ਦੇਸ਼ ਵਿਚ ਰਿਸ਼ਵਤਖੋਰੀ ਦਾ ਰੋਗ ਲਗਾਤਾਰ ਵਧ ਰਿਹਾ ਹੈ ਅਤੇ ਹੇਠਾਂ ਤੋਂ ਲੈ ਕੇ ਉੱਪਰ ਤੱਕ ਬਹੁਤ ਸਾਰੇ ਕਰਮਚਾਰੀ ਅਤੇ ਅਧਿਕਾਰੀ ਇਸ ਦੀ ਲਪੇਟ ਵਿਚ ਹਨ। ਇੱਥੋਂ ਤੱਕ ਕਿ ਕੁਝ ਪਟਵਾਰੀ ਅਤੇ ਉਨ੍ਹਾਂ ਦੇ ਸੇਵਾਦਾਰ ਵੀ ਇਸ ਕੰਮ ਵਿਚ ਸ਼ਾਮਲ ਪਾਏ ਜਾ ਰਹੇ ਹਨ, ਜਿਨ੍ਹਾਂ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :
* 13 ਜੂਨ ਨੂੰ ਮਾਲ ਵਿਭਾਗ ਦੇ ਪਟਵਾਰੀ ‘ਪਰਵੇਜ਼ ਅਹਿਮਦ’ ਅਤੇ ਉਸ ਦੇ ਸਾਥੀ ਨੂੰ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਤਹਿਤ ਸ੍ਰੀਨਗਰ (ਜੰਮੂ-ਕਸ਼ਮੀਰ) ’ਚ ਸ਼ਿਕਾਇਤਕਰਤਾ ਦੇ ਪਲਾਟ ਨੂੰ ਮਾਲ ਰਿਕਾਰਡ ’ਚ ਦਰਜ ਕਰਵਾਉਣ ਦੇ ਬਦਲੇ 30,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
* 14 ਅਕਤੂਬਰ ਨੂੰ ਕਾਂਗੜਾ (ਹਿਮਾਚਲ ਪ੍ਰਦੇਸ਼) ਦੀ ਵਿਜੀਲੈਂਸ ਅਤੇ ਐਂਟੀ ਕੁਰੱਪਸ਼ਨ ਬਿਊਰੋ ਦੀ ਟੀਮ ਨੇ ਸ਼ਿਕਾਇਤਕਰਤਾ ਦੀ ਸ਼ਿਕਾਇਤ ’ਤੇ ਨਗਰੋਟਾ ਬਗਵਾਂ ਤਹਿਸੀਲ ਦੇ ਪਟਵਾਰੀ ਕਪਿਲ ਦੇਵ ਨੂੰ 20,000 ਰੁਪਏ ਲੈਂਦਿਆਂ ਗ੍ਰਿਫਤਾਰ ਕੀਤਾ।
* 16 ਅਕਤੂਬਰ ਨੂੰ ਭਿੰਡ (ਮੱਧ ਪ੍ਰਦੇਸ਼) ਦੇ ਪਿੰਡ ‘ਰਮਾ’ ’ਚ ਤਾਇਨਾਤ ਪਟਵਾਰੀ ‘ਆਦਿੱਤਿਆ ਕੁਸ਼ਵਾਹਾ’ ਨੂੰ ਲੋਕਾਯੁਕਤ ਪੁਲਸ ਨੇ ਜ਼ਮੀਨੀ ਵਿਵਾਦ ਦੇ ਨਿਪਟਾਰੇ ਬਦਲੇ ਸ਼ਿਕਾਇਤਕਰਤਾ ਕੋਲੋਂ 8000 ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ।
* 21 ਅਕਤੂਬਰ ਨੂੰ ਜੰਮੂ ਵਿਚ ਜੰਮੂ-ਕਸ਼ਮੀਰ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਦੀ ਟੀਮ ਨੇ ‘ਮੁਲਗੁੰਡ’ ਹਲਕੇ ਦੇ ਪਟਵਾਰੀ ‘ਰੂਮਨ ਕਿਊਮ’ ਨੂੰ ਸ਼ਿਕਾਇਤਕਰਤਾ ਕੋਲੋਂ ਜ਼ਮੀਨ ਦੀ ਰਜਿਸਟਰੀ ਲਈ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ।
* 15 ਨਵੰਬਰ ਨੂੰ ਜਬਲਪੁਰ (ਮੱਧ ਪ੍ਰਦੇਸ਼) ਦੇ ਲੋਕਾਯੁਕਤ ਪੁਲਸ ਨੇ ‘ਕੁੰਡਮ’ ਤਹਿਸੀਲ 'ਚ ਤਾਇਨਾਤ ਪਟਵਾਰੀ ‘ਸੰਨੀ ਦਿਵੇਦੀ’ ਨੂੰ ਸ਼ਿਕਾਇਤਕਰਤਾ ਕੋਲੋਂ ਉਸ ਦੀ ਜ਼ਮੀਨ ਦਾ ਰਜਿਸਟਰ ਬਣਾਉਣ ਬਦਲੇ 13,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ।
* 21 ਨਵੰਬਰ ਨੂੰ ਗੁਨਾ (ਮੱਧ ਪ੍ਰਦੇਸ਼) ਜ਼ਿਲੇ ਦੇ ‘ਰਾਧੋਗੜ੍ਹ’ ਇਲਾਕੇ ’ਚ ਤਾਇਨਾਤ ਇਕ ਪਟਵਾਰੀ ‘ਮੇਘਾ ਰਾਜੌਰੀਆ’ ਨੂੰ ਸ਼ਿਕਾਇਤਕਰਤਾ ਦੀ ਜ਼ਮੀਨ ਦੀ ਆਨਲਾਈਨ ਐਂਟਰੀ ਕਰਵਾਉਣ ਦੇ ਬਦਲੇ ਉਸ ਤੋਂ ਆਨਲਾਈਨ 5000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ’ਚ ਮੁਅੱਤਲ ਕਰ ਦਿੱਤਾ ਗਿਆ।
* 26 ਨਵੰਬਰ ਨੂੰ ਕੋਟਾ (ਰਾਜਸਥਾਨ) ’ਚ ਇਕ ਪਟਵਾਰੀ ‘ਰੌਕੀ ਅਰੋੜਾ’ ਨੂੰ ਸ਼ਿਕਾਇਤਕਰਤਾ ਕੋਲੋਂ ਉਸ ਦੇ ਪਲਾਟ ਦਾ ਪਟਾ ਬਣਾਉਣ ਦੇ ਇਵਜ਼ ’ਚ 12,000 ਰੁਪਏ ਦੀ ਰਿਸ਼ਵਤ ਲੈਣ ਪਿੱਛੋਂ 3,000 ਰੁਪਏ ਦੀ ਹੋਰ ਰਿਸ਼ਵਤ ਲੈਂਦਿਆਂ ਫੜਿਆ।
* 27 ਨਵੰਬਰ ਨੂੰ ਬਲਰਾਮਪੁਰ (ਛੱਤੀਸਗੜ੍ਹ) ਜ਼ਿਲੇ ਦੀ ਤਹਿਸੀਲ ‘ਰਾਜਪੁਰ’ ’ਚ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਦੀ ਟੀਮ ਨੇ ਹਲਕਾ ਪਟਵਾਰੀ ‘ਪਵਨ ਪਾਂਡੇ’ ਨੂੰ ਜ਼ਮੀਨੀ ਰਿਕਾਰਡ ਨੂੰ ਠੀਕ ਕਰਨ ਦੇ ਬਦਲੇ ਇਕ ਵਿਅਕਤੀ ਕੋਲੋਂ 12,000 ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ।
* 28 ਨਵੰਬਰ ਨੂੰ ‘ਬੈਤੂਲ’ (ਮੱਧ ਪ੍ਰਦੇਸ਼) ’ਚ ਲੋਕਾਯੁਕਤ ਟੀਮ ਨੇ ‘ਪ੍ਰਫੁੱਲ ਬਾਰਸਕਰ’ ਨਾਂ ਦੇ ਇਕ ਪਟਵਾਰੀ ਨੂੰ ਇਕ ਕਿਸਾਨ ਕੋਲੋਂ ਉਸ ਦੀ ਜ਼ਮੀਨ ਦੀ ਪੈਮਾਇਸ਼ ਕਰਨ ਅਤੇ ਹੱਦ ਮਿੱਥਣ ਦੇ ਬਦਲੇ 4000 ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ।
* 3 ਦਸੰਬਰ ਨੂੰ ਕਰੌਲੀ (ਰਾਜਸਥਾਨ) ’ਚ ਭ੍ਰਿਸ਼ਟਾਚਾਰ ਵਿਰੋਧੀ ਟੀਮ ਨੇ ‘ਸਾਈਪੁਰ ਗੁਨੇਸਰਾ’ ਇਲਾਕੇ ’ਚ ਪਟਵਾਰੀ ‘ਪੂਰਨ ਚੰਦ ਖਾਰਵਾਲ’ ਨੂੰ 6500 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ।
* 6 ਦਸੰਬਰ ਨੂੰ ਰਤਲਾਮ (ਮੱਧ ਪ੍ਰਦੇਸ਼) ਵਿਚ ਉੱਜੈਨ ਦੀ ਲੋਕਾਯੁਕਤ ਟੀਮ ਨੇ ‘ਰਮੇਸ਼ ਚੰਦਰ ਬੈਰਾਗੀ’ ਨਾਂ ਦੇ ਇਕ ਪਟਵਾਰੀ ਨੂੰ ਸ਼ਿਕਾਇਤਕਰਤਾ ਕੋਲੋਂ ਉਸ ਦੀ ਜ਼ਮੀਨ ਦੀ ਹੱਦਬੰਦੀ ਕਰਨ ਅਤੇ ਰਿਪੋਰਟ ਦੇਣ ਲਈ 40,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ।
* 7 ਦਸੰਬਰ ਨੂੰ ਸ਼ਾਜਾਪੁਰ (ਮੱਧ ਪ੍ਰਦੇਸ਼) ’ਚ ‘ਸਲਸਲਾਈ’ ਦੇ ਹਲਕਾ ਨੰਬਰ 116 ਦੇ ਪਟਵਾਰੀ ‘ਦਿਨੇਸ਼ ਕਲਮੋਦੀਆ’ ’ਤੇ ਇਕ ਕਿਸਾਨ ਨੇ 50,000 ਰੁਪਏ ਦੀ ਰਿਸ਼ਵਤ ਲੈਣ ਦੇ ਬਾਵਜੂਦ ਕੰਮ ਨਾ ਕਰਨ ਦਾ ਦੋਸ਼ ਲਗਾਇਆ।
* ਅਤੇ ਹੁਣ 11 ਦਸੰਬਰ ਨੂੰ ਪੰਜਾਬ ਵਿਜੀਲੈਂਸ ਬਿਊਰੋ ਦੇ ਸਟਾਫ ਨੇ ਗੁਰਦਾਸਪੁਰ (ਪੰਜਾਬ) ਦੇ ਪਿੰਡ ‘ਕਿਲਾ ਲਾਲ ਸਿੰਘ’ ਵਿਖੇ ਤਾਇਨਾਤ ਪਟਵਾਰੀ ਸੁਰਜੀਤ ਸਿੰਘ ਨੂੰ ਸ਼ਿਕਾਇਤਕਰਤਾ ਕੋਲੋਂ 20,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ’ਚ ਫੜਿਆ। ਦੋਸ਼ੀ ਪਟਵਾਰੀ ਨੇ ਸ਼ਿਕਾਇਤਕਰਤਾ ਕੋਲੋਂ ਮੌਜੂਦ 3 ਬੋਰਵੈੱਲਾਂ ਸਬੰਧੀ ਰਿਪੋਰਟ ਉਸ ਦੇ ਹੱਕ ਵਿਚ ਦੇਣ ਬਦਲੇ ਉਕਤ ਰਕਮ ਦੀ ਰਿਸ਼ਵਤ ਮੰਗੀ ਸੀ।
ਉਪਰੋਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਪਟਵਾਰੀਆਂ ਦਾ ਇਕ ਵਰਗ ਕਿੰਨਾ ਰਿਸ਼ਵਤਖੋਰੀ ਦੇ ਮਹਾਰੋਗ ਦੀ ਲਪੇਟ ’ਚ ਆ ਚੁੱਕਾ ਹੈ। ਇਸ ਨੂੰ ਦੂਰ ਕਰਨ ਲਈ ਦੋਸ਼ੀਆਂ ਖਿਲਾਫ ਤੁਰੰਤ ਸਖਤ ਕਾਰਵਾਈ ਤੇਜ਼ ਕਰਨ ਦੀ ਲੋੜ ਹੈ।
-ਵਿਜੇ ਕੁਮਾਰ
'ਹੰਗਾਮਾ ਕਿਉਂ ਬਰਪਾ' ਮੋਹਨ ਭਾਗਵਤ ਦੇ ਬਿਆਨ ’ਤੇ
NEXT STORY