ਪੰਜਾਬ ਪੁਲਸ ਵੱਲੋਂ ਪ੍ਰਦਰਸ਼ਨਕਾਰੀ ਕਿਸਾਨਾਂ ’ਤੇ ਕੀਤੀ ਗਈ ਕਾਰਵਾਈ ਦੇ ਮੱਦੇਨਜ਼ਰ, ਪ੍ਰਮੁੱਖ ‘ਇੰਡੀਆ’ ਬਲਾਕ ਪਾਰਟੀਆਂ ਕਾਂਗਰਸ ਅਤੇ ‘ਆਪ’ ਵਿਚਕਾਰ ਸਬੰਧਾਂ ਵਿਚ ਮਤਭੇਦ ਵਧ ਗਏ ਹਨ, ਜਿਸ ’ਚ ਕਾਂਗਰਸ ਨੇ ‘ਆਪ’ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਨਾਲ-ਨਾਲ ਭਾਜਪਾ ਸ਼ਾਸਿਤ ਕੇਂਦਰ ਨੂੰ ਘੇਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਸਮੇਤ ਕਈ ਕਿਸਾਨ ਆਗੂਆਂ ਨੂੰ ਮੋਹਾਲੀ ਵਿਚ ਕੇਂਦਰੀ ਵਫ਼ਦ ਨਾਲ ਮੀਟਿੰਗ ਤੋਂ ਵਾਪਸ ਆਉਂਦੇ ਸਮੇਂ ਹਿਰਾਸਤ ਵਿਚ ਲੈ ਲਿਆ ਗਿਆ।
ਪੰਜਾਬ ਪੁਲਸ ਨੇ ਕਿਸਾਨਾਂ ਨੂੰ ਸ਼ੰਭੂ ਅਤੇ ਖਨੌਰੀ ਵਿਰੋਧ ਸਥਾਨਾਂ ਤੋਂ ਹਟਾ ਦਿੱਤਾ, ਜੋ ਕਿ ਇਕ ਸਾਲ ਤੋਂ ਵੱਧ ਸਮੇਂ ਤੋਂ ਬੰਦ ਸਨ। ਕਾਂਗਰਸ ਅਤੇ ਸੰਯੁਕਤ ਕਿਸਾਨ ਮੋਰਚਾ ‘ਐੱਸ. ਕੇ. ਐੱਮ.’ ਨੇ ਵੀਰਵਾਰ ਨੂੰ ਦੋਸ਼ ਲਗਾਇਆ ਕਿ ‘ਆਪ’ ਅਤੇ ਭਾਜਪਾ ਨੇ ਕਈ ਕਿਸਾਨ ਆਗੂਆਂ ਨੂੰ ਹਿਰਾਸਤ ਵਿਚ ਲੈਣ ਤੋਂ ਬਾਅਦ ਕਿਸਾਨਾਂ ਵਿਰੁੱਧ ਹੱਥ ਮਿਲਾ ਲਿਆ ਹੈ। ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਐਕਸ ’ਤੇ ਲਿਖਿਆ, ‘‘ਅਜਿਹਾ ਲੱਗਦਾ ਹੈ ਕਿ ਦੋ ਕਿਸਾਨ ਵਿਰੋਧੀ ਪਾਰਟੀਆਂ ਨੇ ਦੇਸ਼ ਦੇ ਅੰਨਦਾਤਿਆਂ ਵਿਰੁੱਧ ਹੱਥ ਮਿਲਾ ਲਿਆ ਹੈ।’’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ ਨਾਗਪੁਰ ਵਿਚ ਆਰ. ਐੱਸ. ਐੱਸ. ਹੈੱਡਕੁਆਰਟਰ ਦਾ ਦੌਰਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਮਾਰਚ ਨੂੰ ਮਹਾਰਾਸ਼ਟਰ ਦੇ ਨਾਗਪੁਰ ਵਿਚ ਆਰ. ਐੱਸ. ਐੱਸ. ਹੈੱਡਕੁਆਰਟਰ ਦਾ ਦੌਰਾ ਕਰਨਗੇ, ਜੋ 2014 ਵਿਚ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਦਾ ਪਹਿਲਾ ਦੌਰਾ ਹੋਵੇਗਾ। ਆਪਣੇ ਦੌਰੇ ਦੌਰਾਨ, ਮੋਦੀ ਆਰ. ਐੱਸ. ਐੱਸ. ਦੀ ਸਹਾਇਤਾ ਪ੍ਰਾਪਤ ਸੰਸਥਾ ਮਾਧਵ ਨੇਤਰਾਲਿਆ ਆਈ ਇੰਸਟੀਚਿਊਟ ਅਤੇ ਰਿਸਰਚ ਸੈਂਟਰ ਵਿਖੇ ਇਕ ਵਿਸਥਾਰ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣਗੇ।
ਦੂਜੇ ਪਾਸੇ, ਮੋਦੀ ਅਤੇ ਸੰਘ ਦੇ ਆਗੂਆਂ ਵਿਚਕਾਰ ਮੁਲਾਕਾਤ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਭਾਜਪਾ ਨੂੰ ਜਲਦੀ ਹੀ ਇਕ ਨਵਾਂ ਰਾਸ਼ਟਰੀ ਪ੍ਰਧਾਨ ਮਿਲਣ ਵਾਲਾ ਹੈ ਜੋ ਇਸ ਸਾਲ ਸ਼ੁਰੂ ਹੋਣ ਵਾਲੀਆਂ ਸੂਬਾਈ ਚੋਣਾਂ ਦੇ ਅਗਲੇ ਦੌਰ ਵਿਚ ਪਾਰਟੀ ਦੀ ਅਗਵਾਈ ਕਰੇਗਾ। ਆਮ ਚੋਣਾਂ ਤੋਂ ਬਾਅਦ, ਭਾਜਪਾ ਅਤੇ ਆਰ. ਐੱਸ. ਐੱਸ. ਵਿਚਾਲੇ ਸਬੰਧ ਤਣਾਅਪੂਰਨ ਹਨ, ਜਿੱਥੇ ਮੋਦੀ ਦੇ ਨਾਅਰੇ, ‘ਅਬਕੀ ਬਾਰ ਚਾਰ ਸੌ ਪਾਰ’ ਨੂੰ ਬਹੁਤ ਜ਼ਿਆਦਾ ਆਤਮਵਿਸ਼ਵਾਸ ਵਜੋਂ ਦੇਖਿਆ ਗਿਆ ਸੀ। ਭਾਜਪਾ ਬਹੁਮਤ ਤੋਂ ਖੁੰਝ ਗਈ। ਉਦੋਂ ਤੋਂ ਹੀ ਸਬੰਧਾਂ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਹਰਿਆਣਾ, ਮਹਾਰਾਸ਼ਟਰ ਅਤੇ ਦਿੱਲੀ ਵਿਚ ਚੋਣਾਂ ਤੋਂ ਪਹਿਲਾਂ, ਭਾਜਪਾ ਲੀਡਰਸ਼ਿਪ ਨੇ ਆਰ. ਐੱਸ. ਐੱਸ. ਨਾਲ ਕਈ ਮੀਟਿੰਗਾਂ ਕੀਤੀਆਂ, ਜਿੱਥੇ ਤਾਲਮੇਲ ਵਾਲੇ ਯਤਨਾਂ ਨੇ ਜਿੱਤ ਵਿਚ ਯੋਗਦਾਨ ਪਾਇਆ।
ਹਾਲ ਹੀ ਦੇ ਦਿਨਾਂ ਵਿਚ, ਪੀ. ਐੱਮ. ਨੇ ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐੱਸ. ਐੱਸ.) ਦੀ ਪ੍ਰਸ਼ੰਸਾ ਕੀਤੀ ਹੈ, ਰਾਸ਼ਟਰੀ ਮੁੱਦਿਆਂ ਪ੍ਰਤੀ ਇਸ ਦੀ ਵਚਨਬੱਧਤਾ ਅਤੇ ਇਸ ਦੇ ਵਲੰਟੀਅਰਾਂ ਦੇ ਸਮਰਪਣ ਦੀ ਕਦਰ ਕੀਤੀ ਹੈ। ਸੂਤਰਾਂ ਅਨੁਸਾਰ, ਮੋਦੀ ਦੀ ਇਹ ਟਿੱਪਣੀ ਭਾਜਪਾ ਪ੍ਰਧਾਨ ਦੀ ਆਪਣੀ ਪਸੰਦ ਲਈ ਸਮਰਥਨ ਪ੍ਰਾਪਤ ਕਰਨ ਦਾ ਸੰਕੇਤ ਹੋ ਸਕਦੀ ਹੈ। ਅਮਿਤ ਸ਼ਾਹ ਦਾ ਬਿਹਾਰ ਦੌਰਾ : ਪਟਨਾ ਵਿਚ ਸਿਆਸੀ ਮਾਹੌਲ ਗਰਮਾ ਰਿਹਾ ਹੈ ਕਿਉਂਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਮਹੀਨੇ ਦੇ ਅੰਤ ਵਿਚ ਐੱਨ. ਡੀ. ਏ. ਆਗੂਆਂ ਨੂੰ ਮਿਲਣ ਲਈ ਆ ਸਕਦੇ ਹਨ। ਇਸ ਮੀਟਿੰਗ ਵਿਚ ਇਸ ਸਾਲ ਅਕਤੂਬਰ-ਨਵੰਬਰ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਰਣਨੀਤੀ ਤਿਆਰ ਕਰਨ ’ਤੇ ਜ਼ੋਰ ਦਿੱਤਾ ਜਾ ਸਕਦਾ ਹੈ।
ਸ਼ਾਹ ਸੂਬੇ ਦੇ ਚੋਣਵੇਂ ਭਾਜਪਾ ਆਗੂਆਂ ਅਤੇ ਵਰਕਰਾਂ ਨੂੰ ਵੀ ਮਿਲਣਗੇ। ਅਮਿਤ ਸ਼ਾਹ ਦਾ ਇਹ ਦੌਰਾ ਇਸ ਤੱਥ ਦੇ ਮੱਦੇਨਜ਼ਰ ਮਹੱਤਵਪੂਰਨ ਹੈ ਕਿ ਉਨ੍ਹਾਂ ਨੇ ਹਾਲ ਹੀ ਵਿਚ ਐਲਾਨ ਕੀਤਾ ਸੀ ਕਿ ਉਹ ਬਿਹਾਰ ਵਿਚ ਡੇਰਾ ਲਾਉਣਗੇ ਅਤੇ ਚੋਣ ਮੁਹਿੰਮ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰਨਗੇ। ਸ਼ਸ਼ੀ ਥਰੂਰ ਵਲੋਂ ਪੀ. ਐੱਮ. ਮੋਦੀ ਦੀ ਪ੍ਰਸ਼ੰਸਾ : ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਨੇ ਅਸਲ ’ਚ ਕਾਂਗਰਸ ਅਤੇ ਰਾਹੁਲ ਗਾਂਧੀ ਨੂੰ ਇਕ ਸ਼ਰਮਨਾਕ ਸਥਿਤੀ ’ਚ ਪਾ ਦਿੱਤਾ ਹੈ ਕਿਉਂਕਿ ਭਾਜਪਾ ਨੇ ਕਾਂਗਰਸ ਅਤੇ ਉਸ ਦੀ ਲੀਡਰਸ਼ਿਪ ’ਤੇ ਨਿਸ਼ਾਨਾ ਸਾਧਿਆ ਹੈ।
ਮੰਗਲਵਾਰ ਨੂੰ ਨਵੀਂ ਦਿੱਲੀ ਵਿਚ ਰਾਇਸੀਨਾ ਡਾਇਲਾਗ ਵਿਚ ‘ਪੀਸਕੀਪਿੰਗ, ਲੁਕਿੰਗ ਬੈਕ ਐਂਡ ਲੁਕਿੰਗ ਅਹੈੱਡ’ (ਸ਼ਾਂਤੀ ਕਾਇਮ ਕਰਨਾ, ਪਿੱਛੇ ਮੁੜ ਕੇ ਦੇਖਣਾ ਅਤੇ ਅੱਗੇ ਦੇਖਣਾ) ਸਿਰਲੇਖ ਵਾਲੇ ਇਕ ਇੰਟਰੈਕਟਿਵ ਸੈਸ਼ਨ ਦੌਰਾਨ, ਥਰੂਰ ਨੇ ਕਿਹਾ, ‘‘ਮੈਂ ਅਜੇ ਵੀ ਆਪਣੇ ਚਿਹਰੇ ਤੋਂ ਆਂਡੇ ਪੂੰਝ ਰਿਹਾ ਹਾਂ ਕਿਉਂਕਿ ਮੈਂ ਸੰਸਦੀ ਬਹਿਸ ਵਿਚ ਇਕਲੌਤਾ ਵਿਅਕਤੀ ਹਾਂ ਜਿਸ ਨੇ ਅਸਲ ’ਚ ਫਰਵਰੀ 2022 ਵਿਚ ਉਸ ਸਮੇਂ ਭਾਰਤੀ ਸਥਿਤੀ ਦੀ ਆਲੋਚਨਾ ਕੀਤੀ ਸੀ।’’
ਇਸ ਤੋਂ ਪਹਿਲਾਂ, ਥਰੂਰ ਨੇ ਰੂਸ ਦੀਆਂ ਕਾਰਵਾਈਆਂ ਦੀ ਨਿੰਦਾ ਕੀਤੀ ਸੀ ਅਤੇ ਦਲੀਲ ਦਿੱਤੀ ਸੀ ਕਿ ਭਾਰਤ ਨੂੰ ਸੰਯੁਕਤ ਰਾਸ਼ਟਰ ਚਾਰਟਰ, ਸਰਹੱਦਾਂ ਦੀ ਅਖੰਡਤਾ ਅਤੇ ਯੂਕ੍ਰੇਨ ਦੀ ਪ੍ਰਭੂਸੱਤਾ ਦੀ ਉਲੰਘਣਾ ਕਰਨ ਲਈ ਹਮਲੇ ਦੀ ਨਿੰਦਾ ਕਰਨੀ ਚਾਹੀਦੀ ਸੀ। ਹੁਣ ਥਰੂਰ ਨੇ ਇਕ ਵਾਰ ਫਿਰ ਰੂਸ-ਯੂਕ੍ਰੇਨ ਟਕਰਾਅ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਟੈਂਡ ਦੀ ਪ੍ਰਸ਼ੰਸਾ ਕੀਤੀ ਹੈ।
ਥਰੂਰ ਨੇ ਕਿਹਾ ਕਿ ਭਾਰਤ ਨੇ ਸਥਾਈ ਸ਼ਾਂਤੀ ਲਈ ਖੁਦ ਨੂੰ ਅਨੋਖੇ ਤਰੀਕੇ ਨਾਲ ਸਥਾਪਿਤ ਕੀਤਾ ਹੈ। ਇਸ ਦੇ ਦਰਮਿਆਨ ਸੂਬੇ ’ਚ ਕਾਂਗਰਸ ਦੀ ਅੰਦਰੂਨੀ ਧੜੇਬੰਦੀ ਦਾ ਇਤਿਹਾਸ ਰਿਹਾ ਹੈ। ਅਗਲੇ ਸਾਲ ਕੇਰਲ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਥਰੂਰ ਸ਼ਾਇਦ ਸੂਬੇ ’ਚ ਪਾਰਟੀ ਦੇ ਮਾਮਲਿਆਂ ’ਚ ਜ਼ਿਆਦਾ ਦਖਲਅੰਦਾਜ਼ੀ ਦੀ ਇੱਛਾ ਰੱਖਦੇ ਹਨ, ਜਿਸ ਦਾ ਸੂਬਾਈ ਕਾਂਗਰਸ ਦੇ ਆਗੂ ਵਿਰੋਧ ਕਰ ਰਹੇ ਹਨ। ਪੀ. ਐੱਮ. ਮੋਦੀ ਦੀ ਸ਼ਲਾਘਾ ’ਚ ਉਨ੍ਹਾਂ ਦੀ ਟਿੱਪਣੀ ਸ਼ਾਇਦ ਪਾਰਟੀ ਲੀਡਰਸ਼ਿਪ ਨੂੰ ਇਹ ਸੁਨੇਹਾ ਦੇਵੇ ਕਿ ਉਹ ਯਕੀਨੀ ਬਣਾਵੇ ਕਿ ਉਨ੍ਹਾਂ ਨੂੂੰ ਸੂਬਾਈ ਇਕਾਈ ’ਚ ਉਨ੍ਹਾਂ ਦਾ ਢੁੱਕਵਾਂ ਹੱਕ ਮਿਲੇ।
ਪੱਛੜੇ ਵਰਗਾਂ ਦੀ ਖੁਸ਼ਹਾਲੀ ਅਤੇ ਉਨ੍ਹਾਂ ਦੇ ਬਿਹਤਰ ਅਤੇ ਜਾਇਜ਼ ਹਿੱਸੇ ਲਈ ਲੜਾਈ ਜਾਰੀ ਰੱਖਣਗੇ ਰਾਹੁਲ : ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਓ. ਬੀ. ਸੀ. ਜਨਤਕ ਖੇਤਰ ਦੇ ਕਰਮਚਾਰੀਆਂ ਦੀ ਨੁਮਾਇੰਦਗੀ ਕਰਨ ਵਾਲੀ ਇਕ ਫੈਡਰੇਸ਼ਨ ਦੇ ਵਫ਼ਦ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਉਹ ਪੱਛੜੇ ਵਰਗਾਂ ਦੀ ਖੁਸ਼ਹਾਲੀ ਅਤੇ ਉਨ੍ਹਾਂ ਦੇ ਬਿਹਤਰ ਅਤੇ ਢੁੱਕਵੇਂ ਹਿੱਸੇ ਲਈ ਲੜਦੇ ਰਹਿਣਗੇ। ਗਾਂਧੀ ਨੇ ਸੰਸਦ ਭਵਨ ਵਿਚ ਆਪਣੇ ਦਫ਼ਤਰ ਵਿਚ ਨੈਸ਼ਨਲ ਕਨਫੈੱਡਰੇਸ਼ਨ ਆਫ ਓ. ਬੀ. ਸੀ. ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ (ਐੱਨ. ਸੀ. ਓ. ਬੀ. ਸੀ.) ਦੇ ਇਕ ਵਫਦ ਨਾਲ ਮੁਲਾਕਾਤ ਕੀਤੀ।
–ਰਾਹਿਲ ਨੋਰਾ ਚੋਪੜਾ
ਨਵੀਂ ਹੱਦਬੰਦੀ ਵਿਚ ਨਾ ਹੋਵੇ ਪ੍ਰਜਨਣ ਦਰ ਨਜ਼ਰਅੰਦਾਜ਼
NEXT STORY