ਚੀਨ ਅਤੇ ਪਾਕਿਸਤਾਨ ’ਚ ਹੁਣ ਪਹਿਲਾਂ ਵਰਗੀ ਦੋਸਤੀ ਨਹੀਂ ਰਹੀ, ਇਸ ਦੇ ਦੋ ਮੁੱਖ ਕਾਰਨ ਹਨ, ਪਹਿਲਾ ਕਾਰਨ ਚੀਨ ਨੇ ਸੋਚਿਆ ਸੀ ਕਿ ਪਾਕਿਸਤਾਨ ਸਮੇਂ ਨਾਲ ਅੱਗੇ ਨਿਕਲੇਗਾ ਅਤੇ ਚੀਨ ਉਪਰ ਬੋਝ ਨਹੀਂ ਬਣੇਗਾ ਪਰ ਚੀਨ ਦੀ ਆਰਥਿਕ ਹਾਲਤ ਦਿਨ-ਬ-ਦਿਨ ਮਾੜੀ ਹੁੰਦੀ ਜਾ ਰਹੀ ਹੈ ਅਤੇ ਦੂਜਾ ਕਾਰਨ ਇਹ ਹੈ ਕਿ ਪਾਕਿਸਤਾਨ ’ਚ ਚੀਨ ਵਲੋਂ ਵਿੱਤੀ ਸਹਾਇਤਾ ਨਾਲ ਸੀ-ਪੈਕ ਪ੍ਰਾਜੈਕਟ ਬਣਾਇਆ ਜਾ ਰਿਹਾ ਹੈ ਜਿਸ ’ਚ ਕਈ ਚੀਨੀ ਇੰਜੀਨੀਅਰ ਪਾਕਿਸਤਾਨ ਵਿਚ ਕੰਮ ਕਰ ਰਹੇ ਹਨ ਅਤੇ ਪਿਛਲੇ ਕੁਝ ਸਾਲਾਂ ਤੋਂ ਪਾਕਿਸਤਾਨ ’ਚ ਬਲੋਚ ਲਿਬਰੇਸ਼ਨ ਆਰਮੀ ਅਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਭਾਵ ਟੀ. ਟੀ. ਪੀ. ਦੇ ਲੜਾਕੇ ਚੀਨੀ ਇੰਜੀਨੀਅਰਾਂ ’ਤੇ ਜਾਨਲੇਵਾ ਹਮਲੇ ਕਰ ਰਹੇ ਹਨ, ਜਿਨ੍ਹਾਂ ’ਚ ਹੁਣ ਤਕ ਕਈ ਚੀਨੀ ਇੰਜੀਨੀਅਰ ਮਾਰੇ ਜਾ ਚੁੱਕੇ ਹਨ।
ਇਸ ਗੱਲ ਨੂੰ ਲੈ ਕੇ ਚੀਨ ਪਾਕਿਸਤਾਨ ਨਾਲ ਪਹਿਲਾਂ ਵੀ ਕਈ ਵਾਰ ਇਤਰਾਜ਼ ਕਰ ਚੁੱਕਾ ਹੈ ਿਜਸ ’ਤੇ ਪਾਕਿਸਤਾਨ ਨੇ ਸੀ-ਪੈਕ ਪ੍ਰਾਜੈਕਟ ਵਿਚ ਕੰਮ ਕਰਨ ਵਾਲੇ ਇੰਜੀਨੀਅਰਾਂ ਦੀ ਸੁਰੱਖਿਆ ਵਧਾ ਦਿੱਤੀ ਸੀ ਪਰ ਉਸ ਦੇ ਬਾਵਜੂਦ ਚੀਨੀ ਇੰਜੀਨੀਅਰਾਂ ਨੂੰ ਲਗਾਤਾਰ ਮਾਰਿਆ ਜਾ ਰਿਹਾ ਹੈ। ਇਸ ਵਾਰ ਚੀਨ ਤੇ ਪਾਕਿਸਤਾਨ ’ਚ ਇਸ ਮੁੱਦੇ ਨੂੰ ਲੈ ਕੇ ਰੇੜਕਾ ਪੈ ਚੁੱਕਾ ਹੈ।
ਛੇਤੀ ਹੀ ਪਾਕਿਸਤਾਨ ’ਚ ਸੀ-ਪੈਕ ਪ੍ਰਾਜੈਕਟ ਦੇ ਦੂਜੇ ਪੜਾਅ ’ਤੇ ਕੰਮ ਸ਼ੁਰੂ ਹੋਣ ਵਾਲਾ ਸੀ ਪਰ ਚੀਨ ਨੇ ਇਹ ਕਹਿ ਕੇ ਪਾਕਿਸਤਾਨ ਨੂੰ ਇਕ ਵੱਡਾ ਝਟਕਾ ਦੇ ਦਿੱਤਾ ਹੈ ਕਿ ਹੁਣ ਦੂਜੇ ਪੜਾਅ ’ਚ ਚੀਨ ਇਸ ਪ੍ਰਾਜੈਕਟ ’ਤੇ ਕੋਈ ਪੈਸਾ ਖਰਚ ਨਹੀਂ ਕਰੇਗਾ। ਇਸ ਦੇ ਪਿੱਛੇ ਇਕ ਵੱਡਾ ਕਾਰਨ ਇਹ ਹੈ ਕਿ ਸਾਲ 2018 ਤਕ ਇਸ ਪ੍ਰਾਜੈਕਟ ’ਤੇ 46 ਅਰਬ ਅਮਰੀਕੀ ਡਾਲਰ ਦਾ ਖਰਚ ਆਉਣ ਦੀ ਉਮੀਦ ਸੀ ਪਰ ਇਹ ਪ੍ਰਾਜੈਕਟ ਉਸ ਸਮੇਂ ਤਕ ਪੂਰਾ ਨਹੀਂ ਹੋ ਸਕਿਆ, ਵਿਚ-ਵਿਚਾਲੇ ਇਸ ’ਤੇ ਕੰਮ ਕਈ ਪੜਾਵਾਂ ’ਚ ਰੁਕਦਾ ਰਿਹਾ।
ਚੀਨ ਦਾ ਕਹਿਣਾ ਹੈ ਕਿ ਪਹਿਲੇ ਪੜਾਅ ਦੇ ਰਹਿ ਗਏ ਕੰਮ ਤਾਂ ਚੀਨ ਜ਼ਰੂਰ ਪੂਰੇ ਕਰੇਗਾ ਪਰ ਦੂਜੇ ਪੜਾਅ ਵਾਲੇ ਕੰਮ ਨੂੰ ਅੱਗੇ ਨਹੀਂ ਵਧਾਏਗਾ ਕਿਉਂਕਿ ਸਾਲ 2022 ’ਚ ਜਦ ਸੀ-ਪੈਕ ’ਤੇ ਹੋਏ ਖਰਚਿਆਂ ਦਾ ਲੇਖਾ-ਜੋਖਾ ਕੀਤਾ ਗਿਆ ਤਾਂ ਪਤਾ ਲੱਗਾ ਕਿ ਹੁਣ ਤਕ ਸੀ-ਪੈਕ ਪ੍ਰਾਜੈਕਟ ’ਤੇ 65 ਅਰਬ ਡਾਲਰ ਖਰਚ ਹੋ ਚੁੱਕੇ ਹਨ।
ਸੀ-ਪੈਕ ਦੇ ਦੂਜੇ ਪੜਾਅ ’ਚ ਚੀਨ ਨੇ ਪਾਕਿਸਤਾਨ ਨਾਲ ਊਰਜਾ ਦੇ ਖੇਤਰ ਵਿਚ ਕੰਮ ਕਰਨਾ ਸੀ, ਜਲ ਪ੍ਰਬੰਧਨ ਅਤੇ ਵਾਤਾਵਰਣ ਸੰਤੁਲਨ ਦੇ ਖੇਤਰ ਵਿਚ ਵੀ ਕੰਮ ਕਰਨਾ ਸੀ ਪਰ ਚੀਨ ਨੇ ਹੁਣ ਇਨ੍ਹਾਂ ਸਭ ਲਈ ਨਾਂਹ ਕਰ ਦਿੱਤੀ ਹੈ।
ਇਸ ਸਮੇਂ ਚੀਨ ਦੀ ਅੰਦਰੂਨੀ ਹਾਲਤ ਵੀ ਖਰਾਬ ਹੈ ਅਤੇ ਆਰਥਿਕ ਹਾਲਤ ਵੀ ਬਹੁਤ ਖਰਾਬ ਹੈ। ਅਜਿਹੇ ’ਚ ਚੀਨ ਹੁਣ ਆਪਣੇ ਪੈਸੇ ਬਚਾਉਣ ’ਤੇ ਉਤਰ ਆਇਆ ਹੈ। ਉਹ ਆਪਣੇ ਪੈਸੇ ਬਚਾ ਕੇ ਆਪਣੀ ਖਤਮ ਹੁੰਦੀ ਅਰਥਵਿਵਸਥਾ ’ਚ ਜਾਨ ਫੂਕਣਾ ਚਾਹੁੰਦਾ ਹੈ। ਚੀਨ ਨੇ ਫਿਲਹਾਲ ਪਾਕਿਸਤਾਨ ’ਚ ਚੱਲ ਰਹੀ ਸੀ-ਪੈਕ ਦੀ ਫੰਡਿੰਗ ’ਤੇ ਵੀ ਰੋਕ ਲਾ ਦਿੱਤੀ ਹੈ।
ਇਸ ਨਾਲ ਜਿਥੇ ਇਕ ਪਾਸੇ ਪਾਕਿਸਤਾਨ ਦੀ ਅਰਥਵਿਵਸਥਾ ਨੂੰ ਇਕ ਵੱਡਾ ਝਟਕਾ ਲੱਗੇਗਾ ਤਾਂ ਦੂਜੇ ਪਾਸੇ ਚੀਨ ਨੇ ਹੁਣ ਤਕ ਜਿੰਨਾ ਵੀ ਪੈਸਾ ਸੀ-ਪੈਕ ਪ੍ਰਾਜੈਕਟ ’ਤੇ ਖਰਚ ਕੀਤਾ ਹੈ, ਉਹ ਸਭ ਪਾਣੀ ’ਚ ਮਿਲ ਜਾਏਗਾ। ਕੌਮਾਂਤਰੀ ਪੱਧਰ ’ਤੇ ਚੀਨ ਨੇ ਆਪਣੇ ਸਭ ਤੋਂ ਪਿਆਰੇ ਦੋਸਤ ਪਾਕਿਸਤਾਨ ਦੀ ਕੌਮਾਂਤਰੀ ਬੇਇੱਜ਼ਤੀ ਕਰ ਦਿੱਤੀ ਹੈ।
ਚੀਨ ਨੇ ਕਿਹਾ ਹੈ ਕਿ ਪਾਕਿਸਤਾਨ ਦੀ ਫੌਜ ਇੰਨੀ ਨਿਕੰਮੀ ਹੈ ਕਿ ਆਪਣੇ ਦੇਸ਼ ’ਚ ਚੱਲ ਰਹੀ ਬਗਾਵਤ ਨੂੰ ਨਹੀਂ ਦਬਾ ਸਕਦੀ ਅਤੇ ਪਾਕਿਸਤਾਨੀ ਫੌਜ ਚੀਨੀ ਇੰਜੀਨੀਅਰਾਂ, ਅਧਿਆਪਕਾਂ ਅਤੇ ਚੀਨ ਦੇ ਆਮ ਨਾਗਰਿਕਾਂ ਦੀ ਰੱਖਿਆ ਕਰਨ ’ਚ ਵੀ ਸਮਰੱਥ ਨਹੀਂ ਹੈ, ਹਾਲਾਂਕਿ ਚੀਨ ਨੇ ਇਹ ਵੀ ਕਿਹਾ ਕਿ ਹੁਣ ਚੀਨ ਪਾਕਿਸਤਾਨੀ ਫੌਜੀਆਂ ਨੂੰ ਸੁਰੱਖਿਆ ਕਰਨੀ ਸਿਖਾਏਗਾ।
ਪਾਕਿਸਤਾਨ ਲਈ ਇਹ ਇਕ ਵੱਡਾ ਝਟਕਾ ਹੈ ਕਿਉਂਕਿ ਆਪਣੇ ਨਾਗਰਿਕਾਂ ਨੂੰ ਉਥੇ ਦੀ ਸਰਕਾਰ ਸੀ-ਪੈਕ ਦੇ ਸਬਜ਼ਬਾਗ ਦਿਖਾ ਕੇ ਆਪਣੀ ਹਕੂਮਤ ਬਚਾਉਣ ’ਚ ਕਾਮਯਾਬ ਰਹੀ ਸੀ ਪਰ ਹੁਣ, ਜਦੋਂ ਚੀਨ ਨੇ ਖੁੱਲ੍ਹ ਕੇ ਸੀ-ਪੈਕ ਤੋਂ ਪਿੱਛੇ ਹਟਣ ਦਾ ਐਲਾਨ ਕਰ ਦਿੱਤਾ ਹੈ ਤਾਂ ਪਾਕਿਸਤਾਨੀ ਸਰਕਾਰ ਦਾ ਆਪਣੀ ਜਨਤਾ ਦਰਮਿਆਨ ਅਕਸ ਹੋਰ ਵੀ ਜ਼ਿਆਦਾ ਖਰਾਬ ਹੋਇਆ ਹੈ। ਇਸ ਨਾਲ ਉਥੋਂ ਦੀ ਜਨਤਾ ’ਚ ਆਪਣੀ ਸਰਕਾਰ ਪ੍ਰਤੀ ਰੋਹ ਵਧਦਾ ਜਾ ਰਿਹਾ ਹੈ।
ਦੋਹਾਂ ਦੇਸ਼ਾਂ ਦਰਮਿਆਨ ਇਸ ਸਮੇਂ ਦੂਰੀਆਂ ਵਧਦੀਆਂ ਜਾ ਰਹੀਆਂ ਹਨ ਅਤੇ ਦੋਹਾਂ ਹੀ ਦੇਸ਼ਾਂ ਦੀ ਜਨਤਾ ਆਪਣੀਆਂ ਸਰਕਾਰਾਂ ਨਾਲ ਕਾਫੀ ਨਾਰਾਜ਼ ਹੈ। ਹੁਣ ਦੇਖਣਾ ਇਹ ਹੈ ਕਿ ਪਾਕਿਸਤਾਨ ਦੇ ਹੁਕਮਰਾਨ ਆਪਣੀ ਜਨਤਾ ਦੇ ਰੋਹ ਤੋਂ ਖੁਦ ਨੂੰ ਕਿਵੇਂ ਬਚਾਉਂਦੇ ਹਨ ਅਤੇ ਆਪਣੀ ਕੁਰਸੀ ਬਚਾਉਣ ਲਈ ਕਿਹੜੇ ਨਵੇਂ ਸਬਜ਼ਬਾਗ ਪਾਕਿਸਤਾਨੀ ਜਨਤਾ ਨੂੰ ਦਿਖਾਉਂਦੇ ਹਨ।
ਖੇਤੀ ਖੇਤਰ ’ਚ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਵਾਲੇ ਸਨ ਸਵਾਮੀਨਾਥਨ
NEXT STORY