ਭਾਰਤੀ ਜੇਲ੍ਹਾਂ ’ਚ ਬੰਦ ਕੈਦੀਆਂ ਤੋਂ ਮੋਬਾਈਲ ਫੋਨ ਅਤੇ ਨਸ਼ਿਆਂ ਆਦਿ ਦੀ ਬਰਾਮਦਗੀ ਅਤੇ ਗੈਂਗਵਾਰ ਅੱਜ ਆਮ ਗੱਲ ਹੋ ਗਈ ਹੈ, ਜੋ ਕਿ ਸਭ ਕੁਝ ਜੇਲ੍ਹਾਂ ਦੇ ਕਰਮਚਾਰੀਆਂ ਦੀ ਸਹਾਇਤਾ ਨਾਲ ਹੋ ਰਿਹਾ ਹੈ। ਇਹ ਸਮੱਸਿਆ ਕਿੰਨੀ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ, ਇਹ ਹੇਠਾਂ ਲਿਖੀਆਂ ਉਦਾਹਰਣਾਂ ਤੋਂ ਸਪੱਸ਼ਟ ਹੈ :
* 3 ਅਗਸਤ, 2023 ਨੂੰ ਭੈਰਵਗੜ੍ਹ (ਉੱਜੈਨ) ਦੀ ਸੈਂਟਰਲ ਜੇਲ੍ਹ ’ਚ 2 ਸੰਤਰੀਆਂ ਦੀ ਤਲਾਸ਼ੀ ਦੌਰਾਨ ਉਨ੍ਹਾਂ ਦੀਆਂ ਜੁਰਾਬਾਂ ’ਚ ਤੰਬਾਕੂ ਦੇ 100 ਪਾਊਚ ਬਰਾਮਦ ਹੋਣ ਦੇ ਬਾਅਦ ਉਨ੍ਹਾਂ ਨੂੰ ਸਸਪੈਂਡ ਕੀਤਾ ਗਿਆ।
* 30 ਅਕਤੂਬਰ, 2023 ਨੂੰ ਸੈਂਟਰਲ ਜੇਲ੍ਹ ਪਟਿਆਲਾ ਦੇ ਇਕ ਹੌਲਦਾਰ ਤੋਂ ਇਕ ਮੋਬਾਈਲ, ਇਕ ਚਾਰਜਰ ਅਤੇ 27.5 ਗ੍ਰਾਮ ਅਫੀਮ ਬਰਾਮਦ ਕੀਤੀ ਗਈ।
* 15 ਦਸੰਬਰ, 2023 ਨੂੰ ਫਰੀਦਕੋਟ ਸੈਂਟਰਲ ਜੇਲ੍ਹ ’ਚ ਬੰਦ ਕੈਦੀਆਂ ਨੂੰ ਨਸ਼ਾ ਪਹੁੰਚਾਉਣ ਦੇ ਦੋਸ਼ ’ਚ ਜੇਲ੍ਹ ਦੇ ਹੈੱਡ ਵਾਰਡਨ ਰਾਜਦੀਪ ਨੂੰ ਗ੍ਰਿਫਤਾਰ ਕੀਤਾ ਗਿਆ।
* 3 ਜਨਵਰੀ, 2024 ਨੂੰ ਕੈਦੀਆਂ ਨੂੰ ਪਿਛਲੇ 4 ਸਾਲ ਦੇ ਸਮੇਂ ਦੌਰਾਨ ਨਸ਼ਾ, ਹੈਰੋਇਨ ਅਤੇ ਅਫੀਮ ਦੀ ਸਪਲਾਈ ਕਰਨ ਦੇ ਦੋਸ਼ ’ਚ ਫਿਰੋਜ਼ਪੁਰ ਸੈਂਟਰਲ ਜੇਲ੍ਹ ਦੇ ਕੰਮ ਕਰ ਰਹੇ ਅਤੇ ਰਿਟਾਇਰਡ 11 ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
* 29 ਜਨਵਰੀ, 2024 ਨੂੰ ਲੁਧਿਆਣਾ ਦੀ ਸੈਂਟਰਲ ਜੇਲ੍ਹ ’ਚ ਕੈਦੀਆਂ ਨੂੰ ਵੱਡੀ ਰਕਮ ਦੇ ਬਦਲੇ ’ਚ ਨਸ਼ਾ ਅਤੇ ਮੋਬਾਈਲ ਵਰਗੇ ਪਾਬੰਦੀਸ਼ੁਦਾ ਸਾਮਾਨ ਪਹੁੰਚਾਉਣ ਦੇ ਦੋਸ਼ ’ਚ ਥਾਣਾ ਡਵੀਜ਼ਨ ਨੰਬਰ 7 ਦੀ ਪੁਲਸ ਨੇ ਜੇਲ੍ਹ ਦੇ 2 ਸਹਾਇਕ ਸੁਪਰਿੰਟੈਂਡੈਂਟਾਂ ਨੂੰ ਗ੍ਰਿਫਤਾਰ ਕੀਤਾ।
* 3 ਮਈ, 2024 ਨੂੰ ਦਿੱਲੀ ’ਚ ਤਿਹਾੜ ਦੀ ਜੇਲ੍ਹ ਨੰਬਰ 3 ’ਚ ਕੈਦੀਆਂ ਦੇ 2 ਗਰੁੱਪਾਂ ਵਿਚਾਲੇ ਖਾਣਾ ਖਾਣ ਨੂੰ ਲੈ ਕੇ ਹੋਈ ਲੜਾਈ ਦੌਰਾਨ ਅਫਗਾਨਿਸਤਾਨ ਦੇ ਰਹਿਣ ਵਾਲੇ ਅਬਦੁਲ ਬਸ਼ੀਰ ਨਾਂ ਦੇ ਕੈਦੀ ਨੇ ਦੀਪਕ ਨਾਂ ਦੇ ਕੈਦੀ ਦੀ ਤੇਜ਼ਧਾਰ ਹਥਿਆਰ ਨਾਲ ਤਾਬੜਤੋੜ ਵਾਰ ਕਰ ਕੇ ਹੱਤਿਆ ਕਰ ਦਿੱਤੀ।
* 12 ਮਈ, 2024 ਨੂੰ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਸਥਿਤ ਸੈਂਟਰਲ ਜੇਲ੍ਹ ’ਚ ਕੈਦੀਆਂ ਦੇ 2 ਗੁੱਟਾਂ ਨੇ ਇਕ-ਦੂਜੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਦੇ ਨਤੀਜੇ ਵਜੋਂ ਇਕ ਕੈਦੀ ਗੰਭੀਰ ਜ਼ਖਮੀ ਹੋ ਗਿਆ।
* 13 ਮਈ, 2024 ਨੂੰ ਆਪਣੇ ਬਿਜ਼ਨੈੱਸ ਪਾਰਟਨਰ ਅਜੇਂਦਰ ਸ਼ੈੱਟੀ ਦੀ ਹੱਤਿਆ ਦੇ ਦੋਸ਼ ’ਚ ਕਰਨਾਟਕ ਦੀ ਉਡੁੱਪੀ ਜੇਲ੍ਹ ’ਚ ਬੰਦ ਅਨੂਪ ਸ਼ੈੱਟੀ ਨਾਂ ਦੇ ਇਕ ਵਿਚਾਰ ਅਧੀਨ ਕੈਦੀ ਦੀ ਭੇਤਭਰੀ ਹਾਲਤ ’ਚ ਮੌਤ ਹੋ ਗਈ।
* 31 ਮਈ, 2024 ਨੂੰ ਕਰਨਾਲ ਜ਼ਿਲਾ ਜੇਲ੍ਹ ’ਚ ਇਕ ਕੈਦੀ ਨੂੰ ਨਸ਼ਾ ਪਹੁੰਚਾਉਣ ਦੇ ਦੋਸ਼ ’ਚ ਜੇਲ੍ਹ ਵਾਰਡਨ ਬਲਰਾਜ ਸਿੰਘ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ।
* 5 ਜੂਨ, 2024 ਨੂੰ ਤਿਹਾੜ ਜੇਲ੍ਹ ਦੇ ਹਸਪਤਾਲ ’ਚ ਟਿੱਲੂ ਤਾਜਪੁਰੀਆ ਅਤੇ ਗੋਗੀ ਗੈਂਗ ਦੇ ਮੈਂਬਰਾਂ ਵਿਚਾਲੇ ਹੋਏ ਝਗੜੇ ’ਚ ਟਿੱਲੂ ਗਿਰੋਹ ਦੇ ਮੈਂਬਰਾਂ ਨੇ ਆਪ ਬਣਾਏ ਹੋਏ ਚਾਕੂ ਅਤੇ ਸੂਏ ਨਾਲ ਹਮਲਾ ਕਰਕੇ ਗੋਗੀ ਗੈਂਗ ਦੇ ਇਕ ਵਿਚਾਰ ਅਧੀਨ ਕੈਦੀ ਨੂੰ ਜ਼ਖਮੀ ਕਰ ਦਿੱਤਾ।
* 5 ਜੂਨ, 2024 ਨੂੰ ਹੀ ਅੰਮ੍ਰਿਤਸਰ ਦੀ ਸੈਂਟਰਲ ਜੇਲ੍ਹ ’ਚ ਕਈ ਸਾਲਾਂ ਤੋਂ ਚੱਲ ਰਹੇ ਨਸ਼ੇ ਦੇ ਕਾਰੋਬਾਰ ਦਾ ਖੁਲਾਸਾ ਕਰਦੇ ਹੋਏ ਕਮਿਸ਼ਨਰੇਟ ਪੁਲਸ ਨੇ ਕਈ ਕੈਦੀਆਂ ਤੋਂ ਇਲਾਵਾ ਜੇਲ੍ਹ ਦੇ ਇਕ ਸੁਰੱਖਿਆ ਕਰਮਚਾਰੀ ਅਤੇ ਇਕ ਲੈਬ ਟੈਕਨੀਸ਼ੀਅਨ ਜਸਦੀਪ ਸਿੰਘ ਅਤੇ ਕਾਂਸਟੇਬਲ ਮੰਗਤ ਸਿੰਘ ਦੀ ਗ੍ਰਿਫਤਾਰੀ ਦੀ ਜਾਣਕਾਰੀ ਦਿੱਤੀ।
ਜਸਦੀਪ ਸਿੰਘ ਦੇ ਕਬਜ਼ੇ ’ਚੋਂ 149 ਗ੍ਰਾਮ ਅਫੀਮ ਅਤੇ ਕਾਂਸਟੇਬਲ ਮੰਗਤ ਸਿੰਘ ਦੇ ਕਬਜ਼ੇ ’ਚੋਂ ਤੰਬਾਕੂ ਦੀਆਂ ਪੁੜੀਆਂ ਅਤੇ ਉਸ ਦੇ ਪ੍ਰਾਈਵੇਟ ਪਾਰਟ ’ਚੋਂ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਦੱਸਿਆ ਜਾਂਦਾ ਹੈ ਕਿ ਦੋਸ਼ੀ ਨਸ਼ੀਲੇ ਪਦਾਰਥ ਆਪਣੇ ਪ੍ਰਾਈਵੇਟ ਪਾਰਟ ਤੋਂ ਇਲਾਵਾ ਪੱਗ ਅਤੇ ਬੂਟਾਂ ’ਚ ਲੁਕਾ ਕੇ ਲਿਆਉਂਦੇ ਸਨ।
* 5 ਜੂਨ, 2024 ਨੂੰ ਹੀ ਲੁਧਿਆਣਾ ਜੇਲ੍ਹ ’ਚ ਜਰਦੇ ਦੀਆਂ 32 ਪੁੜੀਆਂ ਬਰਾਮਦ ਕਰ ਕੇ ਪੰਜਾਬ ਹੋਮਗਾਰਡ ਦੇ ਜਵਾਨ ਰਵੀ ਕੁਮਾਰ ਸਮੇਤ 5 ਲੋਕਾਂ ਵਿਰੁੱਧ ਜੇਲ੍ਹ ’ਚ ਨਸ਼ੇ ਵਾਲੇ ਪਦਾਰਥ ਸਪਲਾਈ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਆਜ਼ਾਦੀ ਦੇ ਬਾਅਦ ਤੋਂ ਦੇਸ਼ ’ਚ ਜੇਲ੍ਹਾਂ ਦੇ ਸੁਧਾਰ ਲਈ ਕਈ ਕਮੇਟੀਆਂ ਗਠਿਤ ਕੀਤੀਆਂ ਗਈਆਂ ਪਰ ਲਗਭਗ ਸਾਰੇ ਸੁਝਾਵਾਂ ਨੂੰ ਠੰਢੇ ਬਸਤੇ ’ਚ ਸੁੱਟ ਦਿੱਤੇ ਜਾਣ ਦੇ ਕਾਰਨ ਜੇਲ੍ਹਾਂ ਦਾ ਹਾਲ ਲਗਾਤਾਰ ਬੁਰਾ ਹੁੰਦਾ ਚਲਾ ਗਿਆ।
ਇਸ ਲਈ ਜਿੱਥੇ ਜੇਲ੍ਹਾਂ ’ਚ ਸੁਧਾਰ ਸਬੰਧੀ ਸਿਫਾਰਿਸ਼ਾਂ ਨੂੰ ਤੁਰੰਤ ਲਾਗੂ ਕਰਨ ਦੀ ਲੋੜ ਹੈ, ਉੱਥੇ ਹੀ ਜੇਲ੍ਹਾਂ ’ਚ ਕੈਦੀਆਂ ਨੂੰ ਅਧਿਕਾਰੀਆਂ ਦੀ ਮੌਜੂਦਗੀ ’ਚ ਆਪਣੇ ਪਰਿਵਾਰ ਵਾਲਿਆਂ ਨਾਲ ਫੋਨ ’ਤੇ ਗੱਲ ਕਰਨ ਦੀ ਇਜਾਜ਼ਤ ਵੀ ਦਿੱਤੀ ਜਾਣੀ ਚਾਹੀਦੀ ਹੈ।
ਇਸ ਦੇ ਨਾਲ ਹੀ ਗੈਂਗਵਾਰ ਅਤੇ ਹਿੰਸਾ ਵਰਗੀਆਂ ਬੁਰਾਈਆਂ ਰੋਕਣ ਲਈ ਬਿਹਤਰ ਸੁਰੱਖਿਆ ਪ੍ਰਬੰਧਾਂ, ਕੈਦੀਆਂ ’ਤੇ ਨਜ਼ਰ ਰੱਖਣ ਲਈ ਸੀ.ਸੀ.ਟੀ.ਵੀ. ਕੈਮਰੇ ਲਗਾਉਣੇ, ਜੇਲ੍ਹਾਂ ’ਚ ਮੋਬਾਈਲ ਆਦਿ ਲਿਜਾਣ ਅਤੇ ਇਨ੍ਹਾਂ ਦਾ ਇਸਤੇਮਾਲ ਰੋਕਣ ਲਈ ਤੁਰੰਤ ਜੈਮਰ ਲਗਾਉਣਾ ਅਤੇ ਜੇਲ੍ਹਾਂ ’ਚ ਕੈਦੀਆਂ ਨੂੰ ਨਸ਼ਾ ਅਤੇ ਹੋਰ ਪਾਬੰਦੀਸ਼ੁਦਾ ਵਸਤਾਂ ਪਹੁੰਚਾਉਣ ਲਈ ਜ਼ਿੰਮੇਵਾਰ ਕਰਮਚਾਰੀਆਂ ਨੂੰ ਸਖ਼ਤ ਸਜ਼ਾ ਦੇਣਾ ਵੀ ਜ਼ਰੂਰੀ ਹੈ।
-ਵਿਜੇ ਕੁਮਾਰ
ਨਾ ਤੁਸੀਂ ਜਿੱਤੇ ਨਾ ਅਸੀਂ ਹਾਰੇ
NEXT STORY