ਅੱਜ ਇਕ ਪਾਸੇ ਪਾਕਿਸਤਾਨ ਆਪਣੇ ਪਾਲੇ ਹੋਏ ਅੱਤਵਾਦੀਆਂ ਦੇ ਜ਼ਰੀਏ ਭਾਰਤ ’ਚ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਸਮੱਗਲਿੰਗ ਕਰਵਾ ਰਿਹਾ ਹੈ ਅਤੇ ਦੂਜੇ ਪਾਸੇ ਸਮਾਜ ਵਿਰੋਧੀ ਅਨਸਰਾਂ ਨੇ ਹਿੰਸਾ ਅਤੇ ਖੂਨ ਖਰਾਬੇ ਲਈ ਨਾਜਾਇਜ਼ ਹਥਿਆਰਾਂ ਅਤੇ ਧਮਾਕਾਖੇਜ਼ ਸਮੱਗਰੀ ਦੀ ਸਮੱਗਲਿੰਗ ਦਾ ਧੰਦਾ ਸ਼ੁਰੂ ਕੀਤਾ ਹੋਇਆ ਹੈ। ਸਥਿਤੀ ਦੀ ਗੰਭੀਰਤਾ ਇਸੇ ਸਾਲ ਦੀਆਂ ਸਿਰਫ ਲਗਭਗ ਸਾਢੇ ਤਿੰਨ ਮਹੀਨਿਆਂ ਦੀਆਂ ਹੇਠ ਲਿਖੀਆਂ ਉਦਾਹਰਣਾਂ ਤੋਂ ਸਪੱਸ਼ਟ ਹੈ :
* 29 ਮਾਰਚ, 2025 ਨੂੰ ‘ਕੰਨੂਰ’ (ਕੇਰਲ) ਜ਼ਿਲੇ ਦੇ ‘ਪੋਈਲੁਰ’ ਖੇਤਰ ’ਚ ਪੁਲਸ ਨੇ ‘ਰਾਸ਼ਟਰੀ ਸਵੈਮ-ਸੇਵਕ ਸੰਘ’ ਦੇ ਇਕ ਨੇਤਾ ‘ਵਡਕਾਈਲ’ ਪ੍ਰਮੋਦ ਅਤੇ ਉਸ ਦੇ ਰਿਸ਼ਤੇਦਾਰ ‘ਵਡਕਾਈਲ ਸ਼ਾਂਤਾ’ ਦੇ ਘਰੋਂ 770 ਕਿੱਲੋ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ।
* 19 ਮਈ ਨੂੰ ਸੁਰੱਖਿਆ ਬਲਾਂ ਨੇ ‘ਵਿਜੇਨਗਰਮ’ (ਤੇਲੰਗਾਨਾ) ਤੋਂ ‘ਸਿਰਾਜ਼-ਓਰ-ਰਹਿਮਾਨ’ ਅਤੇ ‘ਸਈਦ ਸਮੀਰ’ ਨਾਂ ਦੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਭਾਰੀ ਮਾਤਰਾ ’ਚ ਬੰਬ ਬਣਾਉਣ ਦਾ ਸਾਮਾਨ ‘ਅਮੋਨੀਆ’, ‘ਸਲਫਰ’ ਅਤੇ ‘ਐਲੂਮੀਨੀਅਮ’ ਪਾਊਡਰ ਬਰਾਮਦ ਕੀਤਾ।
* 1 ਜੁਲਾਈ ਨੂੰ ‘ਕਾਊਂਟਰ ਇੰਟੈਲੀਜੈਂਸ’ ਅੰਮ੍ਰਿਤਸਰ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਨਾਜਾਇਜ਼ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ ਇਕ ਮਾਡਿਊਲ ਦਾ ਭਾਂਡਾ ਭੰਨ ਕੇ ਇਸ ਦੇ ਤਿੰਨ ਸੰਚਾਲਕਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਦੇ ਕੋਲੋਂ 8 ਅਤਿ-ਆਧੁਨਿਕ ਹਥਿਆਰਾਂ ਦੇ ਇਲਾਵਾ 2.9 ਲੱਖ ਰੁਪਏ ਨਕਦ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ।
* 2 ਜੁਲਾਈ ਨੂੰ ‘ਪ੍ਰਤਾਪਗੜ੍ਹ’ (ਰਾਜਸਥਾਨ) ਦੀ ਜ਼ਿਲਾ ਪੁਲਸ ਅਤੇ ‘ਐਂਟੀ-ਗੈਂਗਸਟਰ ਟਾਸਕ ਫੋਰਸ’ ਦੀ ਸੰਯੁਕਤ ਟੀਮ ਨੇ ਹਥਿਆਰ ਸਮੱਗਲਰਾਂ ਦੇ ਇਕ ਵੱਡੇ ਨੈੱਟਵਰਕ ਦਾ ਭਾਂਡਾ ਭੰਨ ਕੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਤੋਂ 14 ਨਾਜਾਇਜ਼ ਵਿਦੇਸ਼ੀ ਹਥਿਆਰ, 1860 ਕਾਰਤੂਸ ਅਤੇ 10 ਮੈਗਜ਼ੀਨ ਬਰਾਮਦ ਕੀਤੇ।
* 4 ਜੁਲਾਈ ਨੂੰ ‘ਮਣੀਪੁਰ’ ਦੇ ਚਾਰ ਪਹਾੜੀ ਜ਼ਿਲਿਆਂ ‘ਟੈਗਨੋਪਾਲ’, ‘ਕਾਂਗਪਾਕਪੀ’, ‘ਚੰਦੇਲ’, ਅਤੇ ‘ਚੁਰਾਚਾਂਦਪੁਰ’ ’ਚ ਸੁਰੱਖਿਆ ਬਲਾਂ ਨੇ 21 ਇਨਸਾਸ ਰਾਈਫਲਾਂ, 26 ਐੱਸ. ਐੱਲ. ਆਰ., 2 ਸਨਾਈਪਰਾਂ, 3 ਐੱਮ.79 ਗ੍ਰੇਨੇਡ ਲਾਂਚਰਾਂ, 11 ਸਿੰਗਲ ਬੋਲਟ ਐਕਸ਼ਨ, 9 ਪਿਸਤੌਲਾਂ, 18 ਸਿੰਗਲ ਸ਼ਾਰਟ ਰਾਈਫਲਾਂ ਅਤੇ ਸੁਧਾਰੇ ਧਮਾਕਾਖੇਜ਼ ਉਪਕਰਣ (ਆਈ. ਈ. ਡੀ.) ਆਦਿ ਸਮੇਤ 200 ਤੋਂ ਵੱਧ ਹਥਿਆਰ ਅਤੇ ਜੰਗੀ ਸਮੱਗਰੀ ਬਰਾਮਦ ਕੀਤੀ।
* 4 ਜੁਲਾਈ ਨੂੰ ਹੀ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ‘ਕੌਮਾਂਤਰੀ ਨਾਰਕੋ ਆਰਮਸ ਨੈੱਟਵਰਕ’ ਦਾ ਭਾਂਡਾ ਭੰਨ ਕੇ 9 ਲੋਕਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ ਨਸ਼ੇ ਤੋਂ ਇਲਾਵਾ 5 ਆਧੁਨਿਕ ਪਿਸਤੌਲਾਂ ਅਤੇ 9.7 ਲੱਖ ਰੁਪਏ ਨਕਦ ਬਰਾਮਦ ਕੀਤੇ।
* 7 ਜੁਲਾਈ ਨੂੰ ‘ਪੱਛਮ ਸਿੰਘਭੂਮ’ (ਝਾਰਖੰਡ) ਜ਼ਿਲੇ ’ਚ ‘ਕੋਟਸੋਨਾ’ ਅਤੇ ‘ਲਾਂਜੀ’ ਪਿੰਡਾਂ ਵਿਚਾਲੇ ਇਕ ਜੰਗਲ ’ਚੋਂ ਸੁਰੱਖਿਆ ਬਲਾਂ ਨੇ ਨਕਸਲ ਵਿਰੋਧੀ ਮੁਹਿੰਮ ਦੇ ਅਧੀਨ 16 ‘ਸੁਧਾਰੇ ਧਮਾਕਾਖੇਜ਼ ਉਪਕਰਣ’ (ਆਈ. ਈ. ਡੀ.) ਬਰਾਮਦ ਕੀਤੇ।
* 8 ਜੁਲਾਈ ਨੂੰ ਬੀ. ਐੱਸ. ਐੱਫ. ਨੇ ‘ਅੰਮ੍ਰਿਤਸਰ’ ’ਚ ਰਾਤ ਨੂੰ ਗਸ਼ਤ ਦੌਰਾਨ ‘ਦਾਓਕੇ’ ਪਿੰਡ ਦੇ ਇਕ ਖੇਤ ’ਚੋਂ ਮੈਗਜ਼ੀਨ ਸਮੇਤ ਇਕ ਪਿਸਤੌਲ ਬਰਾਮਦ ਕੀਤੀ।
* 8 ਜੁਲਾਈ ਨੂੰ ਹੀ ਪੰਜਾਬ ਪੁਲਸ ਦੀ ‘ਐਂਟੀ-ਗੈਂਗਸਟਰ ਟਾਸਕ ਫੋਰਸ’ ਨੇ ਪਾਕਿਸਤਾਨ ਦੀ ਖੁਫੀਆ ਏਜੰਸੀ ‘ਆਈ. ਐੱਸ. ਆਈ.’ ਦੀ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ ਕਰ ਕੇ ‘ਗੁਰਦਾਸਪੁਰ’ ਦੇ ਜੰਗਲੀ ਖੇਤਰ ’ਚੋਂ 2 ਏ. ਕੇ. 47 ਰਾਈਫਲਾਂ, 16 ਜ਼ਿੰਦਾ ਕਾਰਤੂਸ, 2 ਮੈਗਜ਼ੀਨਾਂ ਅਤੇ 2 ਪੀ-86 ਹੈਂਡ ਗ੍ਰੇਨੇੇਡ ਬਰਾਮਦ ਕੀਤੇ।
* 10 ਜੁਲਾਈ ਨੂੰ ਸੁਰੱਖਿਆ ਬਲਾਂ ਨੇ ‘ਪੁੰਛ’ (ਜੰਮੂ-ਕਸ਼ਮੀਰ) ਦੇ ਪਿੰਡ ‘ਖੰਨੇਤਹ’ ’ਚ ਇਕ ਅੱਤਵਾਦੀ ਟਿਕਾਣੇ ਦਾ ਪਤਾ ਲਗਾ ਕਿ ਉੱਥੋਂ 2 ਪਿਸਤੌਲ, 2 ਮੈਗਜ਼ੀਨ, 9 ਐੱਮ. ਐੱਮ. ਦੇ 24 ਕਾਰਤੂਸ, 1 ਯੂ. ਬੀ. ਜੀ. ਐੱਲ., 6 ਹੱਥਗੋਲੇ, 2 ਆਈ. ਈ. ਡੀ., 1 ਇਲੈਕਟ੍ਰਾਨਿਕ ਸੈੱਟ ਆਦਿ ਬਰਾਮਦ ਕੀਤੇ।
* 11 ਜੁਲਾਈ ਨੂੰ ਉੱਤਰਾਖੰਡ ਪੁਲਸ ਨੇ ਹਿਮਾਚਲ-ਉੱਤਰਾਖੰਡ ਹੱਦ ਦੇ ਨੇੜੇ ‘ਟਿਊਨੀ’ ਪਿੰਡ ’ਚ ਹਿਮਾਚਲ ਦੀ ਹੱਦ ’ਚ ਦਾਖਲ ਹੋਣ ਜਾ ਰਹੀ ਇਕ ਕਾਰ ਨੂੰ ਰੋਕ ਕੇ ਉਸ ’ਚ ਸਵਾਰ 3 ਲੋਕਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 5 ਡੱਬਿਆਂ ’ਚ ‘ਕਮਰਸ਼ੀਅਲ ਗ੍ਰੇਡ’ ਦਾ ਡਾਇਨਾਮਾਈਟ, ਡੈਟੋਨੇਟਰ ਕੈਪਸ, ਲਾਲ ਰੰਗ ਦੀਆਂ ਬਿਜਲੀ ਦੀਆਂ ਤਾਰਾਂ ਦਾ ਇਕ ਰੋਲ ਅਤੇ ਸਕਾਈਬਲਿਊ ਫਿਊਜ਼ ਤਾਰ ਦਾ ਇਕ ਰੋਲ ਬਰਾਮਦ ਕੀਤਾ।
ਸੁਰੱਖਿਆ ਬਲਾਂ ਦੀ ਚੌਕਸੀ ਨਾਲ ਉਕਤ ਧਮਾਕਾਖੇਜ਼ ਸਮੱਗਰੀ ਦੇ ਬਰਾਮਦ ਹੋਣ ਨਾਲ ਸਪੱਸ਼ਟ ਹੈ ਕਿ ਜੇਕਰ ਇਸ ਸਮੱਗਰੀ ਦੀ ਦੇਸ਼ ਦੇ ਦੁਸ਼ਮਣ ਤੱਤਾਂ ਵਲੋਂ ਵਰਤੋਂ ਕਰ ਦਿੱਤੀ ਜਾਂਦੀ ਤਾਂ ਕਿੰਨਾ ਵੱਡਾ ਅਨਰਥ ਹੋ ਸਕਦਾ ਸੀ।
ਇਸ ਲਈ ਇਸ ਸਮੱਸਿਆ ਨੂੰ ਖਤਮ ਕਰਨ ਲਈ ਸਰਕਾਰਾਂ ਨੂੰ ਜ਼ਿਆਦਾ ਸਖਤ ਕਦਮ ਚੁੱਕਣ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਕੋਈ ਵੱਡੀ ਘਟਨਾ ਨਾ ਹੋਵੇ ਅਤੇ ਜਨਤਾ ਨੂੰ ਜਾਨ-ਮਾਲ ਦੇ ਨੁਕਸਾਨ ਤੋਂ ਬਚਾਇਆ ਜਾ ਸਕੇ।
–ਵਿਜੇ ਕੁਮਾਰ
ਕਰਨਾਟਕ ਕਾਂਗਰਸ ਵਿਚ ਸੱਤਾ ਸੰਘਰਸ਼ ਦਾ ਨਹੀਂ ਹੋ ਪਾ ਰਿਹਾ ਹੱਲ
NEXT STORY