ਅੱਜ ਇਕ ਪਾਸੇ ਪਾਕਿਸਤਾਨ ਤੋਂ ਡਰੋਨਾਂ ਅਤੇ ਹੋਰ ਮਾਧਿਅਮਾਂ ਨਾਲ ਭਾਰਤ ’ਚ ਹਥਿਆਰ ਅਤੇ ਨਸ਼ੇ ਭਿਜਵਾਏ ਜਾ ਰਹੇ ਹਨ ਤਾਂ ਦੂਜੇ ਪਾਸੇ ਰਾਸ਼ਟਰ ਵਿਰੋਧੀ ਤੱਤਾਂ ਨੇ ਭਾਰਤ ’ਚ ਨਾਜਾਇਜ਼ ਹਥਿਆਰਾਂ ਦਾ ਨਿਰਮਾਣ ਅਤੇ ਸਮੱਗਲਿੰਗ ਸ਼ੁਰੂ ਕੀਤੀ ਹੋਈ ਹੈ। ਇਹ ਸਥਿਤੀ ਕਿੰਨੀ ਗੰਭੀਰ ਹੋ ਚੁੱਕੀ ਹੈ ਇਹ ਹੇਠਾਂ ਦਰਜ ਪਿਛਲੇ ਇਕ ਮਹੀਨੇ ਦੀਆਂ ਉਦਾਹਰਣਾਂ ਤੋਂ ਸਪੱਸ਼ਟ ਹੈ :
* 6 ਜੁਲਾਈ ਨੂੰ ‘ਮੁਜ਼ੱਫਰਨਗਰ’ (ਉੱਤਰ ਪ੍ਰਦੇਸ਼) ’ਚ ‘ਬੁਢਾਨਾ’ ਦੇ ਇਕ ਪਿੰਡ ਦੇ ਖੰਡਰ ’ਚ ਚੱਲ ਰਹੀ ਨਾਜਾਇਜ਼ ਹਥਿਆਰ ਫੈਕਟਰੀ ’ਤੇ ਛਾਪਾ ਮਾਰ ਕੇ ਪੁਲਸ ਨੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 20 ਤਮੰਚੇ ਅਤੇ 4 ਬੰਦੂਕਾਂ ਤੋਂ ਇਲਾਵਾ ਹਥਿਆਰ ਬਣਾਉਣ ਦੇ ਔਜ਼ਾਰ ਬਰਾਮਦ ਕੀਤੇ।
* 23 ਜੁਲਾਈ ਨੂੰ ‘ਵਾਰਾਣਸੀ’ (ਉੱਤਰ ਪ੍ਰਦੇਸ਼) ਦੇ ਇਕ ਮਕਾਨ ’ਚ ਚਲਾਈ ਜਾ ਰਹੀ ਨਾਜਾਇਜ਼ ਹਥਿਆਰ ਬਣਾਉਣ ਦੀ ਫੈਕਟਰੀ ’ਚੋਂ ਪੁਲਸ ਨੇ ‘ਮਿਠਾਈ ਲਾਲ’ ਨਾਂ ਦੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ ਭਾਰੀ ਮਾਤਰਾ ’ਚ ਨਾਜਾਇਜ਼ ਹਥਿਆਰ ਅਤੇ ਹਥਿਆਰ ਬਣਾਉਣ ਦੇ ਔਜ਼ਾਰ ਬਰਾਮਦ ਕੀਤੇ।
* 23 ਜੁਲਾਈ ਨੂੰ ਹੀ ‘ਬਾਂਦਾ’ (ਉੱਤਰ ਪ੍ਰਦੇਸ਼) ’ਚ ਨਾਜਾਇਜ਼ ਹਥਿਆਰ ਫੈਕਟਰੀ ’ਚੋਂ ਪੁਲਸ ਨੇ 12 ਦੇਸੀ ਪਿਸਤੌਲਾਂ ਦੇ ਨਾਲ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ।
* 23 ਜੁਲਾਈ ਨੂੰ ਹੀ ‘ਕਾਨਪੁਰ’ (ਉੱਤਰ ਪ੍ਰਦੇਸ਼) ’ਚ ਫੜੀ ਗਈ ਇਕ ਨਾਜਾਇਜ਼ ਹਥਿਆਰ ਬਣਾਉਣ ਦੀ ਫੈਕਟਰੀ ’ਚੋਂ ਤਿੰਨ ਪਿਸਤੌਲ, ਇਕ ਅੱਧ ਬਣੀ ਰਿਵਾਲਵਰ, 12 ਜ਼ਿੰਦਾ ਕਾਰਤੂਸ, 5 ਮੈਗਜ਼ੀਨ, ਡਰਿੱਲ ਮਸ਼ੀਨ, ਕਟਰ ਮਸ਼ੀਨ, ਗਰਾਈਂਡਰ ਬਲੇਡ, ਸਪਰਿੰਗ, ਸਟੀਲ ਰਾਡ, ਲੋਹੇ ਦੀ ਪਲੇਟ ਅਤੇ ਹੋਰ ਔਜ਼ਾਰ ਬਰਾਮਦ ਕੀਤੇ।
* 1 ਅਗਸਤ ਨੂੰ ‘ਅਲੀਗੜ੍ਹ’ (ਉੱਤਰ ਪ੍ਰਦੇਸ਼) ਦੇ ‘ਤਵਾਰਸੀ’ ਥਾਣਾ ਖੇਤਰ ’ਚ ਪੁਲਸ ਨੇ ਇਕ ਖਸਤਾਹਾਲ ਇਮਾਰਤ ’ਚ ਦੇਸੀ ਹਥਿਆਰ ਬਣਾਉਣ ਵਾਲੀ ਨਾਜਾਇਜ਼ ਫੈਕਟਰੀ ਦਾ ਪਰਦਾਫਾਸ਼ ਕਰ ਕੇ ਮੌਕੇ ’ਤੇ 10 ਤਮੰਚਿਆਂ ਤੋਂ ਇਲਾਵਾ ਵੱਡੀ ਮਾਤਰਾ ’ਚ ਇਨ੍ਹਾਂ ਦੇ ਨਿਰਮਾਣ ’ਚ ਵਰਤਿਆ ਜਾਣ ਵਾਲਾ ਸਾਮਾਨ ਬਰਾਮਦ ਕੀਤਾ। ਇਸ ਸਿਲਸਿਲੇ ’ਚ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਦਕਿ 2 ਅਜੇ ਤੱਕ ਫਰਾਰ ਹਨ।
* 2 ਅਗਸਤ ਨੂੰ ‘ਸੀਤਾਮੜੀ’ (ਬਿਹਾਰ) ਜ਼ਿਲੇ ਦੀ ਪੁਲਸ ਨੇ ‘ਸੀਤਾਮੜੀ’ ਅਤੇ ਸ਼ਿਵਹਰ ਜ਼ਿਲਿਆਂ ’ਚ ਨਾਜਾਇਜ਼ ਹਥਿਆਰ ਬਣਾਉਣ ਵਾਲੀਆਂ 2 ਫੈਕਟਰੀਆਂ ਦਾ ਪਰਦਾਫਾਸ਼ ਕਰ ਕੇ ਗ੍ਰਿਫਤਾਰ ਕੀਤੇ ਗਏ ਤਿੰਨ ਮੁਲਜ਼ਮਾਂ ਤੋਂ ਬੰਦੂਕਾਂ, ਦੇਸੀ ਕੱਟਿਆਂ ਅਤੇ ਕਾਰਤੂਸਾਂ ਦੀ ਬਰਾਮਦਗੀ ਦੇ ਨਾਲ-ਨਾਲ ਹਥਿਆਰ ਬਣਾਉਣ ਦੇ ਔਜ਼ਾਰ ਅਤੇ ਗਾਹਕਾਂ ਵਲੋਂ ਮੰਗਵਾਏ ਜਾਣ ਵਾਲੇ ਹਥਿਆਰਾਂ ਦੀ ਕੋਰੀਅਰ ਰਾਹੀਂ ਭੇਜੀ ਗਈ ਸੂਚੀ ਜ਼ਬਤ ਕੀਤੀ।
* 2 ਅਗਸਤ ਨੂੰ ਹੀ ‘ਦਿੱਲੀ’ ਪੁਲਸ ਨੇ ‘ਰਾਜਸਥਾਨ’ ਦੇ ‘ਭਰਤਪੁਰ’ ’ਚ ਇਕ ਨਾਜਾਇਜ਼ ਹਥਿਆਰ ਫੈਕਟਰੀ ਦਾ ਭਾਂਡਾ ਭੰਨ ਕੇ ਇਸ ਨੈੱਟਵਰਕ ਦੇ ਸਰਗਣੇ ‘ਬਿਲਾਲ’ ਅਤੇ ਸਪਲਾਇਰ ‘ਸਾਹਿਲ’ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਦੇ ਦੱਸਣ ’ਤੇ ਜ਼ਮੀਨ ਦੇ ਹੇਠਾਂ ਦਬਾਅ ਕੇ ਰੱਖੇ ਗਏ 18 ਨਾਜਾਇਜ਼ ਦੇਸੀ ਪਿਸਤੌਲ ਅਤੇ ਨਾਜਾਇਜ਼ ਹਥਿਆਰਾਂ ਦੇ ਨਿਰਮਾਣ ’ਚ ਵਰਤੇ ਜਾਣ ਵਾਲੇ ਔਜ਼ਾਰ ਬਰਾਮਦ ਕੀਤੇ।
* ਅਤੇ ਹੁਣ 6 ਅਗਸਤ ਨੂੰ ‘ਪਿਲਖੁਵਾ’ (ਉੱਤਰ ਪ੍ਰਦੇਸ਼) ਦੇ ‘ਮੁਕੀਮਪੁਰ’ ਦੇ ਜੰਗਲ ’ਚ ਛਾਪਾ ਮਾਰ ਕੇ ਪੁਲਸ ਨੇ ਇਕ ਨਾਜਾਇਜ਼ ਤਮੰਚਾ ਫੈਕਟਰੀ ਤੋਂ ਤਿੰਨ ਅੱਧ ਬਣੇ ਤਮੰਚਿਆਂ ਤੋਂ ਇਲਾਵਾ ਭਾਰੀ ਮਾਤਰਾ ’ਚ ਹਥਿਆਰ ਬਣਾਉਣ ’ਚ ਵਰਤਿਆ ਜਾਣ ਵਾਲਾ ਸਾਮਾਨ ਬਰਾਮਦ ਕਰ ਕੇ ਇਕ ਬਦਮਾਸ਼ ਨੂੰ ਗ੍ਰਿਫਤਾਰ ਕੀਤਾ।
* 6 ਅਗਸਤ ਨੂੰ ਹੀ ‘ਜਮੁਈ’ (ਬਿਹਾਰ) ਦੇ ‘ਹਰਖਾਰ’ ਪਿੰਡ ਦੇ ਸਰਪੰਚ ‘ਮੁੰਨਾ ਸਾਵ’ ਦੇ ਘਰ ਛਾਪੇਮਾਰੀ ਦੌਰਾਨ ਉੱਥੇ ਚਲਾਈ ਜਾ ਰਹੀ ਨਾਜਾਇਜ਼ ਹਥਿਆਰ ਬਣਾਉਣ ਦੀ ਮਿੰਨੀ ਫੈਕਟਰੀ ’ਚੋਂ ਭਾਰੀ ਗਿਣਤੀ ’ਚ ਬਣੇ ਅਤੇ ਅੱਧ ਬਣੇ ਹਥਿਆਰ ਅਤੇ ਹਥਿਆਰ ਬਣਾਉਣ ’ਚ ਵਰਤੇ ਜਾਣ ਵਾਲੇ ਔਜ਼ਾਰ ਬਰਾਮਦ ਹੋਏ।
ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਆਪਣੇ ਦੇਸ਼ ’ਚ ਜਗ੍ਹਾ-ਜਗ੍ਹਾ ਨਾਜਾਇਜ਼ ਹਥਿਆਰ ਬਣਾਉਣ ਦੀਆਂ ਫੈਕਟਰੀਆਂ ਲੱਗੀਆਂ ਹੋਈਆਂ ਹਨ ਅਤੇ ਇਹ ਤਾਂ ਸਿਰਫ ਉਹ ਘਟਨਾਵਾਂ ਹਨ ਜੋ ਅਖਬਾਰਾਂ ’ਚ ਛਪੀਆਂ ਹਨ, ਇਨ੍ਹਾਂ ਦੇ ਇਲਾਵਾ ਵੀ ਦੇਸ਼ ’ਚ ਪਤਾ ਨਹੀਂ ਕਿੰਨੇ ਅਜਿਹਾ ਕਾਰਖਾਨੇ ਚੱਲ ਰਹੇ ਹੋਣਗੇ।
ਇਸ ਲਈ ਇਨ੍ਹਾਂ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਕਰ ਕੇ ਦੇਸ਼ ਦੀਆਂ ਜੜ੍ਹਾਂ ਕੱਟਣ ਦੀਆਂ ਸਾਜ਼ਿਸ਼ਾਂ ਰਚਣ ਵਾਲੇ ਅਜਿਹੇ ਦੇਸ਼ਧ੍ਰੋਹੀਆਂ ਦੀਆਂ ਜੜ੍ਹਾਂ ਤੱਕ ਪਹੁੰਚਣ ਅਤੇ ਉਨ੍ਹਾਂ ਨੂੰ ਜੜ੍ਹੋਂ ਤਬਾਹ ਕਰਨ ਲਈ ਸਰਕਾਰ ਨੂੰ ਤੁਰੰਤ ਸਖਤ ਤੋਂ ਸਖਤ ਕਦਮ ਚੁੱਕਣ ਦੀ ਲੋੜ ਹੈ ਤਾਂ ਕਿ ਅਜਿਹੇ ਨਾਜਾਇਜ਼ ਹਥਿਆਰਾਂ ਦੀ ਵਰਤੋਂ ਨਾਲ ਹੋਣ ਵਾਲੇ ਜਾਨ ਮਾਲ ਦੇ ਨੁਕਸਾਨ ਤੋਂ ਬਚਿਆ ਜਾ ਸਕੇ।
–ਵਿਜੇ ਕੁਮਾਰ
ਟਰੰਪ ਦਾ ਟੈਰਿਫ ਕਾਰਡ ਲੰਬੇ ਸਮੇਂ ਤੱਕ ਨਹੀਂ ਚੱਲੇਗਾ
NEXT STORY