ਭਾਰਤ ਨੇ ਅੱਜ ਆਜ਼ਾਦ, ਪ੍ਰਭੂਸੱਤਾ ਸੰਪੰਨ ਤੇ ਜਮਹੂਰੀ ਦੇਸ਼ ਵਜੋਂ 78 ਵਰ੍ਹੇ ਪੂਰੇ ਕਰ ਲਏ ਹਨ। ਮਹਾਨ ਆਜ਼ਾਦੀ ਘੁਲਾਟੀਆਂ ਤੇ ਕੌਮੀ ਨਾਇਕਾਂ ਦੇ ਸੁਪਨੇ ਸਾਕਾਰ ਕਰਨ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਸਿੱਖਿਆ, ਸਿਹਤ ਅਤੇ ਰੁਜ਼ਗਾਰ ਵਰਗੇ ਖੇਤਰਾਂ ਨੂੰ ਵੱਧ ਤਰਜੀਹ ਦਿੱਤੀ ਜਾ ਰਹੀ ਹੈ। ਭ੍ਰਿਸ਼ਟਾਚਾਰ ਤੇ ਨਸ਼ਿਆਂ ਦੀ ਅਲਾਮਤ ਪ੍ਰਤੀ ਕੋਈ ਲਿਹਾਜ਼ ਨਾ ਵਰਤਣ ਦੀ ਨੀਤੀ ਸਖ਼ਤੀ ਨਾਲ ਅਪਣਾਈ ਹੋਈ ਹੈ।
ਇਸ ਇਤਿਹਾਸਕ ਦਿਹਾੜੇ ’ਤੇ ਮੈਂ ਉਨ੍ਹਾਂ ਕੌਮੀ ਆਜ਼ਾਦੀ ਸੰਘਰਸ਼ ਦੇ ਮਹਾਨ ਸ਼ਹੀਦਾਂ ਤੇ ਆਜ਼ਾਦੀ ਦੇ ਪਰਵਾਨਿਆਂ ਅੱਗੇ ਸਿਰ ਝੁਕਾਉਂਦਾ ਹਾਂ ਜਿਨ੍ਹਾਂ ਨੇ ਲਾਮਿਸਾਲ ਬਹਾਦਰੀ ਤੇ ਸੂਰਬੀਰਤਾ ਦਾ ਪ੍ਰਗਟਾਵਾ ਕਰ ਕੇ ਸਾਡੇ ਮੁਲਕ ਨੂੰ ਬਰਤਾਨਵੀ ਸਾਮਰਾਜਵਾਦ ਦੇ ਜੂਲੇ ਤੋਂ ਮੁਕਤ ਕਰਵਾਇਆ।
ਭਾਰਤ ਦੇ ਆਜ਼ਾਦੀ ਸੰਘਰਸ਼ ਵਿਚ ਪੰਜਾਬੀਆਂ ਦੀ ਵਿਲੱਖਣ ਤੇ ਲਾਮਿਸਾਲ ਭੂਮਿਕਾ ਕਿਸੇ ਤੋਂ ਲੁਕੀ-ਛਿਪੀ ਨਹੀਂ ਹੈ। ਬਰਤਾਨਵੀ ਹਕੂਮਤ ਦੇ ਖਿਲਾਫ਼ ਜਾਨਾਂ ਨਿਛਾਵਰ ਕਰਨ ਵਾਲਿਆਂ ਵਿਚ 80 ਫੀਸਦੀ ਤੋਂ ਵੱਧ ਪੰਜਾਬੀ ਸਨ।
ਸਾਡੇ ਮਹਾਨ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਲਾਲਾ ਲਾਜਪਤ ਰਾਏ, ਸ਼ਹੀਦ ਊਧਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਦੀਵਾਨ ਸਿੰਘ ਕਾਲੇਪਾਣੀ, ਬਾਬਾ ਰਾਮ ਸਿੰਘ, ਸੋਹਣ ਸਿੰਘ ਭਕਨਾ ਤੇ ਕਈ ਹੋਰ ਅਣਗੌਲੇ ਨਾਇਕਾਂ ਨੇ ਆਜ਼ਾਦੀ ਦੇ ਅੰਤਿਮ ਟੀਚੇ ਨੂੰ ਪ੍ਰਾਪਤ ਕਰਦੇ ਹੋਏ ਆਪਣੇ ਖੂਨ ਦਾ ਕਤਰਾ-ਕਤਰਾ ਵਹਾ ਦਿੱਤਾ।
ਭਾਰਤ ਤੇ ਪਾਕਿਸਤਾਨ ਦਰਮਿਆਨ ਤਾਜ਼ਾ ਤਣਾਅ ਦੌਰਾਨ ਵੀ ਪੰਜਾਬੀ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਦੀ ਰਾਖੀ ਲਈ ਸਭ ਤੋਂ ਅੱਗੇ ਸਨ। ਇਹ ਸੱਚ ਕਿਸੇ ਤੋਂ ਲੁਕਿਆ ਨਹੀਂ ਕਿ ਸੂਬੇ ਦੇ ਮਿਹਨਤਕਸ਼ ਕਿਸਾਨਾਂ ਨੇ ਦੇਸ਼ ਨੂੰ ਅਨਾਜ ਉਤਪਾਦਨ ਵਿਚ ਸਵੈ-ਨਿਰਭਰ ਬਣਾਉਣ ’ਚ ਅਹਿਮ ਭੂਮਿਕਾ ਨਿਭਾਈ ਹੈ। ਪੰਜਾਬੀਆਂ ਨੂੰ ਚੰਗੀ ਸਿਹਤ ਸੰਭਾਲ ਪ੍ਰਦਾਨ ਕਰਨ ਲਈ ਸੂਬਾ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਸ਼ੁਰੂ ਕੀਤੀ ਹੈ ਜੋ ਦੇਸ਼ ਵਿਚ ਆਪਣੀ ਕਿਸਮ ਦੀ ਪਹਿਲੀ ਯੋਜਨਾ ਹੈ।
‘ਹਿੰਦ ਦੀ ਚਾਦਰ’ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਦੇ ਪਵਿੱਤਰ ਮੌਕੇ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਉਣ ਲਈ ਇਤਿਹਾਸਕ ਸਮਾਗਮ ਕਰਵਾਏ ਜਾਣਗੇ। ਸੂਬਾ ਸਰਕਾਰ ਜਵਾਨਾਂ ਦੇ ਡਿਊਟੀ ਦੌਰਾਨ ਸ਼ਹੀਦ ਹੋਣ ’ਤੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੰਦੀ ਹੈ।
ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਦੇ ਆਧਾਰ ’ਤੇ ਸਰਕਾਰੀ ਨੌਕਰੀਆਂ ਪ੍ਰਦਾਨ ਕਰਨ ਦੇ ਯਤਨ ਜਾਰੀ ਰੱਖਦਿਆਂ ਮੇਰੀ ਸਰਕਾਰ ਨੇ ਭਰਤੀ ’ਚ ਨਿਰਪੱਖਤਾ ਅਤੇ ਕੁਸ਼ਲਤਾ ਯਕੀਨੀ ਬਣਾਈ ਹੈ। ਹੁਣ ਤੱਕ ਸੂਬੇ ਦੇ ਨੌਜਵਾਨਾਂ ਨੂੰ 54,000 ਤੋਂ ਵੱਧ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ।
ਸੂਬਾ ਸਰਕਾਰ ਨੇ 2022 ’ਚ ਲੋਕਾਂ ਨੂੰ ਮੁਫ਼ਤ ਬਿਜਲੀ ਦੇਣ ਦੀ ਗਾਰੰਟੀ ਦੀ ਸ਼ੁਰੂਆਤ ਕੀਤੀ ਸੀ। ਉਦੋਂ ਤੋਂ ਪੰਜਾਬ ਦੇ 90 ਫੀਸਦੀ ਘਰਾਂ ਨੂੰ ਬਿਜਲੀ ਮੁਫ਼ਤ ਮਿਲ ਰਹੀ ਹੈ। ਉਨ੍ਹਾਂ ਦੇ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ।
ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ‘ਪੰਜਾਬ ਸਿੱਖਿਆ ਕ੍ਰਾਂਤੀ’ ਦੀ ਸ਼ੁਰੂਆਤ ਕੀਤੀ ਹੈ। ਲੋਕਾਂ ਨੂੰ ਮਿਆਰੀ ਸਿਹਤ ਸੰਭਾਲ ਸੇਵਾਵਾਂ ਮੁਹੱਈਆ ਕਰਨ ਲਈ ਸੂਬਾ ਸਰਕਾਰ ਨੇ ਪੰਜਾਬ ’ਚ 881 ਆਮ ਆਦਮੀ ਕਲੀਨਿਕ ਸਥਾਪਤ ਕੀਤੇ ਹਨ। 200 ਕਲੀਨਿਕ ਹੋਰ ਖੋਲ੍ਹੇ ਜਾ ਰਹੇ ਹਨ।
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੰਜਾਬ ਨੇ ਸਰਹੱਦ ਪਾਰੋਂ ਨਸ਼ਿਆਂ ਦੀ ਸਮੱਗਲਿੰਗ ਰੋਕਣ ਲਈ ਆਰ-ਪਾਰ ਦੀ ਜੰਗ ਛੇੜੀ ਹੋਈ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਵਾਅਦੇ ਮੁਤਾਬਕ ਅਹੁਦਾ ਸੰਭਾਲਣ ਵੇਲੇ ਤੋਂ ਸੂਬੇ ’ਚ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਤੇਜ਼ੀ ਨਾਲ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਸੂਬਾ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ 9501200200 ਸ਼ੁਰੂ ਕੀਤੀ ਹੈ।
ਸੂਬਾ ਸਰਕਾਰ ਨੇ ਸਮਰਪਿਤ ਸੜਕ ਸੁਰੱਖਿਆ ਫੋਰਸ ਦੇ ਰੂਪ ’ਚ ਦੇਸ਼ ਵਿਚ ਆਪਣੀ ਕਿਸਮ ਦੀ ਪਹਿਲੀ ਪਹਿਲਕਦਮੀ ਸ਼ੁਰੂ ਕੀਤੀ ਹੈ। ਫਰਿਸ਼ਤੇ ਸਕੀਮ ਨੂੰ ਨੋਟੀਫਾਈ ਕੀਤਾ ਹੈ ਤਾਂ ਜੋ ਸੜਕ ਹਾਦਸਿਆਂ ਦੇ ਪੀੜਤਾਂ ਦੀ ਜਾਨ ਬਚਾਈ ਜਾ ਸਕੇ। ਪੰਜਾਬ ਦੀ ਸ਼ਾਨ ਬਹਾਲ ਕਰਨ ਲਈ 2023 ’ਚ ਸੂਬੇ ਦੀ ਨਵੀਂ ਖੇਡ ਨੀਤੀ ਨੋਟੀਫਾਈ ਕੀਤੀ ਸੀ।
ਇਸ ਪਵਿੱਤਰ ਮੌਕੇ ’ਤੇ ਆਓ, ਆਪਾਂ ਪੰਜਾਬ ਨੂੰ ਇਕ ਆਦਰਸ਼ ਸੂਬਾ ਬਣਾਉਣ ਲਈ ਆਪਣੇ ਆਪ ਨੂੰ ਮੁੜ ਸਮਰਪਿਤ ਕਰੀਏ। ਜੈ ਹਿੰਦ।
-ਭਗਵੰਤ ਸਿੰਘ ਮਾਨ,
ਮੁੱਖ ਮੰਤਰੀ, ਪੰਜਾਬ
ਜੰਮੂ-ਕਸ਼ਮੀਰ ’ਚ ਸਥਾਈ ਸ਼ਾਂਤੀ ਦੇ ਲਈ ਮੁਹਿੰਮ ਤੇਜ਼ ਰੱਖਣ ਦੀ ਲੋੜ!
NEXT STORY