਈ।
ਅਨੀਤਾ ਦੱਸਦੇ ਹਨ ਕਿ ਪਹਿਲੇ ਦੋ ਫੈਸਟੀਵਲ ਤਾਂ ਉਨ੍ਹਾਂ ਨੇ ਆਪਣੇ ਕੋਲੋਂ ਕਰ ਲਏ, ਪਰ ਉਸ ਤੋਂ ਬਾਅਦ ਵਿੱਤੀ ਚੁਣੌਤੀਆਂ ਬਹੁਤ ਆਈਆਂ, ਪਰ ਕਿਸੇ ਨਾ ਕਿਸੇ ਤਰੀਕੇ ਇਹ ਚੁਣੌਤੀ ਪਾਰ ਹੁੰਦੀ ਗਈ।
ਅਨੀਤਾ ਦੱਸਦੇ ਹਨ ਕਿ ਸਮੇਂ-ਸਮੇਂ ਵੱਖ ਲੋਕਾਂ ਨੇ ਵੱਖ-ਵੱਖ ਤਰੀਕਿਆਂ ਨਾਲ ਮਦਦ ਕੀਤੀ, ਜਿਸ ਕਰਕੇ ਫੈਸਟੀਵਲ ਦੀ ਲਗਾਤਾਰਤਾ ਬਰਕਰਾਰ ਹੈ।
ਅਨੀਤਾ ਦੱਸਦੇ ਹਨ ਕਿ ਉਨ੍ਹਾਂ ਨੇ ਆਪਣੇ ਭਰਾ ਨੂੰ ਵੀ ਕਿਹਾ ਹੋਇਆ ਹੈ ਕਿ ਉਨ੍ਹਾਂ ਨੂੰ ਨਾ ਰੱਖੜੀ ਦਾ ਨਾ ਕੋਈ ਹੋਰ ਗਿਫਟ ਚਾਹੀਦਾ ਹੈ, ਬੱਸ ਸਾਲ ਵਿੱਚ ਇੱਕ ਵਾਰ ਇਸ ਫੈਸਟੀਵਲ ਲਈ ਫੰਡ ਭੇਜ ਦਿਆ ਕਰਨ। ਨਵੰਬਰ 2023 ਵਿੱਚ 20ਵਾਂ ਫੈਸਟੀਵਲ ਹੋਇਆ।
ਅਨੀਤਾ ਕਹਿੰਦੇ ਹਨ, “ਕੋਵਿਡ ਦੇ ਸਮੇਂ ਅਤੇ ਫੰਡਾਂ ਦੀ ਘਾਟ ਦੇ ਬਾਵਜੂਦ ਇਸ ਫੈਸਟੀਵਲ ‘ਤੇ ਅਸੀਂ ਬ੍ਰੇਕ ਨਹੀਂ ਲਗਾਈ, ਤਾਂ ਮੈਨੂੰ ਲਗਦੈ ਅੱਗੇ ਵੀ ਨਹੀਂ ਲਾਵਾਂਗੇ। ਜਦੋਂ ਤੱਕ ਮੇਰੇ ਵਿੱਚ ਸਾਹ ਨੇ, ਲਗਾਤਾਰਤਾ ਵਿੱਚ ਫੈਸਟੀਵਲ ਹੁੰਦਾ ਰਹੇਗਾ। ”
ਥੀਏਟਰ ਨਾਲ ਵਚਨਬੱਧਤਾ ਕਾਰਨ ਸੰਜੇ ਲੀਲਾ ਭੰਸਾਲੀ ਦੀ ਵੈਬਸੀਰੀਜ਼ ਛੱਡੀ
ਅਨੀਤਾ ਸ਼ਬਦੀਸ਼ ਦੱਸਦੇ ਹਨ ਕਿ ਉਹ ਹਮੇਸ਼ਾ ਥੀਏਟਰ ਨੂੰ ਫ਼ਿਲਮਾਂ ਜਾਂ ਟੀਵੀ ਤੋਂ ਵੱਧ ਤਵੱਜੋ ਦਿੰਦੇ ਹਨ, ਜਿਸ ਕਰਕੇ ਕਈ ਵਾਰ ਉਨ੍ਹਾਂ ਨੂੰ ਚੰਗੇ ਕਮਰਸ਼ੀਅਲ ਪ੍ਰੋਜੈਕਟ ਛੱਡਣੇ ਵੀ ਪੈਂਦੇ ਹਨ।
ਅਨੀਤਾ ਕਹਿੰਦੇ ਹਨ ਕਿ ਬਹੁਤ ਲੋਕ ਮੰਨਦੇ ਹਨ ਕਿ ਥੀਏਟਰ ਵਿੱਚ ਪੈਸਾ ਨਹੀਂ, ਪਛਾਣ ਨਹੀਂ ਪਰ ਉਹ ਅੱਜ ਜੋ ਵੀ ਹਨ ਥੀਏਟਰ ਦੀ ਬਦੌਲਤ ਹਨ।
ਅਨੀਤਾ ਦੱਸਦੇ ਹਨ, ”ਮੇਰੇ ਲਈ ਬੜੇ ਮਾਣ ਵਾਲੀ ਗੱਲ ਸੀ ਕਿ ਮੈਨੂੰ ਸੰਜੇ ਲੀਲਾ ਭੰਸਾਲੀ ਦੀ ਵੈਬਸੀਰੀਜ਼ ’ਹੀਰਾ ਮੰਡੀ’ ਮਿਲੀ, ਜੋ ਸ਼ਾਇਦ ਨੈਟਫਲਿਕਸ ‘ਤੇ ਰਿਲੀਜ਼ ਹੋਣੀ ਹੈ। ਮਾਰਚ-ਅਪ੍ਰੈਲ 2022 ਵਿੱਚ ਮੇਰੇ ਕੋਲ ਇਹ ਪ੍ਰੋਜੈਕਟ ਆਇਆ ਸੀ, ਉਨ੍ਹਾਂ ਨੇ ਕਿਹਾ ਸੀ ਕਿ ਅਗਸਤ ਵਿੱਚ ਸ਼ੂਟ ਹੈ।''''
''''ਪਰ ਸ਼ੂਟ ਦੀ ਤਰੀਕ ਅੱਗੇ ਪੈਂਦੀ ਗਈ ਅਤੇ ਨਵੰਬਰ ਤੱਕ ਪਹੁੰਚ ਗਈ। ਅਸੀਂ ਨਵੰਬਰ ਵਿੱਚ ਗੁਰਸ਼ਰਨ ਭਾਜੀ ਦਾ ਥੀਏਟਰ ਫੈਸਟੀਵਲ ਕਰਨਾ ਸੀ।’’
‘‘ਟੀਮ ਨੇ ਵਿਚਾਰ ਕੀਤਾ ਕਿ ਆਪਾਂ ਫੈਸਟੀਵਲ ਦਸੰਬਰ ਵਿੱਚ ਕਰ ਲਵਾਂਗੇ ਤੇ ਤੂੰ ਨਵੰਬਰ ਇਸ ਵੈਬਸੀਰੀਜ਼ ਲਈ ਫ੍ਰੀ ਰੱਖ ਲੈ। ਪਰ ਬਦਕਿਸਮਤੀ ਨਾਲ ਸ਼ੂਟ ਉਦੋਂ ਵੀ ਨਹੀਂ ਹੋਇਆ ਅਤੇ ਦਸੰਬਰ ਦੇ ਪਹਿਲੇ ਹਫ਼ਤੇ ਸ਼ੂਟ ਲਈ ਕਿਹਾ ਗਿਆ ਜੋ ਕਿ ਮੇਰੇ ਲਈ ਇਸੇ ਫੈਸਟੀਵਲ ਪ੍ਰਤੀ ਵਚਨਬੱਧਤਾ ਕਰਕੇ ਸੰਭਵ ਨਹੀਂ ਸੀ, ਇਸ ਲਈ ਮੈਨੂੰ ਇਹ ਪ੍ਰੋਜੈਕਟ ਛੱਡਣਾ ਪਿਆ।”
ਅਨੀਤਾ ਦੱਸਦੇ ਹਨ ਕਿ ਇਹ ਪਹਿਲੀ ਵਾਰ ਨਹੀਂ ਹੋਇਆ, ਸਗੋਂ ਪਿਛਲੇ ਤਿੰਨ-ਚਾਰ ਸਾਲ ਤੋਂ ਲਗਾਤਾਰ ਫੈਸਟੀਵਲ ਪ੍ਰਤੀ ਵਚਨਬੱਧਤਾ ਕਰਕੇ ਉਨ੍ਹਾਂ ਹੱਥੋਂ ਕਈ ਪ੍ਰੋਜੈਕਟ ਗਏ ਹਨ। ਅਨੀਤਾ ਕਹਿੰਦੇ ਹਨ ਕਿ ਥੀਏਟਰ ਪ੍ਰਤੀ ਜ਼ਿੰਮੇਵਾਰੀ ਨਿਭਾਉਣਾ ਹਮੇਸ਼ਾ ਉਨ੍ਹਾਂ ਦੀ ਪਹਿਲ ਰਹੇਗੀ।
ਰੰਗ-ਮੰਚ ਤੋਂ ਐਕਟਿੰਗ ਸਕੂਲ
ਥੀਏਟਰ ਕਰਦਿਆਂ ਕਰਦਿਆਂ ਅਨੀਤਾ ਸ਼ਬਦੀਸ਼ ਨੇ ਸਾਲ 1999 ਵਿੱਚ ਆਪਣਾ ‘ਸੁਚੇਤਕ’ ਰੰਗ-ਮੰਚ ਗਰੁੱਪ ਸ਼ੁਰੂ ਕਰ ਲਿਆ ਅਤੇ ਸਾਲ 2017 ਤੋਂ ਉਨ੍ਹਾਂ ਨੇ ਸੁਚੇਤਕ ਸਕੂਲ ਆਫ ਐਕਟਿੰਗ ਖੋਲ੍ਹਿਆ।
ਮੋਹਾਲੀ ਸਥਿਤ ਇਸ ਐਕਟਿੰਗ ਸਕੂਲ ਵਿੱਚ ਅਨੀਤਾ ਸ਼ਬਦੀਸ਼ ਐਕਟਿੰਗ ਸਿਖਾਉਂਦੇ ਹਨ ਅਤੇ ਵੱਖ-ਵੱਖ ਥਾਈਂ ਉਨ੍ਹਾਂ ਦੀ ਟੀਮ ਨਾਟਕ ਪੇਸ਼ ਕਰਦੀ ਹੈ।
ਅਨੀਤਾ ਅਤੇ ਸ਼ਬਦੀਸ਼ ਦਿਨ ਦਾ ਵਧੇਰੇ ਸਮਾਂ ਆਪਣੇ ਐਕਟਿੰਗ ਸਕੂਲ ਵਿੱਚ ਹੀ ਬਿਤਾਉਂਦੇ ਹਨ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਵਿਸ਼ਵ ਕੱਪ ਵਿੱਚ ਭਾਰਤ ਦੀ ਹਾਰ ''ਤੇ ਜਸ਼ਨ ਮਨਾਉਣ ਦਾ ਇਲਜ਼ਾਮ, ਕਸ਼ਮੀਰੀ ਵਿਦਿਆਰਥੀਆਂ ਉੱਤੇ ਯੂਏਪੀਏ ਲੱਗਣ ਨਾਲ...
NEXT STORY