ਪ੍ਰਧਾਨ ਮੰਤਰੀ ਨੇ ਨਿਊ ਨਾਰਮਲ ਸ਼ਬਦ ਦਾ ਜ਼ਿਕਰ ਆਪਣੇ ਦੇਸ਼ ਦੇ ਨਾਂ ਸੰਬੋਧਨ ’ਚ ਕੀਤਾ। ਨਵੀਂ ਲਕੀਰ, ਨਵਾਂ ਪੈਮਾਨਾ ਪੰਜਾਬੀ ’ਚ ਅਸੀਂ ਕਹਿ ਸਕਦੇ ਹਾਂ ਇਸ ਦਾ ਮਤਲਬ ਹੈ ਕਿ ਅੱਗੇ ਤੋਂ ਡਰੋਨ, ਮਿਜ਼ਾਈਲਾਂ ਦੀ ਖੁੱਲ੍ਹ ਕੇ ਵਰਤੋਂ ਹੋਵੇਗੀ। ਗੱਲ ਸਿਰਫ ਸਰਹੱਦ ਜਾਂ ਕੰਟਰੋਲ ਰੇਖਾ ਤਕ ਸੀਮਿਤ ਨਹੀਂ ਰਹੇਗੀ।
ਹੁਣ ਇਸ ਦੇ ਘੇਰੇ ’ਚ ਪਾਕਿਸਤਾਨ ਦੇ ਦੂਜੇ ਸ਼ਹਿਰ ਵੀ ਆਉਣਗੇ, ਨਿਊ ਨਾਰਮਲ ਦੀਆਂ ਸ਼ਰਤਾਂ ਤਿੰਨ ਹਨ। ਇਕ, ਹਰ ਅੱਤਵਾਦੀ ਘਟਨਾ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਦੋ, ਪਾਕਿਸਤਾਨ ਦੀ ਪ੍ਰਮਾਣੂ ਹਥਿਆਰਾਂ ਦੀ ਬਲੈਕ-ਮੇਲਿੰਗ ਤੋਂ ਭਾਰਤ ਡਰਨ ਵਾਲਾ ਨਹੀਂ ਹੈ। ਤਿੰਨ, ਕਿਸੇ ਵੀ ਅੱਤਵਾਦੀ ਘਟਨਾ ਨੂੰ ਸਿਰਫ ਅੱਤਵਾਦ ਦੇ ਸਰਗਣਿਆਂ ਨਾਲ ਜੋੜ ਕੇ ਨਹੀਂ ਦੇਖਿਆ ਜਾਵੇਗਾ।
ਇਸ ’ਚ ਪਾਕਿਸਤਾਨ ਦੀ ਸਰਕਾਰ ਦਾ ਹੱਥ ਵੀ ਮੰਨਿਆ ਜਾਵੇਗਾ। ਇਸ ਦਾ ਇਕ ਮਤਲਬ ਇਹ ਵੀ ਹੈ ਕਿ ਆਪ੍ਰੇਸ਼ਨ ਸਿੰਧੂਰ ਪੱਕਾ ਹੋ ਗਿਆ ਹੈ। ਹੁਣ ਸਵਾਲ ਉੱਠਦਾ ਹੈ ਕਿ ਆਪ੍ਰੇਸ਼ਨ ਸਿੰਧੂਰ ਦੇ ਦਸ ਸਬਕ ਕੀ ਹਨ।
ਪਹਿਲਾ ਸਬਕ ਇਹੀ ਹੈ ਕਿ ਅਸੀਂ ਆਪਣੇ ਘਰ ਨੂੰ ਸੁਰੱਖਿਅਤ ਰੱਖਣਾ ਹੈ। ਜੇਕਰ ਸਾਡੇ ਇਥੇ ਕੋਈ ਪਰਿੰਦਾ ਵੀ ਪਰ ਨਹੀਂ ਮਾਰ ਸਕੇਗਾ ਤਾਂ ਉਸ ’ਤੇ ਸਰਜੀਕਲ ਸਟ੍ਰਾਈਕ ਦੀ ਲੋੜ ਵੀ ਨਹੀਂ ਪਵੇਗੀ। ਅਮਰੀਕਾ ਨੇ 9/11 ਹਮਲੇ ਦੇ ਬਾਅਦ ਆਪਣੇ ਦੇਸ਼ ਦੀ ਜਿਸ ਤਰ੍ਹਾਂ ਨਾਲ ਕਿਲੇਬੰਦੀ ਕੀਤੀ ਹੈ ਉਵੇਂ ਹੀ ਭਾਰਤ ਨੂੰ ਕਰਨ ਦੀ ਲੋੜ ਹੈ।
ਕਾਰਗਿਲ ਦੀ 1999 ਦੀ ਜੰਗ ਤੋਂ ਬਾਅਦ ਕਾਰਗਿਲ ਰਿਵਿਊ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ’ਚ ਖੁਫੀਆ ਜਾਣਕਾਰੀ ਹਾਸਲ ਕਰਨ ਲਈ ਆਧੁਨਿਕ ਯੰਤਰਾਂ ਦੀ ਵਰਤੋਂ ਦੀ ਗੱਲ ਕਹੀ ਗਈ ਸੀ। ਵੱਖ-ਵੱਖ ਏਜੰਸੀਆਂ ਨੂੰ ਮਿਲ ਰਹੀ ਇੰਟੇਲ ਇਨਪੁੱਟ ਨੂੰ ਆਪਸ ’ਚ ਸਾਂਝਾ ਕਰਨ ’ਤੇ ਜ਼ੋਰ ਦਿੱਤਾ ਗਿਆ ਸੀ ਪਰ ਹੋਇਆ ਕੀ, 2001 ’ਚ ਸੰਸਦ ’ਤੇ ਹਮਲਾ, 2008 ’ਚ ਮੁੰਬਈ ’ਚ ਹਮਲਾ, ਜੈਪੁਰ, ਅਹਿਮਦਾਬਾਦ, ਹੈਦਰਾਬਾਦ, ਦਿੱਲੀ, ਬੈਂਗਲੁਰੂ ’ਚ ਹਮਲਾ, 2016 ’ਚ ਉੜੀ, 2019 ’ਚ ਪੁਲਵਾਮਾ, 2020 ’ਚ ਡੋਕਲਾਮ ਅਤੇ 2025 ’ਚ ਪਹਿਲਗਾਮ। ਸਪੱਸ਼ਟ ਹੈ ਕਿ ਖੁਫੀਆ ਤੰਤਰ ਨੂੰ ਮਜ਼ਬੂਤ ਕੀਤਾ ਜਾਣਾ ਜ਼ਰੂਰੀ ਹੈ।
ਦੂਜਾ ਸਬਕ ਹੈ ਕਿ ਆਉਣ ਵਾਲੇ ਸਮੇਂ ’ਚ ਇਲੈਕਟ੍ਰਾਨਿਕ ਵਾਰਫੇਅਰ ਦੀ ਭੂਮਿਕਾ ਬਹੁਤ ਜ਼ਿਆਦਾ ਵਧਣ ਵਾਲੀ ਹੈ। ਆਪ੍ਰੇਸ਼ਨ ਸਿੰਧੂਰ ਨੇ ਦਿਖਾ ਦਿੱਤਾ ਹੈ ਕਿ ਯੂ. ਏ. ਵੀ. ਅਤੇ ਡ੍ਰੋਨ ਦੀ ਤਕਨੀਕ ਨੂੰ ਹੋਰ ਜ਼ਿਆਦਾ ਮਾਰਕ ਬਣਾਉਣ ਦੀ ਲੋੜ ਹੈ। ਭਾਰਤ ਨੇ ਆਕਾਸ਼ ਮਿਜ਼ਾਈਲ ਡਿਫੈਂਸ ਸਿਸਟਮ ਦੀ ਸਫਲਤਾਪੂਰਵਕ ਵਰਤੋਂ ਕੀਤੀ।
ਜਾਣਕਾਰਾਂ ਦਾ ਕਹਿਣਾ ਹੈ ਕਿ ਚੀਨ ਨੂੰ ਘੱਟ ਕਰ ਕੇ ਮਾਪਣਾ ਸਮਝਦਾਰੀ ਨਹੀਂ ਹੋਵੇਗੀ। ਪਾਕਿ ਨੇ ਚੀਨ ਦੇ ਡਿਫੈਂਸ ਸਿਸਟਮ ਨੂੰ ਅਜ਼ਮਾਇਆ ਹੈ ਅਤੇ ਜ਼ਾਹਿਰ ਹੈ ਕਿ ਚੀਨ ਆਪ੍ਰੇਸ਼ਨ ਸਿੰਧੂਰ ’ਚ ਹੋਈ ਕੋਤਾਹੀ ਤੋਂ ਸਬਕ ਸਿੱਖੇਗਾ ਅਤੇ ਏ.ਆਈ. ਦੀ ਮਦਦ ਨਾਲ ਆਪਣੇ ਤੰਤਰ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗਾ। ਭਾਰਤ ਨੂੰ ਇਸ ਦਾ ਜਵਾਬ ਦੇਣ ਲਈ ਤਿਆਰ ਰਹਿਣਾ ਹੋਵੇਗਾ।
ਤੀਜਾ ਸਬਕ ਹੈ ਕਿ ਅਸੀਂ ਆਪਣੇ ਦੁਸ਼ਮਣ ਨੂੰ ਕਮਜ਼ੋਰ ਕਰ ਸਕਦੇ ਹਾਂ ਪਰ ਜ਼ਮੀਨਦੋਜ਼ ਨਹੀਂ ਕਰ ਸਕਦੇ। ਅਸੀਂ ਪਾਕਿਸਤਾਨ ਦੀ ਫੌਜ ਨੂੰ ਸੱਟ ਮਾਰੀ ਹੈ, ਫੌਜੀ ਟਿਕਾਣਿਆਂ ਨੂੰ ਤਬਾਹ ਕੀਤਾ ਹੈ ਪਰ ਇਹ ਸਥਾਈ ਨੁਕਸਾਨ ਨਹੀਂ ਹੈ। ਪਾਕਿ ਫੌਜ ਨੂੰ ਅਸੀਂ ਮਜਬੂਰ ਨਹੀਂ ਕਰ ਸਕੇ ਹਾਂ ਕਿ ਉਹ ਅੱਗੇ ਤੋਂ ਅੱਤਵਾਦੀਆਂ ਤੋਂ ਦੋ ਹੱਥ ਦੂਰ ਰਹੇ। ਅਸੀਂ ਸੌ ਅੱਤਵਾਦੀ ਮਾਰੇ ਪਰ ਪਾਕਿਸਤਾਨੀ ਫੌਜ ਅਤੇ ਆਈ.ਐੱਸ.ਆਈ. ਦੁੱਗਣੇ ਅੱਤਵਾਦੀ ਪੈਦਾ ਕਰਨ ਦੀ ਸਮਰੱਥਾ ਰੱਖਦੇ ਹਨ।
ਇਸੇ ਨਾਲ ਜੁੜਿਆ ਚੌਥਾ ਸਬਕ ਹੈ ਕਿ ਭਾਰਤ ਹੁਣ ਪਾਕਿਸਤਾਨ ਨਾਲ ਉਲਝੇਗਾ ਤਾਂ ਉਸ ਨੂੰ ਪਾਕਿਸਤਾਨ ਦੇ ਨਾਲ-ਨਾਲ ਚੀਨ ਦਾ ਵੀ ਸਾਹਮਣਾ ਕਰਨਾ ਪਵੇਗਾ। ਬੰਗਲਾਦੇਸ਼ ਵੀ ਉਸ ਦੇ ਤੀਜੇ ਸਾਥੀ ਵਜੋਂ ਉੱਭਰ ਸਕਦਾ ਹੈ। ਚੀਨ ਪਾਕਿਸਤਾਨ ਨੂੰ 80 ਫੀਸਦੀ ਹਥਿਆਰ ਦੇ ਰਿਹਾ ਹੈ, ਪੰਜਵੀਂ ਜਨਰੇਸ਼ਨ ਦੇ ਆਧੁਨਿਕ ਲੜਾਕੂ ਜਹਾਜ਼ ਦੇਣ ਦੀ ਸੌਦੇਬਾਜ਼ੀ ਕਰ ਰਿਹਾ ਹੈ ਜਦਕਿ ਭਾਰਤ ਨੇ ਇਸ ਸ਼੍ਰੇਣੀ ਦੇ ਜਹਾਜ਼ ਖਰੀਦਣ ਦੀ ਕੋਈ ਪਹਿਲ ਤਕ ਨਹੀਂ ਕੀਤੀ ਹੈ।
ਚੀਨ ਜੇਕਰ ਪਾਕਿ ਦੇ ਨਾਲ ਹੈ ਤਾਂ ਉਸ ਦੀ ਦੋਸਤੀ ਰੂਸ ਦੇ ਨਾਲ ਵੀ ਹੈ ਜੋ ਸਾਡਾ ਖਾਸ ਦੋਸਤ ਰਿਹਾ ਹੈ । ਕੁਲ ਮਿਲਾ ਕੇ ਆਪ੍ਰੇਸ਼ਨ ਸਿੰਧੂਰ ਭਾਰਤ ਦੀ ਹਵਾਈ ਫੌਜ ਨੂੰ ਆਧੁਨਿਕ ਬਣਾਉਣ ਦੀ ਮੰਗ ਕਰ ਰਿਹਾ ਹੈ।
ਪੰਜਵਾਂ ਸਬਕ ਹੈ ਕਿ ਫੌਜ ਲਈ ਖਰੀਦੋ-ਫਰੋਖਤ ’ਚ 5 ਤੋਂ 7 ਸਾਲ ਲੱਗਣੇ ਲਾਜ਼ਮੀ ਹਨ। ਜ਼ਾਹਿਰ ਹੈ ਕਿ ਸਰਹੱਦ ’ਤੇ ਤਣਾਅ ਕਾਰਨ ਇਹ ਕੰਮ ਆਸਾਨੀ ਨਾਲ ਨਹੀਂ ਹੋ ਸਕਦਾ ਤਾਂ ਅਗਲੇ 5 ਸਾਲ ਭਾਰਤ ਨੂੰ ਚੀਨ ਅਤੇ ਪਾਕਿਸਤਾਨ ਨਾਲ ਗੱਲਬਾਤ ਕਰਦੇ ਰਹਿਣਾ ਚਾਹੀਦਾ ਹੈ। ਇਸ ਦੌਰਾਨ ਆਰਥਿਕ ਵਿਕਾਸ ’ਤੇ ਜ਼ੋਰ ਦੇਣਾ ਚਾਹੀਦਾ ਹੈ ਅਤੇ ਨਾਲ ਹੀ ਨਾਲ ਰੱਖਿਆ ਸੌਦੇ ਤੇਜ਼ੀ ਨਾਲ ਪੂਰੇ ਕਰਨੇ ਚਾਹੀਦੇ ਹਨ।
ਛੇਵਾਂ ਸਬਕ ਹੈ ਕਿ ਸਾਨੂੰ ਉਹ ਤੈਅ ਕਰਨਾ ਹੋਵੇਗਾ ਕਿ ਪਾਕਿਸਤਾਨ ਨੂੰ ਲੈ ਕੇ ਅਸੀਂ ਕਰਨਾ ਕੀ ਹੈ। 1971 ’ਚ ਇੰਦਰਾ ਗਾਂਧੀ ਨੇ 6 ਮਹੀਨੇ ਉਡੀਕ ਕੀਤੀ ਅਤੇ ਪੂਰਬੀ ਪਾਕਿਸਤਾਨ ਨੂੰ ਪੱਛਮੀ ਪਾਕਿਸਤਾਨ ਤੋਂ ਵੱਖ ਕਰ ਕੇ ਬੰਗਲਾਦੇਸ਼ ਨਾਂ ਦਾ ਨਵਾਂ ਦੇਸ਼ ਬਣਵਾ ਦਿੱਤਾ। ਭਾਵ ਸਾਰਾ ਖਾਕਾ ਤਿਆਰ ਸੀ, ਉਸ ਦੇ ਹਿਸਾਬ ਨਾਲ ਤਿਆਰੀ ਕੀਤੀ ਗਈ ਅਤੇ ਫਿਰ ਅਮਰੀਕਾ ਦੇ ਸੱਤਵੇਂ ਬੇੜੇ ਦੀ ਪ੍ਰਵਾਹ ਨਾ ਕਰਦੇ ਹੋਏ ਉਹ ਕਰ ਦਿਖਾਇਆ ਜਿਸ ਦੀ ਕੋਈ ਆਸ ਨਹੀਂ ਕਰ ਰਿਹਾ ਸੀ। ਕਹਿਣ ਦਾ ਮਤਲਬ ਇਹ ਹੈ ਕਿ ਜਿਸ ਲੜਾਈ ਦਾ ਕੋਈ ਸਿਆਸੀ ਟੀਚਾ ਨਾ ਹੋਵੇ ਉਸ ਦੀਆਂ ਆਪਣੀਆਂ ਹੱਦਾਂ ਹੁੰਦੀਆਂ ਹਨ।
ਆਪ੍ਰੇਸ਼ਨ ਸਿੰਧੂਰ ਦਾ ਕੀ ਕੋਈ ਸਿਆਸੀ ਟੀਚਾ ਸੀ। ਜੇਕਰ ਸੀ ਤਾਂ ਕੀ ਸੀ। ਜੇਕਰ ਅਜਿਹਾ ਹੀ ਹੈ ਤਾਂ ਸੀਜ਼ਫਾਇਰ ਨੂੰ ਕਿਉਂ ਸਵੀਕਾਰ ਕਰ ਲਿਆ ਗਿਆ। ਹੁਣ ਭਾਰਤ ਪੀ.ਓ.ਕੇ. ਦੀ ਗੱਲ ਕਰ ਰਿਹਾ ਹੈ ਕਿਉਂਕਿ ਪਹਿਲਗਾਮ ਦਾ ਬਦਲਾ ਜਲਦਬਾਜ਼ੀ ’ਚ ਲਿਆ ਗਿਆ। ਕੀ ਸਬਕ ਲਿਆ ਜਾਵੇਗਾ।
ਸੱਤਵਾਂ ਸਬਕ ਹੈ ਕਿ ਦੁਨੀਆ ਆਪਣੇ ’ਚ ਰੁੱਝੀ ਹੈ। ਪੂਰੀ ਦੁਨੀਆ ਦੇ ਕੋਲ ਨਾ ਤਾਂ ਸਮਾਂ ਹੈ ਅਤੇ ਨਾ ਹੀ ਸੰਜਮ, ਇਹ ਜਾਣਨ ਦਾ ਕਿ ਕੌਣ ਸਹੀ ਹੈ, ਕੌਣ ਗਲਤ ਹੈ। ਦੁਨੀਆ ਇਸਲਾਮਿਕ ਅੱਤਵਾਦ ਤੋਂ ਤੰਗ ਹੈ, ਅੱਤਵਾਦੀ ਘਟਨਾ ਹੋਣ ’ਤੇ ਭਾਰੀ ਵਿਰੋਧੀ ਕਰਦੀ ਵੀ ਹੈ ਪਰ ਘੱਟ ਹੀ ਦੇਸ਼ ਮੰਨਦੇ ਹਨ ਕਿ ਪਾਕਿਸਤਾਨ ਅੱਤਵਾਦ ਨੂੰ ਉਸ ਪੈਮਾਨੇ ’ਤੇ ਪਾਲ ਰਿਹਾ ਹੈ ਜਿਵੇਂ ਭਾਰਤ ਦਾਅਵਾ ਕਰਦਾ ਹੈ। ਇਥੋਂ ਤਕ ਕਿ ਅਮਰੀਕਾ ਵੀ ਸ਼ੱਕ ਦੀ ਨਜ਼ਰ ਨਾਲ ਦੇਖਦਾ ਹੈ।
ਅੱਠਵਾਂ ਸਬਕ ਹੈ ਕਿ ਆਪ੍ਰੇਸ਼ਨ ਸਿੰਧੂਰ ਇਕ ਨਿਊ ਨਾਰਮਲ ਸਾਹਮਣੇ ਰੱਖਿਆ ਹੈ। ਭਾਰਤ ਅਨੁਸਾਰ ਪਾਕਿ ਵਲੋਂ ਅੱਤਵਾਦੀ ਹਮਲਾ ਹੋਇਆ ਤਾਂ ਭਾਰਤ ਬਿਨਾਂ ਸਮਾਂ ਗਵਾਏ ਬਦਲੇ ਦੀ ਕਾਰਵਾਈ ਕਰੇਗਾ।
ਪਾਕਿ ਦਾ ਨਿਊ ਨਾਰਮਲ ਹੈ ਕਿ ਅੱਤਵਾਦੀ ਹਮਲਾ ਕਰੋ ਅਤੇ ਭਾਰਤ ਜਵਾਬੀ ਕਾਰਵਾਈ ਕਰੇ ਤਾਂ ਪ੍ਰਮਾਣੂ ਹਥਿਆਰਾਂ ਦਾ ਡਰ ਦਿਖਾ ਦਿਓ। ਹੁਣ ਪ੍ਰਧਾਨ ਮੰਤਰੀ ਮੋਦੀ ਨੇ ਸਾਫ ਕਰ ਦਿੱਤਾ ਹੈ ਕਿ ਪ੍ਰਮਾਣੂ ਹਥਿਆਰਾਂ ਦੀ ਬਲੈਕਮੇਲਿੰਗ ’ਚ ਭਾਰਤ ਨਹੀਂ ਆਏਗਾ ਅਤੇ ਪਾਕਿ ਨੂੰ ਪ੍ਰਮਾਣੂ ਹਥਿਆਰਾਂ ਦੀ ਆੜ ’ਚ ਅੱਤਵਾਦ ਨੂੰ ਸ਼ਹਿ ਦੇਣ ਤੋਂ ਬਾਜ਼ ਆਉਣਾ ਚਾਹੀਦਾ ਹੈ।
ਨੌਵਾਂ ਸਬਕ ਹੈ ਕਿ 1971 ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦਰਮਿਆਨ ਤਣਾਅ ਜੰਮੂ-ਕਸ਼ਮੀਰ ਅਤੇ ਲੱਦਾਖ ਤਕ ਸੀਮਿਤ ਰਿਹਾ ਹੈ ਪਰ ਪਹਿਲੀ ਵਾਰ ਭਾਰਤ ਦੇ ਸ਼ਹਿਰਾਂ ਨੂੰ ਨਿਸ਼ਾਨੇ ’ਤੇ ਲਿਆ ਗਿਆ ਹੈ। ਜੰਮੂ, ਅੰਮ੍ਰਿਤਸਰ, ਫਿਰੋਜ਼ਪੁਰ, ਜੈਸਲਮੇਰ, ਬਾੜਮੇਰ, ਬੀਕਾਨੇਰ, ਭੁਜ ਵਰਗੇ ਸ਼ਹਿਰਾਂ ’ਤੇ ਮਿਜ਼ਾਈਲ ਅਤੇ ਡਰੋਨ ਨਾਲ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਗਈ।
ਆਪ੍ਰੇਸ਼ਨ ਸਿੰਧੂਰ ਦਾ ਸਭ ਤੋਂ ਵੱਡਾ ਦਸਵਾਂ ਸਬਕ ਇਹੀ ਹੈ ਕਿ ਜੇਕਰ ਅਸੀਂ ਆਪਣੇ ਘਰ ਨੂੰ ਸੰਭਾਲ ਸਕੀਏ ਤਾਂ ਆਪ੍ਰੇਸ਼ਨ ਸਿੰਧੂਰ ਦੀ ਲੋੜ ਹੀ ਨਹੀਂ ਪਵੇਗੀ। ਇਸ ਦੇ ਲਈ ਪੂਰੀ ਵਿਰੋਧੀ ਧਿਰ ਦਾ ਸਾਥ ਲੈਣਾ ਚਾਹੀਦਾ ਹੈ।
ਵਿਜੇ ਵਿਦਰੋਹੀ
‘ਪੱਕੀ ਡੋਰ’ ਨਾਲ ਬੱਝੇ ਅਮਰੀਕਾ ਪਾਕਿਸਤਾਨ ਦੇ ਰਿਸ਼ਤੇ
NEXT STORY