ਕਰਨਾਟਕ ਕਾਂਗਰਸ ਮੁੱਖ ਮੰਤਰੀ ਸਿੱਧਰਮਈਆ ਅਤੇ ਉਪ ਮੁੱਖ ਮੰਤਰੀ ਡੀ. ਕੇ. ਸ਼ਿਵਕੁਮਾਰ ਵਿਚਕਾਰ ਸੱਤਾ ਸੰਘਰਸ਼ ਦੌਰਾਨ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਹਾਲਾਂਕਿ, ਸਿੱਧਰਮਈਆ ਨੇ ਐਲਾਨ ਕੀਤਾ ਹੈ ਕਿ ਮੁੱਖ ਮੰਤਰੀ ਦੇ ਅਹੁਦੇ ਲਈ ਕੋਈ ਅਸਾਮੀ ਖਾਲੀ ਨਹੀਂ ਹੈ। ਆਪਣੇ ਦਾਅਵੇ ਦੇ ਸਮਰਥਨ ਵਿਚ ਉਨ੍ਹਾਂ ਨੇ ਇਹ ਸਾਂਝਾ ਕਰਕੇ ਜ਼ੋਰ ਦਿੱਤਾ ਕਿ ਚੋਟੀ ਦੇ ਦਾਅਵੇਦਾਰ ਡੀ. ਕੇ. ਸ਼ਿਵਕੁਮਾਰ ਵੀ ਇਸ ਦੀ ਪੁਸ਼ਟੀ ਕਰਦੇ ਹਨ। ਕਾਂਗਰਸ ਦੇ ਜਨਰਲ ਸਕੱਤਰ ਅਤੇ ਕਰਨਾਟਕ ਇੰਚਾਰਜ ਰਣਦੀਪ ਸੁਰਜੇਵਾਲਾ ਵੱਲੋਂ ਪਾਰਟੀ ਵਿਧਾਇਕਾਂ, ਐੱਮ. ਐੱਲ. ਸੀ. ਅਤੇ ਸੰਸਦ ਮੈਂਬਰਾਂ ਨਾਲ ਲਗਾਤਾਰ ਮੀਟਿੰਗਾਂ ਕਰਨ ਲਈ ਬੈਂਗਲੁਰੂ ਦਾ ਦੌਰਾ ਕਰਨ ਤੋਂ ਬਾਅਦ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੋਵੇਂ ਦਿੱਲੀ ਵਿਚ ਡੇਰਾ ਲਾ ਰਹੇ ਹਨ, ਜਦੋਂ ਕਿ ਜੀ. ਪਰਮੇਸ਼ਵਰ ਵਰਗੇ ਸੀਨੀਅਰ ਨੇਤਾਵਾਂ ਨੇ ਜਨਤਕ ਤੌਰ ’ਤੇ ਪਾਰਟੀ ਅੰਦਰ ਭਾਰੀ ਅਸੰਤੋਸ਼ ਦੀ ਗੱਲ ਨੂੰ ਸਵੀਕਾਰ ਕੀਤਾ ਹੈ। ਜਿੱਥੇ ਸਿੱਧਰਮਈਆ ਕੁਝ ਹੱਦ ਤੱਕ ਨੁਕਸਾਨ ਦੀ ਪੂਰਤੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉੱਥੇ ਸ਼ਿਵਕੁਮਾਰ ਕੈਂਪ ਖੁੱਲ੍ਹ ਕੇ ਲੀਡਰਸ਼ਿਪ ਵਿਚ ਤਬਦੀਲੀ ਲਈ ਪੈਰਵੀ ਕਰ ਰਿਹਾ ਹੈ ਪਰ ਸਾਲ ਦੇ ਅੰਤ ਵਿਚ ਬਿਹਾਰ ਚੋਣਾਂ ਨੇੜੇ ਆਉਣ ਦੇ ਨਾਲ, ਕਾਂਗਰਸ ਲੀਡਰਸ਼ਿਪ ਓ. ਬੀ. ਸੀ. ਨੇਤਾ ਸਿੱਧਰਮਈਆ ਨੂੰ ਮੁੱਖ ਮੰਤਰੀ ਵਜੋਂ ਬਰਕਰਾਰ ਰੱਖਣ ਦੀ ਇੱਛੁਕ ਹੈ। ਹਾਲਾਂਕਿ, ਪਾਰਟੀ ਲੀਡਰਸ਼ਿਪ ਸਮੇਂ ਦੇ ਨਾਲ ਵਾਰ-ਵਾਰ ਉੱਠੇ ਰਾਜਨੀਤਿਕ ਸੰਕਟਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਵਿਚ ਦੁਚਿੱਤੀ ਦਾ ਸਾਹਮਣਾ ਕਰ ਰਹੀ ਹੈ।
ਸ਼ਿਵਸੈਨਾ (ਯੂ. ਬੀ. ਟੀ.) ਐੱਸ. ਵੀ. ਏ. ਤੋਂ ਵੱਖ ਹੋ ਜਾਵੇਗੀ! : ਮਹਾਰਾਸ਼ਟਰ ਦੇ ਰਾਜਨੀਤਿਕ ਦ੍ਰਿਸ਼ ਵਿਚ ਇਕ ਮਹੱਤਵਪੂਰਨ ਤਬਦੀਲੀ ਉੱਭਰ ਰਹੀ ਹੈ। ਊਧਵ ਠਾਕਰੇ ਦੀ ਸ਼ਿਵਸੈਨਾ (ਯੂ. ਬੀ. ਟੀ.) ਨੇ ਆਉਣ ਵਾਲੀਆਂ ਬ੍ਰਿਹਨਮੁੰਬਈ ਨਗਰ ਨਿਗਮ (ਬੀ. ਐੱਮ. ਸੀ.) ਚੋਣਾਂ ਲਈ ਮਹਾ ਵਿਕਾਸ ਅਘਾੜੀ (ਐੱਮ. ਵੀ. ਏ.) ਗੱਠਜੋੜ ਤੋਂ ਸੰਭਾਵੀ ਤੌਰ ’ਤੇ ਵੱਖ ਹੋਣ ਦਾ ਸੰਕੇਤ ਦਿੱਤਾ ਹੈ। ਸ਼ਿਵਸੈਨਾ (ਯੂ. ਬੀ. ਟੀ.) ਦੇ ਰਾਜ ਸਭਾ ਮੈਂਬਰ ਸੰਜੇ ਰਾਊਤ ਨੇ ਕਿਹਾ ਕਿ ਆਈ. ਐੱਨ. ਡੀ. ਆਈ. ਏ. ਦਾ ਲੋਕ ਸਭਾ ਚੋਣਾਂ ਲਈ ਗਠਨ ਕੀਤਾ ਗਿਆ ਸੀ... ਵਿਧਾਨ ਸਭਾ ਚੋਣਾਂ ਲਈ ਐੱਮ. ਵੀ. ਏ. ਦਾ ਗਠਨ ਕੀਤਾ ਗਿਆ ਸੀ... ਲੋਕਲ ਬਾਡੀ ਦੀਆਂ ਚੋਣਾਂ, ਨਗਰ ਨਿਗਮ ਦੀਆਂ ਚੋਣਾਂ ਲਈ ਇਨ੍ਹਾਂ ਦੀ ਲੋੜ ਨਹੀਂ ਹੈ, ਕਿਉਂਕਿ ਮੁੱਦੇ ਬਿਲਕੁਲ ਵੱਖਰੇ ਹਨ।
ਇਹ ਬਿਆਨ ਸ਼ਿਵਸੈਨਾ (ਯੂ. ਬੀ. ਟੀ.) ਦੇ ਮੁਖੀ ਊਧਵ ਅਤੇ ਮਨਸੇ ਮੁਖੀ ਰਾਜ ਦੁਆਰਾ ਸਾਂਝੇ ਤੌਰ ’ਤੇ ਤਾਕਤ ਪ੍ਰਦਰਸ਼ਨ ਤੋਂ ਕੁਝ ਦਿਨ ਬਾਅਦ ਆਇਆ ਹੈ, ਜੋ ਮਰਾਠੀ-ਅਸਮਿਤਾ ਅਤੇ ਮਰਾਠੀ ਮਾਨੁਸ ਦੇ ਵਿਆਪਕ ਮੁੱਦੇ ’ਤੇ 20 ਸਾਲਾਂ ਦੇ ਅੰਤਰਾਲ ਤੋਂ ਬਾਅਦ ਦੁਬਾਰਾ ਇਕੱਠੇ ਹੋਏ ਹਨ। ਦੂਜੇ ਪਾਸੇ, ਕਾਂਗਰਸ ਨੇ ਸਥਿਤੀ ਨੂੰ ਘੱਟ ਸਮਝਦੇ ਹੋਏ ਕਿਹਾ ਕਿ ਸਥਾਨਕ ਚੋਣਾਂ ਸੁਤੰਤਰ ਤੌਰ ’ਤੇ ਲੜਨਾ ਰਾਸ਼ਟਰੀ ਪੱਧਰ ’ਤੇ ਗੱਠਜੋੜ ਦੇ ਅੰਤ ਦਾ ਸੰਕੇਤ ਨਹੀਂ ਹੈ। ਮਹਾਰਾਸ਼ਟਰ ਨਗਰ ਨਿਗਮ ਚੋਣਾਂ, ਜਿਨ੍ਹਾਂ ਵਿਚ ਨਕਦੀ ਨਾਲ ਭਰਪੂਰ ਬੀ. ਐੱਮ. ਸੀ. ਵੀ ਸ਼ਾਮਲ ਹੈ, ਇਸ ਸਾਲ ਦੇ ਅੰਤ ’ਚ ਹੋਣ ਦੀ ਸੰਭਾਵਨਾ ਹੈ। ਬਾਲ ਠਾਕਰੇ ਵਲੋਂ ਸਥਾਪਤ ਸ਼ਿਵਸੈਨਾ ਜੋ 2022 ’ਚ ਵੰਡੀ ਗਈ ਸੀ, ਨੇ ਲਗਭਗ 2 ਦਹਾਕਿਆਂ ਤੱਕ ਬੀ. ਐੱਮ. ਸੀ. ’ਤੇ ਕੰਟਰੋਲ ਰੱਖਿਆ ਸੀ।
ਬਿਹਾਰ ਵਿਚ ਔਰਤਾਂ ਨੂੰ ਤੋਹਫ਼ਾ : ਜਿਵੇਂ-ਜਿਵੇਂ ਬਿਹਾਰ ਲਈ ਉੱਚ-ਦਾਅ ਵਾਲੀ ਲੜਾਈ ਅੱਗੇ ਵਧਦੀ ਜਾ ਰਹੀ ਹੈ, ਬਿਹਾਰ ਸਰਕਾਰ ਨੇ ਰਾਜ ਦੀਆਂ ਔਰਤਾਂ ਨੂੰ ਇਕ ਹੋਰ ਵੱਡਾ ਤੋਹਫ਼ਾ ਦਿੱਤਾ ਹੈ। ਨਿਤੀਸ਼ ਕੁਮਾਰ ਸਰਕਾਰ ਨੇ ਬਿਹਾਰ ਦੀਆਂ ਸਥਾਈ ਨਿਵਾਸੀ ਔਰਤਾਂ ਨੂੰ ਰਾਜ ਸਰਕਾਰ ਦੀਆਂ ਸਾਰੀਆਂ ਸਿੱਧੀਆਂ ਭਰਤੀਆਂ ਵਿਚ 35 ਫੀਸਦੀ ਰਾਖਵਾਂਕਰਨ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ, ਜੋ ਕਿ ਮਹੱਤਵਪੂਰਨ ਚਰਚਾ ਦਾ ਵਿਸ਼ਾ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਇਹ ਕੋਟਾ 2016 ਤੋਂ ਔਰਤਾਂ ਲਈ ਮੌਜੂਦ ਸੀ, ਪਰ ਤਾਜ਼ਾ ਕੈਬਨਿਟ ਫੈਸਲੇ ਨੇ ਇਸ ਨੂੰ ਸਿਰਫ ਮੂਲ ਨਿਵਾਸੀਆਂ ਲਈ ਉਪਲਬਧ ਕਰਵਾਇਆ ਹੈ, ਜਿਸ ਦਾ ਅਰਥ ਹੈ ਮੁੱਖ ਤੌਰ ’ਤੇ ਸਥਾਨਕ ਮਹਿਲਾ ਵੋਟਰ। ਜਨਤਾ ਦਲ (ਯੂ)-ਭਾਜਪਾ ਸਰਕਾਰ ਦਾ ਇਹ ਤੇਜ਼ ਕਦਮ ਆਪਣੇ ਮੁੱਖ ਵਿਰੋਧੀ ਆਰ. ਜੇ. ਡੀ. ਨੂੰ ਪਛਾੜਨ ਦੇ ਉਦੇਸ਼ ਨਾਲ ਜਾਪਦਾ ਹੈ। ਦੂਜੇ ਪਾਸੇ, ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਨੇ ਵਾਅਦਾ ਕੀਤਾ ਹੈ ਕਿ ਜੇਕਰ ਉਨ੍ਹਾਂ ਦਾ ਗੱਠਜੋੜ ਸੱਤਾ ਵਿਚ ਆਉਂਦਾ ਹੈ ਤਾਂ ਉਹ ‘100 ਫੀਸਦੀ ਮੂਲ ਨਿਵਾਸੀ ਨੀਤੀ’ ਲਾਗੂ ਕਰਨਗੇ। ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਕੈਬਨਿਟ ਨੇ ਰਾਜ ਦੀ ਨੌਜਵਾਨ ਆਬਾਦੀ ਲਈ ਵਧੇਰੇ ਰੁਜ਼ਗਾਰ ਦੇ ਮੌਕੇ ਲੱਭਣ ’ਤੇ ਕੇਂਦ੍ਰਿਤ ਇਕ ਯੁਵਾ ਕਮਿਸ਼ਨ ਦੇ ਗਠਨ ਦਾ ਵੀ ਐਲਾਨ ਕੀਤਾ।
ਗੁਜਰਾਤ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਨਿਯੁਕਤੀ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਗੁਜਰਾਤ ਦੇ ਪਾਰਟੀ ਨੇਤਾਵਾਂ ਨਾਲ ਗੱਲਬਾਤ ਕੀਤੀ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਦੇ ਵੱਖ-ਵੱਖ ਤਰੀਕਿਆਂ ’ਤੇ ਚਰਚਾ ਕੀਤੀ। ਇਹ ਮੀਟਿੰਗ ਗੁਜਰਾਤ ਕਾਂਗਰਸ ਪ੍ਰਧਾਨ ਸ਼ਕਤੀ ਸਿੰਘ ਗੋਹਿਲ ਵੱਲੋਂ ਕਾਦੀ ਅਤੇ ਵਿਸਾਵਦਰ ਵਿਧਾਨ ਸਭਾ ਹਲਕਿਆਂ ਦੀਆਂ ਉਪ ਚੋਣਾਂ ਵਿਚ ਪਾਰਟੀ ਉਮੀਦਵਾਰਾਂ ਦੀ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਅਹੁਦੇ ਤੋਂ ਅਸਤੀਫਾ ਦੇਣ ਤੋਂ ਕੁਝ ਦਿਨ ਬਾਅਦ ਹੋਈ ਹੈ। ਗੋਹਿਲ ਕਾਂਗਰਸ ਵਿਧਾਇਕ ਦਲ (ਸੀ. ਐੱਲ. ਪੀ.) ਦੇ ਨੇਤਾ ਅਮਿਤ ਚਾਵੜਾ, ਜਿਗਨੇਸ਼ ਮੇਵਾਨੀ, ਅਮੀ ਯਾਗਨਿਕ ਅਤੇ ਭਰਤ ਸਿੰਘ ਸੋਲੰਕੀ ਨਾਲ 10 ਜਨਪਥ ’ਤੇ ਗਾਂਧੀ ਨੂੰ ਮਿਲੇ।
ਪਾਰਟੀ ਨਵੇਂ ਸੂਬਾ ਪ੍ਰਧਾਨ ਦੀ ਨਿਯੁਕਤੀ ’ਤੇ ਵਿਚਾਰ ਕਰ ਰਹੀ ਹੈ। ਕਾਂਗਰਸ ਦੇ ਕਈ ਪਾਟੀਦਾਰ ਅਤੇ ਕੋਲੀ ਨੇਤਾ ਚਾਹੁੰਦੇ ਹਨ ਕਿ ਗੁਜਰਾਤ ਇਕਾਈ ਦਾ ਅਗਲਾ ਪ੍ਰਧਾਨ ਉਨ੍ਹਾਂ ਦੇ ਆਪਣੇ ਭਾਈਚਾਰਿਆਂ ਵਿਚੋਂ ਹੋਵੇ। ਚਰਚਾ ਵਿਚ ਆਏ ਨਾਵਾਂ ਵਿਚ ਗੁਜਰਾਤ ਤੋਂ ਇਕਲੌਤੇ ਕਾਂਗਰਸ ਸੰਸਦ ਮੈਂਬਰ ਜੇਨੀਬੇਨ ਠਾਕੋਰ, ਇੰਦਰਵਿਜੇ ਸਿੰਘ ਗੋਹਿਲ, ਲਾਲਜੀ ਦੇਸਾਈ ਅਤੇ ਅਮਿਤ ਚਾਵੜਾ ਸ਼ਾਮਲ ਹਨ।
ਬਿਹਾਰ ਵਿਚ ਤੇਜਸਵੀ-ਰਾਹੁਲ ਦੀ ਲੜਾਈ : ਬਿਹਾਰ ਵਿਚ ਰਾਜਨੀਤਿਕ ਗਤੀਵਿਧੀਆਂ ਵਿਚ ਵਾਧਾ ਹੋ ਗਿਆ ਹੈ ਕਿਉਂਕਿ ਮਹਾਗੱਠਜੋੜ ਦੇ ਨੇਤਾ ਰਾਹੁਲ ਗਾਂਧੀ ਅਤੇ ਤੇਜਸਵੀ ਯਾਦਵ ਨੇ ਬੁੱਧਵਾਰ ਨੂੰ ਬੰਦ ਦੇ ਸੱਦੇ ਅਤੇ ਰਾਜਵਿਆਪੀ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ ਚੋਣਾਂ ਵਾਲੇ ਰਾਜ ਵਿਚ ਵੋਟਰ ਸੂਚੀ ਦੀ ਵਿਸ਼ੇਸ਼ ਡੂੰਘੀ ਸੋਧ ਦੇ ਵਿਰੁੱਧ ਪਟਨਾ ਵਿਚ ਚੋਣ ਕਮਿਸ਼ਨ ਦਫ਼ਤਰ ਤੱਕ ਇਕ ਜਲੂਸ ਦੀ ਅਗਵਾਈ ਕੀਤੀ।
ਇਸ ਸੋਧ ਨੇ ਵੋਟ ਅਧਿਕਾਰ ਤੋਂ ਵਾਂਝੇ ਹੋਣ ਦੀਆਂ ਚਿੰਤਾਵਾਂ ਪੈਦਾ ਕੀਤੀਆਂ ਹਨ। ਇਕੱਠ ਨੂੰ ਸੰਬੋਧਨ ਕਰਦਿਆਂ ਤੇਜਸਵੀ ਨੇ ਭਾਜਪਾ ਅਤੇ ਨਿਤੀਸ਼ ਕੁਮਾਰ ਦੇ ‘ਗੋਦੀ ਕਮਿਸ਼ਨ’ ਵਿਰੁੱਧ ‘ਇਨਕਲਾਬ’ ਦਾ ਸੱਦਾ ਦਿੱਤਾ।
ਦੂਜੇ ਪਾਸੇ, ਸੰਵਿਧਾਨ ਦੀ ਕਾਪੀ ਫੜੀ ਇਕ ਗੱਡੀ ਦੇ ਉੱਪਰੋਂ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ, ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ, ‘‘ਸ਼੍ਰੀਮਾਨ, ਇਹ ਨਾ ਸਿਰਫ਼ ਤੁਹਾਡੀ ਵੋਟ ਚੋਰੀ ਕਰਨ ਦੀ ਕੋਸ਼ਿਸ਼ ਹੈ, ਸਗੋਂ ਤੁਹਾਡਾ ਭਵਿੱਖ ਵੀ ਖੋਹਣ ਦੀ ਕੋਸ਼ਿਸ਼ ਹੈ ਪਰ ਬਿਹਾਰ ਦੇ ਨੌਜਵਾਨ ਅਜਿਹਾ ਨਹੀਂ ਹੋਣ ਦੇਣਗੇ ਕਿਉਂਕਿ ਪੂਰੀ ਵਿਰੋਧੀ ਧਿਰ ਤੁਹਾਡੇ ਨਾਲ ਖੜ੍ਹੀ ਹੈ।’’ ਇਸ ਦੌਰਾਨ, ਭਾਜਪਾ ਨੇ ‘ਬਿਹਾਰ ਬੰਦ’ ਦੇ ਸੱਦੇ ਲਈ ਇੰਡੀਆ ਬਲਾਕ ਵਿਰੁੱਧ ਆਪਣਾ ਵਿਰੋਧ ਤੇਜ਼ ਕਰ ਦਿੱਤਾ ਅਤੇ ਉਸ ’ਤੇ ‘ਚੱਕਾ ਜਾਮ’ ਦੀ ਆੜ ਵਿਚ ਗੁੰਡਾਗਰਦੀ ਕਰਨ ਦਾ ਦੋਸ਼ ਲਗਾਇਆ।
ਰਾਹਿਲ ਨੌਰਾ ਚੋਪੜਾ
ਭਾਸ਼ਾ ਵਿਵਾਦ : ਰਾਜਨੀਤੀ ਚਮਕਾਉਣ ਅਤੇ ਹੋਂਦ ਦੀ ਲੜਾਈ ਲੜਨ ਦੀ ਕਵਾਇਦ
NEXT STORY