ਭਾਰਤੀ ਸਮਾਜ ’ਚ ਨੈਤਿਕ ਪਤਨ ਵਧਦਾ ਜਾ ਰਿਹਾ ਹੈ ਅਤੇ ਚੰਦ ਲੋਕ ਰਿਸ਼ਤਿਆਂ ਦੀ ਮਰਿਆਦਾ ਨੂੰ ਤਾਰ-ਤਾਰ ਕਰ ਕੇ ਮਾਨਵਤਾ ਨੂੰ ਲਹੂ-ਲੁਹਾਨ ਅਤੇ ਕਲੰਕਿਤ ਕਰ ਰਹੇ ਹਨ। ਇਸ ਦੀਆਂ ਪਿਛਲੇ ਸਿਰਫ 2 ਹਫਤਿਆਂ ਦੀਆਂ ਚੰਦ ਉਦਾਹਰਣਾਂ ਹੇਠਾਂ ਦਰਜ ਹਨ :
* 5 ਸਤੰਬਰ ਨੂੰ ਉੱਤਰ-ਪੱਛਮੀ ਦਿੱਲੀ ਦੇ ਆਦਰਸ਼ ਨਗਰ ਇਲਾਕੇ ’ਚ ਪ੍ਰਦੀਪ ਨਾਂ ਦੇ ਇਕ ਨੌਜਵਾਨ ਨੇ ਆਪਣੇ ਬਜ਼ੁਰਗ ਦਾਦਾ ਭੋਜਰਾਮ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਬਜ਼ੁਰਗ ਭੋਜਰਾਮ ਦੀ ਪੈਨਸ਼ਨ ਅਤੇ ਮਕਾਨ ਦਾ ਕਿਰਾਇਆ ਆਉਂਦਾ ਸੀ ਜਿਸ ਨੂੰ ਉਹ ਆਪਣੇ ਪੋਤੇ ਪ੍ਰਦੀਪ ਨੂੰ ਨਾ ਦੇ ਕੇ ਉਸ ਦੀ ਪਤਨੀ ਨੂੰ ਦਿੰਦੇ ਸਨ।
* 5 ਸਤੰਬਰ ਨੂੰ ਹੀ ਬਸਖਾਰੀ (ਉੱਤਰ ਪ੍ਰਦੇਸ਼) ’ਚ ਇਕ ਵਿਅਕਤੀ ਨੂੰ ਆਪਣੀ ਬੇਟੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
* 6 ਸਤੰਬਰ ਨੂੰ ਇੰਦੌਰ (ਮੱਧ ਪ੍ਰਦੇਸ਼) ਦੀ ‘ਅਹਿੱਲਿਆ ਨਗਰੀ’ ’ਚ ਇਕ ਵਿਅਕਤੀ ਵਲੋਂ ਆਪਣੀ ਨੂੰਹ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ’ਚ ਉਸ ਦਾ ਸਾਥ ਪੀੜਤਾ ਦਾ ਪਤੀ ਅਤੇ ਸੱਸ ਵੀ ਦੇ ਰਹੇ ਸਨ। ਦੋਸ਼ ਹੈ ਕਿ ਵਿਆਹ ਪਿੱਛੋਂ ਉਸ ਦੇ ਸਹੁਰੇ ਨੇ ਡਰਾ-ਧਮਕਾ ਕੇ ਕਈ ਵਾਰ ਉਸ ਨਾਲ ਗੰਦਾ ਕੰਮ ਕੀਤਾ।
* 6 ਸਤੰਬਰ ਨੂੰ ਹੀ ਚੰਦੌਲੀ (ਉੱਤਰ ਪ੍ਰਦੇਸ਼) ਦੀ ‘ਨੌਗੜ੍ਹ’ ਤਹਿਸੀਲ ਦੇ ਇਕ ਪਿੰਡ ’ਚ ਇਕ ਨੌਜਵਾਨ ਦਾ ਦਿਲ 2 ਬੱਚਿਆਂ ਦੀ ਮਾਂ ਆਪਣੀ ਚਾਚੀ ’ਤੇ ਆ ਗਿਆ ਅਤੇ ਉਹ ਦੋਵੇਂ ਘਰ ਤੋਂ ਫਰਾਰ ਹੋ ਗਏ।
* 13 ਸਤੰਬਰ ਨੂੰ ਸੂਰਤ (ਗੁਜਰਾਤ) ’ਚ ਇਕ 64 ਸਾਲਾ ਬਜ਼ੁਰਗ ਨੂੰ ਆਪਣੀ 5 ਸਾਲਾ ਭਤੀਜੀ ਨਾਲ ਜਬਰ-ਜ਼ਨਾਹ ਕਰ ਕੇ ਉਸ ਦੇ ਨਿੱਜੀ ਅੰਗਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦੇਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
* 15 ਸਤੰਬਰ ਨੂੰ ਗੁਨਾ (ਮੱਧ ਪ੍ਰਦੇਸ਼) ਜ਼ਿਲੇ ਦੇ ‘ਚਾਚੌੜਾ’ ਪਿੰਡ ’ਚ ਆਪਣੀ 8 ਸਾਲਾ ਬੇਟੀ ਨਾਲ ਜਬਰ-ਜ਼ਨਾਹ ਕਰਨ ਪਿੱਛੋਂ ਉਸ ਦੇ ਹੱਥ-ਪੈਰ ਬੰਨ੍ਹ ਕੇ ਖੂਹ ’ਚ ਸੁੱਟ ਦੇਣ ਦੇ ਦੋਸ਼ ’ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ।
* 17 ਸਤੰਬਰ ਨੂੰ ਬਾਬਾ ਬਕਾਲਾ (ਪੰਜਾਬ) ਦੇ ਸ਼ਮਸ਼ਾਨਘਾਟ ਨੇੜੇ ਇਕ ਿਵਅਕਤੀ ਆਪਣੀ ਭੈਣ ਦੇ ਘਰ ਆਈ ਆਪਣੀ ਪਤਨੀ ਨੂੰ ਆਪਣੇ ਇਕ ਮਿੱਤਰ ਨਾਲ ਮਿਲ ਕੇ ਜ਼ਬਰਦਸਤੀ ਕਾਰ ’ਚ ਸੁੱਟ ਕੇ ਲੈ ਗਿਆ ਅਤੇ ਉਸ ਨਾਲ ਸਮੂਹਿਕ ਜਬਰ-ਜ਼ਨਾਹ ਕਰਨ ਪਿੱਛੋਂ ਫਰਾਰ ਹੋ ਗਿਆ।
* 17 ਸਤੰਬਰ ਨੂੰ ਹੀ ਅਬੋਹਰ (ਪੰਜਾਬ) ’ਚ ‘ਕਮਾਈਆਂ ਵਾਲੀ ਢਾਣੀ’ ’ਚ ਇਕ ਵਿਅਕਤੀ ਨੇ ਮੋਬਾਈਲ ਲਈ ਛੋਟੀ ਭੈਣ ਨਾਲ ਝਗੜ ਰਹੀ 10 ਸਾਲਾ ਬੇਟੀ ਨੂੰ ਚੁੱਕ ਕੇ ਕਈ ਵਾਰ ਜ਼ਮੀਨ ’ਤੇ ਮਾਰਿਆ ਜਿਸ ਨਾਲ ਉਸ ਦਾ ਹੱਥ ਟੁੱਟ ਗਿਆ।
* 17 ਸਤੰਬਰ ਨੂੰ ਹੀ ਬਠਿੰਡਾ (ਪੰਜਾਬ) ਦੇ ਇਕ ਪਿੰਡ ‘ਨਾਥਪੁਰਾ’ ’ਚ ਇਕ ਨੌਜਵਾਨ ਨੇ ਕਹੀ ਨਾਲ ਕਈ ਵਾਰ ਕਰ ਕੇ ਆਪਣੇ ਸੌਂ ਰਹੇ ਪਿਤਾ ਪਰਮਿੰਦਰ ਸਿੰਘ ਦੀ ਹੱਤਿਆ ਕਰ ਦਿੱਤੀ। ਇਸ ’ਚ ਕਥਿਤ ਤੌਰ ’ਤੇ ਉਸ ਦੀ ਮਾਂ ਨੇ ਵੀ ਉਸ ਦਾ ਸਾਥ ਦਿੱਤਾ।
* 18 ਸਤੰਬਰ ਨੂੰ ਹੀ ਦੇਰ ਰਾਤ ਪਿੰਡ ਆਦਮਵਾਲ (ਹੁਸ਼ਿਆਰਪੁਰ) ’ਚ ਜ਼ਮੀਨ ਦੇ ਝਗੜੇ ਕਾਰਨ ਆਪਣੇ ਚਾਚੇ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦੇਣ ਦੇ ਦੋਸ਼ ’ਚ ਅਮਨ ਸੰਧੂ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ।
* 18 ਸਤੰਬਰ ਨੂੰ ਹੀ ਲੁਧਿਆਣਾ ਅਦਾਲਤ ’ਚ ਚੱਲ ਰਹੇ ਤਲਾਕ ਦੇ ਕੇਸ ਦਾ ਫੈਸਲਾ ਆਪਣੇ ਵਿਰੁੱਧ ਆਉਣ ਤੋਂ ਬੁਖਲਾਏ ਇਕ ਵਿਅਕਤੀ ਨੇ ਆਪਣੇ ਸਹੁਰਿਆਂ ਦੇ ਘਰ ’ਚ ਵੜ ਕੇ ਆਪਣੀ ਪਤਨੀ, ਬੇਟੀ ਅਤੇ ਸਾਲੇ ’ਤੇ ਤੇਜ਼ਾਬ ਸੁੱਟ ਦਿੱਤਾ।
* 19 ਸਤੰਬਰ ਨੂੰ ਮਹਿਲਕਲਾਂ (ਪੰਜਾਬ) ਦੇ ‘ਨਾਰਾਇਣਗੜ੍ਹ ਸੋਹੀਆਂ’ ਪਿੰਡ ’ਚ ਹਰਮਨਪ੍ਰੀਤ ਸਿੰਘ ਨਾਂ ਦੇ ਨੌਜਵਾਨ ਨੇ ਵਿਆਹ ਦੇ ਸਿਰਫ 24 ਦਿਨ ਪਿੱਛੋਂ ਆਪਣੀ ਪਤਨੀ ਜਸਪ੍ਰੀਤ ਕੌਰ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ।
* 19 ਸਤੰਬਰ ਨੂੰ ਹੀ ਗੁਰੂ ਕਾ ਬਾਗ (ਪੰਜਾਬ) ਦੇ ਪਿੰਡ ‘ਸੈਂਸਰਾਕਲਾਂ’ ’ਚ ਪੈਸਿਆਂ ਨੂੰ ਲੈ ਕੇ 2 ਭਰਾਵਾਂ ਦਰਮਿਆਨ ਹੋਏ ਝਗੜੇ ’ਚ ਛੋਟੇ ਭਰਾ ਬਲਬੀਰ ਸਿੰਘ ਨੇ ਆਪਣੇ ਵੱਡੇ ਭਰਾ ਨਿਰਮਲ ਸਿੰਘ ਪੱਪੂ ਦੇ ਸਿਰ ’ਤੇ ਘੋਟਣੇ ਨਾਲ ਤਿੰਨ ਵਾਰ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ।
* 19 ਸਤੰਬਰ ਨੂੰ ਹੀ ਮਾਲੇਰਕੋਟਲਾ (ਪੰਜਾਬ) ’ਚ ਇਕ ਵਿਅਕਤੀ ਨੇ ਚਰਿੱਤਰ ’ਤੇ ਸ਼ੱਕ ਕਰਨ ਕਾਰਨ ਰੱਸੀ ਨਾਲ ਗਲ਼ ਘੁੱਟ ਕੇ ਆਪਣੀ ਪਤਨੀ ਗੁਲਸ਼ਨ ਖਾਤੂਨ ਦੀ ਹੱਤਿਆ ਕਰ ਦਿੱਤੀ।
* 20 ਸਤੰਬਰ ਨੂੰ ਠਾਣੇ (ਮਹਾਰਾਸ਼ਟਰ) ’ਚ ਇਕ ਵਿਅਕਤੀ ਨੇ ਆਪਣੇ ਗੁਆਂਢੀ ਦੇ ਘਰ ’ਚ ਜ਼ਬਰਦਸਤੀ ਵੜ ਕੇ ਉਸ ਦੀ ਪਤਨੀ ਦੇ ਹੱਥ-ਪੈਰ ਦੁਪੱਟੇ ਨਾਲ ਬੰਨ੍ਹ ਕੇ ਉਸ ਦੀ ਛੋਟੀ ਬੇਟੀ ਦੇ ਸਾਹਮਣੇ ਉਸ ਨਾਲ ਜਬਰ-ਜ਼ਨਾਹ ਕਰ ਦਿੱਤਾ।
* 20 ਸਤੰਬਰ ਨੂੰ ਹੀ ਇਟਾਵਾ (ਉੱਤਰ ਪ੍ਰਦੇਸ਼) ਦੇ ‘ਚੰਦਰਪੁਰਾ’ ਪਿੰਡ ’ਚ ਲਗਾਤਾਰ ਚੌਥੀ ਬੇਟੀ ਹੋਣ ’ਤੇ ਗੁੱਸੇ ’ਚ ਆਏ ਦਿਵਾਕਰ ਕੁਮਾਰ ਬੱਬਲੂ ਨਾਂ ਦੇ ਨੌਜਵਾਨ ਨੇ ਨਸ਼ੇ ਦੀ ਹਾਲਤ ’ਚ ਸਿਰਫ ਇਕ ਮਹੀਨੇ ਦੀ ਆਪਣੀ ਚੌਥੀ ਬੇਟੀ ਨੂੰ ਆਪਣੀ ਪਤਨੀ ਦੀ ਗੋਦ ’ਚੋਂ ਖੋਹ ਕੇ ਜ਼ਮੀਨ ’ਤੇ ਪਟਕਾ ਕੇ ਮਾਰ ਦਿੱਤਾ।
ਉਕਤ ਘਟਨਾਵਾਂ ਮੰਗ ਕਰਦੀਆਂ ਹਨ ਕਿ ਸਮਾਜ ਦੇ ਸੂਝਵਾਨ ਲੋਕ, ਖਾਸ ਕਰ ਕੇ ਬਜ਼ੁਰਗ ਇਸ ਮਾਮਲੇ ’ਚ ਅੱਗੇ ਆ ਕੇ ਲੋਕਾਂ ਨੂੰ ਸਿੱਖਿਅਤ ਕਰਨ। ਸਾਡੇ ਸੰਤ-ਮਹਾਤਮਾ, ਰਿਸ਼ੀ-ਮੁਨੀ ਆਦਿ ਜਿਨ੍ਹਾਂ ਦਾ ਸਮਾਜ ’ਚ ਸਨਮਾਨ ਹੈ, ਵੀ ਲੋਕਾਂ ਕੋਲੋਂ ਕੋਈ ਵੀ ਅਨੈਤਿਕ ਕੰਮ ਨਾ ਕਰਨ ਦਾ ਪ੍ਰਣ ਲੈਣ। ਇਸ ਦੇ ਨਾਲ ਹੀ ਇਸ ਤਰ੍ਹਾਂ ਦੇ ਆਚਰਣ ’ਚ ਸ਼ਾਮਲ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਵੀ ਲੋੜ ਹੈ।
-ਵਿਜੇ ਕੁਮਾਰ
ਉਦਾਰ ਲੋਕਤੰਤਰ ਖਤਮ ਹੋ ਚੁੱਕਾ
NEXT STORY