ਅਮਰੀਕਾ ’ਚ ਇਕ ਮਹੀਨੇ ਦੀ ਛੁੱਟੀ ਤੋਂ ਪਰਤਦੇ ਹੋਏ, ਮੈਂ ਇਸ ਹਫਤੇ ਅੱਧੀ ਰਾਤ ਦੇ ਬਾਅਦ ਦਿੱਲੀ ਪਹੁੰਚੀ, ਤਾਂ ਮੈਨੂੰ ਪ੍ਰਦੂਸ਼ਣ ਸੰਕਟ ਦੀ ਗੰਭੀਰਤਾ ਦਾ ਅਹਿਸਾਸ ਹੋਇਆ। ਕਾਲੇ ਆਸਮਾਨ, ਧੂੜ ਦੀ ਚਾਦਰ, ਗਰਮੀ ਅਤੇ ਸਾਹ ਲੈਣ ’ਚ ਤੰਗੀ ਨੇ ਮੇਰਾ ਸਵਾਗਤ ਕੀਤਾ ਅਤੇ ਮੈਨੂੰ ਕਾਰਵਾਈ ਕਰਨ ਲਈ ਪ੍ਰੇਰਿਤ ਕੀਤਾ। ਇਸ ਹਫਤੇ ਦਿੱਲੀ ’ਚ ਪ੍ਰਦੂਸ਼ਣ ਦਾ ਪੱਧਰ ਆਪਣੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ। ਨਵੀਂ ਦਿੱਲੀ ਖਤਰਨਾਕ ਪੱਧਰ ’ਤੇ ਪਹੁੰਚ ਗਈ ਹੈ, ਜਿਸ ਕਾਰਨ ਸੂਬੇ ਦੇ ਅਧਿਕਾਰੀਆਂ ਨੂੰ ਆਵਾਜਾਈ ਸੀਮਤ ਕਰਨੀ ਪਈ ਅਤੇ ਜ਼ਹਿਰੀਲੇ ਪਦਾਰਥਾਂ ਨੂੰ ਸਾਫ ਕਰਨ ਲਈ ਬਨਾਉਟੀ ਮੀਂਹ ਨੂੰ ਉਤਸ਼ਾਹਿਤ ਕਰਨ ਦੀ ਯੋਜਨਾ ਨੂੰ ਫਿਰ ਤੋਂ ਸ਼ੁਰੂ ਕਰਨਾ ਪਿਆ ਹੈ। ਇਸ ਨੇ ਸ਼ਹਿਰ ਨੂੰ ਸੰਘਣੇ ਭੂਰੇ ਰੰਗ ਦੇ ਧੂੰਏਂ ’ਚ ਢਕਣ ਕਾਰਨ ਸਕੂਲਾਂ ਅਤੇ ਦਫਤਰਾਂ ਨੂੰ ਬੰਦ ਕਰਨ ਲਈ ਮਜਬੂਰ ਕੀਤਾ ਅਤੇ ਤੱਤਕਾਲ ਕਾਰਵਾਈ ਦੀ ਮੰਗ ਕੀਤੀ।
ਬੱਚਿਆਂ ਅਤੇ ਬਾਲਗਾਂ ’ਚ ਸਾਹ ਸੰਬੰਧੀ ਬੀਮਾਰੀਆਂ ਦੀ ਗਿਣਤੀ ਵਧ ਰਹੀ ਹੈ, ਨਾਲ ਹੀ ਹੋਰ ਸਿਹਤ ਸਮੱਸਿਆਵਾਂ ਵੀ। ਉੱਤਰ ਭਾਰਤ ’ਚ ਸਰਦੀਆਂ ’ਚ ਹਰ ਸਾਲ ਧੂੰਆਂ ਪੂਰੇ ਇਲਾਕੇ ਨੂੰ ਢੱਕ ਲੈਂਦਾ ਹੈ ਅਤੇ ਅੱਗ, ਨਿਰਮਾਣ ਅਤੇ ਕਾਰਖਾਨਿਆਂ ’ਚੋਂ ਨਿਕਲਣ ਵਾਲੇ ਹਾਨੀਕਾਰਕ ਪ੍ਰਦੂਸ਼ਕਾਂ ਨੂੰ ਫਸਾ ਲੈਂਦਾ ਹੈ। ਇਹ ਸਮੱਸਿਆ ਉਦੋਂ ਹੋਰ ਵਧ ਜਾਂਦੀ ਹੈ ਜਦੋਂ ਕਿਸਾਨ ਨਵੀਂ ਫਸਲ ਦੀ ਤਿਆਰੀ ਲਈ ਝੋਨੇ ਦੀ ਵਾਢੀ ਦੇ ਬਾਅਦ ਆਪਣੇ ਖੇਤਾਂ ’ਚ ਪਰਾਲੀ ਨੂੰ ਅੱਗ ਲਗਾ ਦਿੰਦੇ ਹਨ।
ਹਰ ਸਾਲ ਇਹੀ ਜਾਂ ਇਸ ਤੋਂ ਵੀ ਭੈੜੀ ਹਾਲਤ ਸਾਹਮਣੇ ਆਉਂਦੀ ਹੈ ਜੋ ਸਮੇਂ ਦੇ ਨਾਲ ਖਤਰਨਾਕ ਪੱਧਰ ਤੱਕ ਪਹੁੰਚ ਜਾਂਦੀ ਹੈ। ਲੋਕ ਗੰਭੀਰ ਪ੍ਰਦੂਸ਼ਣ ਦੇ ਸਾਹਮਣੇ ਖੁਦ ਨੂੰ ਲਾਚਾਰ ਮਹਿਸੂਸ ਕਰਦੇ ਹਨ, ਜਦ ਕਿ ਸਿਆਸੀ ਆਗੂ ਦੋਸ਼ ਲਾਉਣ ਦੀ ਖੇਡ ’ਚ ਲੱਗੇ ਰਹਿੰਦੇ ਹਨ। ਨਤੀਜੇ ਵਜੋਂ, ਜਨਤਾ ਖਰਾਬ ਹਵਾ ਦੀ ਗੁਣਵੱਤਾ ਨੂੰ ਝੱਲਦੀ ਹੈ, ਜੋ ਉਸਦੀ ਸਿਹਤ ਨੂੰ ਗੰਭੀਰ ਖਤਰੇ ’ਚ ਪਾਉਂਦੀ ਹੈ।
ਅਮੀਰ ਲੋਕ ਅਕਸਰ ਸਰਦੀਆਂ ਦੌਰਾਨ ਗਰਮ ਥਾਵਾਂ ’ਤੇ ਚਲੇ ਜਾਂਦੇ ਹਨ ਪਰ ਬੱਚਿਆਂ ਅਤੇ ਬਜ਼ੁਰਗਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਹੁੰਦੀ ਹੈ। ਕਈ ਸਕੂਲ ਬੰਦ ਹੋ ਗਏ ਹਨ ਅਤੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਨਿਰਮਾਣ ਕੰਮ ਰੋਕ ਦਿੱਤੇ ਗਏ ਹਨ ਅਤੇ ਸਰਕਾਰ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਓਡ-ਈਵਨ ਵਾਹਨ ਵਰਤੋਂ ਨੀਤੀ ਲਾਗੂ ਕਰਨ ’ਤੇ ਵਿਚਾਰ ਕਰ ਰਹੀ ਹੈ। ਹਾਲਾਂਕਿ ਇਹ ਸਹੀ ਦਿਸ਼ਾ ’ਚ ਇਕ ਕਦਮ ਹੈ ਪਰ ਵੱਧ ਵਿਆਪਕ ਉਪਾਅ ਜ਼ਰੂਰੀ ਹਨ। ਸੰਕਟ ਦੀ ਗੰਭੀਰਤਾ ਨੂੰ ਪ੍ਰਭਾਵੀ ਹੱਲ ਦੀ ਲੋੜ ਹੈ ਅਤੇ ਇਸ ’ਚ ਹੋਰ ਦੇਰੀ ਸਹਿਣ ਨਹੀਂ ਕੀਤੀ ਜਾ ਸਕਦੀ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ, ਵਿਸ਼ਵ ਸਿਹਤ ਸੰਗਠਨ ਅਤੇ ਹੋਰ ਨਿਗਰਾਨੀ ਏਜੰਸੀਆਂ ਅਨੁਸਾਰ, ਦਿੱਲੀ ਦਾ ਹਵਾ ਗੁਣਵੱਤਾ ਸੂਚਕਅੰਕ (ਏ. ਕਿਊ. ਆਈ.) 1200 ਤੋਂ 1500 ਦਰਮਿਆਨ ਹੈ। ਭਾਰਤ ਦਾ ਏ. ਕਿਊ. ਆਈ. 200 ਤੋਂ ਵੱਧ ਹੋਣ ’ਤੇ ਖਰਾਬ, 300 ਤੋਂ ਵੱਧ ਹੋਣ ’ਤੇ ਬਹੁਤ ਖਰਾਬ ਅਤੇ 400 ਤੋਂ ਵੱਧ ਹੋਣ ’ਤੇ ਗੰਭੀਰ ਜਾਂ ਖਤਰਨਾਕ ਸ਼੍ਰੇਣੀ ’ਚ ਆਉਂਦਾ ਹੈ। ਸਹੀ ਏ. ਕਿਊ. ਆਈ. ਦੀ ਹੱਦ 0 ਤੋਂ 100 ਦੇ ਦਰਮਿਆਨ ਹੈ। ਇਹ ਭਿਆਨਕ ਸਥਿਤੀ ਕੌਮਾਂਤਰੀ ਯਾਤਰੀਆਂ ਅਤੇ ਪ੍ਰਵਾਸੀ ਭਾਰਤੀਆਂ ਨੂੰ ਆਪਣੀਆਂ ਸਾਲਾਨਾ ਯਾਤਰਾਵਾਂ ਦੀ ਯੋਜਨਾ ਬਣਾਉਣ ਤੋਂ ਨਿਰਉਤਸ਼ਾਹਿਤ ਕਰਦੀ ਹੈ।
ਇਸ ਸਥਿਤੀ ਦਾ ਕਾਰਨ ਕੀ ਹੈ?
ਸਰਕਾਰ ਅਤੇ ਸਿਆਸੀ ਆਗੂ ਸਮੱਸਿਆ ਦੇ ਮੂਲ ਕਾਰਨ ਤੋਂ ਚੰਗੀ ਤਰ੍ਹਾਂ ਜਾਣੂ ਹਨ ਪਰ ਦੋਸ਼ ਲਾਉਣ ਦੀ ਖੇਡ ਖੇਡਦੇ ਹਨ। ਸੁਪਰੀਮ ਕੋਰਟ ਨੇ ਸਰਕਾਰ ਨੂੰ ਪ੍ਰਦੂਸ਼ਣ ਨਾਲ ਨਜਿੱਠਣ ਦਾ ਹੁਕਮ ਦਿੱਤਾ ਹੈ। ਅਤੀਤ ’ਚ ਇਸ ਨੇ ਦਿੱਲੀ ’ਚ ਹਵਾ ਦੀ ਗੁਣਵੱਤਾ ’ਚ ਸੁਧਾਰ ਦੇ ਯਤਨਾਂ ਦੀ ਅਗਵਾਈ ਵੀ ਕੀਤੀ ਹੈ। ਪਿਛਲੇ ਮਹੀਨੇ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਕਿ ਸਾਫ-ਸੁਥਰੀ ਹਵਾ ਇਕ ਮੌਲਿਕ ਮਨੁੱਖੀ ਅਧਿਕਾਰ ਹੈ। ਉਸ ਨੇ ਕੇਂਦਰ ਸਰਕਾਰ ਅਤੇ ਸੂਬਾ ਅਧਿਕਾਰੀਆਂ ਦੋਵਾਂ ਨੂੰ ਤੱਤਕਾਲ ਕਾਰਵਾਈ ਕਰਨ ਦਾ ਹੁਕਮ ਦਿੱਤਾ ਹਾਲਾਂਕਿ ਵਾਹਨਾਂ ’ਤੇ ਪਾਬੰਦੀ, ਉਦਯੋਗਾਂ ਸੰਬੰਧੀ ਨਿਯਮ ਅਤੇ ਲੋਕ ਜਾਗਰੂਕਤਾ ਮੁਹਿੰਮ ਵਰਗੇ ਵਧੇਰੇ ਉਪਾਅ, ਖਰਾਬ ਹਵਾ ਦੀ ਗੁਣਵੱਤਾ ਨੂੰ ਰੋਕਣ ’ਚ ਵੱਧ ਅਸਰਦਾਇਕ ਹੋਣੇ ਚਾਹੀਦੇ ਹਨ।
ਆਲੋਚਕ ਸਵਾਲ ਕਰਦੇ ਹਨ ਕਿ ਅਦਾਲਤ ਦੇ ਫੈਸਲੇ ਕਿੰਨੇ ਪ੍ਰਭਾਵੀ ਹਨ ਅਤੇ ਨਿਆਂਪਾਲਿਕਾ ’ਤੇ ਕਾਰਜਕਾਰੀ ਮਾਮਲਿਆਂ ’ਚ ਦਖਲਅੰਦਾਜ਼ੀ ਕਰਨ ਦਾ ਦੋਸ਼ ਲਗਾਉਂਦੇ ਹਨ। ਆਪਣੇ 2024 ਦੇ ਐਲਾਨ ਪੱਤਰ ’ਚ ਦਿੱਲੀ ’ਚ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਪਿਛਲੇ ਲੋਕਾਂ ਦੇ ਉਲਟ ਪ੍ਰਦੂਸ਼ਣ ਨੂੰ ਘਟਾਉਣ ਦੇ ਵਾਅਦੇ ਸ਼ਾਮਲ ਨਹੀਂ ਕੀਤੇ। ਇਸ ਦੀ ਬਜਾਏ ਐਲਾਨ ਪੱਤਰ ਨੇ ਰਾਸ਼ਟਰੀ ਸਵੱਛ ਹਵਾ ਪ੍ਰੋਗਰਾਮ (ਐੱਨ. ਸੀ. ਏ. ਪੀ.) ਅਤੇ ਪ੍ਰਦੂਸ਼ਣ ਨੂੰ ਘਟਾਉਣ ਦੇ ਢੰਗਾਂ ’ਤੇ ਧਿਆਨ ਕੇਂਦ੍ਰਿਤ ਕੀਤਾ। ‘ਆਪ’ ਨੇ ਨਾਗਰਿਕਾਂ ਦੀ ਭਾਈਵਾਲੀ ਦੀ ਲੋੜ ਅਤੇ ਪ੍ਰਦੂਸ਼ਣ ਨੂੰ ਕਾਬੂ ਕਰਨ ਲਈ ਇਲੈਕਟ੍ਰਿਕ ਬੱਸਾਂ ਦੀ ਵਰਤੋਂ ਕਰਨ ਦੀ ਯੋਜਨਾ ’ਤੇ ਰੌਸ਼ਨੀ ਪਾਈ।
ਹੁਣ ਜਦੋਂ ਇਹ ਪ੍ਰਦੂਸ਼ਣ ਇਕ ਖਤਰਨਾਕ ਪੜਾਅ ’ਚ ਪਹੁੰਚ ਗਿਆ ਹੈ, ਤਾਂ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਸੰਬੰਧ ’ਚ ਇਕ ਸੰਤੁਲਿਤ ਨਜ਼ਰੀਆ ਅਪਣਾਉਣਾ ਚਾਹੀਦਾ ਹੈ, ਜੋ ਅਸਲੀ ਦੋਸ਼ੀ ਹਨ। ਹਰ ਸਰਦੀਆਂ ’ਚ ਪਰਾਲੀ ਦੀ ਅੱਗ ਤੋਂ ਨਿਕਲਣ ਵਾਲਾ ਧੂੰਆਂ ਦਿੱਲੀ ਘੇਰ ਲੈਂਦਾ ਹੈ ਅਤੇ ਦਿੱਲੀ ਦੇ ਆਸਮਾਨ ਨੂੰ ਢੱਕ ਲੈਂਦਾ ਹੈ।
ਸੂਬਾ ਸਰਕਾਰਾਂ ਮੰਗ ਕਰਦੀਆਂ ਹਨ ਕਿ ਕੇਂਦਰ ਕਿਸਾਨਾਂ ਨੂੰ ਧੂੰਏਂ ਦੀ ਨਿਕਾਸੀ ਘਟਾਉਣ ’ਚ ਧਨ ਮੁਹੱਈਆ ਕਰਵਾਏ ਪਰ ਇਹ ਸਮੱਸਿਆ ਹਰ ਸਾਲ ਬਣੀ ਰਹਿੰਦੀ ਹੈ। ਇਸ ਦਰਮਿਆਨ ਸਿਆਸਤ ਵੀ ਆਪਣੀ ਭੂਮਿਕਾ ਨਿਭਾਉਂਦੀ ਹੈ। ਕੇਂਦਰ ’ਚ ਭਾਜਪਾ ਦੀ ਸਰਕਾਰ ਹੈ, ਜਦ ਕਿ ਦਿੱਲੀ ਅਤੇ ਪੰਜਾਬ ’ਚ ‘ਆਪ’ ਦੀ ਸਰਕਾਰ ਹੈ, ਕਾਂਗਰਸ ਮੂਕਦਰਸ਼ਕ ਬਣੀ ਹੋਈ ਹੈ। ਇਹ ਵਤੀਰਾ ਪ੍ਰਭਾਵੀ ਯੋਜਨਾ ਨੂੰ ਲਾਗੂ ਕਰਨ ’ਚ ਮਦਦ ਨਹੀਂ ਕਰਦਾ। ਮਾਹਿਰਾਂ ਦਾ ਕਹਿਣਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਅੱਧੇ-ਅਧੂਰੇ ਉਪਾਵਾਂ ਨੂੰ ਛੱਡ ਦਿੱਤਾ ਜਾਵੇ ਅਤੇ ਆਲੋਚਨਾਤਮਕ ਪ੍ਰਤੀਕਿਰਿਆਵਾਂ ਦਾ ਪੂਰਾ ਦਾਇਰਾ ਲਿਆਂਦਾ ਜਾਵੇ।
ਇਸ ਦਰਮਿਆਨ ਦਿੱਲੀ ਨਿਵਾਸੀਆਂ ਨੂੰ ਪ੍ਰਦੂਸ਼ਣ ਨਾਲ ਨਜਿੱਠਣ ਲਈ ਤੇਜ਼ ਹੱਲ ’ਤੇ ਵਿਚਾਰ ਕਰਨਾ ਚਾਹੀਦਾ ਹੈ ਜਿਵੇਂ ਮਾਸਕ ਪਹਿਨਣਾ, ਘਰ ਦੇ ਅੰਦਰ ਹਵਾ ਨੂੰ ਸੋਧਣ ਵਾਲੇ ਬੂਟੇ ਲਾਉਣੇ ਅਤੇ ਅਮੀਰ ਲੋਕਾਂ ਨੂੰ ਏਅਰ ਪਿਊਰੀਫਾਇਰ ਦੀ ਵਰਤੋਂ ਕਰਨੀ, ਭਾਫ ਦਾ ਇਸ਼ਨਾਨ ਕਰਨਾ, ਸੰਤੁਲਿਤ ਭੋਜਣਾ ਖਾਣਾ ਅਤੇ ਆਪਣੇ ਘਰਾਂ ’ਚ ਉਚਿਤ ਵੈਂਟੀਲੇਸ਼ਨ ਯਕੀਨੀ ਬਣਾਉਣਾ।
–ਕਲਿਆਣੀ ਸ਼ੰਕਰ
ਪੂਰੇ ਵਿਸ਼ਵ ਲਈ ਆਦਰਸ਼ ਹੈ ‘ਸਹਿਕਾਰ ਤੋਂ ਖੁਸ਼ਹਾਲੀ’ ਦਾ ਭਾਰਤੀ ਦਰਸ਼ਨ
NEXT STORY