ਪ੍ਰਭੂ ਤੂੰ ਤਾਂ ਔਰਤ ਨੂੰ ਦੇਵੀ ਬਣਾਇਆ ਸੀ? ਉਸ ਨੂੰ ਮਮਤਾ, ਤਰਸ, ਪਿਆਰ ਅਤੇ ਸਨੇਹ ਦੀ ਮੂਰਤ ਕਿਹਾ ਜਾਂਦਾ ਹੈ। ਔਰਤ ਨੂੰ ਮਾਂ, ਭੈਣ, ਧੀ ਅਤੇ ਪਤਨੀ ਕਿਹਾ ਜਾਂਦਾ ਹੈ। ਨਾਰੀ ਮਰਦ ਦੀ ਜਨਨੀ ਹੈ। ਪ੍ਰਭੂ ਤੁਸੀਂ ਵੀ ਤਾਂ ਅਰਧਨਾਰੀਸ਼ਵਰ ਕਹੇ ਜਾਂਦੇ ਹੋ? ਤੁਸੀਂ ਹੀ ਸਿਖਾਇਆ ਕਿ ਨਾਰੀ ਪੂਜਨੀਕ ਹੈ, ਪਰ ਮੇਰੇ ਸਾਹਮਣੇ ਜੋ ਉਦਾਹਰਣਾਂ ਹਨ, ਉਹ ਤਾਂ ਪ੍ਰਭੂ ਤੁਹਾਨੂੰ ਕਟਹਿਰੇ ’ਚ ਖੜ੍ਹਾ ਕਰਨ ਵਾਲੀਆਂ ਹਨ। ਕਿਤੇ ਤੁਹਾਡੀ ਸ੍ਰਿਸ਼ਟੀ ਰਚਨਾ ’ਚ ਕਮੀ ਤਾਂ ਨਹੀਂ ਰਹੀ? ਔਰਤ ਦਾ ਜੋ ਵਿਗੜਿਆ ਰੂਪ ਤੁਹਾਡੇ ਸਾਹਮਣੇ ਰੱਖਣ ਦੀ ਹਿੰਮਤ ਕਰ ਰਿਹਾ ਹਾਂ, ਉਸ ਤੋਂ ਤੁਸੀਂ ਖੁਦ ਸ਼ਰਮਿੰਦਾ ਹੋ ਜਾਵੋਗੇ। ਇਹ ਨਾਰੀ ਦੇ ਪਤਨ ਦੀਆਂ ਪਿਛਲੇ 3-4 ਮਹੀਨਿਆਂ ਦੀਆਂ ਉਦਾਹਰਣਾਂ ਹਨ :
ਹਰਿਆਣਾ ਦੀ ਜੋਤੀ ਮਲਹੋਤਰਾ, 23 ਸਾਲ ਦੀ ਇਕ ਲੜਕੀ ਆਪਣੇ ਹੀ ਦੇਸ਼ ਦੇ ਗੁਪਤ ਭੇਤ ਦੁਸ਼ਮਣ ਮੁਲਕ ਪਾਕਿਸਤਾਨ ਨਾਲ ਸਾਂਝਾ ਕਰ ਰਹੀ ਸੀ। ਉਹ ਪਾਕਿਸਤਾਨੀ ਆਈ. ਐੱਸ. ਆਈ. ਦੇ ਇਕ ਅਧਿਕਾਰੀ ਦਾਨਿਸ਼ ਨਾਲ ਪ੍ਰੇਮ ਮਿਲਾਪ ਦੇ ਬਹਾਨੇ ਹਿੰਦੋਸਤਾਨ ਦੇ ਬਹਾਦਰ ਫੌਜੀਆਂ ਦੀਆਂ ਸਰਗਰਮੀਆਂ ਪਾਕਿਸਤਾਨ ਭੇਜ ਰਹੀ ਸੀ। ਉਸ ਨੇ ਤਰਨਤਾਰਨ ਦੇ ਜਸਵੀਰ ਸਿੰਘ ਵਰਗੇ ਕਈ ਜਾਸੂਸ ਆਪਣੇ ਨਾਲ ਮਿਲਾਏ ਹੋਏ ਸਨ। ਸ਼ੁਕਰ ਹੈ ਕਿ ਸਮੇਂ ਸਿਰ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਰਹਿਣਾ, ਖਾਣਾ-ਪੀਣਾ ਇਸ ਦੇਸ਼ ਦਾ ਅਤੇ ਇਸ ਮੁਲਕ ਦੇ ਹੀ ਗੁਪਤ ਰਾਜ਼ ਦੁਸ਼ਮਣ ਦੇਸ਼ ਨਾਲ ਸਾਂਝਾ ਕਰਨਾ ਦੇਸ਼ਧ੍ਰੋਹ ਹੈ, ਗੱਦਾਰੀ ਹੈ।
ਦੂਜੀ ਉਦਾਹਰਣ ਇਕ 40 ਸਾਲਾ ਸੱਸ ਦੀ ਹੈ। ਉਸ ਸੱਸ ਨੇ ਆਪਣੀ ਸਕੀ ਬੇਟੀ ਦਾ ਸੁਹਾਗ ਹੀ ਉਸ ਤੋਂ ਖੋਹ ਲਿਆ। ਬੇਟੀ ਦੇ ਵਿਆਹ ਦੇ 9 ਦਿਨ ਪਹਿਲਾਂ ਹੀ ਆਪਣੇ ਜਵਾਈ ਨਾਲ ਭੱਜ ਗਈ। ਇਹੀ ਨਹੀਂ, ਆਪਣੀ ਬੇਟੀ ਦੇ ਵਿਆਹ ਲਈ ਬਣਵਾਏ ਗਹਿਣੇ ਵੀ ਨਾਲ ਲੈ ਗਈ। 10-12 ਦਿਨ ਸ਼ਿਮਲਾ ’ਚ ਖੂਬ ਮਸਤੀ ਕੀਤੀ ਅਤੇ ਨਤੀਜਾ ਇਹ ਹੋਇਆ ਕਿ ਸੱਸ ਆਪਣੇ ਜਵਾਈ ਤੋਂ ਪ੍ਰੈਗਨੈਂਟ ਵੀ ਹੋ ਗਈ। ਸੱਸ ਮੀਡੀਆ ’ਚ ਆਪਣੇ ਕੀਤੇ ਲਈ ਜ਼ਰਾ ਵੀ ਸ਼ਰਮਿੰਦਾ ਨਹੀਂ ਦਿਖਾਈ ਦਿੱਤੀ ਸਿਵਾਏ ਇਸ ਬਹਾਨੇ ਨਾਲ ਕਿ ਉਸ ਦਾ ਪਤੀ ਉਸ ਨੂੰ ਕੁੱਟਦਾ ਸੀ। ਨਾਰੀ ਜਾਤੀ ਖੁਦ ਅਜਿਹੀ ਸੱਸ ਨੂੰ ਕੀ ਸਜ਼ਾ ਦੇਵੇਗੀ?
ਐਕਸਟ੍ਰਾ ਮੈਰੀਟਲ ਰਿਲੇਸ਼ਨ ਹੁੰਦੇ ਹਨ ਪਰ ਆਪਣੀ ਹੀ ਬੇਟੀ ਦੇ ਪਤੀ ਨੂੰ ਲੈ ਕੇ ਭੱਜ ਜਾਣਾ, ਨਾਰੀ ਜਾਤੀ ’ਤੇ ਕਲੰਕ ਹੈ। ਮੰਨਿਆ ਪਿਆਰ ਅੰਨ੍ਹਾ ਹੁੰਦਾ ਹੈ ਪਰ ਇੰਨਾ ਵੀ ਅੰਨ੍ਹਾ ਤਾਂ ਨਹੀਂ ਕਿ ਖੂਹ ’ਚ ਜਾ ਪਵੇ। ਆਪਣੀ ਹੀ ਸਕੀ ਬੇਟੀ ਦੇ ਭਵਿੱਖ ਨੂੰ ਮਿੱਟੀ ’ਚ ਮਿਲਾ ਦੇਵੇ।
ਪ੍ਰਭੂ, ਗੁਰੂ-ਚੇਲੇ ਦੇ ਸੰਬੰਧ ਕਿੰਨੇ ਪਵਿੱਤਰ ਹਨ, ਇਹ ਤਾਂ ਤੁਸੀਂ ਖੁਦ ਆਪਣੇ ਮੁਖ ਤੋਂ ਕਹੇ ਹਨ ਪਰ ਕੀ ਤੁਸੀਂ 40 ਸਾਲ ਦੀ ਉਸ ਅਧਿਆਪਿਕਾ ਨੂੰ ਮੁਆਫ ਕਰ ਦਿਓਗੇ ਜਿਸ ਨੇ ਆਪਣੇ 16 ਸਾਲਾਂ ਦੇ ਨਾਬਾਲਿਗ ਸਟੂਡੈਂਟ ਨੂੰ ਐਗਜ਼ਾਇਟੀ ਟੈਬਲੇਟ ਖੁਆ ਕੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ? ਆਲੀਸ਼ਾਨ ਹੋਟਲਾਂ ’ਚ ਆਪਣੇ 16 ਸਾਲਾ ਵਿਦਿਆਰਥੀ ਨਾਲ ਆਪਣੀ ਸਰੀਰਕ ਹਵਸ ਪੂਰੀ ਕਰਦੀ ਰਹੀ। ਪੜ੍ਹੀ-ਲਿਖੀ, ਪੋਸਟ ਗ੍ਰੈਜੂਏਟ ਇਸ ਟੀਚਰ ਦੇ ਆਪਣੇ ਵੀ ਬੱਚੇ ਹਨ। ਇਸ ਟੀਚਰ ਨੂੰ ਤੁਸੀਂ ਕੀ ਸਜ਼ਾ ਦਿਓਗੇ? ਉਨ੍ਹਾਂ ਔਰਤਾਂ ਦਾ ਕੀ ਕਰੋਗੇ ਜੋ ਮਾਵਾਂ ਹੋ ਕੇ ਆਪਣੀਆਂ ਹੀ ਸਕੀਆਂ ਧੀਆਂ ਲਈ ਗਾਹਕ ਭੇਜਦੀਆਂ ਹਨ। ਸਮਾਜ ਇਹ ਕਹਿ ਕੇ ਛੁਟਕਾਰਾ ਨਹੀਂ ਪਾ ਸਕਦਾ ਕਿ ਇਹ ਕਲਯੁੱਗ ਦਾ ਪ੍ਰਭਾਵ ਹੈ।
ਰਾਜਾ ਰਘੂਵੰਸ਼ੀ ਨੂੰ ਉਸ ਦੀ ਨਵੀਂ ਵਿਆਹੁਤਾ ਪਤਨੀ ਸੋਨਮ ਨੇ ਵਿਆਹ ਦੇ 9 ਦਿਨ ਬਾਅਦ ਹੀ ਆਪਣੇ ਆਸ਼ਿਕ ਅਤੇ ਗੁੰਡਿਆਂ ਨੂੰ ਸੁਪਾਰੀ ਦੇ ਕੇ ਮੇਘਾਲਿਆ ਦੀਆਂ ਪਹਾੜੀਆਂ ’ਚ ਮਰਵਾ ਦਿੱਤਾ। ਸੋਨਮ ਆਪਣੇ ਆਸ਼ਿਕ ਨਾਲ ਵੱਖ-ਵੱਖ ਜਗ੍ਹਾ ’ਤੇ ਮੌਜ-ਮਸਤੀ ਕਰਦੀ ਰਹੀ। ਇਹੀ ਨਹੀਂ ਸੋਨਮ ਨੇ ਹੱਤਿਆ ’ਚ ਵਰਤੇ ਗਏ ਸਾਰੇ ਸਬੂਤਾਂ ਨੂੰ ਵੀ ਨਸ਼ਟ ਕਰ ਦਿੱਤਾ ਪਰ ਮੈਂ ਮੇਘਾਲਿਆ ਪੁਲਸ ਨੂੰ ਸ਼ਾਬਾਸ਼ ਦੇਵਾਂਗਾ ਕਿ ਉਸ ਨੇ ਸੋਨਮ ਅਤੇ ਹੋਰ ਮੁਲਜ਼ਮਾਂ ਨੂੰ ਲੱਭ ਕੇ ਗ੍ਰਿਫਤਾਰ ਕਰ ਲਿਆ। ਸੋਨਮ ਨੇ ਆਪਣੇ ਪਤੀ ਦੀ ਹੱਤਿਆ ਕਰਵਾ ਕੇ ਵਿਆਹੁਤਾ ਧਰਮ ਦੀਆਂ ਸਾਰੀਆਂ ਮਰਿਆਦਾਵਾਂ ਨੂੰ ਤਾਰ-ਤਾਰ ਕਰ ਦਿੱਤਾ।
ਇਕ ਹੋਰ ਨਾਰੀ ਨਿਰਲੱਜਤਾ ਦਾ ਕੇਸ ਹੈ ਮੁਸਕਾਨ ਵਰਗੀ ਸੁੰਦਰ ਲੜਕੀ ਦਾ। ਮੁਸਕਾਨ ਨੇ ਆਪਣੇ ਵਿਆਹ ਦੇ ਸਿਰਫ 11 ਦਿਨ ਬਾਅਦ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦੇ ਟੁਕੜੇ-ਟੁਕੜੇ ਕਰ ਕੇ ਨੀਲੇ ਰੰਗ ਦੇ ਡਰੰਮ ’ਚ ਪਾ ਕੇ ਉਪਰੋਂ ਡਰੰਮ ਨੂੰ ਸੀਮੈਂਟ ਨਾਲ ਭਰ ਕੇ ਟੋਏ ’ਚ ਪਾ ਦਿੱਤਾ ਤਾਂ ਕਿ ਕਿਸੇ ਨੂੰ ਵੀ ਮੁਸਕਾਨ ’ਤੇ ਸ਼ੱਕ ਨਾ ਹੋਵੇ ਪਰ ਕਤਲ ਤਾਂ ਸਿਰ ਚੜ੍ਹ ਕੇ ਬੋਲਦਾ ਹੈ। ਆਪਣੇ ਪਤੀ ਦੇ ਟੁਕੜੇ ਕਰ ਕੇ ਮੁਸਕਾਨ ਆਪਣੇ ਆਸ਼ਿਕ ਨਾਲ ਸ਼ਿਮਲਾ ’ਚ ਰੰਗਰਲੀਆਂ ਮਨਾਉਣ ਚਲੀ ਗਈ। ਦੋਵੇਂ ਪ੍ਰੇਮੀ 10 ਦਿਨ ਸ਼ਿਮਲਾ ’ਚ ਰਹੇ। ਮੁਸਕਾਨ ਦੇ ਚਿਹਰੇ ’ਤੇ ਇਸ ਹੱਤਿਆ ਕਾਂਡ ਦਾ ਕੋਈ ਪਛਤਾਵਾ ਨਹੀਂ ਸੀ। 4 ਮਾਰਚ, 2025 ਨੂੰ ਮੁਸਕਾਨ ਨੂੰ ਆਪਣੇ ਪਤੀ ਦੀ ਹੱਤਿਆ ਕਰਨ ਦੇ ਜੁਰਮ ’ਚ ਗ੍ਰਿਫਤਾਰ ਕਰ ਲਿਆ ਗਿਆ। ਉਸ ਦਾ ਤਾਂਤਰਿਕ ਪ੍ਰੇਮੀ ਵੀ ਜੇਲ ’ਚ ਬੰਦ ਹੈ।
ਇਕ ਹੋਰ ਉਦਾਹਰਣ ਹੈ ਪ੍ਰਗਤੀ ਅਤੇ ਦਲੀਪ ਦੀ, ਜਿੱਥੇ ਪਤਨੀ ਪ੍ਰਗਤੀ ਨੇ ਵਿਆਹ ਦੇ 20ਵੇਂ ਦਿਨ ਹੀ ਆਪਣੇ ਪਤੀ ਦਲੀਪ ਦੀ ਹੱਤਿਆ ਕਰ ਦਿੱਤੀ। ਆਪਣੇ ਪਤੀ ਦੀ ਹੱਤਿਆ ਕਰਵਾਉਣ ਲਈ ਪ੍ਰਗਤੀ ਨੇ ਹੱਤਿਆਰਿਆਂ ਨੂੰ 2 ਲੱਖ ਦੀ ਸੁਪਾਰੀ ਦਿੱਤੀ। ਹੱਤਿਆ ਕਰਵਾ ਕੇ ਪ੍ਰਗਤੀ ਆਪਣੇ ਪ੍ਰੇਮੀ ਮਨੋਜ ਯਾਦਵ ਨਾਲ ਫਰਾਰ ਹੋ ਗਈ। ਔਰੈਆ (ਯੂ.ਪੀ.) ’ਚ ਪ੍ਰਗਤੀ ਨੂੰ ਆਪਣੇ ਪਤੀ ਦੀ ਘਿਨੌਣੀ ਹੱਤਿਆ ਕਰਨ ਦੇ ਜੁਰਮ ’ਚ ਗ੍ਰਿਫਤਾਰ ਕਰ ਲਿਆ ਗਿਆ।
ਉਪਰੋਕਤ ਹੱਤਿਆ ਕਾਂਡਾਂ ਨਾਲ ਨਾਰੀ ਜਾਤੀ ਦਾ ਅਕਸ ਖਰਾਬ ਹੋਇਆ ਹੈ। ਜੇਕਰ ਉਪਰੋਕਤ ਔਰਤਾਂ ਨੇ ਆਪਣੇ ਪ੍ਰੇਮੀਆਂ ਨਾਲ ਜਿਊਣ ਦੀ ਲਾਲਸਾ ਪਾਲ ਹੀ ਰੱਖੀ ਸੀ ਤਾਂ ਫਿਰ ਉਨ੍ਹਾਂ ਨੂੰ ਗੈਰ ਮਰਦਾਂ ਨਾਲ ਵਿਆਹ ਕਰਨ ਦੀ ਕੀ ਲੋੜ ਸੀ? ਵਿਆਹ ਕਰ ਲਿਆ ਤਾਂ ਫਿਰ ਉਸ ਵਿਆਹ ਨੂੰ ਨਿਭਾਉਂਦੀਆਂ? ਵਿਚਾਰੇ ਬੇਗੁਨਾਹ ਪਤੀਆਂ ਨੂੰ ਗੁੰਡਿਆਂ ਤੋਂ ਕਿਉਂ ਮਰਵਾਉਣਾ ਸੀ? ਇਹ ਤਾਂ ਸਿਰਫ ਕੁਝ ਕੁ ਉਦਾਹਰਣਾਂ ਹਨ।
ਮਾਸਟਰ ਮੋਹਨ ਲਾਲ
(ਸਾਬਕਾ ਟਰਾਂਸਪੋਰਟ ਮੰਤਰੀ, ਪੰਜਾਬ)
‘ਸਿੱਖਿਆ ਦੇ ਮੰਦਰਾਂ’ ’ਚ ਵਿਦਿਆਰਥਣਾਂ ਦੇ ਕੱਪੜੇ ਉਤਰਵਾਉਣਾ!
NEXT STORY