22 ਅਪ੍ਰੈਲ ਨੂੰ ਪਹਿਲਗਾਮ ’ਚ ਪਾਕਿਸਤਾਨ ਦੇ ਪਾਲੇ ਹੋਏ ਅੱਤਵਾਦੀਆਂ ਵਲੋਂ 26 ਸੈਲਾਨੀਆਂ ਦੀ ਹੱਤਿਆ ਦੇ ਵਿਰੁੱਧ ਭਾਰਤੀ ਸੁਰੱਖਿਆ ਬਲਾਂ ਨੇ 7-8 ਮਈ ਦੀ ਦਰਮਿਆਨੀ ਰਾਤ ਨੂੰ ‘ਆਪ੍ਰੇਸ਼ਨ ਸਿੰਧੂਰ’ ਚਲਾ ਕੇ ਪਾਕਿਸਤਾਨ ’ਚ 9 ਥਾਵਾਂ ’ਤੇ 100 ਤੋਂ ਵੱਧ ਅੱਤਵਾਦੀਆਂ ਅਤੇ ਉਨ੍ਹਾਂ ਦੇ 21 ਟਿਕਾਣਿਆਂ ਦਾ ਸਫਾਇਆ ਕਰ ਦਿੱਤਾ।
ਭਾਰਤੀ ਸੁਰੱਖਿਆ ਬਲਾਂ ਦੀ ਸਫਲਤਾ ਬਾਰੇ ਦੱਸਣ ਲਈ ਭਾਰਤ ਸਰਕਾਰ ਨੇ ਨਾਰੀ ਸ਼ਕਤੀ ਦੀ ਪ੍ਰਤੀਕ ਦੇ ਰੂਪ ’ਚ ਸੁਰੱਖਿਆ ਬਲਾਂ ਨਾਲ ਜੁੜੀਆਂ 2 ਮਹਿਲਾ ਅਧਿਕਾਰੀਆਂ ਕਰਨਲ ‘ਸੋਫੀਆ ਕੁਰੈਸ਼ੀ’ ਅਤੇ ਵਿੰਗ ਕਮਾਂਡਰ ‘ਵਿਓਮਿਕਾ ਸਿੰਘ’ ਨੂੰ ਚੁਣਿਆ।
ਜਿੱਥੇ ਇਸ ਬ੍ਰੀਫਿੰਗ ਤੋਂ ਬਾਅਦ ‘ਸੋਫੀਆ ਕੁਰੈਸ਼ੀ’ ਦੀ ਸ਼ਲਾਘਾ ਹੋ ਰਹੀ ਹੈ, ਉੱਥੇ ਹੀ 13 ਮਈ ਨੂੰ ਮੱਧ ਪ੍ਰਦੇਸ਼ ਸਰਕਾਰ ’ਚ ਮੰਤਰੀ ‘ਵਿਜੇ ਸ਼ਾਹ’ (ਭਾਜਪਾ) ਨੇ ਇੰਦੌਰ ’ਚ ਇਕ ਸਭਾ ਦੇ ਦੌਰਾਨ ਕਰਨਲ ‘ਸੋਫੀਆ ਕੁਰੈਸ਼ੀ’ ਦਾ ਨਾਂ ਲਏ ਬਿਨਾਂ ਉਨ੍ਹਾਂ ਦੇ ਧਰਮ ’ਤੇ ਟਿੱਪਣੀ ਕਰ ਕੇ ਵਿਵਾਦ ਖੜ੍ਹਾ ਕਰ ਦਿੱਤਾ।
‘ਵਿਜੇ ਸ਼ਾਹ’ ਨੇ ਕਿਹਾ, ‘‘ਜਿਹੜੇ ਲੋਕਾਂ ਨੇ ਬੇਟੀਆਂ ਦਾ ਸਿੰਧੂਰ ਉਜਾੜਿਆਂ ਸੀ ਮੋਦੀ ਨੇ ਉਨ੍ਹਾਂ ਦੀ ਹੀ ਭੈਣ ਭੇਜ ਕੇ ਉਨ੍ਹਾਂ ਦੀ ਹਾਲਤ ਖਰਾਬ ਕਰ ਦਿੱਤੀ। ਅੱਤਵਾਦੀਆਂ ਨੇ ਹਿੰਦੂਆਂ ਨੂੰ ਮਾਰਿਆ ਅਤੇ ਪੀ. ਐੱਮ. ਮੋਦੀ ਨੇ ਉਨ੍ਹਾਂ ਦੀ ਭੈਣ ਨੂੰ ਉਨ੍ਹਾਂ ਦੇ ਘਰ ਭੇਜਿਆ। ਮੋਦੀ ਕੱਪੜੇ ਤਾਂ ਉਤਾਰ ਨਹੀਂ ਸਕਦੇ ਸਨ ਇਸ ਲਈ ਉਨ੍ਹਾਂ ਦੇ ਸਮਾਜ ਦੀ ਭੈਣ ਨੂੰ ਭੇਜਿਆ ਕਿ ਜੇਕਰ ਤੁਸੀਂ ਸਾਡੀਆਂ ਭੈਣਾਂ ਨੂੰ ਵਿਧਵਾ ਕੀਤਾ ਹੈ ਤਾਂ ਤੁਹਾਡੇ ਸਮਾਜ ਦੀ ਭੈਣ ਆ ਕੇ ਤੁਹਾਨੂੰ ਨੰਗਾ ਕਰ ਕੇ ਛੱਡੇਗੀ।’’
ਇਸ ਟਿੱਪਣੀ ਨੂੰ ਲੈ ਕੇ ਜਦੋਂ ਪ੍ਰਦੇਸ਼ ਭਾਜਪਾ ਨੇ ਉਸ ਨੂੰ ਮੁਆਫੀ ਮੰਗਣ ਲਈ ਕਿਹਾ ਤਾਂ ਉਸ ਨੇ ਮੁਆਫੀ ਤਾਂ ਮੰਗ ਲਈ ਪਰ ਇਸ ਦੌਰਾਨ ਉਸ ਦੇ ਚਿਹਰੇ ਦੇ ਹਾਵ-ਭਾਵ ਦੇਖ ਕੇ ਲੋਕਾਂ ਦਾ ‘ਵਿਜੇ ਸ਼ਾਹ’ ਦੇ ਵਿਰੁੱਧ ਗੁੱਸਾ ਹੋਰ ਵੀ ਵਧ ਗਿਆ।
ਫੌਜ ’ਚ ਸਿੰਗਨਲ ਆਫਿਸਰ ‘ਸੋਫੀਆ ਕੁਰੈਸ਼ੀ’ ਦਾ ਪਰਿਵਾਰ ਕਈ ਪੀੜ੍ਹੀਆਂ ਤੋਂ ਦੇਸ਼ ਦੀ ਸੇਵਾ ਕਰ ਰਿਹਾ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੀ ਪੜਦਾਦੀ ਇਕ ਯੋਧਾ ਵਾਂਗ ਰਾਣੀ ਲਕਸ਼ਮੀ ਬਾਈ ਦੇ ਨਾਲ 1857 ਦੇ ਵਿਦਰੋਹ ਦੌਰਾਨ ਲੜੀ ਸੀ। ‘ਸੋਫੀਆ’ ਦੇ ਪਿਤਾ ਤਾਜੂਦੀਨ ਕੁਰੈਸ਼ੀ ਅਤੇ ਦਾਦਾ ਵੀ ਫੌਜ ’ਚ ਰਹਿ ਚੁੱਕੇ ਹਨ। ‘ਸੋਫੀਆ’ ਦੇ ਪਤੀ ‘ਤਾਜੂਦੀਨ ਬਾਗੇਬਾੜੀ’ ਵੀ ਫੌਜ ’ਚ ਹਨ।
‘ਸੋਫੀਆ ਕੁਰੈਸ਼ੀ’ ਨੇ ਐੱਮ. ਐੱਸ. ਯੂਨੀਵਰਸਿਟੀ ਵਡੋਦਰਾ ਤੋਂ ਵਿਗਿਆਨ ’ਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਬਾਇਓਕੈਮਿਸਟਰੀ ’ਚ ਪੋਸਟ ਗ੍ਰੈਜੂਏਟ ਦੀ ਪੜ੍ਹਾਈ ਕੀਤੀ ਅਤੇ ਫਿਰ ਪੀਐੱਚ. ਡੀ. ਦੀ ਤਿਆਰ ਕਰਨ ਲੱਗੀ।
‘ਸੋਫੀਆ ਕੁਰੈਸ਼ੀ’ ਦੀ ਮਾਂ ਹਲੀਮਾ ਕੁਰੈਸ਼ੀ ਅਨੁਸਾਰ ਸੋਫੀਆ ਬਚਪਨ ’ਚ ਕਹਿੰਦੀ ਸੀ ਕਿ ਉਹ ਫੌਜ ’ਚ ਭਰਤੀ ਹੋਵੇਗੀ। ਇਸ ਦੇ ਪਿਤਾ ‘ਤਾਜੂਦੀਨ ਕੁਰੈਸ਼ੀ’ ਦਾ ਕਹਿਣਾ ਹੈ ਕਿ ਇਕ ਦਿਨ ਸੋਫੀਆ ਨੇ ਉਨ੍ਹਾਂ ਨੂੰ ਕਿਹਾ ਕਿ ‘‘ਸਾਡੇ ਪਰਿਵਾਰ ’ਚੋਂ ਹੁਣ ਕੋਈ ਫੌਜ ’ਚ ਨਹੀਂ ਹੈ ਤਾਂ ਕਿਉਂ ਨਾ ਮੈਂ ਹੀ ਫੌਜ ’ਚ ਸ਼ਾਮਲ ਹੋ ਜਾਵਾਂ।’’
ਅਤੇ ਉਹ 1999 ’ਚ ਮੌਕਾ ਮਿਲਣ ’ਤੇ ਆਪਣੀ ਪੀਐੱਚ. ਡੀ. ਅਧੂਰੀ ਛੱਡ ਕੇ ਸ਼ਾਰਟ ਸਰਵਿਸ ਕਮਿਸ਼ਨ ਦੇ ਜ਼ਰੀਏ ਫੌਜ ’ਚ ਭਰਤੀ ਹੋ ਗਈ। ਉਹ 2001 ’ਚ ਪੰਜਾਬ ਸਰਹੱਦ ’ਤੇ ਵੀ ਤਾਇਨਾਤ ਰਹੀ ਅਤੇ 2006 ’ਚ ‘ਕਾਂਗੋ’ ’ਚ ‘ਸੰਯੁਕਤ ਰਾਸ਼ਟਰ ਸ਼ਾਂਤੀ ਸੈਨਾ’ ਦੀ ਮੁਹਿੰਮ ’ਚ ਸ਼ਾਮਲ ਸੀ। ਉਹ 2016 ’ਚ ਬਹੁਕੌਮੀ ਫੌਜੀ ਮੁਹਿੰਮ ਦੀ ਅਗਵਾਈ ਕਰਨ ਵਾਲੀ ਪਹਿਲੀ ਮਹਿਲਾ ਅਧਿਕਾਰੀ ਬਣੀ।
ਕਰਨਲ ‘ਸੋਫੀਆ ਕੁਰੈਸ਼ੀ’ ਤੋਂ 15 ਮਿੰਟ ਛੋਟੀ ਉਨ੍ਹਾਂ ਦੀ ਜੁੜਵਾ ਭੈਣ ‘ਡਾ. ਸ਼ਾਇਨਾ ਸੁਨਸਾਰਾ’ ਵੀ ਫੌਜ ’ਚ ਜਾਣਾ ਚਾਹੁੰਦੀ ਸੀ ਪਰ ਵਜ਼ਨ ਘੱਟ ਹੋਣ ਦੇ ਕਾਰਨ ਅਜਿਹਾ ਨਹੀਂ ਹੋ ਸਕਿਆ।
ਭਾਰਤੀ ਫੌਜ ’ਚ ਮਹਿਲਾ ਅਧਿਕਾਰੀਆਂ ਨੂੰ ਸਥਾਈ ਕਮਿਸ਼ਨ ਦੇਣ ਦੇ ਪੱਖ ’ਚ ਫੈਸਲਾ ਸੁਣਾਉਂਦੇ ਹੋਏ ਸੁਪਰੀਮ ਕੋਰਟ ਨੇ ਵੀ 2020 ’ਚ ਕਰਨਲ ‘ਸੋਫੀਆ ਕੁਰੈਸ਼ੀ’ ਦੀਆਂ ਉਪਲਬਧੀਆਂ ਨੂੰ ਸਵੀਕਾਰ ਕੀਤਾ ਅਤੇ ਉਨ੍ਹਾਂ ਦੀ ਸ਼ਲਾਘਾ ਕੀਤੀ ਸੀ।
ਮੱਧ ਪ੍ਰਦੇਸ਼ ਹਾਈਕੋਰਟ ਨੇ ਇਨ੍ਹਾਂ ਉਪਲਬਧੀਆਂ ਵਾਲੀ ਸੈਨਾ ਅਧਿਕਾਰੀ ਕਰਨਲ ‘ਸੋਫੀਆ ਕੁਰੈਸ਼ੀ’ ਦੇ ਵਿਰੁੱਧ ਅਪਮਾਨਜਨਕ ਟਿੱਪਣੀ ਕਰਨ ਅਤੇ ਗਟਰ ਦੀ ਭਾਸ਼ਾ ਬੋਲਣ ਲਈ 14 ਮਈ ਨੂੰ ਮੰਤਰੀ ‘ਵਿਜੇ ਸ਼ਾਹ’ ਨੂੰ ਫਟਕਾਰ ਲਾਈ ਜਿਸ ਤੋਂ ਬਾਅਦ ਪੁਲਸ ਨੇ ਉਸ ਦੇ ਵਿਰੁੱਧ ਦੁਸ਼ਮਣੀ ਅਤੇ ਨਫਰਤ ਨੂੰ ਉਤਸ਼ਾਹ ਦੇਣ ਦੇ ਦੋਸ਼ ’ਚ ਐੱਫ. ਆਈ. ਆਰ. ਦਰਜ ਕੀਤੀ ਹੈ।
ਇਸ ਦੌਰਾਨ ਸੁਪਰੀਮ ਕੋਰਟ ਨੇ ‘ਵਿਜੇ ਸ਼ਾਹ’ ਵਲੋਂ ਦਾਇਰ ਕੀਤੀ ਗਈ ਪ੍ਰਦੇਸ਼ ਹਾਈਕੋਰਟ ਦੇ ਨਿਰਦੇਸ਼ ਦੇ ਵਿਰੁੱਧ ਰੋਕ ਲਗਾਉਣ ਵਾਲੀ ਪਟੀਸ਼ਨ ’ਤੇ ਉਸ ਨੂੰ ਅੰਤ੍ਰਿਮ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਫਟਕਾਰ ਲਗਾਉਂਦੇ ਹੋਏ ਕਿਹਾ ਕਿ ‘‘ਤੁਸੀਂ ਕਿਸ ਤਰ੍ਹਾਂ ਦਾ ਬਿਆਨ ਦੇ ਰਹੇ ਹੋ। ਮੰਤਰੀ ਹੋ ਕੇ ਕਿਹੋ ਜਿਹੀ ਭਾਸ਼ਾ ਦੀ ਵਰਤੋਂ ਕਰਦੇ ਹੋ?’’
ਇਸ ਸਮੇਂ ਜਦੋਂ ਦੇਸ਼ ਅਤਿਅੰਤ ਨਾਜ਼ੁਕ ਦੌਰ ’ਚੋਂ ਲੰਘ ਰਿਹਾ ਹੈ ਤਾਂ ਦੇਸ਼ ’ਚ ਸੁਹਿਰਦਤਾ ਅਤੇ ਸਦਭਾਵਨਾ ਦੀ ਲੋੜ ਹੈ, ਮੰਤਰੀ ਵਰਗੇ ਮਹੱਤਵਪੂਰਨ ਅਹੁਦੇ ’ਤੇ ਬੈਠੇ ਵਿਅਕਤੀ ਵਲੋਂ ਇਕ ਫੌਜੀ ਪਰਿਵਾਰ ਨਾਲ ਸੰਬੰਧਤ ਮਹਿਲਾ ਅਧਿਕਾਰੀ ਦੇ ਵਿਸ਼ੇ ’ਚ ਅਜਿਹੀ ਭਾਸ਼ਾ ਦੀ ਵਰਤੋਂ ਸ਼ੋਭਾ ਨਹੀਂ ਦਿੰਦੀ। ਇਸ ਲਈ ਉਸ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਇਸ ਤਰ੍ਹਾਂ ਦੂਜਿਆਂ ਨੂੰ ਨਸੀਹਤ ਮਿਲੇ।
–ਵਿਜੇ ਕੁਮਾਰ
'ਨਿਊ ਨਾਰਮਲ' ਅਤੇ 'ਆਪ੍ਰੇਸ਼ਨ ਸਿੰਧੂਰ' ਦੇ 10 ਸਬਕ
NEXT STORY