ਚੀਨ ’ਚ ਇਨਕਲਾਬ ਦੇ ਸੂਤਰਧਾਰ ਮਾਓ-ਜ਼ੇ ਤੁੰਗ ਦਾ ਕਹਿਣਾ ਸੀ, ‘‘ਇਕ ਚੰਗਿਆੜੀ ਸਾਰੇ ਜੰਗਲ ਨੂੰ ਅੱਗ ਲਾ ਦਿੰਦੀ ਹੈ।’’ ਉਸੇ ਤੋਂ ਪ੍ਰੇਰਿਤ ਹੋ ਕੇ 1967 ’ਚ ਪੱਛਮੀ ਬੰਗਾਲ ਦੇ ਸਿਲੀਗੁੜੀ ਜ਼ਿਲ੍ਹੇ ਦੇ ‘ਨਕਸਲਬਾੜੀ’ ਪਿੰਡ ਤੋਂ ਇਕ ਅੰਦੋਲਨ ਸ਼ੁਰੂ ਹੋਇਆ। ਮਾਓ ਤੋਂ ਪ੍ਰੇਰਿਤ ਹੋਣ ਕਾਰਨ ਇਸ ਨੂੰ ‘ਮਾਓਵਾਦੀ ਅੰਦੋਲਨ’ ਅਤੇ ‘ਨਕਸਲਬਾੜੀ’ ਪਿੰਡ ਤੋਂ ਸ਼ੁਰੂ ਹੋਣ ਦੇ ਕਾਰਨ ‘ਨਕਸਲਬਾੜੀ ਅੰਦੋਲਨ’ ਕਿਹਾ ਜਾਂਦਾ ਹੈ।
ਇਸ ਅੰਦੋਲਨ ਦੇ ਤਿੰਨ ਮੁੱਖ ਆਗੂ ਸਨ-ਚਾਰੂ ਮਜੂਮਦਾਰ, ਕਾਨੂ ਸਾਨਿਆਲ ਅਤੇ ‘ਜੰਗਲ ਸੰਥਾਲ’। ਸ਼ੁਰੂ ’ਚ ਵੱਡੇ ਜ਼ਿਮੀਂਦਾਰਾਂ ਵਿਰੁੱਧ ਸ਼ੁਰੂ ਹੋਇਆ ਇਹ ਅੰਦੋਲਨ ਛੇਤੀ ਹੀ ਇਕ ਦਰਜਨ ਤੋਂ ਵੱਧ ਸੂਬਿਆਂ ’ਚ ਫੈਲ ਕੇ ਬਹੁਤ ਵੱਡਾ ਖਤਰਾ ਬਣ ਗਿਆ।
ਨਕਸਲੀ (ਮਾਓਵਾਦੀ) ਗਿਰੋਹ ਨਾ ਸਿਰਫ ਸਰਕਾਰ ਵਿਰੁੱਧ ਛਾਪਾਮਾਰ ਲੜਾਈ ’ਚ ਜੁੱਟ ਗਏ ਸਗੋਂ ਕੰਗਾਰੂ ਅਦਾਲਤਾਂ ਲਾ ਕੇ ਮਨਮਰਜ਼ੀ ਦੇ ਫੈਸਲੇ ਸੁਣਾਉਣ ਤੋਂ ਇਲਾਵਾ ਲੋਕਾਂ ਕੋਲੋਂ ਜਬਰੀ ਵਸੂਲੀ, ਲੁੱਟ-ਮਾਰ ਅਤੇ ਹੱਤਿਆਵਾਂ ਵੀ ਕਰਨ ਲੱਗੇ। ਕੇਂਦਰ ਸਰਕਾਰ ‘ਨਕਸਲਵਾਦ’ ਅਤੇ ‘ਮਾਓਵਾਦ’ ਨੂੰ ‘ਖੱਬੇ-ਪੱਖੀ ਅੱਤਵਾਦ’ ਮੰਨਦੀ ਹੈ। ਇਸ ਨੂੰ ਨਜਿੱਠਣ ਲਈ ਗ੍ਰਹਿ ਮੰਤਰਾਲਾ ’ਚ ਇਕ ਵੱਖਰਾ ਵਿਭਾਗ ਵੀ ਬਣਾਇਆ ਹੋਇਆ ਹੈ।
ਇਸ ਅੰਦੋਲਨ ਦੀ ਸਭ ਤੋਂ ਵੱਧ ਮਾਰ ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਓਡਿਸ਼ਾ, ਝਾਰਖੰਡ, ਕੇਰਲ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਦੇ ਕੁਝ ਜ਼ਿਲ੍ਹਿਆਂ, ਤੇਲੰਗਾਨਾ, ਪੱਛਮੀ ਬੰਗਾਲ, ਮੱਧ-ਪ੍ਰਦੇਸ਼ ਅਤੇ ਬਿਹਾਰ ਝੱਲ ਰਹੇ ਸਨ ਅਤੇ ਪਹਿਲੀ ਹੱਤਿਆ ਇਨ੍ਹਾਂ ਨੇ ਹਥਿਆਰਬੰਦ ਸੰਘਰਸ਼ ਸ਼ੁਰੂ ਕਰਨ ਦੇ ਇਕ ਹਫਤੇ ਅੰਦਰ ਹੀ ਨਕਸਲਬਾੜੀ ਦੇ ਨੇੜੇ 24 ਮਈ, 1967 ਨੂੰ ਕੀਤੀ ਸੀ।
ਪਿਛਲੇ ਕੁਝ ਸਮੇਂ ਤੋਂ ਸੁਰੱਖਿਆ ਬਲਾਂ ਵਲੋਂ ਇਨ੍ਹਾਂ ਵਿਰੁੱਧ ਜ਼ੋਰਦਾਰ ਮੁਹਿੰਮ ਚਲਾਉਣ ਦੇ ਸਿੱਟੇ ਵਜੋਂ ਇਹ ਹੁਣ ਮੁੱਖ ਤੌਰ ’ਤੇ ਝਾਰਖੰਡ, ਬਿਹਾਰ ਅਤੇ ਛੱਤੀਸਗੜ੍ਹ ਤੱਕ ਸਿਮਟਦੇ ਜਾ ਰਹੇ ਹਨ ਅਤੇ ਪਿਛਲੇ 10 ਸਾਲਾਂ ਦੌਰਾਨ ਦੇਸ਼ ’ਚ ਨਕਸਲ ਪ੍ਰਭਾਵਿਤ ਜ਼ਿਲਿਆਂ ਦੀ ਗਿਣਤੀ 95 ਤੋਂ ਘਟ ਕੇ 45 ਰਹਿ ਗਈ ਹੈ। ਇਨ੍ਹਾਂ ਵਿਰੁੱਧ ਸੁਰੱਖਿਆ ਬਲਾਂ ਦੀ ਮੁਹਿੰਮ ਦੇ ਸਿੱਟੇ ਵਜੋਂ ਇਸੇ ਸਾਲ :
* 25 ਫਰਵਰੀ, 2024 ਨੂੰ ‘ਹੂਰ ਤਰਾਈ’ ਦੇ ਜੰਗਲ ’ਚ ਹੋਏ ਐਨਕਾਊਂਟਰ ’ਚ 3 ਨਕਸਲੀ ਮਾਰੇ ਗਏ।
* 3 ਮਾਰਚ ਨੂੰ ਕਾਂਕੇਰ ਜ਼ਿਲ੍ਹੇ ਦੇ ‘ਹਿੰਦੂਰ’ ’ਚ ਮੁਕਾਬਲੇ ਦੌਰਾਨ ਇਕ ਨਕਸਲੀ ਮਾਰਿਆ ਗਿਆ। ਇਸ ’ਚ ‘ਬਸਤਰ ਫਾਈਟਰ’ ਦਾ ਇਕ ਜਵਾਨ ਵੀ ਸ਼ਹੀਦ ਹੋਇਆ ਸੀ।
* 16 ਮਾਰਚ ਨੂੰ ਵੀ ਮੁਕਾਬਲੇ ’ਚ ਇਕ ਨਕਸਲੀ ਮਾਰਿਆ ਗਿਆ ਸੀ।
* 2 ਅਪ੍ਰੈਲ ਨੂੰ ਬੀਜਾਪੁਰ ਦੇ ਜੰਗਲ ’ਚ ਹੋਏ ਮੁਕਾਬਲੇ ’ਚ ਪੁਲਸ ਨੇ 13 ਨਕਸਲੀਆਂ ਨੂੰ ਮਾਰ ਸੁੱਟਿਆ ਸੀ।
ਹੁਣ 16 ਅਪ੍ਰੈਲ ਨੂੰ ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ, ਜਦੋਂ ਇੱਥੋਂ ਦੇ ‘ਬਿਨਾਗੁੰਡਾ’ ਅਤੇ ‘ਕੋਰੋਨਾਰ’ ਪਿੰਡਾਂ ਦਰਮਿਆਨ ‘ਹਾਪਾਟੋਲਾ’ ਦੇ ਜੰਗਲ ’ਚ ਨਕਸਲ ਵਿਰੋਧੀ ਮੁਹਿੰਮ ’ਤੇ ਭੇਜੀ ਗਈ ਬੀ.ਐੱਸ.ਐੱਫ., ‘ਜ਼ਿਲ੍ਹਾ ਰਿਜ਼ਰਵ ਗਾਰਡ’ (ਡੀ.ਆਰ.ਜੀ.) ਅਤੇ ਪੁਲਸ ਦੀ ਇਕ ਸਾਂਝੀ ਪਾਰਟੀ ’ਤੇ ਨਕਸਲੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਦੇ ਜਵਾਬ ’ਚ ਸੁਰੱਖਿਆ ਬਲਾਂ ਨੇ 29 ਨਕਸਲੀਆਂ ਨੂੰ ਘੇਰ ਕੇ ਮਾਰ ਦਿੱਤਾ।
ਇਨ੍ਹਾਂ ’ਚੋਂ 25-25 ਲੱਖ ਰੁਪਏ ਦੇ 2 ਇਨਾਮੀ ਨਕਸਲੀ, ਟਾਪ ਕਮਾਂਡਰ ਸ਼ੰਕਰ ਰਾਵ ਅਤੇ ਲਲਿਤਾ ਵੀ ਸ਼ਾਮਲ ਸਨ। ਇਹ ਨਕਸਲੀਆਂ ਵਿਰੁੱਧ ਮੁਹਿੰਮ ’ਚ ਛੱਤੀਸਗੜ੍ਹ ’ਚ ਹੁਣ ਤੱਕ ਦੀ ਸਭ ਤੋਂ ਵੱਡੀ ਸਫਲਤਾ ਹੈ। ਘਟਨਾ ਸਥਾਨ ਤੋਂ ਭਾਰੀ ਮਾਤਰਾ ’ਚ ਧਮਾਕਾਖੇਜ਼ ਵੀ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ’ਚ 7 ਏ.ਕੇ. -47 ਰਾਈਫਲਾਂ, 1 ਇਨਸਾਸ ਰਾਈਫਲ, 3 ਐੱਲ.ਐੱਮ.ਜੀ. ਆਦਿ ਸ਼ਾਮਲ ਹਨ।
ਇਸ ਮੁਕਾਬਲੇ ’ਚ ਬੀ.ਐੱਸ.ਐੱਫ. ਦੇ ਇਕ ਇੰਸਪੈਕਟਰ ਰਮੇਸ਼ ਚੌਧਰੀ ਸਮੇਤ 3 ਜਵਾਨ ਵੀ ਜ਼ਖਮੀ ਹੋਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਨਕਸਲੀਆਂ ਵਿਰੁੱਧ ਫੈਸਲਾਕੁੰਨ ਕਾਰਵਾਈ ਦੀ ਰਣਨੀਤੀ ਬਣਾਉਣ ਲਈ 9 ਅਤੇ 10 ਅਪ੍ਰੈਲ ਨੂੰ ਕੇਂਦਰੀ ਗ੍ਰਹਿ ਸਕੱਤਰ ਅਜੇ ਕੁਮਾਰ ਭੱਲਾ ਅਤੇ ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਤਪਨ ਡੇਕਾ ਰਾਏਪੁਰ ਆਏ ਹੋਏ ਸਨ।
ਇਸ ਸਾਲ ਹੁਣ ਤੱਕ ਕਾਂਕੇਰ ਸਮੇਤ ਬਸਤਰ ਡਵੀਜ਼ਨ ਦੇ 7 ਜ਼ਿਲਿਆਂ ’ਚ ਸੁਰੱਖਿਆ ਬਲਾਂ ਨੇ ਵੱਖ-ਵੱਖ ਮੁਕਾਬਲਿਆਂ ’ਚ 79 ਨਕਸਲੀਆਂ ਨੂੰ ਟਿਕਾਣੇ ਲਾਇਆ ਹੈ। ਇਹ ਮੁਕਾਬਲਾ ਉਸ ਸਮੇਂ ਹੋਇਆ ਹੈ ਜਦ ਕਿ ਛੱਤੀਸਗੜ੍ਹ ਦੇ ਬਸਤਰ ’ਚ 19 ਅਪ੍ਰੈਲ ਨੂੰ ਅਤੇ ਕਾਂਕੇਰ ’ਚ 26 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਲਈ ਵੋਟਾਂ ਪੈਣੀਆਂ ਹਨ।
ਨਕਸਲੀਆਂ ਵਿਰੁੱਧ ਇਸ ਸਫਲ ਮੁਹਿੰਮ ਲਈ ਸੁਰੱਖਿਆ ਬਲਾਂ ਦੇ ਮੈਂਬਰ ਵਧਾਈ ਦੇ ਪਾਤਰ ਹਨ ਪਰ ਅਜੇ ਇਹ ਖਤਰਾ ਖਤਮ ਕਰਨ ਲਈ ਬਹੁਤ ਕੁੱਝ ਕਰਨਾ ਬਾਕੀ ਹੈ। ਨਕਸਲੀਆਂ ਨੇ 16 ਅਪ੍ਰੈਲ ਦੀ ਰਾਤ ਨੂੰ ਹੀ ਸੂਬੇ ਦੇ ਨਾਰਾਇਣਗੜ੍ਹ ’ਚ ਇਕ ਕਾਇਰਾਨਾ ਕਰਤੂਤ ਕਰਦਿਆਂ ਇਕ ਭਾਜਪਾ ਆਗੂ ਪੰਚਮ ਦਾਸ ਦੀ ਹੱਤਿਆ ਕਰ ਕੇ ਆਪਣੇ ਇਰਾਦਿਆਂ ਦਾ ਸੰਕੇਤ ਦੇ ਦਿੱਤਾ ਹੈ। ਇਸ ਲਈ ਨਕਸਲੀਆਂ ਵਿਰੁੱਧ ਮੁਹਿੰਮ ਹੋਰ ਮਜ਼ਬੂਤੀ ਨਾਲ ਚਲਾਉਣ ਦੀ ਲੋੜ ਹੈ।
-ਵਿਜੇ ਕੁਮਾਰ
ਚੰਗੇ ਮਾਨਸੂਨ ਨਾਲ ਪਵੇਗੀ ਅਰਥਵਿਵਸਥਾ ’ਚ ਜਾਨ
NEXT STORY