ਆਗਾਮੀ 2025 ਬਿਹਾਰ ਵਿਧਾਨ ਸਭਾ ਚੋਣਾਂ ’ਚ ਸਖਤ ਮੁਕਾਬਲਾ ਹੋਣ ਦੀ ਉਮੀਦ ਹੈ, ਜਿਸ ਦਾ ਸਾਰੀਆਂ ਸੰਬੰਧਤ ਪਾਰਟੀਆਂ ’ਤੇ ਮਹੱਤਵਪੂਰਨ ਪ੍ਰਭਾਵ ਪਵੇਗਾ। ਹਾਲਾਂਕਿ ਜਨਮਤ ਸਰਵੇਖਣ ਸੱਤਾਧਾਰੀ ਐੱਨ. ਡੀ. ਏ. (ਰਾਸ਼ਟਰੀ ਜਮਹੂਰੀ ਗੱਠਜੋੜ) ਦੇ ਪੱਖ ’ਚ ਹਨ ਪਰ ਉਹ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਵਿਰੁੱਧ ਪ੍ਰਬਲ ਸੱਤਾ-ਵਿਰੋਧੀ ਭਾਵਨਾਵਾਂ ਨੂੰ ਲੁਕਾਉਂਦੇ ਹਨ।
ਸਿਆਸੀ ਵਿਸ਼ਲੇਸ਼ਕਾਂ ਦਾ ਅਨੁਮਾਨ ਹੈ ਕਿ ਇਹ ਚੋਣਾਂ ਲੀਡਰਸ਼ਿਪ, ਜਾਤੀਗਤ ਗਤੀਸ਼ੀਲਤਾ, ਵੋਟਰਾਂ ਦੀਆਂ ਧਾਰਨਾਵਾਂ, ਪਾਰਟੀਆਂ ਅਤੇ ਉਨ੍ਹਾਂ ਦੇ ਨੇਤਾਵਾਂ ਨਾਲ ਜੁੜੀਆਂ ਹਨ। ਰਾਸ਼ਟਰੀ ਜਨਤਾ ਦਲ (ਰਾਜਦ) ਦੀ ਅਗਵਾਈ ਵਾਲਾ ਅਤੇ ਕਾਂਗਰਸ ਅਤੇ ਛੋਟੀਆਂ ਪਾਰਟੀਆਂ ਦੇ ਨਾਲ ਗੱਠਜੋੜ ਕਰਨ ਵਾਲਾ ‘ਇੰਡੀਆ ਬਲਾਕ’ 2 ਦਹਾਕਿਆਂ ਦੇ ਐੱਨ. ਡੀ. ਏ. ਸ਼ਾਸਨ ਨੂੰ ਖਤਮ ਕਰਨਾ ਚਾਹੁੰਦਾ ਹੈ। ਮਜ਼ਬੂਤ ਲੀਡਰਸ਼ਿਪ ਅਤੇ ਸੰਗਠਨ ਦੇ ਨਾਲ ਵੋਟਰਾਂ ਦਾ ਮੂਡ ਇਕ ਉਤਰਾਅ-ਚੜ੍ਹਾਅ ਭਰੀ ਚੋਣ ਹੋਣ ਦਾ ਸੰਕੇਤ ਦਿੰਦਾ ਹੈ।
ਇਹ ਚੋਣਾਂ ਸਥਾਨਕ ਵਿਧਾਇਕਾਂ ’ਚ ਅਸੰਤੋਸ਼, ਗ੍ਰਾਮੀਣ ਖੇਤਰਾਂ ’ਚ ਵਿਕਾਸ ਅਤੇ ਰੋਜ਼ਗਾਰ ਸਿਰਜਣਾ ਦੀ ਕਮੀ ਦੇ ਨਾਲ, ਸੱਤਾਧਾਰੀ ਗੱਠਜੋੜ ਦੇ ਸਮਰਥਨ ਨੂੰ ਕਮਜ਼ੋਰ ਕਰਦੀਆਂ ਹਨ। ਹਾਲਾਂਕਿ ਐੱਨ. ਡੀ. ਏ. ਨੂੰ ਉੱਚ ਜਾਤੀਆਂ ਅਤੇ ਬਜ਼ੁਰਗ ਵੋਟਰਾਂ ਦਾ ਸਮਰਥਨ ਹਾਸਲ ਹੈ ਪਰ ਨੌਜਵਾਨਾਂ ਅਤੇ ਓ. ਬੀ. ਸੀ. (ਹੋਰ ਪੱਛੜਿਆ ਵਰਗ) ਸਮੂਹਾਂ ਨੂੰ ਸ਼ਾਮਲ ਕਰਨ ’ਚ ਉਸ ਦੀ ਅਸਮਰੱਥਤਾ ਪਾਰਟੀ ਲਈ ਚੁਣੌਤੀਆਂ ਪੇਸ਼ ਕਰਦੀ ਹੈ।
ਚੋਣਾਂ ਦੇ ਨਤੀਜੇ ਪ੍ਰਚਾਰ ਨੇਤਾਵਾਂ ਤੋਂ ਕਾਫੀ ਪ੍ਰਭਾਵਿਤ ਹੁੰਦੇ ਹਨ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਰਾਸ਼ਟਰੀ ਜਮਹੂਰੀ ਗੱਠਜੋੜ (ਐੱਨ. ਡੀ. ਏ.) ਦੀ ਅਗਵਾਈ ਕਰ ਰਹੇ ਹਨ। ਉਨ੍ਹਾਂ ਨੂੰ ਵੋਟਰਾਂ, ਵਿਸ਼ੇਸ਼ ਤੌਰ ’ਤੇ ਮਹਿਲਾਵਾਂ ਦਾ ਭਰਪੂਰ ਸਮਰਥਨ ਪ੍ਰਾਪਤ ਹੈ ਜੋ ਮੁਫਤ ਬਿਜਲੀ, ਸਵੱਛ ਪਾਣੀ ਅਤੇ ਇਕ ਕਰੋੜ ਰੋਜ਼ਗਾਰ ਸਿਰਜਣ ਯੋਜਨਾ ਵਰਗੀਆਂ ਉਨ੍ਹਾਂ ਦੀਆਂ ਪਹਿਲਾਂ ਦੀ ਸ਼ਲਾਘਾ ਕਰਦੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ 25 ਲੱਖ ਮਹਿਲਾਵਾਂ ਦੀ ਸਹਾਇਤਾ ਲਈ ਇਕ ਮਹਿਲਾ ਕਲਿਆਣ ਪ੍ਰੋਗਰਾਮ ਲਈ ਹਰੇਕ ਨੂੰ 10 ਹਜ਼ਾਰ ਰੁਪਏ ਅਲਾਟ ਕੀਤੇ ਹਨ।
ਸੀ-ਵੋਟਰ ਸਰਵੇਖਣ ’ਚ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਲੋਕਪ੍ਰਿਯਤਾ ’ਚ ਉਤਰਾਅ-ਚੜ੍ਹਾਅ ਦੇਖਿਆ ਗਿਆ। ਉੱਤਰਦਾਤਿਆਂ ਨੇ ਉਨ੍ਹਾਂ ਨੂੰ ਆਪਣੀ ਪਸੰਦ ਦਾ ਮੁੱਖ ਮੰਤਰੀ ਚੁਣਿਆ। ਇਕ ਹੈਰਾਨੀਜਨਕ ਦਾਅਵੇਦਾਰ ਜਨ ਸੁਰਾਜ ਪਾਰਟੀ ਦੇ ਨੇਤਾ ਪ੍ਰਸ਼ਾਂਤ ਕਿਸ਼ੋਰ ਸਨ ਜੋ 16 ਫੀਸਦੀ ਵੋਟਾਂ ਨਾਲ ਇਕ ਪਸੰਦੀਦਾ ਉਮੀਦਵਾਰ ਵਜੋਂ ਉੱਭਰੇ।
ਐੱਨ. ਡੀ. ਏ. ਦਾ ਪੂਰੇ ਬਿਹਾਰ ’ਚ ਇਕ ਮਜ਼ਬੂਤ ਨੈੱਟਵਰਕ ਹੈ, ਜਿਸ ’ਚ ਭਾਜਪਾ ਅਤੇ ਜਦ-ਯੂ ਦੋਵਾਂ ਦੇ ਵਰਕਰ ਸ਼ਾਮਲ ਹਨ, ਨਾਲ ਹੀ ਆਰ. ਐੱਸ. ਐੱਸ. (ਰਾਸ਼ਟਰੀ ਸਵੈਮਸੇਵਕ ਸੰਘ) ਸਮੂਹਾਂ ਦਾ ਵੀ ਸਮਰਥਨ ਹਾਸਲ ਹੈ। ਪ੍ਰਧਾਨ ਮੰਤਰੀ ਵਲੋਂ ਸਮਰਥਿਤ ਹਾਲੀਆ ਵਿਕਾਸ ਪ੍ਰਾਜੈਕਟਾਂ ਨੇ ਐੱਨ. ਡੀ. ਏ. ਦੀ ਮੁਹਿੰਮ ਨੂੰ ਮਜ਼ਬੂਤ ਕਰਨ ’ਚ ਮਦਦ ਕੀਤੀ ਹੈ।
ਭਾਜਪਾ ਨੇ ਜਦ-ਯੂ ਦਾ ਸਮਰਥਨ ਕੀਤਾ ਅਤੇ ਭਾਜਪਾ ਦੇ ਉੱਚ ਨੇਤਾਵਾਂ ਨੇ ਐੱਨ. ਡੀ. ਏ. ਲਈ ਪ੍ਰਚਾਰ ਕੀਤਾ ਅਤੇ ਵਿੱਤ-ਪੋਸ਼ਣ ਕੋਈ ਮੱੁਦਾ ਨਹੀਂ ਹੈ। ਮੋਦੀ ਅਤੇ ਅਮਿਤ ਸ਼ਾਹ ਸਮੇਤ ਸਰਵਉੱਚ ਨੇਤਾਵਾਂ ਨੇ ਐੱਨ. ਡੀ. ਏ. ਲਈ ਪ੍ਰਚਾਰ ਕੀਤਾ। ਹਾਲਾਂਕਿ, ਐੱਨ. ਡੀ. ਏ. ਸਥਾਨਕ ਪੱਧਰ ’ਤੇ ਸੰਘਰਸ ਕਰ ਰਿਹਾ ਹੈ, ਜਿੱਥੇ ਉਸ ਨੂੰ ਆਪਣੇ ਵਿਰੋਧੀਆਂ ਜਿੰਨੀ ਭਰੋਸੇਯੋਗਤਾ ਅਤੇ ਜ਼ਮੀਨੀ ਸਮਰਥਨ ਦੀ ਘਾਟ ਹੈ।
ਰਾਜਦ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਤੇਜਸਵੀ ਯਾਦਵ ਨੂੰ ਇਕ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦਕਿ ਉਨ੍ਹਾਂ ਕੋਲ ਲਗਭਗ 30 ਫੀਸਦੀ ਵੋਟਰਾਂ ਵਾਲਾ ਇਕ ਵਫਾਦਾਰ ਮੁਸਲਿਮ-ਯਾਦਵ ਮਤਦਾਤਾ ਆਧਾਰ ਹੈ। ਨਵੀਨਤਮ ਸੀ-ਵੋਟਰ ਸਰਵੇਖਣ ਤੋਂ ਸੰਕੇਤ ਮਿਲਦਾ ਹੈ ਕਿ ਬਿਹਾਰ ’ਚ ਮੁੱਖ ਮੰਤਰੀ ਅਹੁਦੇ ਲਈ ਉਹ ਸਰਵਉੱਚ ਬਦਲ ਬਣੇ ਹੋਏ ਹੋਏ ਹਨ। ਲਾਲੂ ਯਾਦਵ ਦੇ ਪੁੱਤਰ ਤੇਜਸਵੀ ਨੌਜਵਾਨਾਂ ਦੇ ਵਿਚਾਲੇ ਲੋਕਪ੍ਰਿਯ ਹਨ ਤੇ ਉਨ੍ਹਾਂ ਨੇ ਵੋਟਰਾਂ ਨਾਲ ਕਈ ਲੋਕ ਲੁਭਾਊ ਉਪਾਵਾਂ ਦਾ ਵਾਅਦਾ ਕੀਤਾ ਹੈ, ਜਿਨ੍ਹਾਂ ’ਚ ਪੈਨਸ਼ਨ ਅਤੇ ਸਿਹਤ ਸੇਵਾ ਵਰਗੇ ਸਮਾਜਿਕ ਕਲਿਆਣ ਲਾਭਾਂ ’ਚ ਵਾਧਾ, ਸਰਕਾਰੀ ਰੋਜ਼ਗਾਰ ਮੁਹਿੰਮਾਂ ਰਾਹੀਂ ਰੋਜ਼ਗਾਰ ਸਿਰਜਣਾ ਦੀ ਪਹਿਲ ਅਤੇ ਛੋਟੇ ਕਾਰੋਬਾਰਾਂ ਨੂੰ ਸਮਰਥਨ ਸ਼ਾਮਲ ਹੈ।
ਤੇਜਸਵੀ ਰਾਜਦ ਦੀ ਅਗਵਾਈ ਕਰਦੇ ਹਨ ਪਰ ਲਾਲੂ ਪ੍ਰਸਾਦ ਯਾਦਵ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਦਾ ਅਜੇ ਵੀ ਮਹੱਤਵਪੂਰਨ ਪ੍ਰਭਾਵ ਹੈ। ਪਰਿਵਾਰਕ ਵਿਵਾਦ ਅਕਸਰ ਤੇਜਸਵੀ ਨੂੰ ਪਾਰਟੀ ਦੀ ਰਣਨੀਤੀ ਦੀ ਬਜਾਏ ਅੰਦਰੂਨੀ ਕਲੇਸ਼ ਨੂੰ ਸੁਲਝਾਉਣ ’ਤੇ ਧਿਆਨ ਕੇਂਦਰਿਤ ਕਰਨ ਲਈ ਮਜਬੂਰ ਕਰਦੇ ਹਨ, ਜਿਨ੍ਹਾਂ ’ਚ ਜ਼ਮੀਨ ਦੇ ਬਦਲੇ ਨੌਕਰੀ ਘਪਲਿਆਂ ਦੀ ਈ. ਡੀ. ਜਾਂਚ ਵੀ ਸ਼ਾਮਲ ਹੈ।
ਭਾਜਪਾ ਨੇਤਾ ਪਹਿਲਾਂ ਤੋਂ ਹੀ ਜਿੱਤ ਦਾ ਦਾਅਵਾ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਸਵੇਂ ਪੜਾਅ ’ਚ ਐਲਾਨ ਕੀਤਾ ਕਿ ਭਾਜਪਾ-ਐੱਨ. ਡੀ. ਏ. ਬਿਹਾਰ ’ਚ ਵਿਆਪਕ ਜਿੱਤ ਦਰਜ ਕਰੇਗੀ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪਹਿਲਾਂ ਪ੍ਰਚਾਰ ਨਹੀਂ ਕੀਤਾ ਸੀ ਪਰ ਹੁਣ ਉਹ ਕਾਂਗਰਸ ਦੇ ਵਫਾਦਾਰਾਂ ਦਾ ਸਮਰਥਨ ਜੁਟਾਉਣ ਲਈ ਰੈਲੀਆਂ ਅਤੇ ਰੋਡ ਸ਼ੋਅ ਕਰਨ ਦੀ ਯੋਜਨਾ ਬਣਾ ਰਹੇ ਹਨ।
ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ ਵਾਡਰਾ ਵੀ ਸੂਬੇ ’ਚ ਸਰਗਰਮੀ ਨਾਲ ਪ੍ਰਚਾਰ ਕਰ ਰਹੀ ਹੈ। ਹਾਲਾਂਕਿ, ਪਾਰਟੀ ਨੂੰ ਮਜ਼ਬੂਤ ਸਥਾਨਕ ਨੇਤਾਵਾਂ ਦੀ ਕਮੀ ਕਾਰਨ ਸੰਘਰਸ਼ ਕਰਨਾ ਪੈ ਰਿਹਾ ਹੈ। ਕਾਂਗਰਸ ਦੇ ਲਗਾਤਾਰ ਖਰਾਬ ਪ੍ਰਦਰਸ਼ਨ ਨੂੰ ਗੱਠਜੋੜ ਦੀ ਇਕ ਕਮਜ਼ੋਰ ਕੜੀ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ। 1995 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਦੇ ਬਾਅਦ, ਕਾਂਗਰਸ ਕਿਸੇ ਵੀ ਚੋਣ ’ਚ 30 ਤੋਂ ਵੱਧ ਸੀਟਾਂ ਜਿੱਤਣ ’ਚ ਕਾਮਯਾਬ ਨਹੀਂ ਰਹੀ ਹੈ। ਇਸ ਵਾਰ, ਕਾਂਗਰਸ ਨੇ 61 ਉਮੀਦਵਾਰ ਉਤਾਰੇ ਹਨ, ਜਿਨ੍ਹਾਂ ’ਚ 56 ਸੀਟਾਂ ’ਤੇ ਭਾਜਪਾ ਅਤੇ ਜਦ-ਯੂ ਦੇ ਨਾਲ ਸਿੱਧਾ ਮੁਕਾਬਲਾ ਹੈ। ਇਹ ਸੀਟਾਂ ਮੁੱਖ ਤੌਰ ’ਤੇ ਐੱਨ. ਡੀ. ਏ. ਦੇ ਕੰਟਰੋਲ ’ਚ ਹਨ।
ਐੱਨ. ਡੀ. ਏ. ਕਲਿਆਣ ਦੇ ਖੇਤਰ ’ਚ ਨਿਤੀਸ਼ ਕੁਮਾਰ ਦੇ ਅਨੁਭਵ ਨੂੰ ਉਜਾਗਰ ਕਰਦਾ ਹੈ ਜਦਕਿ ‘ਇੰਡੀਆ’ ਬਲਾਕ ਨੌਜਵਾਨ ਲੀਡਰਸ਼ਿਪ ਅਤੇ ਵੋਟਰਾਂ ਦੀ ਹਿੱਸੇਦਾਰੀ ਵਧਾਉਣ ’ਤੇ ਧਿਆਨ ਕੇਂਦਰਿਤ ਕਰਦਾ ਹੈ। ਨੌਜਵਾਨਾਂ ਦੀ ਵੋਟ, ਕੁਲ ਵੋਟਿੰਗ ਫੀਸਦੀ ਅਤੇ ਸ਼ਾਸਨ ਤੇ ਭ੍ਰਿਸ਼ਟਾਚਾਰ ’ਤੇ ਉਨ੍ਹਾਂ ਦੀ ਰਾਏ, ਬਿਹਾਰ ਦੇ ਭਵਿੱਖ ਨੂੰ ਆਕਾਰ ਦੇਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।
ਵੋਟਵਾਈਬ ਦਾ ਨਵੀਨਤਮ ਸਰਵੇਖਣ ਇਕ ਮੁਕਾਬਲੇ ਦੀ ਚੋਣ ਨੂੰ ਦਰਸਾਉਂਦਾ ਹੈ, ਜਿਸ ’ਚ ਮਹਾਗੱਠਜੋੜ ਨੂੰ 34.7 ਫੀਸਦੀ ਅਤੇ ਐੱਨ. ਡੀ. ਏ. ਨੂੰ 34.4 ਫੀਸਦੀ ਵੋਟਾਂ ਮਿਲੀਆਂ ਹਨ। ਜਨ ਸੁਰਾਜ ਨੂੰ 12.3 ਫੀਸਦੀ ਸਮਰਥਨ ਪ੍ਰਾਪਤ ਹੈ ਅਤੇ 8.4 ਫੀਸਦੀ ਲੋਕਾਂ ਨੂੰ ਤ੍ਰਿਸ਼ੰਕੂ ਵਿਧਾਨ ਸਭਾ ਦਾ ਖਦਸ਼ਾ ਹੈ ਜੋ ਆਗਾਮੀ ਚੋਣਾਂ ’ਚ ਚੋਣ ਉਤਸ਼ਾਹ ਨੂੰ ਹੋਰ ਵਧਾ ਦਿੰਦਾ ਹੈ। ਕੁਲ ਮਿਲਾ ਕੇ, ਚੋਣ ਨਤੀਜੇ ਕੁਝ ਨੇਤਾਵਾਂ ਲਈ ਮਦਦਗਾਰ ਸਾਬਿਤ ਹੋਣਗੇ ਅਤੇ ਕੁਝ ਲਈ ਚੁਣੌਤੀਆਂ ਖੜੀਆਂ ਕਰਨਗੇ। ਇਹ ਇਕ ਰੋਮਾਂਚਕ ਤਜਰਬਾ ਹੋਵੇਗਾ।
–ਕਲਿਆਣੀ ਸ਼ੰਕਰ
ਵਿਸ਼ਵ ’ਚ 30 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ’ਚੋਂ 21 ਭਾਰਤ ’ਚ
NEXT STORY