1946 ਵਿਚ ਵਿੰਸਟਨ ਚਰਚਿਲ ਨੇ ਐਲਾਨ ਕੀਤਾ ਕਿ ਯੂਰਪ ਵਿਚ ‘ਬਾਲਟਿਕ ਸਾਗਰ ਦੇ ਸਟੈਟਿਨ ਤੋਂ ਲੈ ਕੇ ਐਡਰਿਆਟਿਕ ਸਾਗਰ ਦੇ ਟ੍ਰਾਈਸਟੇ ਤੱਕ’ ਇਕ ‘ਲੋਹੇ ਦਾ ਪਰਦਾ’ ਡਿੱਗ ਗਿਆ ਹੈ। ਇਸ ਵਾਰ ਪੱਛਮ ਹੀ ਇਹ ਰੁਕਾਵਟਾਂ ਖੜ੍ਹੀਆਂ ਕਰ ਰਿਹਾ ਹੈ।
ਰੂਸ ਅਤੇ ਉਸ ਦੇ ਸਹਿਯੋਗੀ ਬੇਲਾਰੂਸ ਦੀ ਸਰਹੱਦ ਨਾਲ ਲੱਗਦੇ ਹਰ ਯੂਰਪੀ ਦੇਸ਼ ਸੰਭਾਵੀ ਰੂਸੀ ਹਮਲੇ ਤੋਂ ਬਚਾਅ ਲਈ ਸੈਂਕੜੇ ਮੀਲ ਲੰਬੀ ਮਜ਼ਬੂਤ ਸਰਹੱਦ ਬਣਾਉਣ ਦੀਆਂ ਯੋਜਨਾਵਾਂ ’ਚ ਤੇਜ਼ੀ ਲਿਆ ਰਹੇ ਹਨ।
ਕਾਰਨ ਸਪੱਸ਼ਟ ਹਨ। ਸ਼ੀਤ ਯੁੱਧ ਤੋਂ ਬਾਅਦ ਦਾ ਯੂਰਪੀ ਸੁਰੱਖਿਆ ਢਾਂਚਾ ਜੋ ਅੰਤਰਰਾਸ਼ਟਰੀ ਸੰਸਥਾਵਾਂ ਅਤੇ ਵਪਾਰ ਨੂੰ ਮਜ਼ਬੂਤ ਕਰਨ, ਨਾਟੋ ਦੇ ਵਿਸਥਾਰ ਅਤੇ ਅਮਰੀਕੀ ਫੌਜੀ ਗਾਰੰਟੀਆਂ ’ਤੇ ਨਿਰਭਰ ਸੀ, ਕਮਜ਼ੋਰ ਹੋ ਰਿਹਾ ਹੈ।
ਫਿਨਲੈਂਡ : ਰੂਸ ਦੇ ਨਾਲ 832 ਮੀਲ ਦੀ ਸਰਹੱਦ ਸਾਂਝੀ ਕਰਦੇ ਹੋਏ, ਫਿਨਲੈਂਡ ਨੇ 2023 ’ਚ ਇਕ ਦੀਵਾਰ ਬਣਾਉਣ ਦਾ ਪ੍ਰਸਤਾਵ ਰੱਖਿਆ ਸੀ ਜੋ ਉਸ ਦੀ ਸੀਮਾ ਦੇ ਲਗਭਗ 15 ਫੀਸਦੀ ਹਿੱਸੇ ਨੂੰ ਕਵਰ ਕਰੇਗੀ, ਜਿਸ ਦੀ ਲਾਗਤ 400 ਮਿਲੀਅਨ ਅਮਰੀਕੀ ਡਾਲਰ (297 ਮਿਲੀਅਨ ਪਾਊਂਡ) ਤੋਂ ਜ਼ਿਆਦਾ ਹੋਵੇਗੀ ਅਤੇ ਉਮੀਦ ਹੈ ਕਿ ਇਹ 2026 ਤੱਕ ਪੂਰੀ ਹੋ ਜਾਵੇਗੀ।
2022 ’ਚ ਯੂਕ੍ਰੇਨ ’ਤੇ ਰੂਸ ਦੇ ਹਮਲੇ ਤੋਂ ਪ੍ਰੇਰਿਤ ਹੋ ਕੇ ਅਤੇ ਨਾਲ ਹੀ ਭਰਤੀ ਤੋਂ ਬਚਣ ਲਈ ਫਿਨਲੈਂਡ ਭੱਜ ਰਹੇ ਰੂਸੀਆਂ ਦੀ ਵਧਦੀ ਿਗਣਤੀ ਦੇ ਕਾਰਨ ਵੀ। ਫਿਨਲੈਂਡ ਦੀ ਸਰਕਾਰ ਨੇ ਜੁਲਾਈ 2023 ’ਚ ਇਕ ਕਾਨੂੰਨ ਪਾਸ ਕੀਤਾ ਜਿਸ ’ਚ ਮਜ਼ਬੂਤ ਅਤੇ ਉੱਚੀ ਵਾੜ ਲਗਾਉਣ ਦੀ ਵਿਵਸਥਾ ਸੀ ਕਿਉਂਕਿ ਪਿਛਲੀਆਂ ਲੱਕੜ ਦੀਆਂ ਵਾੜਾਂ ਸਿਰਫ ਮਵੇਸ਼ੀਆਂ ਨੂੰ ਸਰਹੱਦ ਪਾਰ ਕਰਨ ਤੋਂ ਰੋਕਣ ਲਈ ਬਣਾਈਆਂ ਗਈਆਂ ਸਨ। ਦੇਸ਼ ਦੇ ਸਭ ਤੋਂ ਦੱਖਣੀ ਹਿੱਸੇ ’ਚ ਵੱਡੀਆਂ ਰੁਕਾਵਟਾਂ ਦੇ ਨਾਲ 8 ਸਰਹੱਦੀ ਚੌਕੀਆਂ (ਆਰਕਟਿਕ ਸਰਕਲ ਦੇ ਉਤਰ ਸਮੇਤ) ਸਥਾਪਿਤ ਕੀਤੀਆਂ ਗਈਆਂ।
ਇੱਥੋਂ ਤੱਕ ਕਿ ਉੱਤਰ-ਪੂਰਬੀ ਫਿਨਲੈਂਡ ਦੇ ਦੂਰਦਰਾਜ ਦੇ ਇਲਾਕਿਆਂ ’ਚ ਵੀ ਸੁਰੱਖਿਆ ਵਿਵਸਥਾ ਬਣਾਈ ਜਾ ਰਹੀ ਹੈ, ਿਜੱਥੇ ਬਹੁਤ ਪਹਿਲਾਂ ਤੱਕ ਰੂਸੀ ਅਤੇ ਫਿਨਲੈਂਡ ਦੇ ਲੋਕਾਂ ਦਾ ਨਿਯਮਿਤ ਰੂਪ ਨਾਲ ਕਰਿਆਨੇ ਦਾ ਸਾਮਾਨ ਖਰੀਦਣ ਲਈ ਸਰਹੱਦ ਪਾਰ ਆਉਣਾ-ਜਾਣਾ ਲੱਗਿਆ ਰਹਿੰਦਾ ਸੀ।
ਐਸਟੋਨੀਆ, ਲਾਤਵੀਆ, ਲਿਥੁਆਨੀਆ ਅਤੇ ਪੋਲੈਂਡ : ਫਿਨਲੈਂਡ ਅਜਿਹਾ ਪਹਿਲਾ ਦੇਸ਼ ਨਹੀਂ ਹੈ। ਅਗਸਤ 2015 ਵਿਚ, ਐਸਟੋਨੀਆ ਨੇ ਐਲਾਨ ਕੀਤਾ ਸੀ ਕਿ ਉਹ 2014 ਵਿਚ ਮਾਸਕੋ ਦੁਆਰਾ ਕਰੀਮੀਆ ’ਤੇ ਕਬਜ਼ੇ ਤੋਂ ਬਾਅਦ ਰੂਸ ਦੇ ਨਾਲ ਆਪਣੀ ਪੂਰਬੀ ਸਰਹੱਦ ’ਤੇ ਵਾੜ ਲਗਾਏਗਾ।
2024 ਵਿਚ ਬਾਲਟਿਕ ਰਾਜਾਂ ਅਤੇ ਪੋਲੈਂਡ ਨੇ ਇਕ ਰੱਖਿਆਤਮਕ ਕੰਧ ਨਾਲ ਆਪਣੀਆਂ ਸਰਹੱਦਾਂ ਨੂੰ ਹੋਰ ਮਜ਼ਬੂਤ ਕਰਨ ਦਾ ਪ੍ਰਸਤਾਵ ਰੱਖਿਆ। ਇਹ ਕੰਧ 434 ਮੀਲ ਲੰਬੀ ਹੋਵੇਗੀ ਅਤੇ ਇਸ ਦੀ ਲਾਗਤ 2 ਅਰਬ ਪੌਂਡ ਤੋਂ ਵੱਧ ਹੋਵੇਗੀ। ਬਾਲਟਿਕ ਰਾਜਾਂ ਦੇ ਨੇਤਾਵਾਂ ਨੂੰ ਚਿੰਤਾ ਹੈ ਕਿ ਯੂਕ੍ਰੇਨ ਅਤੇ ਰੂਸ ਵਿਚਕਾਰ ਜੰਗਬੰਦੀ ਦੀ ਸੰਭਾਵਨਾ ਦਾ ਮਤਲਬ ਇਹ ਹੋ ਸਕਦਾ ਹੈ ਕਿ ਮਾਸਕੋ ਆਪਣੀ ਫੌਜ ਨੂੰ ਉਨ੍ਹਾਂ ਵੱਲ ਮੋੜ ਦੇਵੇ।
ਲਾਤਵੀਆ ਅਗਲੇ ਕੁਝ ਸਾਲਾਂ ਵਿਚ ਰੂਸ ਨਾਲ ਆਪਣੀ 240-ਮੀਲ ਲੰਬੀ ਸਰਹੱਦ ਨੂੰ ਮਜ਼ਬੂਤ ਕਰਨ ਲਈ ਲਗਭਗ 35 ਕਰੋੜ ਅਮਰੀਕੀ ਡਾਲਰ ਦਾ ਨਿਵੇਸ਼ ਕਰੇਗਾ, ਜਦੋਂ ਕਿ ਲਿਥੁਆਨੀਆ ਸੰਭਾਵੀ ਰੂਸੀ ਹਮਲੇ ਦੇ ਵਿਰੁੱਧ 30-ਮੀਲ ਲੰਬੀ ਰੱਖਿਆ ਲਕੀਰ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ। ਪੋਲੈਂਡ ਨੇ ਮਾਸਕੋ ਦੇ ਸੰਭਾਵੀ ਸਹਿਯੋਗੀਆਂ ਤੋਂ ਆਪਣੀ ਸੁਰੱਖਿਆ ਲਈ ਬੇਲਾਰੂਸ ਦੇ ਨਾਲ ਆਪਣੀ ਸਰਹੱਦ ’ਤੇ ਇਕ ਸਥਾਈ ਵਾੜ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ।
ਇਨ੍ਹਾਂ ਕੰਧਾਂ ਦੇ ਨਾਲ ਹੋਰ ਭੌਤਿਕ ਰੁਕਾਵਟਾਂ ਹੋਣਗੀਆਂ ਜਿਵੇਂ ਕਿ ਐਂਟੀ-ਟੈਂਕ ਖੱਡਾਂ, 15-ਟਨ ਕੰਕਰੀਟ ਡਰੈਗਨ ਦੰਦ (ਜੋ ਰੂਸੀ ਟੈਂਕਾਂ ਨੂੰ ਅੱਗੇ ਵਧਣ ਤੋਂ ਰੋਕ ਸਕਦੇ ਹਨ), ਵਿਸ਼ਾਲ ਕੰਕਰੀਟ ਬਲਾਕ ਅਤੇ ਪਿਰਾਮਿਡ, ਬੈਰੀਕੇਡ, ਵੱਡੇ ਧਾਤੂ ਦੇ ਗੇਟ, ਮਾਈਨ ਕੀਤੇ ਖੇਤਰ ਅਤੇ ਬਲਾਕ ਕੀਤੇ ਪੁਲ।
ਲਿਥੁਆਨੀਆ 30 ਮੀਲ ਤੱਕ ਦੇ ਸੁਧਾਰਤਮਕ ਖੱਡਾਂ, ਬੰਬਾਰੀ ਲਈ ਤਿਆਰ ਪੁਲਾਂ ਅਤੇ ਲੋੜ ਪੈਣ ’ਤੇ ਸੜਕਾਂ ’ਤੇ ਡੇਗੇ ਜਾਣ ਵਾਲੇ ਦਰੱਖਤਾਂ ਦੀ ਯੋਜਨਾ ਬਣਾ ਰਿਹਾ ਹੈ।
ਬਾਲਟਿਕ ਦੇਸ਼ ਰੂਸੀ ਸਰਹੱਦ ਦੇ ਨਾਲ 600-ਮੀਲ ਦੇ ਖੇਤਰ ਨੂੰ ਹੋਰ ਸੁਰੱਖਿਅਤ ਕਰਨ ਲਈ 1,000 ਤੋਂ ਵੱਧ ਬੰਕਰ, ਗੋਲਾ ਬਾਰੂਦ ਡਿਪੂ ਅਤੇ ਸਪਲਾਈ ਸ਼ੈਲਟਰ ਵੀ ਬਣਾ ਰਹੇ ਹਨ। ਬੰਕਰ ਲਗਭਗ 377 ਵਰਗ ਫੁੱਟ ਦੇ ਹੋਣ ਦੀ ਉਮੀਦ ਹੈ, ਜਿਨ੍ਹਾਂ ’ਚ 10 ਸੈਨਿਕ ਰਹਿ ਸਕਦੇ ਹਨ ਅਤੇ ਰੂਸੀ ਤੋਪਖਾਨੇ ਦੇ ਹਮਲਿਆਂ ਦਾ ਸਾਹਮਣਾ ਕਰ ਸਕਦੇ ਹਨ।
ਬਾਲਟਿਕ ਦੇਸ਼ਾਂ ਦੇ ਨਾਲ-ਨਾਲ ਫਿਨਲੈਂਡ ਅਤੇ ਪੋਲੈਂਡ ਨੇ 2025 ਵਿਚ ਐਲਾਨ ਕੀਤਾ ਕਿ ਉਹ 1997 ਦੀ ਉਸ ਅੰਤਰਰਾਸ਼ਟਰੀ ਸੰਧੀ ਤੋਂ ਹਟ ਜਾਣਗੇ ਜਿਸ ’ਚ ਐਂਟੀਪਰਸਨਲ ਬਾਰੁਦੀ ਸੁਰੰਗਾਂ ’ਤੇ ਪਾਬੰਦੀ ਲਗਾਈ ਗਈ ਸੀ, ਜਦੋਂ ਕਿ ਲਿਥੁਆਨੀਆ ਨੇ ਕਲੱਸਟਰ ਬੰਬ ਸੰਧੀ ਦੇ ਆਪਣੇ ਵਾਅਦੇ ਨੂੰ ਰੱਦ ਕਰ ਦਿੱਤਾ। ਪੋਲੈਂਡ ਨੇ ਜੂਨ 2025 ਵਿਚ ਐਲਾਨ ਕੀਤਾ ਕਿ ਉਸ ਨੇ ਆਪਣੀ ‘ਈਸਟ ਸ਼ੀਲਡ’ ਸਰਹੱਦੀ ਯੋਜਨਾਵਾਂ ਵਿਚ ਬਾਰੂਦੀ ਸੁਰੰਗਾਂ ਨੂੰ ਸ਼ਾਮਲ ਕਰ ਲਿਆ ਹੈ।
ਡਰੋਨ ਦੀਵਾਰ ਦਾ ਨਿਰਮਾਣ : ਸਰਹੱਦੀ ਸੁਰੱਖਿਆ ਚੌਕੀਆਂ ਨਵੀਨਤਮ ਤਕਨਾਲੋਜੀ, ਸ਼ੁਰੂਆਤੀ ਚਿਤਾਵਨੀ ਪ੍ਰਣਾਲੀਆਂ ਅਤੇ ਤੋਪਖਾਨਾ ਇਕਾਈਆਂ ਦੀ ਵਰਤੋਂ ਕਰਨਗੀਆਂ। ਲਿਥੁਆਨੀਆ, ਲਾਤਵੀਆ, ਐਸਟੋਨੀਆ, ਪੋਲੈਂਡ, ਫਿਨਲੈਂਡ ਅਤੇ ਨਾਰਵੇ ਨੇ 2024 ਵਿਚ ਰੀਗਾ ਵਿਚ ਮੁਲਾਕਾਤ ਕਰ ਕੇ ਆਪਣੀਆਂ ਸਰਹੱਦਾਂ ਦੀ ਰੱਖਿਆ ਲਈ 1,850 ਮੀਲ ਲੰਬੀ ‘ਡਰੋਨ ਦੀਵਾਰ’ ਬਣਾਉਣ ਦੀ ਯੋਜਨਾ ਸ਼ੁਰੂ ਕਰਨ ਦੇ ਲਈ 2024 ’ਚ ਰੀਗਾ ਬੈਠਕ ਕੀਤੀ। ਇਸ ਡਰੋਨ ਦੀਵਾਰ ਵਿਚ ਇਕ ਸੈਂਸਰ ਨੈੱਟਵਰਕ ਹੋਵੇਗਾ, ਜਿਸ ਵਿਚ ਰਾਡਾਰ ਅਤੇ ਇਲੈਕਟ੍ਰਾਨਿਕ ਯੁੱਧ ਉਪਕਰਣ ਸ਼ਾਮਲ ਹੋਣਗੇ ਜੋ ਰੂਸੀ ਡਰੋਨਾਂ ਦੀ ਪਛਾਣ ਕਰਨਗੇ ਅਤੇ ਉਨ੍ਹਾਂ ਨੂੰ ਨਸ਼ਟ ਕਰਨਗੇ।
ਇਤਿਹਾਸਕ ਸਮਾਨਤਾਵਾਂ : ਰੂਸ ਦੀ ਸਰਹੱਦ ਨਾਲ ਲੱਗੇ ਦੇਸ਼ਾਂ ਦਾ ਸਹਿਯੋਗ ਅਤੇ ਇਲਾਕੇ ਦੀ ਸਮਝ, ‘ਮੈਜਿਨਾਟ ਲਾਈਨ’ ਦੀਆਂ ਅਸਫਲਤਾਵਾਂ ਤੋਂ ਬਚਣ ਲਈ ਬੇਹੱਦ ਜ਼ਰੂਰੀ ਹੈ ‘ਮੈਜਿਨਾਟ ਲਾਈਨ’, 1930 ਦੇ ਦਹਾਕੇ ਵਿਚ ਫਰਾਂਸ ਦੁਆਰਾ ਆਪਣੀਆਂ ਸਰਹੱਦਾਂ ’ਤੇ ਬਣਾਈਆਂ ਗਈਆਂ ਰੱਖਿਆਤਮਕ ਰੁਕਾਵਟਾਂ ਦਾ ਇਕ ਹਿੱਸਾ ਸੀ ਅਤੇ ਜੋ ਵਿਸ਼ਵ ਯੁੱਧ ਵਿਚ ਜਰਮਨ ਹਮਲੇ ਨੂੰ ਰੋਕਣ ਵਿਚ ਅਸਫਲ ਰਹੀਆਂ ਸਨ। ਉਸ ਸਥਿਤੀ ਵਿਚ ਇਹ ਮੰਨ ਲਿਆ ਗਿਆ ਸੀ ਕਿ ਜਰਮਨ ਬੈਲਜੀਅਮ ਦੇ ਆਰਡੀਨੈਂਸ ਜੰਗਲ ਤੋਂ ਹੋ ਕੇ ਨਹੀਂ ਲੰਘ ਸਕਦੇ।
‘ਮੈਜਿਨਾਟ ਲਾਈਨ’ ਦੀ ਕਿਲੇਬੰਦੀ ਨੇ ਜਰਮਨ ਨੂੰ ਆਪਣੇ ਹਮਲੇ ਦੀਆਂ ਯੋਜਨਾਵਾਂ ’ਤੇ ਮੁੜ ਵਿਚਾਰ ਕਰਨ ਲਈ ਮਜਬੂਰ ਕੀਤਾ ਪਰ ਬੈਲਜੀਅਮ ਅਸੁਰੱਖਿਅਤ ਬਣਿਆ ਰਿਹਾ।
ਅੱਜ, ਯੂਰਪੀਅਨ ਰਾਸ਼ਟਰ ਜਾਣਦੇ ਹਨ ਕਿ ਉਹ ਰੂਸੀ ਹਮਲੇ ਨੂੰ ਪੂਰੀ ਤਰ੍ਹਾਂ ਨਾਲ ਨਹੀਂ ਰੋਕ ਸਕਦੇ ਪਰ ਉਹ ਸ਼ਾਇਦ ਰੂਸੀ ਹਮਲੇ ਦੀ ਪ੍ਰਕਿਰਤੀ ਨੂੰ ਆਕਾਰ ਦੇ ਸਕਦੇ ਹਨ। ਇਨ੍ਹਾਂ ਰੁਕਾਵਟਾਂ ਦਾ ਉਦੇਸ਼ ਕਿਸੇ ਵੀ ਹਮਲੇ ਦੇ ਸਥਾਨ ਨੂੰ ਰੋਕਣਾ ਅਤੇ ਕੰਟਰੋਲ ਕਰਨਾ ਦੋਵੇਂ ਹੈ।
ਨਤਾਸ਼ਾ ਲਿੰਡਸਟੇਡਟ
ਬਿਹਾਰ ਵਿਚ ‘ਐੱਸ. ਆਈ. ਆਰ.’ ’ਤੇ ਸੁਪਰੀਮ ਕੋਰਟ ਨੇ ਖੋਲ੍ਹੀ ਕਾਂਗਰਸ ਦੀ ਪੋਲ
NEXT STORY