‘ਆਪ੍ਰੇਸ਼ਨ ਸਿੰਧੂਰ’ ਵਿਚ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਪਾਕਿਸਤਾਨ ਫਿਰ ਕਿਵੇਂ ਗਰਜ ਰਿਹਾ ਹੈ? ਮੀਡੀਆ ਰਿਪੋਰਟਾਂ ਅਨੁਸਾਰ ਇਸ ਨੇ ਇਸਲਾਮਾਬਾਦ ਵਿਚ ਭਾਰਤੀ ਡਿਪਲੋਮੈਟਾਂ ਨੂੰ ਪੀਣ ਵਾਲੇ ਪਾਣੀ, ਗੈਸ ਅਤੇ ਅਖ਼ਬਾਰਾਂ ਦੀ ਸਪਲਾਈ ਬੰਦ ਕਰ ਦਿੱਤੀ ਹੈ। ਇਹ ਖ਼ਬਰ ਉਦੋਂ ਸਾਹਮਣੇ ਆਈ ਜਦੋਂ ਪਾਕਿਸਤਾਨੀ ਫੌਜ ਮੁਖੀ ਅਸੀਮ ਮੁਨੀਰ ਦੁਬਾਰਾ ਅਮਰੀਕਾ ਵਿਚ ਸਜਦਾ ਕਰਨ ਪਹੁੰਚੇ ਹੋਏ ਸਨ। ਇਸ ਦੌਰਾਨ ਇਕ ਨਿੱਜੀ ਪ੍ਰੋਗਰਾਮ ਵਿਚ ਮੁਨੀਰ ਨੇ ਇਕ ਸੱਚੇ ਆਤਮਘਾਤੀ ਹਮਲਾਵਰ ਵਾਂਗ, ਪ੍ਰਮਾਣੂ ਹਮਲੇ ਨਾਲ ਅੱਧੀ ਦੁਨੀਆ (ਭਾਰਤ ਸਮੇਤ) ਨੂੰ ਤਬਾਹ ਕਰਨ ਅਤੇ ਭਵਿੱਖ ਵਿਚ ਸਿੰਧੂ ਨਦੀ ’ਤੇ ਬਣਨ ਵਾਲੇ ਡੈਮ ਨੂੰ ਮਿਜ਼ਾਈਲਾਂ ਨਾਲ ਉਡਾਉਣ ਦੀ ਧਮਕੀ ਦਿੱਤੀ।
ਸਵਾਲ ਇਹ ਹੈ ਕਿ ਅੱਤਵਾਦ ਦੀ ਨਰਸਰੀ ਪਾਕਿਸਤਾਨ ਨੂੰ ਇਹ ਹਿੰਮਤ ਕਿੱਥੋਂ ਮਿਲੀ? ਅਮਰੀਕਾ, ਮੁਨੀਰ ਦੇ ਸ਼ਬਦਾਂ ਵਿਚ ਕਹੀਏ ਤਾਂ ‘ਚਮਚਮਾਉਂਦੀ ਮਰਸੀਡੀਜ਼’ ਰੂਪੀ ਭਾਰਤ ਵਿਰੁੱਧ ‘ਕੂੜੇ ਨਾਲ ਭਰੇ ਟਰੱਕ’ ਵਰਗੇ ਪਾਕਿਸਤਾਨ ਦਾ ਸਾਥ ਕਿਉਂ ਦੇ ਰਿਹਾ ਹੈ?
ਪਹਿਲਾਂ ਸਾਨੂੰ ਇਹ ਸਮਝਣਾ ਪਵੇਗਾ ਕਿ ਪਾਕਿਸਤਾਨ ਆਪਣੇ ਸੰਵਿਧਾਨਕ ਐਲਾਨ ਅਨੁਸਾਰ, ਨਾ ਤਾਂ ਇਕ ਇਸਲਾਮੀ ਦੇਸ਼ ਹੈ ਅਤੇ ਨਾ ਹੀ ਉਸ ਨੂੰ ਭਾਰਤੀ ਉਪ ਮਹਾਦੀਪ ਦੇ ਮੁਸਲਮਾਨਾਂ ਨਾਲ ਕੋਈ ਸਰੋਕਾਰ ਹੈ। ਪੱਛਮੀ ਤਾਕਤਾਂ ਨੇ ਆਪਣੀਆਂ ਰਣਨੀਤਿਕ ਜ਼ਰੂਰਤਾਂ ਲਈ ਇਸ ਨਕਲੀ ਰਾਸ਼ਟਰ ਨੂੰ ਬਣਾਇਆ ਸੀ। ਉਨ੍ਹਾਂ ਲਈ ਇਸਲਾਮ ਸਿਰਫ਼ ਇਕ ਬਹਾਨਾ ਸੀ ਅਤੇ ਉਸ ਸਮੇਂ ਦਾ ਮੁਸਲਿਮ ਸਮਾਜ ਸਿਰਫ਼ ਇਕ ਹਥਿਆਰ ਸੀ।
ਆਪਣੇ ਜਨਮ ਤੋਂ ਲੈ ਕੇ ਅੱਜ ਤੱਕ ਪਾਕਿਸਤਾਨ ਪੂਰੀ ਸ਼ਿੱਦਤ ਨਾਲ ਇਹ ਭੂਮਿਕਾ ਨਿਭਾਅ ਰਿਹਾ ਹੈ। ਦਰਅਸਲ, ਪਾਕਿਸਤਾਨ ਵੰਡੇ ਹੋਏ ਭਾਰਤ ਦਾ ਉਹ ਖੇਤਰ ਹੈ, ਜੋ ਅਜੇ ਵੀ ਬਸਤੀਵਾਦੀ ਸ਼ਕਤੀਆਂ ਦੇ ਕੰਟਰੋਲ ਹੇਠ ਹੈ ਅਤੇ ਜਿਸ ਨੂੰ ਉਹ ਭਾਰਤ ਦੇ ਸਨਾਤਨ ਸੱਭਿਆਚਾਰ, ਇਸ ਦੀ ਪਛਾਣ ਅਤੇ ਇਸ ਦੀ ਸ਼ਾਨ ਅਤੇ ਖੁਸ਼ਹਾਲੀ ਦੇ ਵਿਰੁੱਧ ਵਰਤ ਰਹੀਆਂ ਹਨ।
ਭਾਰਤੀ ਉਪ ਮਹਾਦੀਪ ਵਿਚ ਸ਼ਾਇਦ ਹੀ ਕੋਈ ਮੁਸਲਮਾਨ ਹੋਵੇਗਾ ਜਿਸ ਨੂੰ ਧਾਰਮਿਕ ਕਾਰਨਾਂ ਕਰਕੇ ਫਿਲਸਤੀਨ-ਈਰਾਨ ਲਈ ਭਾਵਨਾਤਮਕ ਚਿੰਤਾ ਨਾ ਹੋਵੇ। ਹਾਲ ਹੀ ਵਿਚ ਜਦੋਂ ਇਜ਼ਰਾਈਲ-ਅਮਰੀਕਾ ਅਤੇ ਈਰਾਨ ਵਿਚਕਾਰ ਫੌਜੀ ਟਕਰਾਅ ਹੋਇਆ ਸੀ, ਤਾਂ ਭਾਰਤ ਨੇ ਇਸ ਮਾਮਲੇ ਵਿਚ ਸੰਤੁਲਨ ਬਣਾਈ ਰੱਖਿਆ। ਇਸ ਮਾਮਲੇ ਵਿਚ ਪਾਕਿਸਤਾਨ ਦੀ ਭੂਮਿਕਾ ਬਹੁਤ ਦਿਲਚਸਪ ਸੀ। ਜਦੋਂ ਇਸ ਸਾਲ 21 ਜੂਨ ਨੂੰ ਆਪਣੇ ‘ਦੋਸਤ’ ਯਹੂਦੀ ਰਾਸ਼ਟਰ ਇਜ਼ਰਾਈਲ ਦਾ ਸਾਥ ਦਿੰਦੇ ਹੋਏ ਅਮਰੀਕਾ ਨੇ ਈਰਾਨ ਦੇ 3 ਪ੍ਰਮਾਣੂ ਟਿਕਾਣਿਆਂ ’ਤੇ ਬੰਬਾਰੀ ਕੀਤੀ ਸੀ ਤਾਂ ਉਸੇ ਸਮੇਂ ਅਸੀਮ ਮੁਨੀਰ ਦਾ ਪਾਕਿਸਤਾਨ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ‘ਰਣਨੀਤਿਕ ਦੂਰਦਰਸ਼ੀ’ ਅਤੇ ਸ਼ਾਨਦਾਰ ਸਿਅਾਸਤਦਾਨ ਦੱਸਦੇ ਹੋਏ ਨੋਬਲ ਸ਼ਾਂਤੀ ਪੁਰਸਕਾਰ ਦੇਣ ਦੀ ਸਿਫਾਰਸ਼ ਕਰ ਰਿਹਾ ਸੀ। ਜੇਕਰ ਇਜ਼ਰਾਈਲ-ਅਮਰੀਕਾ ਗਾਜ਼ਾ ਵਿਚ ‘ਨਸਲਕੁਸ਼ੀ/ਜ਼ੁਲਮ’ ਦੇ ‘ਦੋਸ਼ੀ’ ਹਨ, ਤਾਂ ਪਾਕਿਸਤਾਨ ਵੀ ਓਨਾ ਹੀ ‘ਦੋਸ਼ੀ’ ਹੈ।
ਇਹ ਦੁਨੀਆ ਭਰ ਦੇ ਮੁਸਲਮਾਨਾਂ (ਭਾਰਤ ਸਮੇਤ) ਲਈ ਇਕ ਵੱਡਾ ਸੰਦੇਸ਼ ਹੈ ਕਿ ਜਿਸ ਪਾਕਿਸਤਾਨ ਨੂੰ ਉਹ ਇਸਲਾਮੀ ਭਾਵਨਾ ਦਾ ਪ੍ਰਤੀਕ ਮੰਨਦੇ ਹਨ, ਉਹ ਅਸਲ ਵਿਚ ਜਨਮ ਤੋਂ ਹੀ ਬਸਤੀਵਾਦੀ ਸ਼ਕਤੀਆਂ ਦੀ ਕਠਪੁਤਲੀ ਹੈ। ਇਸ ਦਾ ਜ਼ਿਕਰ ਉੱਘੇ ਡਿਪਲੋਮੈਟ ਨਰਿੰਦਰ ਸਿੰਘ ਸਰਿਲਾ ਦੁਆਰਾ ਲਿਖੀ ਕਿਤਾਬ ‘ਦਿ ਸ਼ੈਡੋ ਆਫ਼ ਦਿ ਗ੍ਰੇਟ ਗੇਮ, ਦਿ ਅਨਟੋਲਡ ਸਟੋਰੀ ਆਫ਼ ਇੰਡੀਆਜ਼ ਪਾਰਟੀਸ਼ਨ’ ਅਤੇ ਆਰਥਿਕ ਇਤਿਹਾਸਕਾਰ ਪ੍ਰਸੇਨਜੀਤ ਕੇ. ਬਾਸੂ ਦੁਆਰਾ ਲਿਖੀ ਕਿਤਾਬ ‘ਏਸ਼ੀਆ ਰੀਬੋਰਨ’ ਵਿਚ ਤੱਥਾਂ ਨਾਲ ਕੀਤਾ ਗਿਆ ਹੈ।
ਸਰਿਲਾ ਨੇ ਆਪਣੀ ਕਿਤਾਬ ਵਿਚ ਬ੍ਰਿਟਿਸ਼ ਸਿਆਸਤਦਾਨਾਂ ਅਤੇ ਉਸ ਸਮੇਂ ਦੇ ਫੌਜੀ ਅਧਿਕਾਰੀਆਂ ਵਿਚਕਾਰ ਗੁਪਤ ਪੱਤਰ ਵਿਹਾਰ ਦਾ ਹਵਾਲਾ ਦਿੱਤਾ ਹੈ। 5 ਮਈ 1945 ਨੂੰ, ਉਸ ਸਮੇਂ ਦੇ ਬ੍ਰਿਟਿਸ਼ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਨੇ ਇਕ ਗੁਪਤ ਰਿਪੋਰਟ ਮੰਗੀ, ਜਿਸ ਵਿਚ ਕਿਹਾ ਗਿਆ ਸੀ ਕਿ ਬ੍ਰਿਟੇਨ ਨੂੰ ਭਾਰਤ ਦੇ ਉੱਤਰ-ਪੱਛਮੀ ਹਿੱਸੇ (ਮੌਜੂਦਾ ਪਾਕਿਸਤਾਨ) ਵਿਚ ਆਪਣੀ ਫੌਜੀ ਮੌਜੂਦਗੀ ਬਣਾਈ ਰੱਖਣੀ ਚਾਹੀਦੀ ਹੈ ਤਾਂ ਜੋ ਸੋਵੀਅਤ ਰੂਸ ਤੋਂ ਵਧ ਰਹੇ ਖ਼ਤਰੇ ਨੂੰ ਰੋਕਿਆ ਜਾ ਸਕੇ।
ਇਸੇ ਰਿਪੋਰਟ ਵਿਚ ਬਲੋਚਿਸਤਾਨ ਨੂੰ ਭਾਰਤ ਤੋਂ ਵੱਖ ਕਰਨ ਦੀ ਵੀ ਸਿਫਾਰਸ਼ ਕੀਤੀ ਗਈ ਸੀ ਤਾਂ ਜੋ ਖਾੜੀ ਅਤੇ ਮੱਧ ਪੂਰਬ ਵਿਚ ਬ੍ਰਿਟਿਸ਼ ਹਿੱਤ ਸੁਰੱਖਿਅਤ ਰਹਿਣ। ਇੰਨਾ ਹੀ ਨਹੀਂ, 3 ਜੂਨ 1947 ਨੂੰ ਤਤਕਾਲੀ ਬ੍ਰਿਟਿਸ਼ ਵਿਦੇਸ਼ ਸਕੱਤਰ ਅਰਨੈਸਟ ਬੇਵਿਨ ਨੇ ਇਕ ਕਾਨਫਰੰਸ ਵਿਚ ਸਪੱਸ਼ਟ ਤੌਰ ’ਤੇ ਕਿਹਾ ਸੀ, ‘‘ਭਾਰਤ ਦੀ ਵੰਡ ਮੱਧ ਪੂਰਬ ਵਿਚ ਬ੍ਰਿਟੇਨ ਨੂੰ ਮਜ਼ਬੂਤ ਕਰੇਗੀ।’’ ਪ੍ਰਸੇਨਜੀਤ ਅਨੁਸਾਰ, ਬ੍ਰਿਟੇਨ ਦੀ ਰਣਨੀਤਿਕ ਇੱਛਾ ਉੱਤਰ-ਪੱਛਮੀ ਸਰਹੱਦੀ ਸੂਬੇ (ਮੌਜੂਦਾ ਖੈਬਰ ਪਖਤੂਨਖਵਾ) ਅਤੇ ਬਲੋਚਿਸਤਾਨ ’ਤੇ ਕੰਟਰੋਲ ਬਣਾਈ ਰੱਖਣਾ ਸੀ, ਤਾਂ ਜੋ ਈਰਾਨ, ਇਰਾਕ ਅਤੇ ਖਾੜੀ ਦੇ ਤੇਲ ਨਾਲ ਭਰਪੂਰ ਖੇਤਰਾਂ ’ਤੇ ਆਪਣਾ ਪ੍ਰਭਾਵ ਸੁਰੱਖਿਅਤ ਕੀਤਾ ਜਾ ਸਕੇ।
ਇਹੀ ਕਾਰਨ ਹੈ ਕਿ ਵੰਡ ਤੋਂ ਬਾਅਦ, ਪਾਕਿਸਤਾਨ ਸੀਤ ਯੁੱਧ ਦੇ ਫੌਜੀ ਸਮੂਹਾਂ ‘ਸੀਟੋ’ ਅਤੇ ‘ਸੈਂਟੋ’ ਵਿਚ ਸ਼ਾਮਲ ਹੋ ਗਿਆ। ਬ੍ਰਿਟਿਸ਼ ਸਰਪ੍ਰਸਤੀ ਹੇਠ ਅਮਰੀਕਾ ਨੇ ਸੋਵੀਅਤ ਵਿਸਥਾਰਵਾਦ ਨੂੰ ਰੋਕਣ ਲਈ ਪਾਕਿਸਤਾਨ ਦੀ ਵਰਤੋਂ ਕੀਤੀ। ਕਈ ਸਾਲਾਂ ਤੱਕ, ਪੇਸ਼ਾਵਰ ਏਅਰਬੇਸ ਅਮਰੀਕੀ ਖੁਫੀਆ ਏਜੰਸੀ ਸੀ. ਆਈ. ਏ. ਦਾ ਟਿਕਾਣਾ ਰਿਹਾ। 1970 ਦੇ ਦਹਾਕੇ ਵਿਚ ਅਮਰੀਕਾ ਨੇ ਪਾਕਿਸਤਾਨ ਦੀ ਮਦਦ ਨਾਲ ਚੀਨ ਨਾਲ ਕੂਟਨੀਤਿਕ ਸੰਪਰਕ ਸਥਾਪਤ ਕੀਤਾ। ਭਾਰਤ ਵਿਰੁੱਧ 1971 ਦੀ ਜੰਗ ਵਿਚ ਅਮਰੀਕਾ ਨੇ ਖੁੱਲ੍ਹ ਕੇ ਪਾਕਿਸਤਾਨ ਦਾ ਸਮਰਥਨ ਕੀਤਾ।
ਜਿਵੇਂ ਬ੍ਰਿਟੇਨ ਨੇ ਭਾਰਤ ਵਿਚ ਆਪਣੇ ਰਾਜਨੀਤਿਕ-ਰਣਨੀਤਿਕ ਉਦੇਸ਼ਾਂ ਲਈ ਇਸਲਾਮ ਅਤੇ ਸਦੀਆਂ ਪੁਰਾਣੇ ਤਣਾਅਪੂਰਨ ਹਿੰਦੂ-ਮੁਸਲਿਮ ਸਬੰਧਾਂ ਨੂੰ ਚਲਾਕੀ ਨਾਲ ਹਥਿਆਰ ਵਜੋਂ ਵਰਤਿਆ ਸੀ, ਉਸੇ ਤਰ੍ਹਾਂ 1980 ਦੇ ਦਹਾਕੇ ਵਿਚ ਅਮਰੀਕਾ ਨੇ ਵੀ ਇਹੀ ਫਾਰਮੂਲਾ ਅਪਣਾਇਆ ਸੀ। ਜਦੋਂ 1979 ਵਿਚ ਸੋਵੀਅਤ ਯੂਨੀਅਨ ਨੇ ਅਫਗਾਨਿਸਤਾਨ ’ਤੇ ਹਮਲਾ ਕੀਤਾ, ਤਾਂ ਉਸ ਨੂੰ ਹਰਾਉਣ ਲਈ ਅਮਰੀਕਾ ਨੇ ਪਾਕਿਸਤਾਨ ਅਤੇ ਸਾਊਦੀ ਅਰਬ ਦੀ ਮਦਦ ਨਾਲ ਅਫਗਾਨਿਸਤਾਨ ਵਿਚ ‘ਕਾਫਿਰ-ਕੁਫਰ’ ਦੀ ਧਾਰਨਾ ਤੋਂ ਪ੍ਰੇਰਿਤ ਮੁਜਾਹਿਦੀਨਾਂ ਨੂੰ ਸੰਗਠਿਤ ਕੀਤਾ।
ਇਨ੍ਹਾਂ ਮੁਜਾਹਿਦੀਆਂ ਨੇ ਬਾਅਦ ਵਿਚ ਤਾਲਿਬਾਨ ਅਤੇ ਕਈ ਅੱਤਵਾਦੀ ਸੰਗਠਨਾਂ ਦਾ ਰੂਪ ਧਾਰਨ ਕਰ ਲਿਆ। 2001 ਵਿਚ ਨਿਊਯਾਰਕ ਵਿਚ ਹੋਏ ਭਿਆਨਕ 9/11 ਅੱਤਵਾਦੀ ਹਮਲੇ ਤੋਂ ਬਾਅਦ, ਅਮਰੀਕੀ ਰਣਨੀਤਿਕ ਹਿੱਤਾਂ ਵਿਚ ਪਾਕਿਸਤਾਨ ਦੀ ਉਪਯੋਗਤਾ ਹੋਰ ਵਧ ਗਈ।
ਅੱਜ ਪਾਕਿਸਤਾਨ ਕਹਾਇਆ ਜਾਣ ਵਾਲਾ ਖੇਤਰ ਦੁਨੀਆ ਦੀ ਸਭ ਤੋਂ ਸੰਵੇਦਨਸ਼ੀਲ ਧਰਤੀ ’ਤੇ ਸਥਿਤ ਹੈ, ਜਿਸ ਦੀਆਂ ਸਰਹੱਦਾਂ ਪੰਜ ਪ੍ਰਮੁੱਖ ਸੱਭਿਅਤਾ ਵਾਲੇ ਖੇਤਰਾਂ ਭਾਰਤ, ਚੀਨ, ਮੱਧ ਏਸ਼ੀਆ, ਫਰਾਂਸ ਅਤੇ ਅਰਬ ਨਾਲ ਜੁੜਦੀਆਂ ਹਨ। ਇਹੀ ਕਾਰਨ ਹੈ ਕਿ ਪਾਕਿਸਤਾਨ ਦੀ ਹਾਲਤ ਕਿੰਨੀ ਵੀ ਮਾੜੀ ਹੋਵੇ ਅਤੇ ਅੱਤਵਾਦ ਦਾ ਕਿੰਨਾ ਵੀ ਵੱਡਾ ਕੇਂਦਰ ਕਿਉਂ ਨਾ ਹੋਵੇ, ਇਹ ਅਮਰੀਕਾ, ਚੀਨ ਆਦਿ ਵਰਗੀਆਂ ਵਿਸ਼ਵਵਿਆਪੀ ਮਹਾਸ਼ਕਤੀਆਂ ਲਈ ਰਣਨੀਤਿਕ ਤੌਰ ’ਤੇ ਮਹੱਤਵਪੂਰਨ ਰਹੇਗਾ।
ਮੌਜੂਦਾ ਅਮਰੀਕਾ ਦਾ ਇਤਿਹਾਸ 250 ਸਾਲ ਪੁਰਾਣਾ ਹੈ। ਇਹ ਆਪਣੇ ਆਪ ਨੂੰ ਮਨੁੱਖੀ ਅਧਿਕਾਰਾਂ ਦਾ ਝੰਡਾਬਰਦਾਰ ਦੱਸਦਾ ਹੈ ਅਤੇ ਦੁਨੀਆ ਨੂੰ ਆਪਣੀਆਂ ਇੱਛਾਵਾਂ ਅਨੁਸਾਰ ਚਲਾਉਣਾ ਚਾਹੁੰਦਾ ਹੈ। ਇਸ ਲਈ ਇਸ ਨੂੰ ਅਜਿਹੇ ਦੇਸ਼ਾਂ ਅਤੇ ਪ੍ਰਤੀਨਿਧੀਆਂ ਦੀ ਲੋੜ ਹੈ ਜੋ ਇਸ ਦੇ ਇਸ਼ਾਰਿਆਂ ’ਤੇ ਚੱਲਣ। ਹਜ਼ਾਰਾਂ ਸਾਲਾਂ ਤੋਂ ਭਾਰਤ, ਆਪਣੀ ਸੱਭਿਅਤਾ ਦੀ ਵਿਭਿੰਨਤਾ, ਸ਼ਾਨਦਾਰ ਸੱਭਿਆਚਾਰਕ ਇਤਿਹਾਸ ਅਤੇ ਲੋਕਤੰਤਰੀ ਪਰੰਪਰਾਵਾਂ ਦੇ ਕਾਰਨ ਕਦੇ ਵੀ ਕਿਸੇ ਦਾ ਪਿਛਲੱਗੂ ਨਹੀਂ ਬਣਿਆ ਅਤੇ ਨਾ ਹੀ ਇਸ ਨੂੰ ਬਣਨਾ ਚਾਹੀਦਾ ਹੈ। ਇਸ ਦੇ ਉਲਟ, ਬਾਜ਼ਾਰ ਦੀ ਭਾਸ਼ਾ ਵਿਚ ਪਾਕਿਸਤਾਨ ਸਿਰਫ ਅਮਰੀਕਾ ਦਾ ‘ਚਮਚਾ’ ਬਣ ਕੇ ਮਾਣ ਮਹਿਸੂਸ ਕਰਦਾ ਹੈ।
ਬਲਬੀਰ ਪੁੰਜ
‘ਵਿਚਾਰ ਅਧੀਨ ਕੈਦੀਆਂ ਨਾਲ ਭਰੀਆਂ ਜੇਲਾਂ’ ਹੋ ਰਹੀਆਂ ਮਾੜੇ ਪ੍ਰਬੰਧਾਂ ਦੀਆਂ ਸ਼ਿਕਾਰ!
NEXT STORY