ਬੇਰੋਜ਼ਗਾਰੀ, ਗਰੀਬੀ, ਅਪਰਾਧ, ਲਿੰਗ ਭੇਦਭਾਵ, ਡਾਕਟਰੀ ਅਤੇ ਬੁਨਿਆਦੀ ਸਹੂਲਤਾਂ ਵਰਗੇ ਮੁੱਦਿਆਂ ਦੇ ਹੱਲ ਲੱਭਣ ਦੀ ਬਜਾਏ, ਦੇਸ਼ ਦੇ ਨੇਤਾ ਇਤਿਹਾਸ ਦੇ ਪੁਰਾਣੇ ਮੁੱਦਿਆਂ ਨੂੰ ਪੁੱਟ ਕੇ ਵੋਟਾਂ ਪ੍ਰਾਪਤ ਕਰਨ ਦਾ ਸੌਖਾ ਰਸਤਾ ਚੁਣ ਰਹੇ ਹਨ। ਇਸੇ ਲੜੀ ਤਹਿਤ ਮਹਾਰਾਣਾ ਸਾਂਗਾ ’ਤੇ ਦਿੱਤੇ ਗਏ ਬਿਆਨ ਨੂੰ ਲੈ ਕੇ ਇਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਰਾਮਜੀ ਲਾਲ ਸੁਮਨ ਨੇ ਰਾਜ ਸਭਾ ਵਿਚ ਕਿਹਾ ਕਿ ਇਹ ਭਾਜਪਾ ਦੇ ਲੋਕਾਂ ਦਾ ਤਕੀਆ ਕਲਾਮ ਬਣ ਗਿਆ ਹੈ ਕਿ ਉਨ੍ਹਾਂ ’ਚ ਬਾਬਰ ਦਾ ਡੀ. ਐੱਨ. ਏ. ਹੈ।
ਸਪਾ ਸੰਸਦ ਮੈਂਬਰ ਰਾਮਜੀ ਲਾਲ ਨੇ ਕਿਹਾ ਕਿ ਮੈਂ ਜਾਣਨਾ ਚਾਹੁੰਦਾ ਹਾਂ ਕਿ ਆਖਿਰ ਬਾਬਰ ਨੂੰ ਕੌਣ ਲਿਆਇਆ? ਇਬਰਾਹਿਮ ਲੋਧੀ ਨੂੰ ਹਰਾਉਣ ਲਈ ਬਾਬਰ ਨੂੰ ਰਾਣਾ ਸਾਂਗਾ ਲਿਆਇਆ ਸੀ। ਉਨ੍ਹਾਂ ਨੇ ਕਿਹਾ ਕਿ ਜੇਕਰ ਮੁਸਲਮਾਨ ਬਾਬਰ ਦੇ ਵੰਸ਼ਜ ਹਨ ਤਾਂ ਤੁਸੀਂ ਲੋਕ ਉਸ ਗੱਦਾਰ ਰਾਣਾ ਸਾਂਗਾ ਦੇ ਵੰਸ਼ਜ ਹੋ। ਭਾਰਤ ਵਿਚ ਇਹ ਤੈਅ ਹੋਣਾ ਚਾਹੀਦਾ ਹੈ ਕਿ ਬਾਬਰ ਦੀ ਆਲੋਚਨਾ ਕਰਦੇ ਹੋਏ ਪਰ ਰਾਣਾ ਸਾਂਗਾ ਦੀ ਆਲੋਚਨਾ ਨਹੀਂ ਕਰਦੇ।
ਰਾਜ ਸਭਾ ਵਿਚ ਸੰਸਦ ਮੈਂਬਰ ਸੁਮਨ ਵੱਲੋਂ ਕੀਤੀ ਗਈ ਟਿੱਪਣੀ ’ਤੇ ਕੇਂਦਰੀ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਜੋ ਲੋਕ ਅੱਜ ਦੇ ਨਹੀਂ ਸਗੋਂ 1000 ਸਾਲਾਂ ਦੇ ਭਾਰਤ ਦੇ ਇਤਿਹਾਸ ਦੀ ਸਮੀਖਿਆ ਕਰਦੇ ਹਨ, ਉਹ ਕਦੇ ਵੀ ਬਾਬਰ ਅਤੇ ਰਾਣਾ ਸਾਂਗਾ ਦੀ ਤੁਲਨਾ ਨਹੀਂ ਕਰ ਸਕਦੇ ਅਤੇ ਨਾ ਹੀ ਉਨ੍ਹਾਂ ਨੂੰ ਇਕੋ ਪੈਮਾਨੇ ’ਤੇ ਰੱਖ ਸਕਦੇ ਹਨ। ਮਹਾਰਾਣਾ ਸਾਂਗਾ ਨੇ ਆਜ਼ਾਦੀ ਦੀ ਭਾਵਨਾ ਨੂੰ ਜਗਾਇਆ ਸੀ। ਉਨ੍ਹਾਂ ਨੇ ਭਾਰਤ ਨੂੰ ਗੁਲਾਮੀ ਤੋਂ ਬਚਾਇਆ ਅਤੇ ਭਾਰਤ ਦੇ ਸੱਭਿਆਚਾਰ ਨੂੰ ਸਨਾਤਨੀ ਬਣਾਈ ਰੱਖਣ ਵਿਚ ਵੀ ਮਹੱਤਵਪੂਰਨ ਯੋਗਦਾਨ ਪਾਇਆ।
ਛੋਟੇ ਦਿਲ ਵਾਲੇ ਲੋਕ ਅਜਿਹੀਆਂ ਗੱਲਾਂ ਕਰਦੇ ਹਨ ਪਰ ਮੈਨੂੰ ਲੱਗਦਾ ਹੈ ਕਿ ਅਜਿਹੀਆਂ ਚਰਚਾਵਾਂ ਦੀ ਕੋਈ ਗੁੰਜਾਇਸ਼ ਨਹੀਂ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਿਆਸਤਦਾਨਾਂ ਨੇ ਆਪਣੇ ਵੋਟ ਬੈਂਕ ਨੂੰ ਮਜ਼ਬੂਤ ਕਰਨ ਲਈ ਅਜਿਹੇ ਵਿਵਾਦਾਂ ਨੂੰ ਹਵਾ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਦੇਸ਼ ਵਿਚ ਇਤਿਹਾਸਕ ਮੁੱਦਿਆਂ ’ਤੇ ਵੰਡੀਆਂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਚੁੱਕੀਆਂ ਹਨ। ਬਾਲੀਵੁੱਡ ਨਿਰਮਾਤਾ-ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਪਦਮਾਵਤ’ ਨੂੰ ਲੈ ਕੇ ਵੀ ਬਹੁਤ ਵਿਵਾਦ ਹੋਇਆ ਸੀ, ਜਿਸ ਵਿਚ ਰਾਜਪੂਤ ਭਾਈਚਾਰੇ ਨੇ ਫਿਲਮ ’ਤੇ ਇਤਿਹਾਸਕ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਦੋਸ਼ ਲਗਾਇਆ ਸੀ।
ਇਸ ਵਿਵਾਦ ਦਾ ਨਤੀਜਾ ਇਹ ਹੋਇਆ ਕਿ ਚਿਤੌੜਗੜ੍ਹ ਕਿਲ੍ਹੇ ਵਿਚ ਸਥਿਤ ‘ਪਦਮਾਵਤੀ’ ਮਹਿਲ ਵਿਚ, ਸ਼ਰਾਰਤੀ ਅਨਸਰਾਂ ਨੇ ਸ਼ੀਸ਼ੇ ਤੋੜ ਦਿੱਤੇ, ਜਿਨ੍ਹਾਂ ਵਿਚੋਂ ਕਿਹਾ ਜਾਂਦਾ ਹੈ ਕਿ ਦਿੱਲੀ ਦੇ ਸੁਲਤਾਨ ਅਲਾਉਦੀਨ ਖਿਲਜੀ ਨੇ ਰਾਜਪੂਤ ਰਾਣੀ ਪਦਮਾਵਤੀ ਨੂੰ ਦੇਖਿਆ ਸੀ। ਇਸੇ ਤਰ੍ਹਾਂ 3 ਸਾਲ ਪਹਿਲਾਂ ਬਾਲੀਵੁੱਡ ਫਿਲਮ ‘ਪਾਨੀਪਤ’ ਨਾਲ ਸ਼ੁਰੂ ਹੋਇਆ ਵਿਵਾਦ ਇਕ ਟੀ.ਵੀ. ਸੀਰੀਅਲ ਤੱਕ ਆ ਪੁੱਜਾ।
ਸੀਰੀਅਲ ਵਿਚ ਸਾਬਕਾ ਮਹਾਰਾਜਾ ਸੂਰਜਮੱਲ ਨੂੰ ਖਾਂਡੇਰਾਓ ਹੋਲਕਰ ਤੋਂ ਜੰਗ ਹਾਰਦੇ ਦਿਖਾਇਆ ਗਿਆ ਸੀ। ਇਸ ਦੇ ਨਾਲ ਹੀ ਇਤਿਹਾਸਕਾਰ ਦਾਅਵਾ ਕਰਦੇ ਹਨ ਕਿ ਸਾਬਕਾ ਮਹਾਰਾਜਾ ਸੂਰਜਮੱਲ ਕਦੇ ਵੀ ਕੋਈ ਜੰਗ ਨਹੀਂ ਹਾਰੇ। ਸਗੋਂ, ਖਾਂਡੇਰਾਓ ਹੋਲਕਰ ਦੀ ਮੌਤ ਉਨ੍ਹਾਂ ਨਾਲ ਜੰਗ ਵਿਚ ਹੋਈ ਸੀ। ਇਸ ਸਬੰਧੀ ਰੂਪਵਾਸ ਅਤੇ ਕੁਮਹੇਰ ਥਾਣਿਆਂ ਵਿਚ ਦੋ ਵੱਖ-ਵੱਖ ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਸਨ। ਮੈਸੂਰ ਦੇ ਰਾਜਾ ਰਹੇ ਟੀਪੂ ਸੁਲਤਾਨ ਦੀ 10 ਨਵੰਬਰ ਨੂੰ ਮਨਾਈ ਜਾਣ ਵਾਲੀ ਜਨਮ ਵਰ੍ਹੇਗੰਢ ਨੂੰ ਲੈ ਕੇ ਵੀ ਬਹੁਤ ਵਿਵਾਦ ਹੋਇਆ ਹੈ।
ਮੈਸੂਰ ਦੇ ਸ਼ੇਰ ਵਜੋਂ ਜਾਣੇ ਜਾਂਦੇ ਟੀਪੂ ਦੀ ਜੈਅੰਤੀ ਕਾਂਗਰਸ ਦੇ ਰਾਜ ਦੌਰਾਨ ਸ਼ੁਰੂ ਕੀਤੀ ਗਈ ਸੀ ਪਰ ਭਾਜਪਾ ਇਸ ਦਾ ਵਿਰੋਧ ਕਰਦੀ ਰਹੀ। ਕਰਨਾਟਕ ਵਿਚ ਟੀਪੂ ਸੁਲਤਾਨ ਦੀ ਜੈਅੰਤੀ ਮਨਾਉਣ ਨੂੰ ਲੈ ਕੇ ਨੌਬਤ ਇੱਥੋਂ ਤੱਕ ਆ ਗਈ ਕਿ ਸੁਰੱਖਿਆ ਕਾਰਨਾਂ ਕਰ ਕੇ ਕਈ ਸ਼ਹਿਰਾਂ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਅਤੇ ਪ੍ਰਦਰਸ਼ਨ ਕਰ ਰਹੇ ਸੈਂਕੜੇ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ।
ਭਾਜਪਾ ਅਤੇ ਕੁਝ ਹਿੰਦੂ ਸੰਗਠਨਾਂ ਨੇ ਸਰਕਾਰ ਤੋਂ ਟੀਪੂ ਸੁਲਤਾਨ ਦੀ ਜੈਅੰਤੀ ਮਨਾਉਣ ਦੇ ਪ੍ਰੋਗਰਾਮ ਅਤੇ ਉਨ੍ਹਾਂ ਦੀ ਮਹਿਮਾ ਕਰਨ ਦੀ ਯੋਜਨਾ ਨੂੰ ਰੋਕਣ ਦੀ ਮੰਗ ਕੀਤੀ ਸੀ। ਭਾਜਪਾ ਦੀਆਂ ਨਜ਼ਰਾਂ ਵਿਚ ਟੀਪੂ ਸੁਲਤਾਨ ਇਕ ਧਾਰਮਿਕ ਤੌਰ ’ਤੇ ਕੱਟੜ ਅਤੇ ਹਿੰਦੂ ਵਿਰੋਧੀ ਸ਼ਾਸਕ ਸੀ। ਭਾਜਪਾ ਨੇਤਾ ਮੀਨਾਕਸ਼ੀ ਲੇਖੀ ਨੇ ਉੱਤਰੀ ਭਾਰਤ ਦੇ 9ਵੀਂ ਸਦੀ ਦੇ ਰਾਜਪੂਤ ਸ਼ਾਸਕ ਸਮਰਾਟ ਮਿਹਿਰ ਭੋਜ ਦੀ ਮੂਰਤੀ ਦਾ ਉਦਘਾਟਨ ਕੀਤਾ ਅਤੇ ਉਨ੍ਹਾਂ ਨੂੰ ਇਕ ਗੁੱਜਰ ਦੱਸਿਆ।
ਦੱਖਣੀ ਦਿੱਲੀ ਨਗਰ ਨਿਗਮ (ਐੱਸ. ਡੀ. ਐੱਮ. ਸੀ.) ਨੇ ਜੌਨਪੁਰ ਪਿੰਡ ਵਿਚ ਸਮਰਾਟ ਮਿਹਿਰ ਭੋਜ ਦੀ ਇਕ ਮੂਰਤੀ ਵੀ ਸਮਰਪਿਤ ਕੀਤੀ, ਜਿਸ ਵਿਚ ਉਨ੍ਹਾਂ ਨੂੰ ਗੁੱਜਰ ਦੱਸਿਆ ਗਿਆ। ਇਸ ਦਾ ਰਾਜਪੂਤ ਭਾਈਚਾਰੇ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ। ਬਿਹਾਰ ਵਿਚ ਗੱਠਜੋੜ ਤੋਂ ਪਹਿਲਾਂ ਭਾਜਪਾ ਨੇ ਨਿਤੀਸ਼ ਸਰਕਾਰ ’ਤੇ ਇਤਿਹਾਸ ਨਾਲ ਛੇੜਛਾੜ ਕਰਨ ਦਾ ਦੋਸ਼ ਲਾਇਆ ਸੀ। ਭਾਜਪਾ ਨੇ ਤਾਂ ਇੱਥੋਂ ਤੱਕ ਕਿਹਾ ਸੀ ਕਿ ਸਰਕਾਰ ਨੇ ਪਹਿਲੇ ਮੁੱਖ ਮੰਤਰੀ ਸ਼੍ਰੀ ਕ੍ਰਿਸ਼ਨ ਸਿੰਘ ਦਾ ਅਪਮਾਨ ਕੀਤਾ ਹੈ।
ਬਿਹਾਰ ਦੇ ਸਾਬਕਾ ਮੰਤਰੀ ਭੀਮ ਸਿੰਘ ਨੇ ਕਿਹਾ ਸੀ ਕਿ ਬਿਹਾਰ ਸਰਕਾਰ, ਖਾਸ ਕਰ ਕੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮੁਹੰਮਦ ਯੂਨਸ ਨੂੰ ਬਿਹਾਰ ਦਾ ਪਹਿਲਾ ਪ੍ਰਧਾਨ ਮੰਤਰੀ ਕਹਿ ਕੇ ਅਤੇ ਉਨ੍ਹਾਂ ਦੇ ਜਨਮ ਦਿਵਸ ਨੂੰ ਸਰਕਾਰੀ ਜੈਅੰਤੀ ਸਮਾਗਮ ਵਜੋਂ ਮਨਾਏ ਜਾਣ ਨੂੰ ਲੈ ਕੇ ਬਿਹਾਰ ਕੇਸਰੀ ਸ਼੍ਰੀ ਕ੍ਰਿਸ਼ਨ ਸਿੰਘ ਦਾ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਸੀ ਕਿ ਮੁਸਲਿਮ ਤੁਸ਼ਟੀਕਰਨ ਦੇ ਤਹਿਤ ਇਤਿਹਾਸ ਨਾਲ ਛੇੜਛਾੜ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲੇ ਵਿਚ ਸਿਆਸਤਦਾਨਾਂ ਨੇ ਮੰਦਰ-ਮਸਜਿਦ ਵਿਵਾਦ ’ਤੇ ਬਹੁਤ ਰੋਟੀਆਂ ਸੇਕੀਆਂ। ਇਸ ਸੰਵੇਦਨਸ਼ੀਲ ਮੁੱਦੇ ’ਤੇ ਹੋਈ ਹਿੰਸਾ ਵਿਚ 5 ਲੋਕ ਮਾਰੇ ਗਏ। ਇਸ ਤੋਂ ਬਾਅਦ ਦੇਸ਼ ਦੇ ਹੋਰ ਹਿੱਸਿਆਂ ਵਿਚ ਵੀ ਇਸੇ ਤਰ੍ਹਾਂ ਦੇ ਵਿਵਾਦ ਉੱਠੇ।
ਜਦੋਂ ਸੁਪਰੀਮ ਕੋਰਟ ਨੇ ਅਜਿਹੇ ਵਿਵਾਦਾਂ ’ਤੇ ਰੋਕ ਲਗਾ ਦਿੱਤੀ ਤਾਂ ਹੀ ਆਗੂ ਪਿੱਛੇ ਹਟੇ। ਸੁਪਰੀਮ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਪੂਜਾ ਸਥਾਨ ਐਕਟ ਦੀ ਜਾਇਜ਼ਤਾ ਦਾ ਫੈਸਲਾ ਨਹੀਂ ਹੋ ਜਾਂਦਾ, ਦੇਸ਼ ਵਿਚ ਮੰਦਰ-ਮਸਜਿਦ ਵਿਵਾਦਾਂ ਨਾਲ ਸਬੰਧਤ ਕੋਈ ਵੀ ਨਵਾਂ ਕੇਸ ਦਾਇਰ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਕੋਈ ਚੱਲ ਰਿਹਾ ਕੇਸ ਸਰਵੇਖਣ ਜਾਂ ਅੰਤਿਮ ਆਦੇਸ਼ ਨਾਲ ਅੱਗੇ ਵਧ ਸਕਦਾ ਹੈ।
ਇਹ ਵਿਵਾਦ ਪੂਰੀ ਤਰ੍ਹਾਂ ਸ਼ਾਂਤ ਨਹੀਂ ਹੋਇਆ ਸੀ ਕਿ ਮਹਾਰਾਸ਼ਟਰ ਵਿਚ ਔਰੰਗਜ਼ੇਬ ਦੀ ਕਬਰ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। ਦੇਸ਼ ਦੇ ਮਜ਼ਦੂਰ, ਗਰੀਬ ਅਤੇ ਕੰਮਕਾਰ ਵਾਲਾ ਵਰਗ ਅਕਸਰ ਅਜਿਹੇ ਵਿਵਾਦਾਂ ਦੀ ਲਪੇਟ ’ਚ ਆ ਜਾਂਦੇ ਹਨ। ਇਨ੍ਹਾਂ ਵਿਵਾਦਾਂ ਦੀ ਜੜ੍ਹ ਸੌਖੀ ਸੱਤਾ ਦੀ ਸਿਆਸਤ ਦੀ ਇੱਛਾ ਹੈ। ਦਰਅਸਲ, ਆਗੂ ਜਾਣਦੇ ਹਨ ਕਿ ਦੇਸ਼ ਦੀਆਂ ਬੁਨਿਆਦੀ ਸਮੱਸਿਆਵਾਂ ਨੂੰ ਹੱਲ ਕਰਨਾ ਸੌਖਾ ਨਹੀਂ ਹੈ, ਜਦੋਂ ਕਿ ਅਜਿਹੇ ਵਿਵਾਦਾਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰ ਕੇ ਸੱਤਾ ਸੌਖਿਆਂ ਪ੍ਰਾਪਤ ਕੀਤੀ ਜਾ ਸਕਦੀ ਹੈ।
ਯੋਗੇਂਦਰ ਯੋਗੀ
ਭਾਰਤ-ਟੀ.ਬੀ. ਨਾਲ ਲੜ ਹੀ ਨਹੀਂ ਰਿਹਾ, ਇਸ ਨੂੰ ਹਰਾ ਵੀ ਰਿਹਾ ਹੈ
NEXT STORY