ਬੁਢਲਾਡਾ (ਮਨਜੀਤ) : ਪੰਜਾਬ ਕੇਸਰੀ ਗਰੁੱਪ ਦੇ ਬਾਨੀ ਅਤੇ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ 45ਵੀਂ ਬਰਸੀ ਨੂੰ ਸਮਰਪਿਤ ਭਾਰਤ ਵਿਕਾਸ ਪਰਿਸ਼ਦ ਸ਼ਾਖਾ ਬੁਢਲਾਡਾ ਵੱਲੋਂ ਮਨੁੱਖਤਾ ਦੀ ਸੇਵਾ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਤਹਿਤ ਇਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਇਹ ਖੂਨਦਾਨ ਕੈਂਪ 6 ਸਤੰਬਰ, ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਲਗਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤ ਵਿਕਾਸ ਪਰਿਸ਼ਦ ਸ਼ਾਖਾ ਬੁਢਲਾਡਾ ਦੇ ਪ੍ਰਧਾਨ ਜੈਨੀ ਕਾਠ, ਪ੍ਰਾਜੈਕਟ ਚੇਅਰਮੈਨ ਮਹਿੰਦਰ ਪਾਲ ਕਾਠ, ਖ਼ਜ਼ਾਨਚੀ ਬੋਬੀ ਬਾਂਸਲ ਅਤੇ ਵਰਿੰਦਰ ਕੁਮਾਰ ਗਰਗ ਨੇ ਦੱਸਿਆ ਕਿ ਇਹ ਕੈਂਪ ਲਾਲਾ ਜਗਤ ਨਾਰਾਇਣ ਜੀ ਦੀ 45ਵੀਂ ਬਰਸੀ ਨੂੰ ਸਮਰਪਿਤ ਕਰਕੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲਾਲਾ ਜਗਤ ਨਾਰਾਇਣ ਜੀ ਨੇ ਆਪਣਾ ਸਮੁੱਚਾ ਜੀਵਨ ਸਮਾਜ, ਦੇਸ਼ ਅਤੇ ਲੋਕਾਂ ਦੀ ਭਲਾਈ ਲਈ ਸਮਰਪਿਤ ਕੀਤਾ ਅਤੇ ਉਨ੍ਹਾਂ ਦੀ ਯਾਦ ਵਿੱਚ ਮਨੁੱਖਤਾ ਦੀ ਸੇਵਾ ਤੋਂ ਵੱਡੀ ਸ਼ਰਧਾਂਜਲੀ ਹੋਰ ਕੋਈ ਨਹੀਂ ਹੋ ਸਕਦੀ।
ਉਨ੍ਹਾਂ ਕਿਹਾ ਕਿ ਖੂਨਦਾਨ ਇਕ ਅਜਿਹਾ ਮਹਾਨ ਦਾਨ ਹੈ, ਜਿਸ ਦਾ ਕੋਈ ਮੁੱਲ ਨਹੀਂ ਲਗਾਇਆ ਜਾ ਸਕਦਾ। ਖੂਨ ਦੀ ਇਕ ਯੂਨਿਟ ਕਿਸੇ ਲੋੜਵੰਦ ਮਰੀਜ਼ ਲਈ ਜ਼ਿੰਦਗੀ ਦੀ ਨਵੀਂ ਉਮੀਦ ਬਣ ਸਕਦੀ ਹੈ। ਹਾਦਸਿਆਂ ਦੇ ਪੀੜਤਾਂ, ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ, ਜਣੇਪੇ ਦੌਰਾਨ ਖੂਨ ਦੀ ਲੋੜ ਵਾਲੀਆਂ ਔਰਤਾਂ ਅਤੇ ਹੋਰ ਐਮਰਜੈਂਸੀ ਮਾਮਲਿਆਂ ਵਿੱਚ ਸਮੇਂ ਸਿਰ ਮਿਲਿਆ ਖੂਨ ਕੀਮਤੀ ਜਾਨ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।
ਪਰਿਸ਼ਦ ਦੇ ਅਹੁਦੇਦਾਰਾਂ ਨੇ ਕਿਹਾ ਕਿ ਖੂਨਦਾਨ ਸਿਰਫ਼ ਇਕ ਸਮਾਜਿਕ ਸੇਵਾ ਨਹੀਂ, ਸਗੋਂ ਮਨੁੱਖਤਾ ਪ੍ਰਤੀ ਸਾਡੀ ਸਾਂਝੀ ਜ਼ਿੰਮੇਵਾਰੀ ਦਾ ਪ੍ਰਤੀਕ ਹੈ। ਇਸ ਲਈ ਹਰ ਤੰਦਰੁਸਤ ਅਤੇ ਯੋਗ ਵਿਅਕਤੀ ਨੂੰ ਅੱਗੇ ਆ ਕੇ ਇਸ ਮਹਾਨ ਕਾਰਜ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਸ਼ਹਿਰ ਵਾਸੀਆਂ, ਨੌਜਵਾਨਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ 6 ਸਤੰਬਰ ਨੂੰ ਲਗਾਏ ਜਾ ਰਹੇ ਇਸ ਵਿਸ਼ਾਲ ਖੂਨਦਾਨ ਕੈਂਪ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਨ ਅਤੇ ਖੂਨਦਾਨ ਕਰਕੇ ਪੁੰਨ ਦੇ ਭਾਗੀਦਾਰ ਬਣਨ। ਪਰਿਸ਼ਦ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਕੈਂਪ ਦੌਰਾਨ ਇਕੱਠਾ ਕੀਤਾ ਜਾਣ ਵਾਲਾ ਖੂਨ ਬਲੱਡ ਬੈਂਕ ਮਾਨਸਾ ਨੂੰ ਦਿੱਤਾ ਜਾਵੇਗਾ ਤਾਂ ਜੋ ਲੋੜ ਪੈਣ ’ਤੇ ਇਹ ਖੂਨ ਕਿਸੇ ਵੀ ਜ਼ਰੂਰਤਮੰਦ ਮਰੀਜ਼ ਲਈ ਵਰਤਿਆ ਜਾ ਸਕੇ। ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਵਾਲੇ ਹਰ ਦਾਨੀ ਦਾ ਯੋਗਦਾਨ ਮਨੁੱਖੀ ਜੀਵਨ ਦੀ ਰੱਖਿਆ ਲਈ ਅਹਿਮ ਹੋਵੇਗਾ।
ਇਸ ਮੌਕੇ ਪਰਿਸ਼ਦ ਦੇ ਚੇਅਰਮੈਨ ਡਾ. ਰਾਜੇਸ਼ ਸਿੰਗਲਾ, ਜਨਰਲ ਸਕੱਤਰ ਐਡਵੋਕੇਟ ਮੁਕੇਸ਼ ਕੁਮਾਰ, ਪ੍ਰੇਮ ਭੂਸ਼ਨ, ਮੋਹਨ ਲਾਲ ਜੈਨ ਤੋਂ ਇਲਾਵਾ ਹੋਰ ਮੈਂਬਰ ਸਾਹਿਬਾਨ ਵੀ ਮੌਜੂਦ ਸਨ। ਭਾਰਤ ਵਿਕਾਸ ਪਰਿਸ਼ਦ ਸ਼ਾਖਾ ਬੁਢਲਾਡਾ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ 6 ਸਤੰਬਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਣ ਵਾਲੇ ਇਸ ਖੂਨਦਾਨ ਕੈਂਪ ਵਿੱਚ ਪਹੁੰਚ ਕੇ ਲਾਲਾ ਜਗਤ ਨਾਰਾਇਣ ਜੀ ਦੀ ਯਾਦ ਨੂੰ ਮਨੁੱਖਤਾ ਦੀ ਸੇਵਾ ਰਾਹੀਂ ਸੱਚੀ ਸ਼ਰਧਾਂਜਲੀ ਭੇਟ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਦੇ ਚਿਹਰੇ ’ਤੇ ਮੁਸਕਾਨ ਲਿਆਉਣ ਅਤੇ ਕਿਸੇ ਦੀ ਜ਼ਿੰਦਗੀ ਬਚਾਉਣ ਤੋਂ ਵੱਡਾ ਪੁੰਨ ਦਾ ਕਾਰਜ ਹੋਰ ਕੋਈ ਨਹੀਂ ਹੋ ਸਕਦਾ।
ਇੱਕ ਮਹੀਨੇ ਤੋਂ ਲਾਪਤਾ ਵਿਅਕਤੀ ਦੀ ਨਾਲੇ 'ਚੋਂ ਮਿਲੀ ਲਾਸ਼
NEXT STORY