ਅੱਜ ਦੇ ਸਮੇਂ ’ਚ ਜਿਸ ਗੱਲ ਦੀ ਸਭ ਤੋਂ ਵੱਧ ਚਰਚਾ ਹੋ ਰਹੀ ਹੈ ਜਾਂ ਜਿਸ ਵਿਸ਼ੇ ਦੀ ਖੋਜ ਨੂੰ ਲੈ ਕੇ ਸਭ ਇੱਧਰ-ਉੱਧਰ ਘੁੰਮ ਰਹੇ ਹਨ, ਉਹ ਵਿਸ਼ਾ ਹੈ ਸ਼ਾਂਤੀ ਅਤੇ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਲਗਭਗ ਹਰ ਕੋਈ ਕਿਸੇ ਨਾ ਕਿਸੇ ਕਾਰਨ ਅਸ਼ਾਂਤ ਹੈ। ਇੱਥੇ ਖਾਸ ਗੱਲ ਇਹ ਹੈ ਕਿ ਇਕ ਪਾਸੇ ਤਾਂ ਸ਼ਾਂਤੀ ਦੀ ਗੱਲ ਕੀਤੀ ਜਾ ਰਹੀ ਹੈ ਅਤੇ ਦੂਜੇ ਪਾਸੇ ਇਕ ਬੱਚੇ ਦੇ ਪੈਦਾ ਹੁੰਦਿਆਂ ਹੀ ਉਸ ਨੂੰ ਮੁਕਾਬਲੇਬਾਜ਼ੀ ਦੀ ਦੌੜ ’ਚ ਸ਼ਾਮਲ ਕੀਤਾ ਜਾਂਦਾ ਹੈ। ਇਹ ਕੌੜੀ ਸੱਚਾਈ ਹੈ ਕਿ ਮੁਕਾਬਲੇਬਾਜ਼ੀ ਆਪਣੇ ਆਪ ਅਸ਼ਾਂਤੀ ਹੀ ਪੈਦਾ ਕਰਦੀ ਹੈ।
ਭਾਵੇਂ ਅੱਜ ਅਸੀਂ ਪਰਿਵਾਰ ਦੀ ਵਿਵਸਥਾ ਨੂੰ ਲਈਏ, ਬੱਚਿਆਂ ਦੀ ਪੜ੍ਹਾਈ ਨੂੰ ਲਈਏ, ਕੋਈ ਕਾਰੋਬਾਰ ਵੇਖ ਲਓ, ਸਿਆਸਤ ਜਾਂ ਪ੍ਰਸ਼ਾਸਨਿਕ ਵਿਵਸਥਾ ਦੇਖ ਲਓ ਜਾਂ ਫਿਰ ਪਤੀ-ਪਤਨੀ ਦੇ ਰਿਸ਼ਤਿਆਂ ਨੂੰ ਦੇਖ ਲਓ, ਹਰ ਪਾਸੇ ਕਿਤੇ ਨਾ ਕਿਤੇ, ਕਿਸੇ ਨਾ ਕਿਸੇ ਮਾਤਰਾ ’ਚ ਅਸ਼ਾਂਤੀ ਜ਼ਰੂਰ ਹੈ।
ਕੀ ਇਹ ਸੱਚ ਨਹੀਂ ਹੈ ਕਿ ਇਸ ਅਸ਼ਾਂਤੀ ਨੂੰ ਰੋਕਣ ਲਈ ਮੂਲ ਜੜ੍ਹ ’ਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਜੇ ਕੋਈ ਧਿਆਨ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਵੀ ਇਹੀ ਕਿਹਾ ਜਾਂਦਾ ਹੈ ਕਿ ਭਰਾਵਾ, ਮੁਕਾਬਲੇਬਾਜ਼ੀ ਦਾ ਜ਼ਮਾਨਾ ਹੈ, ਤੁਸੀਂ ਕਿਹੜੇ ਯੁੱਗ ਦੀ ਗੱਲ ਕਰ ਰਹੇ ਹੋ? ਇਸ ਮੁਕਾਬਲੇਬਾਜ਼ੀ ਨੇ ਤਾਂ ਸਾਰਿਆਂ ਦੀ ‘ਰੇਲ’ ਬਣਾਈ ਹੋਈ ਹੈ।
ਦੂਜਾ ਖਤਰਨਾਕ ਪੱਖ ਇਹ ਸਾਹਮਣੇ ਆਉਂਦਾ ਜਾ ਰਿਹਾ ਹੈ ਕਿ ਜੋ ਸਾਡੀ ਜੱਦੀ-ਪੁਸ਼ਤੀ ਪੀੜ੍ਹੀ ਹੈ, ਹੌਲੀ-ਹੌਲੀ ਖਤਮ ਹੁੰਦੀ ਜਾ ਰਹੀ ਹੈ। ਇਸ ਪੀੜ੍ਹੀ ਕੋਲ ਲੰਬਾ ਤਜਰਬਾ ਹੈ। ਉਨ੍ਹਾਂ ਨੇ ਪੁਰਾਣਾ ਯੁੱਗ ਵੀ ਦੇਖਿਆ, ਦਰਮਿਆਨ ਦਾ ਸਮਾਂ ਵੀ ਦੇਖਿਆ ਅਤੇ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜ਼ਮਾਨਾ ਵੀ ਵੇਖ ਰਹੇ ਹਨ, ਇਸ ਲਈ ਇਹ ਲੋਕ ਜਿੰਨੀ ਚੰਗੀ ਤਰ੍ਹਾਂ ਨਵੀਂ ਪੀੜ੍ਹੀ ਨੂੰ ਗਾਈਡ ਕਰ ਸਕਦੇ ਹਨ, ਅਜਿਹਾ ਮੰਨ ਕੇ ਚੱਲੀਏ ਕਿ ਉਨ੍ਹਾਂ ਦੇ ਜਾਣ ਤੋਂ ਬਾਅਦ ਜੋ ਅੱਜ ਦੇ ਸਮੇਂ ਦੀ ਪੀੜ੍ਹੀ ਹੈ, ਉਹ ਨਵੀਂ ਪੀੜ੍ਹੀ ਨੂੰ ਕਿਵੇਂ ਸਿਖਾ ਸਕੇਗੀ?
ਇਹ ਨਵੀਂ ਪੀੜ੍ਹੀ ਖੁਦ ਹੀ ਕਿਸੇ ਅਸ਼ਾਂਤ ਵਾਤਾਵਰਣ ’ਚ ਵੱਡੀ ਹੋ ਰਹੀ ਹੈ। ਸਿੱਧੀ ਜਿਹੀ ਗੱਲ ਇਹ ਹੈ ਕਿ ਇਹ ਤਾਂ ਉਹੀ ਗੱਲ ਸਿਖਾ ਸਕੇਗੀ ਜੋ ਇਸ ਨੇ ਖੁਦ ਦੇਖੀ ਹੋਵੇਗੀ ਜਾਂ ਸਮਝੀ ਹੋਵੇਗੀ। ਅਸੀਂ ਕਹਿ ਸਕਦੇ ਹਾਂ ਕਿ ਇਸੇ ਤਰ੍ਹਾਂ ਸਭ ਕੁਝ ਚੱਲਦਾ ਰਿਹਾ ਤਾਂ ਸ਼ਾਂਤ ਮਨ, ਸ਼ਾਂਤ ਦਿਮਾਗ ਅਤੇ ਸ਼ਾਂਤ ਵਾਤਾਵਰਣ ਦੀਆਂ ਸੰਭਾਵਨਾਵਾਂ ਘੱਟ ਹੁੰਦੀਆਂ ਜਾਣਗੀਆਂ।
ਜੇ ਅਸੀਂ ਮੌਜੂਦਾ ਸਮੇਂ ’ਚ ਸਕੂਲਾਂ ਵੱਲ ਖਾਸ ਤੌਰ ’ਤੇ ਪ੍ਰਾਈਵੇਟਾਂ ਸਕੂਲਾਂ ਵੱਲ ਦੇਖੀਏ ਤਾਂ ਇਨ੍ਹਾਂ ’ਚੋਂ ਵਧੇਰੇ ਸਕੂਲਾਂ ’ਚ ਜਿੱਥੇ ਬੱਚਿਆਂ ਦੀ ਨੀਂਹ ਬਦਲਣੀ ਸ਼ੁਰੂ ਹੁੰਦੀ ਹੈ, ਉੱਥੇ ਹੀ ਕਈ ਤਰ੍ਹਾਂ ਦੀਆਂ ਬੁਰਾਈਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ’ਚ ਦੋ-ਰਾਵਾਂ ਨਹੀਂ ਹਨ ਕਿ ਜੇ ਨੰਬਰਾਂ ਨੂੰ ਵੇਖੀਏ ਤਾਂ ਜਿੱਥੇ ਤਿੰਨ ਦਹਾਕੇ ਪਹਿਲਾਂ 60 ਫੀਸਦੀ ਤੋਂ ਉੱਪਰ ਨੰਬਰ ਲੈਣ ਵਾਲਾ ਵਿਦਿਆਰਥੀ ਅੱਵਲ ਮੰਨਿਆ ਜਾਂਦਾ ਸੀ ਤਾਂ ਅੱਜ 90 ਫੀਸਦੀ ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀ ਨੂੰ ਵੀ ਕੋਈ ਵਿਸ਼ੇਸ਼ ਸ਼੍ਰੇਣੀ ’ਚ ਨਹੀਂ ਸਮਝਿਆ ਜਾਂਦਾ।
ਹੁਣ ਇਨ੍ਹਾਂ ਨੰਬਰਾਂ ਦੀ ਦੌੜ ’ਚ ਤਾਂ ਵਿਦਿਆਰਥੀ ਅੱਗੇ ਨਿਕਲ ਗਏ ਹਨ ਪਰ ਇਹ ਵੀ ਸਮਝਣ ਦੀ ਲੋੜ ਹੈ ਕਿ ਪਹਿਲਾਂ ਜੋ ਨੰਬਰ ਆਉਂਦੇ ਸਨ, ਉਸ ਦੌਰਾਨ ਦੀ ਸਕੂਲੀ ਪੜ੍ਹਾਈ ਦਾ ਸਿਸਟਮ ਵੱਖਰਾ ਸੀ। ਹੁਣ ਜੋ ਨੰਬਰ ਆਉਂਦੇ ਹਨ, ਇਸ ਸਮੇਂ ਦੀ ਪੜ੍ਹਾਈ ਦਾ ਸਿਸਟਮ ਵੱਖਰਾ ਹੈ। ਦੂਜਾ ਕਾਰਨ ਇਹ ਵੀ ਹੈ ਕਿ ਬੱਚੇ ਇੰਟੈਲੀਜੈਂਟ ਤਾਂ ਹੋਏ ਹੀ ਹਨ ਪਰ ਕਈ ਸਕੂਲਾਂ ’ਚ ਵੀ ਐਕਸਟਰਾ ਕਰੀਕੁਲਮ ਐਕਟੀਵਿਟੀਜ਼ ਦੇ ਨਾਂ ’ਤੇ ਜੋ ਕੁਝ ਚੱਲ ਰਿਹਾ ਹੈ, ਉਸ ਦੇ ਥੀਮ ’ਚ ਵੀ ਸ਼ਾਂਤੀ ਨਹੀਂ ਝਲਕਦੀ।
ਇਨ੍ਹਾਂ ਬੱਚਿਆਂ ਦੀ ਮੁਕਾਬਲੇਬਾਜ਼ੀ ’ਚ ਸਕੂਲ ਵਾਲਿਆਂ ਵੱਲੋਂ ਮਾਪਿਆਂ ਨੂੰ ਵੀ ਰੁਝਾ ਦਿੱਤਾ ਗਿਆ ਹੈ। ਸਿੰਗਲ ਪਰਿਵਾਰਾਂ ’ਚ ਵੀ ਸਿਰਫ ਇਕ ਜਾਂ ਦੋ ਬੱਚੇ ਹੀ ਰਹਿ ਗਏ ਹਨ ਅਤੇ ਮਾਤਾ-ਪਿਤਾ ਇਨ੍ਹਾਂ ਬੱਚਿਆਂ ਦੇ ਅੱਗੇ ਵਧਣ ਦੇ ਤਰੀਕਿਆਂ ’ਚ ਵੀ ਉਲਝੇ ਰਹਿੰਦੇ ਹਨ। ਸੰਸਕਾਰਾਂ, ਕਥਾ-ਕਹਾਣੀਆਂ ਸੁਣਾਉਣ ਦੀ ਗੱਲ ਤਾਂ ਖਤਮ ਹੀ ਹੋ ਗਈ ਹੈ।
ਸਕੂਲਾਂ ਦੇ ਇਨ੍ਹਾਂ ਹੀ ਆਧੁਨਿਕ ਕਲਚਰਲ ਸੰਦਰਭ ’ਚੋਂ ਨਿਕਲੇ ਬੱਚੇ ਵੱਡੇ ਹੋ ਕੇ ਸਿਰਫ ਨੌਕਰੀਆਂ ਅਤੇ ਪੈਕੇਜ ਹੀ ਹਾਸਲ ਕਰ ਰਹੇ ਹਨ। ਵਿਆਹੁਤਾ ਜ਼ਿੰਦਗੀ ’ਚ ਅਧੂਰੇਪਨ ਦਾ ਵੱਡਾ ਕਾਰਨ ਇਹੀ ਹੈ ਕਿ ਪਤੀ, ਪਤਨੀ ਦੋਵੇਂ ਦੁਨੀਆ ਦੀ ਅੰਨ੍ਹੀ ਦੌੜ ’ਚ ਕਮਾਉਣ ਲਈ ਦੌੜ-ਭੱਜ ਕਰ ਰਹੇ ਹਨ। ਬੱਚੇ ਵੱਡੇ ਸਕੂਲਾਂ ’ਚ ਵੱਡੀ ਪੜ੍ਹਾਈ ਕਰ ਰਹੇ ਹਨ। ਇਕ ਵੱਖਰੀ ਕਿਸਮ ਦੇ ਮਾਹੌਲ ’ਚ ਵੱਖ-ਵੱਖ ਤਰ੍ਹਾਂ ਦਾ ਭੋਜਨ ਖਾ ਕੇ ਵੱਡੇ ਹੋ ਰਹੇ ਹਨ।
ਇਹ ਜੋ ਮੁਕਾਬਲੇਬਾਜ਼ੀ ਦੀ ਹਨੇਰੀ ਚੱਲ ਰਹੀ ਹੈ, ਉਸ ’ਚ ਸਭ ਕੁਝ ਤਹਿਸ-ਨਹਿਸ ਹੋ ਰਿਹਾ ਹੈ। ਮਾਤਾ-ਪਿਤਾ ਵੀ ਦੇਖਾ-ਦੇਖੀ ਕਿਤੇ ਨਾ ਕਿਤੇ ਜਾਣੇ-ਅਣਜਾਣੇ ’ਚ ਬੱਚਿਆਂ ਨੂੰ ਇਕ ਅਣਜਾਣ ਪ੍ਰੈਸ਼ਰ ਵੱਲ ਧੱਕ ਰਹੇ ਹਨ। ਅੱਜ ਅਸੀਂ ਸਭ ਦੇਖ ਰਹੇ ਹਾਂ ਕਿ ਰਾਜਸਥਾਨ ਦੇ ਕੋਟਾ ’ਚ ਪੜ੍ਹਨ ਲਈ ਗਏ ਨੌਜਵਾਨ ਮੁੰਡੇ-ਕੁੜੀਆਂ ਵੱਲੋਂ ਆਤਮਹੱਤਿਆਵਾਂ ਕਰਨ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੇ ਬਾਵਜੂਦ ਇਹ ਅੰਨ੍ਹੀ ਦੌੜ ਅਜੇ ਵੀ ਨਹੀਂ ਰੁਕ ਰਹੀ।
ਅੱਜ ਧਾਰਮਿਕ ਖੇਤਰ ਦੀ ਗੱਲ ਕਰੀਏ ਤਾਂ ਇੱਥੇ ਵੀ ਮੁਕਾਬਲੇਬਾਜ਼ੀ ਚੱਲ ਰਹੀ ਹੈ। ਕਈ ਥਾਵਾਂ ’ਤੇ ਧਰਮ ਦੇ ਨਾਂ ’ਤੇ ਮਨੋਰੰਜਨ ਹੋ ਰਿਹਾ ਹੈ। ਕਈ ਸੰਤ ਸਸਤੀ ਲੋਕਪ੍ਰਿਅਤਾ ਹਾਸਲ ਕਰਨ ’ਚ ਲੱਗੇ ਹੋਏ ਹਨ। ਕਈ ਵਾਰ ਲੱਗਦਾ ਹੈ ਕਿ ਸੰਤ ਸਮਾਜ ਦੇ ਕਾਫੀ ਲੋਕ ਆਪਣੇ ਮੰਤਵ ਤੋਂ ਭਟਕ ਗਏ ਹਨ।
ਸੋਨੇ ਦੀ ਚਿੜੀ ਕਹਾਉਣ ਵਾਲੇ ਭਾਰਤ ਦੇਸ਼ ’ਚ ਸੰਤਾਂ ਨੂੰ ਵੀ ਸਮਝਣਾ ਹੋਵੇਗਾ ਕਿ ਅੱਜ ਅਸ਼ਾਂਤੀ ਦੇ ਮਾਹੌਲ ’ਚ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਉਨ੍ਹਾਂ ਦੇ ਮੋਢਿਆਂ ’ਤੇ ਵੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਇਹ ਸੰਤ ਸਮਾਜ ਹੀ ਤਾਂ ਹੈ ਜੋ ਆਪਣੇ ਲਾਭ ਅਤੇ ਨੁਕਸਾਨ ਨੂੰ ਛੱਡ ਕੇ ਭਾਰਤ ਨੂੰ ਮੁੜ ਤੋਂ ਸੋਨੇ ਦੀ ਚਿੜੀ ਦਾ ਦਰਜਾ ਦਿਵਾ ਸਕਦਾ ਹੈ।
-ਸੰਜੇ ਭੁਟਾਨੀ
ਟਰੰਪ ਟੈਰਿਫ ਦਾ ਤੋੜ, ਭਾਰਤ ਨੂੰ ਹੋਰਨਾਂ ਦੇਸ਼ਾਂ ’ਚ ਬਰਾਮਦ ਵਧਾਉਣੀ ਹੋਵੇਗੀ
NEXT STORY