ਭਾਰਤ ਵਿਸ਼ਵ ਵਿਚ ਤੇਜ਼ੀ ਨਾਲ ਉੱਭਰਦੀ ਆਰਥਿਕ ਮਹਾਸ਼ਕਤੀ ਬਣਨ ਵੱਲ ਵਧ ਰਿਹਾ ਹੈ। ਭਾਰਤ ਦੇ 2030 ਤੱਕ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦਾ ਅਨੁਮਾਨ ਹੈ। ਅਰਥਵਿਵਸਥਾ ਤੋਂ ਇਲਾਵਾ ਭਾਰਤ ਤੇਜ਼ੀ ਨਾਲ ਗਲੋਬਲ ਸਾਊਥ ਦੇ ਨੇਤਾ ਵਜੋਂ ਉੱਭਰ ਰਿਹਾ ਹੈ। ਖਾੜੀ ਦੇ ਮੁਸਲਿਮ ਦੇਸ਼ ਭਾਰਤ ਦੀ ਮਹੱਤਤਾ ਅਤੇ ਭਵਿੱਖ ਦੀਆਂ ਲੋੜਾਂ ਮੁਤਾਬਕ ਦੁਵੱਲੇ ਸਬੰਧਾਂ ਨੂੰ ਸਵੀਕਾਰ ਕਰ ਰਹੇ ਹਨ। ਇਹੀ ਕਾਰਨ ਹੈ ਕਿ ਭਾਰਤ ਦੀ ਇਸ ਤਾਕਤ ਨੂੰ ਪਛਾਣਦਿਆਂ ਕੁਵੈਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੁਵੈਤ ਦੇ ਸਰਵਉੱਚ ਸਨਮਾਨ ‘ਦਿ ਆਰਡਰ ਆਫ਼ ਮੁਬਾਰਕ ਅਲ ਕਬੀਰ’ ਨਾਲ ਸਨਮਾਨਿਤ ਕੀਤਾ ਹੈ। ਕਿਸੇ ਵੀ ਦੇਸ਼ ਵੱਲੋਂ ਪੀ. ਐੱਮ. ਮੋਦੀ ਨੂੰ ਦਿੱਤਾ ਗਿਆ ਇਹ 20ਵਾਂ ਅੰਤਰਰਾਸ਼ਟਰੀ ਸਨਮਾਨ ਹੈ।
‘ਦਿ ਆਰਡਰ ਆਫ ਮੁਬਾਰਕ ਅਲ ਕਬੀਰ’ ਕੁਵੈਤ ਦਾ ਨਾਈਟਹੁੱਡ ਆਰਡਰ ਹੈ। ਇਸ ਮੌਕੇ ਪੀ. ਐੱਮ. ਮੋਦੀ ਨੇ ਅਰਬੀ ਭਾਸ਼ਾ ਵਿਚ ਪ੍ਰਕਾਸ਼ਿਤ ਰਾਮਾਇਣ ਅਤੇ ਮਹਾਭਾਰਤ ਦੀਆਂ ਰਚਨਾਵਾਂ ਕੁਵੈਤ ਵਾਸੀਆਂ ਨੂੰ ਸੌਂਪੀਆਂ। ਇਸ ਦਾ ਤਰਜ਼ਮਾ ਅਤੇ ਪ੍ਰਕਾਸ਼ਨ ਵੀ ਕੁਵੈਤੀ ਮੁਸਲਮਾਨ ਨੇ ਕੀਤਾ ਹੈ। ਇਸ ਨਜ਼ਰੀਏ ਨਾਲ ਭਾਰਤ ਦੁਨੀਆ ਨੂੰ ਆਪਣੀ ਸੱਭਿਆਚਾਰਕ ਅਤੇ ਧਾਰਮਿਕ ਸਾਫਟ ਪਾਵਰ ਤੋਂ ਜਾਣੂ ਕਰਵਾ ਰਿਹਾ ਹੈ। ਅਜਿਹੀ ਸਥਿਤੀ ਵਿਚ ਕੀ ਦੇਸ਼ ਵਿਚ ਚੱਲ ਰਹੇ ਇਤਿਹਾਸਕ ਮੰਦਰ-ਮਸਜਿਦ ਵਿਵਾਦ ਭਾਰਤ ਦੀ ਤਰੱਕੀ ਦੀ ਰਫ਼ਤਾਰ ਨੂੰ ਬਰੇਕਾਂ ਲਾਉਣ ਦਾ ਕੰਮ ਕਰਨਗੇ?
ਇਸ ਨਾਲ ਦੇਸ਼ ਦੀ ਭਾਈਚਾਰਕ ਸਾਂਝ ਵਿਗੜ ਜਾਵੇਗੀ। ਅਤੀਤ ਵਿਚ, ਭਾਰਤ ਨੇ ਇਸੇ ਤਰ੍ਹਾਂ ਦੇ ਫਿਰਕੂ ਝਗੜਿਆਂ ਲਈ ਜਾਨ-ਮਾਲ ਦੇ ਨੁਕਸਾਨ ਅਤੇ ਵਿਸ਼ਵਵਿਆਪੀ ਨਿਵੇਸ਼ ਬਾਰੇ ਖਦਸ਼ੇ ਕਾਰਨ ਭਾਰੀ ਕੀਮਤ ਅਦਾ ਕੀਤੀ ਹੈ। ਇਸੇ ਖਦਸ਼ੇ ਕਾਰਨ ਰਾਸ਼ਟਰੀ ਸਵੈਮਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਧਾਰਮਿਕ ਸਥਾਨਾਂ ’ਤੇ ਦੱਬੇ ਮੁਰਦੇ ਪੁੱਟਣ ’ਤੇ ਡੂੰਘੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਭਾਗਵਤ ਨੂੰ ਪਤਾ ਹੈ ਕਿ ਅਜਿਹੇ ਵਿਵਾਦ ਨਾਲ ਭਾਰਤ ਦੇ ਅਕਸ ਨੂੰ ਨੁਕਸਾਨ ਪੁੱਜੇਗਾ। ਇਸ ਨਾਲ ਕਿਤੇ ਨਾ ਕਿਤੇ ਤਰੱਕੀ ਵੀ ਪ੍ਰਭਾਵਿਤ ਹੋਵੇਗੀ।
ਇਹੀ ਕਾਰਨ ਹੈ ਕਿ ਸੰਘ ਦੇ ਧਾਰਮਿਕ ਕੱਟੜ ਅਕਸ ਦੇ ਬਾਵਜੂਦ ਭਾਗਵਤ ਨੇ ਅਜਿਹੇ ਮੁੱਦੇ ਉਠਾਉਣ ਵਾਲਿਆਂ ਨੂੰ ਸਖ਼ਤ ਤਾੜਨਾ ਕੀਤੀ ਹੈ। ਪੁਣੇ ’ਚ ਹਿੰਦੂ ਸੇਵਾ ਮਹਾਉਤਸਵ ਦੇ ਉਦਘਾਟਨ ਦੌਰਾਨ ਭਾਗਵਤ ਨੇ ਕਿਹਾ ਕਿ ਜੇਕਰ ਕੋਈ ਮੰਦਰਾਂ ਅਤੇ ਮਸਜਿਦਾਂ ’ਚ ਨਿੱਤ ਨਵੇਂ ਵਿਵਾਦ ਪੈਦਾ ਕਰਕੇ ਨੇਤਾ ਬਣਨਾ ਚਾਹੁੰਦਾ ਹੈ ਤਾਂ ਅਜਿਹਾ ਨਹੀਂ ਹੋਣਾ ਚਾਹੀਦਾ, ਸਾਨੂੰ ਦੁਨੀਆ ਨੂੰ ਦਿਖਾਉਣਾ ਪਵੇਗਾ ਕਿ ਅਸੀਂ ਇਕੱਠੇ ਰਹਿ ਸਕਦੇ ਹਾਂ।
ਭਾਗਵਤ ਦੇ ਭਾਸ਼ਣ ਦੀ ਚਰਚਾ ਇਸ ਲਈ ਵੀ ਹੋ ਰਹੀ ਹੈ ਕਿਉਂਕਿ ਮੌਜੂਦਾ ਸਮੇਂ ’ਚ ਦੇਸ਼ ’ਚ ਕਈ ਥਾਵਾਂ ਦੀਆਂ ਮਸਜਿਦਾਂ ਜਿਵੇਂ ਸੰਭਲ, ਮਥੁਰਾ, ਕਾਸ਼ੀ ਦੇ ਪੁਰਾਣੇ ਸਮੇਂ ’ਚ ਮੰਦਰ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਉਨ੍ਹਾਂ ਦੇ ਸਰਵੇ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਕੁਝ ਕੇਸ ਅਦਾਲਤਾਂ ਵਿਚ ਵਿਚਾਰ ਅਧੀਨ ਹਨ। ਭਾਗਵਤ ਨੇ ਕਿਹਾ ਕਿ ਇੱਥੇ ਸਿਰਫ ਸਾਡੀਆਂ ਗੱਲਾਂ ਹੀ ਸਹੀ ਹਨ, ਬਾਕੀ ਸਭ ਗਲਤ ਹਨ, ਇਹ ਨਹੀਂ ਚੱਲੇਗਾ। ਭਾਵੇਂ ਵੱਖ-ਵੱਖ ਮੁੱਦੇ ਹੋਣ, ਫਿਰ ਵੀ ਅਸੀਂ ਸਾਰੇ ਮਿਲ-ਜੁਲ ਕੇ ਰਹਾਂਗੇ। ਅਸੀਂ ਇਸ ਗੱਲ ਦਾ ਧਿਆਨ ਰੱਖਾਂਗੇ ਕਿ ਸਾਡੇ ਕਾਰਨ ਦੂਜਿਆਂ ਨੂੰ ਦੁੱਖ ਨਾ ਹੋਵੇ।
ਮੈਨੂੰ ਦੂਜਿਆਂ ਦੀਆਂ ਗੱਲਾਂ ’ਚ ਵੀ ਓਨੀ ਹੀ ਸ਼ਰਧਾ ਰੱਖਣੀ ਚਾਹੀਦੀ ਹੈ ਜਿੰਨੀ ਮੇਰੀ ਆਪਣੀਆਂ ਗੱਲਾਂ ’ਚ ਹੈ। ਭਾਗਵਤ ਨੇ ਇਹ ਵੀ ਕਿਹਾ ਕਿ ਅੱਜ ਵੀ ਰਾਮਕ੍ਰਿਸ਼ਨ ਮਿਸ਼ਨ ਵਿਚ ਅਸੀਂ 25 ਦਸੰਬਰ (ਵੱਡਾ ਦਿਨ) ਮਨਾਉਂਦੇ ਹਾਂ, ਕਿਉਂਕਿ ਅਸੀਂ ਅਜਿਹਾ ਕਰ ਸਕਦੇ ਹਾਂ, ਕਿਉਂਕਿ ਅਸੀਂ ਹਿੰਦੂ ਹਾਂ ਅਤੇ ਅਸੀਂ ਦੁਨੀਆ ਵਿਚ ਸਾਰਿਆਂ ਨਾਲ ਸਦਭਾਵਨਾ ਨਾਲ ਰਹਿ ਰਹੇ ਹਾਂ। ਜੇਕਰ ਦੁਨੀਆ ਇਹ ਸਦਭਾਵਨਾ ਚਾਹੁੰਦੀ ਹੈ ਤਾਂ ਉਨ੍ਹਾਂ ਨੂੰ ਇਹ ਮਾਡਲ ਆਪਣੇ ਦੇਸ਼ ਵਿਚ ਲਿਆਉਣਾ ਹੋਵੇਗਾ।
ਆਰ. ਐੱਸ. ਐੱਸ. ਮੁਖੀ ਨੇ ਕਿਸੇ ਖਾਸ ਵਿਵਾਦ ਦਾ ਜ਼ਿਕਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਬਾਹਰੋਂ ਆਏ ਕੁਝ ਗਰੁੱਪ ਆਪਣੇ ਨਾਲ ਕੱਟੜਤਾ ਲੈ ਕੇ ਆਏ ਹਨ ਅਤੇ ਉਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਪੁਰਾਣਾ ਸ਼ਾਸਨ ਵਾਪਸ ਆਵੇ। ਉਨ੍ਹਾਂ ਕਿਹਾ, ਪਰ ਹੁਣ ਦੇਸ਼ ਸੰਵਿਧਾਨ ਮੁਤਾਬਕ ਚੱਲਦਾ ਹੈ। ਇਸ ਪ੍ਰਣਾਲੀ ਵਿਚ ਲੋਕ ਆਪਣੇ ਨੁਮਾਇੰਦੇ ਚੁਣਦੇ ਹਨ, ਜੋ ਸਰਕਾਰ ਚਲਾਉਂਦੇ ਹਨ। ਸਰਦਾਰੀ ਦੇ ਦਿਨ ਚਲੇ ਗਏ ਹਨ। ਮੁਗਲ ਬਾਦਸ਼ਾਹ ਔਰੰਗਜ਼ੇਬ ਦਾ ਸ਼ਾਸਨ ਵੀ ਇਸੇ ਤਰ੍ਹਾਂ ਦੀ ਦ੍ਰਿੜ੍ਹਤਾ ਕਾਰਨ ਜਾਣਿਆ ਜਾਂਦਾ ਸੀ। ਹਾਲਾਂਕਿ, ਉਸਦੇ ਵੰਸ਼ਜ ਬਹਾਦੁਰ ਸ਼ਾਹ ਜ਼ਫਰ ਨੇ 1857 ਵਿਚ ਗਊ ਹੱਤਿਆ ’ਤੇ ਪਾਬੰਦੀ ਲਗਾ ਦਿੱਤੀ ਸੀ।
ਵਰਣਨਯੋਗ ਹੈ ਕਿ ਰਾਜਸਥਾਨ ਦੀ ਅਜਮੇਰ ਸ਼ਰੀਫ ਦਰਗਾਹ ਅਤੇ ਸੰਭਲ ਦੀ ਇਕ ਮਸਜਿਦ ਨਾਲ ਜੁੜੇ ਅਜਿਹੇ ਵਿਵਾਦਪੂਰਨ ਮੁੱਦਿਆਂ ਨੇ ਜ਼ੋਰ ਫੜ ਲਿਆ ਸੀ। ਅਜਮੇਰ ਦੀ ਇਕ ਸਥਾਨਕ ਅਦਾਲਤ ਨੇ ਹਾਲ ਹੀ ਵਿਚ ਅਜਮੇਰ ਸ਼ਰੀਫ ਦਰਗਾਹ ਦੇ ਹੇਠਾਂ ਇਕ ਮੰਦਰ ਦਾ ਦਾਅਵਾ ਕਰਨ ਵਾਲੀ ਪਟੀਸ਼ਨ ਨੂੰ ਸਵੀਕਾਰ ਕਰ ਲਿਆ ਸੀ। ਕੁਝ ਦਿਨ ਪਹਿਲਾਂ ਉੱਤਰ ਪ੍ਰਦੇਸ਼ ਦੇ ਸੰਭਲ ਦੀ ਸ਼ਾਹੀ ਜਾਮਾ ਮਸਜਿਦ ਬਾਰੇ ਵੀ ਅਜਿਹਾ ਹੀ ਦਾਅਵਾ ਕੀਤਾ ਗਿਆ ਸੀ ਅਤੇ ਜ਼ਿਲ੍ਹਾ ਅਦਾਲਤ ਨੇ ਇਸ ਮਾਮਲੇ ਵਿਚ ਸਰਵੇਖਣ ਕਰਨ ਦਾ ਹੁਕਮ ਦਿੱਤਾ ਸੀ ਅਤੇ ਸਰਵੇਖਣ ਦੇ ਦਿਨ ਹੀ ਸੰਭਲ ਵਿਚ ਹਿੰਸਾ ਭੜਕ ਗਈ ਸੀ ਜਿਸ ’ਚ ਪੁਲਸ ਨੇ ਚਾਰ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਸੀ।
ਆਰ. ਐੱਸ. ਐੱਸ. ਮੁਖੀ ਭਾਗਵਤ ਦਾ ਇਹ ਬਿਆਨ ਹਰ ਕਿਸੇ ਨੂੰ ਹਜ਼ਮ ਨਹੀਂ ਹੋ ਰਿਹਾ ਹੈ। ਦਰਅਸਲ ਇਸ ਬਿਆਨ ਨੇ ਹਿੰਦੂਤਵ ਦੀ ਲੀਡਰਸ਼ਿਪ ਨੂੰ ਲੈ ਕੇ ਵਿਵਾਦ ਪੈਦਾ ਕਰ ਦਿੱਤਾ ਹੈ। ਤੁਲਸੀ ਪੀਠਾਧੀਸ਼ਵਰ ਜਗਦਗੁਰੂ ਰਾਮਭਦਰਾਚਾਰੀਆ ਨੇ ਕਿਹਾ ਕਿ ਮੈਂ ਮੋਹਨ ਭਾਗਵਤ ਦੇ ਬਿਆਨ ਨਾਲ ਬਿਲਕੁਲ ਵੀ ਸਹਿਮਤ ਨਹੀਂ ਹਾਂ। ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੋਹਨ ਭਾਗਵਤ ਸਾਡੇ ਅਨੁਸ਼ਾਸਕ ਨਹੀਂ ਹਨ। ਸਗੋਂ ਅਸੀਂ ਉਨ੍ਹਾਂ ਦੇ ਅਨੁਸ਼ਾਸਕ ਹਾਂ। ਇਸ ਦੇ ਨਾਲ ਹੀ ਉੱਤਰਾਖੰਡ ਦੇ ਜਯੋਤਿਰਮਠ ਪੀਠ ਦੇ ਸ਼ੰਕਰਾਚਾਰੀਆ ਸਵਾਮੀ ਅਵਿਮੁਕਤੇਸ਼ਵਰਾਨੰਦ ਸਰਸਵਤੀ ਨੇ ਮੋਹਨ ਭਾਗਵਤ ’ਤੇ ਸਿਆਸੀ ਤੌਰ ’ਤੇ ਸੁਵਿਧਾਜਨਕ ਰੁਖ ਅਪਣਾਉਣ ਦਾ ਦੋਸ਼ ਲਗਾਇਆ । ਸਰਸਵਤੀ ਨੇ ਕਿਹਾ, ਜਦੋਂ ਉਨ੍ਹਾਂ ਨੂੰ ਸੱਤਾ ਚਾਹੀਦੀ ਸੀ, ਉਸ ਵੇਲੇ ਉਹ ਮੰਦਰਾਂ ਦੀ ਗੱਲ ਕਰਦੇ ਰਹੇ। ਹੁਣ ਜਦੋਂ ਉਨ੍ਹਾਂ ਕੋਲ ਸੱਤਾ ਹੈ ਤਾਂ ਉਹ ਮੰਦਰਾਂ ਦੀ ਖੋਜ ਨਾ ਕਰਨ ਦੀ ਸਲਾਹ ਦੇ ਰਹੇ ਹਨ।
ਅਯੁੱਧਿਆ ’ਚ ਰਾਮ ਮੰਦਰ ਦੇ ਮੁੱਖ ਪੁਜਾਰੀ ਅਚਾਰੀਆ ਸਤੇਂਦਰ ਦਾਸ ਨੇ ਕਿਹਾ ਕਿ ਮੰਦਰ ਅਤੇ ਮਸਜਿਦ ਦਾ ਟਕਰਾਅ ਫਿਰਕੂ ਮੁੱਦਾ ਹੈ ਅਤੇ ਜਿਸ ਤਰ੍ਹਾਂ ਇਹ ਮੁੱਦੇ ਉਠਾਏ ਜਾ ਰਹੇ ਹਨ, ਉਸ ਨਾਲ ਕੁਝ ਲੋਕ ਆਗੂ ਬਣ ਰਹੇ ਹਨ। ਜੇਕਰ ਨਿਸ਼ਾਨਾ ਲੀਡਰ ਬਣਨਾ ਹੈ ਤਾਂ ਇਸ ਤਰ੍ਹਾਂ ਦਾ ਸੰਘਰਸ਼ ਉਚਿਤ ਨਹੀਂ ਹੈ। ਜੇਕਰ ਲੋਕ ਸਿਰਫ ਆਗੂ ਬਣਨ ਲਈ ਅਜਿਹੇ ਸੰਘਰਸ਼ ਸ਼ੁਰੂ ਕਰ ਰਹੇ ਹਨ ਤਾਂ ਇਹ ਠੀਕ ਨਹੀਂ ਹੈ।
ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਕਿ ਕੌਣ ਘੱਟਗਿਣਤੀ ਹੈ ਅਤੇ ਕੌਣ ਬਹੁਗਿਣਤੀ? ਇੱਥੇ ਹਰ ਕੋਈ ਬਰਾਬਰ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਬਾਕੀ ਸੰਘ ਪਰਿਵਾਰ ਭਾਗਵਤ ਦੇ ਬਿਆਨ ਵੱਲ ਧਿਆਨ ਦੇਵੇਗਾ। ਕਾਂਗਰਸ ਦੇ ਇਕ ਹੋਰ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਸੰਘ ਦੇ ਸਰਸੰਘਚਾਲਕ ਮੋਹਨ ਭਾਗਵਤ ਨੂੰ ਸੰਵਿਧਾਨ ਦਾ ਅਪਮਾਨ ਕਰਨ ਵਾਲਿਆਂ ਨੂੰ ਇਹ ਉਸਾਰੂ ਸਲਾਹ ਦੇਣੀ ਚਾਹੀਦੀ ਹੈ ਤਾਂ ਜੋ ਦੇਸ਼ ਵਿਚ ਸ਼ਾਂਤੀ ਅਤੇ ਖੁਸ਼ਹਾਲੀ ਬਣਾਈ ਰੱਖੀ ਜਾ ਸਕੇ।
ਆਰ. ਐੱਸ. ਐੱਸ. ਮੁਖੀ ਦਾ ਬਿਆਨ ਅਜਿਹੇ ਸਮੇਂ ’ਚ ਆਇਆ ਹੈ ਜਦੋਂ ਸੋਸ਼ਲ ਮੀਡੀਆ ’ਤੇ ਮੰਦਰਾਂ ਅਤੇ ਮਸਜਿਦਾਂ ਨੂੰ ਲੈ ਕੇ ਜ਼ਹਿਰੀਲੇ ਬਿਆਨਾਂ ਦਾ ਹੜ੍ਹ ਆਇਆ ਹੋਇਆ ਹੈ। ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਭਾਗਵਤ ਨੇ ਸਹੀ ਬਿਆਨ ਦਿੱਤਾ ਹੈ। ਇਸ ਨਾਲ ਦੇਸ਼ ਦੀ ਗੰਗਾ-ਯਮੁਨੀ ਸੰਸਕ੍ਰਿਤੀ ਕਾਇਮ ਰਹੇਗੀ। ਅਜਿਹੇ ਵਿਵਾਦਤ ਮੁੱਦਿਆਂ ਦੀ ਆੜ ਵਿਚ ਆਪਣੀ ਸਿਆਸਤ ਚਮਕਾਉਣ ਲਈ ਫਿਰਕੂ ਏਕਤਾ ਵਿਚ ਦਰਾਰ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਕੁਝ ਅਨਸਰਾਂ ਦੇ ਹੌਸਲੇ ਚਕਨਾਚੂਰ ਹੋ ਜਾਣਗੇ।
–ਯੋਗੇਂਦਰ ਯੋਗੀ
ਪਾਕਿਸਤਾਨ ਨੂੰ ਯਾਦ ਆਈ ਸ਼੍ਰੀ ਵਾਜਪਾਈ ਦੀ ਇਤਿਹਾਸਕ ਲਾਹੌਰ ਯਾਤਰਾ, ਭਾਰਤ ਦੇ ਪੱਖ ’ਚ ਉੱਠਣ ਲੱਗੀਆਂ ਆਵਾਜ਼ਾਂ
NEXT STORY