ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀਆਂ ਅਰਥਵਿਵਸਥਾਵਾਂ ਵਿਚੋਂ ਇਕ ਹੈ। ਇਹ ਪ੍ਰਾਚੀਨ ਗਿਆਨ ਅਤੇ ਆਧੁਨਿਕ ਤਰੱਕੀ ਦਾ ਸੁਮੇਲ ਹੈ। ਇਹ ਸੱਭਿਆਚਾਰਕ ਅਤੇ ਧਾਰਮਿਕ ਤੌਰ ’ਤੇ ਵਿਭਿੰਨਤਾ ਭਰਿਆ ਹੈ, ਜੋ ਸਾਰੇ ਧਰਮਾਂ ਲਈ ਸਹਿਣਸ਼ੀਲਤਾ ਅਤੇ ਆਪਸੀ ਸਤਿਕਾਰ ਦਾ ਮਾਹੌਲ ਪੈਦਾ ਕਰਦਾ ਹੈ। ਵੱਖ-ਵੱਖ ਧਰਮਾਂ ਦੇ ਲੋਕ ਸੁਹਿਰਦਤਾ ਨਾਲ ਰਹਿ ਸਕਦੇ ਹਨ। ਭਾਰਤ ਬਿਨਾਂ ਸ਼ੱਕ ਦੁਨੀਆ ਦੇ ਸਭ ਤੋਂ ਆਕਰਸ਼ਕ ਸਥਾਨਾਂ ਵਿਚੋਂ ਇਕ ਹੈ।
ਵਿਦੇਸ਼ਾਂ ਵਿਚ ਭਾਰਤੀ ਯਾਤਰੀਆਂ ਦੀ ਵਧਦੀ ਗਿਣਤੀ ਦੇਸ਼ ਦੀ ਆਰਥਿਕ ਤਰੱਕੀ ਨੂੰ ਦਰਸਾਉਂਦੀ ਹੈ, ਜਿਸ ਨੇ ਲੱਖਾਂ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਹੈ ਅਤੇ ਮੱਧ ਵਰਗ ਦਾ ਵਿਸਥਾਰ ਕੀਤਾ ਹੈ। ਇਕਨਾਮਿਸਟ ਮੁਤਾਬਕ 2040 ਤੱਕ 9 ਕਰੋੜ ਭਾਰਤੀ ਸਾਲਾਨਾ ਵਿਦੇਸ਼ ਯਾਤਰਾ ਕਰ ਸਕਦੇ ਹਨ।
ਫਿਰ ਵੀ, ਭਾਰਤ ਇਕ ਵਿਰੋਧਾਭਾਸ ਵਾਲਾ ਦੇਸ਼ ਹੈ, ਜਿਸ ਦੀ ਮਿਸਾਲ ਪਵਿੱਤਰ ਨਦੀ ਗੰਗਾ ਦੁਆਰਾ ਦਿੱਤੀ ਗਈ ਹੈ, ਜਿਸ ਦੀ ਦੇਵੀ ਵਜੋਂ ਪੂਜਾ ਕੀਤੀ ਜਾਂਦੀ ਹੈ, ਜਦੋਂ ਕਿ ਇਹ ਸਸਕਾਰ ਅਤੇ ਕੱਪੜੇ ਧੋਣ ਵਰਗੀਆਂ ਰੋਜ਼ਾਨਾ ਲੋੜਾਂ ਪੂਰੀਆਂ ਕਰਦੀ ਹੈ।
ਇਹ ਇਕ ਅਜਿਹਾ ਦੇਸ਼ ਹੈ ਜੋ ਵਿਸ਼ਵ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਵਜੋਂ ਚੀਨ ਨੂੰ ਪਛਾੜ ਕੇ ਇਕ ਮਹੱਤਵਪੂਰਨ ਆਰਥਿਕ ਸ਼ਕਤੀ ਵਜੋਂ ਉਭਰਨ ਲਈ ਵਿਸ਼ਵਵਿਆਪੀ ਧਿਆਨ ਖਿੱਚਦਾ ਹੈ। ਹਾਲਾਂਕਿ ਸਰਕਾਰ ਔਰਤਾਂ ਦੀ ਸੁਰੱਖਿਆ, ਭ੍ਰਿਸ਼ਟਾਚਾਰ, ਗਰੀਬੀ ਅਤੇ ਭੁੱਖਮਰੀ ਵਰਗੇ ਗੰਭੀਰ ਮੁੱਦਿਆਂ ਨਾਲ ਜੂਝ ਰਹੀ ਹੈ।
ਭਾਰਤ ਦੀ ਯਾਤਰਾ ਤਰੱਕੀ ਅਤੇ ਚੁਣੌਤੀਆਂ ਦੋਵਾਂ ਨਾਲ ਭਰੀ ਹੋਈ ਹੈ। ਜਦੋਂ ਕਿ ਅਸੀਂ ਇਸ ਦੇ ਆਰਥਿਕ ਵਿਕਾਸ ਅਤੇ ਸੱਭਿਆਚਾਰਕ ਹੁਲਾਰੇ ਦਾ ਜਸ਼ਨ ਮਨਾ ਰਹੇ ਹਾਂ ਪਰ ਜ਼ਰੂਰੀ ਹੈ ਕਿ ਉਨ੍ਹਾਂ ਦਬਾਅ ਵਾਲੇ ਮੁੱਦਿਆਂ ਦਾ ਸਾਹਮਣਾ ਕੀਤਾ ਜਾਵੇ ਜੋ ਰਾਸ਼ਟਰ ਨੂੰ ਇਸਦੀ ਪੂਰੀ ਸਮਰੱਥਾ ਨੂੰ ਮਹਿਸੂਸ ਕਰਨ ਤੋਂ ਰੋਕਦੇ ਹਨ। ਹਾਲੀਆ ਦੁਖਦਾਈ ਘਟਨਾਵਾਂ ਉਨ੍ਹਾਂ ਰੁਕਾਵਟਾਂ ਦੀ ਯਾਦ ਦਿਵਾਉਂਦੀਆਂ ਹਨ ਜਿਨ੍ਹਾਂ ਨੂੰ ਅਸੀਂ ਅਜੇ ਵੀ ਦੂਰ ਕਰਨਾ ਹੈ।
ਔਰਤਾਂ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ। ਔਰਤਾਂ ਦੀ ਸੁਰੱਖਿਆ ਲਈ ਬਣੇ ਕਾਨੂੰਨਾਂ ਦੇ ਬਾਵਜੂਦ, ਸਾਡੇ ਦੇਸ਼ ਵਿਚ ਲਾਗੂ ਕਰਨ ’ਚ ਢਿੱਲ ਹੈ। ਉਦਾਹਰਣ ਲਈ, ਹਾਲ ਹੀ ਵਿਚ ਆਰ. ਜੀ. ’ਚ ਹੋਈ ਘਟਨਾ ਤੋਂ ਬਚਿਆ ਜਾ ਸਕਦਾ ਸੀ ਜੇਕਰ ਹਸਪਤਾਲ ਨੇ ਕੰਮ ਵਾਲੀ ਥਾਂ ਦੇ ਸੁਰੱਖਿਆ ਨਿਯਮਾਂ ਦੇ ਅਨੁਸਾਰ ਇਕ ਸੁਰੱਖਿਅਤ ਆਰਾਮ ਕਰਨ ਦੀ ਜਗ੍ਹਾ ਪ੍ਰਦਾਨ ਕੀਤੀ ਹੁੰਦੀ।
ਕਾਨੂੰਨੀ ਪ੍ਰਕਿਰਿਆਵਾਂ ਵੀ ਹੌਲੀ ਹੁੰਦੀਆਂ ਹਨ, ਸਿਰਫ ਇਕ ਚੌਥਾਈ ਕੇਸਾਂ ’ਚ ਹੀ ਦੋਸ਼ੀ ਠਹਿਰਾਏ ਜਾਂਦੇ ਹਨ। ਸਮਾਜਿਕ ਰਵੱਈਏ ਸਮੱਸਿਆ ਨੂੰ ਹੋਰ ਵਿਗਾੜਦਾ ਹੈ, 2019 ਅਤੇ 2021 ਵਿਚਕਾਰ ਸਰਵੇਖਣ ਕੀਤੇ ਗਏ ਲਗਭਗ ਅੱਧੇ ਲੋਕ ਮੰਨਦੇ ਹਨ ਕਿ ਕੁਝ ਸ਼ਰਤਾਂ ਅਧੀਨ ਪਤੀ ਲਈ ਆਪਣੀ ਪਤਨੀ ਨੂੰ ਕੁੱਟਣਾ ਜਾਇਜ਼ ਹੈ, ਜਦੋਂ ਕਿ ਵਿਆਹੁਤਾ ਜਬਰ-ਜ਼ਨਾਹ ਨੂੰ ਅਪਰਾਧ ਨਹੀਂ ਮੰਨਿਆ ਜਾਂਦਾ ਹੈ।
ਕਈ ਵਾਰ, ਭਿਆਨਕ ਘਟਨਾਵਾਂ ਰਾਸ਼ਟਰੀ ਗੁੱਸੇ ਨੂੰ ਭੜਕਾਉਂਦੀਆਂ ਹਨ, ਜਿਸ ਨਾਲ ਵਿਰੋਧ ਪ੍ਰਦਰਸ਼ਨ ਅਤੇ ਹੜਤਾਲਾਂ ਹੁੰਦੀਆਂ ਹਨ। ਹਾਲਾਂਕਿ ਜਨਤਕ ਗੁੱਸਾ ਇਸ ਮੁੱਦੇ ਨੂੰ ਉਜਾਗਰ ਕਰਦਾ ਹੈ ਪਰ ਇਸ ਨੇ ਭਾਰਤ ਵਿਚ ਔਰਤਾਂ ਦੀ ਸੁਰੱਖਿਆ ਵਿਚ ਸੁਧਾਰ ਕਰਨ ਲਈ ਬਹੁਤ ਘੱਟ ਕੰਮ ਕੀਤਾ ਹੈ, ਜਿੱਥੇ ਪਿਛਲੇ ਇਕ ਦਹਾਕੇ ਵਿਚ ਜਬਰ-ਜ਼ਨਾਹ ਦੀਆਂ ਰਿਪੋਰਟਾਂ ਵਿਚ ਵਾਧਾ ਹੋਇਆ ਹੈ।
2022 ਵਿਚ ਭਾਰਤ ਵਿਚ ਲਗਭਗ 32,000 ਜਬਰ-ਜ਼ਨਾਹ ਦੇ ਕੇਸ ਦਰਜ ਕੀਤੇ ਗਏ, ਹਾਲਾਂਕਿ ਇਹ ਅੰਕੜਾ ਜਿਨਸੀ ਹਿੰਸਾ ਦੀ ਅਸਲ ਵਿਆਪਕਤਾ ਨੂੰ ਬਹੁਤ ਘੱਟ ਦਰਸਾਉਂਦਾ ਹੈ, ਕਿਉਂਕਿ ਬਹੁਤੇ ਕੇਸ ਦਰਜ ਹੀ ਨਹੀਂ ਕੀਤੇ ਜਾਂਦੇ ਅਤੇ ਬਹੁਤ ਘੱਟ ਸੁਰਖੀਆਂ ਬਣਦੇ ਹਨ। ਇਸ ਮੁੱਦੇ ਨੂੰ ਸਾਡੇ ਸਿਆਸਤਦਾਨਾਂ ਨੇ ਬਹੁਤ ਅਣਗੌਲਿਆ ਹੋਇਆ ਹੈ।
ਭ੍ਰਿਸ਼ਟਾਚਾਰ ਦਾ ਵੱਡਾ ਮੁੱਦਾ ਸੁਰੱਖਿਆ ਚਿੰਤਾਵਾਂ ਤੋਂ ਪਰ੍ਹੇ ਹੈ। ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਦਿਆਰਥੀਆਂ ਦੀ ਜਾਨ ਨੂੰ ਖਤਰੇ ਵਿਚ ਪਾ ਰਹੀਆਂ ਹਨ। ਦਿੱਲੀ ਵਿਚ ਯੂ. ਪੀ. ਐੱਸ. ਸੀ. ਕੋਚਿੰਗ ਸੈਂਟਰ ਵਿਚ ਵਾਪਰੀ ਦਰਦਨਾਕ ਘਟਨਾ ਨੂੰ ਹੀ ਲੈ ਲਓ, ਜਿਸ ਵਿਚ ਯੂ. ਪੀ. ਐੱਸ. ਸੀ. ਦੇ ਤਿੰਨ ਉਮੀਦਵਾਰਾਂ ਦੀ ਬੇਸਮੈਂਟ ਵਿਚ ਪਾਣੀ ਭਰ ਜਾਣ ਕਾਰਨ ਮੌਤ ਹੋ ਗਈ।
ਨੌਜਵਾਨਾਂ ਨੇ ਆਪਣੀ ਜਾਨ ਗਵਾਈ, ਜਦੋਂ ਇਕ ਡ੍ਰੇਨ ਟੁੱਟ ਗਈ ਅਤੇ ਬੇਸਮੈਂਟ ਵਿਚ ਪਾਣੀ ਭਰ ਗਿਆ, ਜੋ ਬਿਲਡਿੰਗ ਕੋਡ ਦੀਆਂ ਜ਼ਰੂਰਤਾਂ ਨੂੰ ਪੂਰਾ ਨਾ ਕਰਨ ਦੇ ਬਾਵਜੂਦ ਇਕ ਲਾਇਬ੍ਰੇਰੀ ਵਜੋਂ ਵਰਤਿਆ ਜਾ ਰਿਹਾ ਸੀ। ਕਮਰੇ ਵਿਚ 30 ਵਿਦਿਆਰਥੀ ਫਸ ਗਏ।
ਘਟਨਾ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ। ਵਿਦਿਆਰਥੀਆਂ ਨੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਅਤੇ ਮੁਆਵਜ਼ੇ ਦੀ ਮੰਗ ਕੀਤੀ। ਪੂਰੀ ਦਿੱਲੀ ਦੇ ਕੋਚਿੰਗ ਸੈਂਟਰਾਂ ’ਤੇ ਸੁਰੱਖਿਆ ਚਿੰਤਾਵਾਂ ਨੂੰ ਉਜਾਗਰ ਕੀਤਾ, ਵਿਦਿਆਰਥੀਆਂ ਨੇ ਦਿੱਲੀ ਨਗਰ ਨਿਗਮ (ਐੱਮ. ਸੀ. ਡੀ.) ਅਤੇ ਸਰਕਾਰ ਦੀ ਲਾਪਰਵਾਹੀ ਦੀ ਆਲੋਚਨਾ ਕੀਤੀ।
ਭੋਜਨ ਇਕ ਬੁਨਿਆਦੀ ਲੋੜ ਹੈ ਅਤੇ ਇਹ ਸਭ ਲਈ ਉਪਲਬਧ ਹੋਣਾ ਚਾਹੀਦਾ ਹੈ। ਭਾਰਤ ਯਕੀਨੀ ਤੌਰ ’ਤੇ ਅਜਿਹਾ ਕਰ ਸਕਦਾ ਹੈ। ਸਿੱਖ ਧਰਮ ਸਾਰਿਆਂ ਨੂੰ ਮੁਫਤ ਭੋਜਨ ਪ੍ਰਦਾਨ ਕਰਦਾ ਹੈ, ਜਿਸ ਨੂੰ ਲੰਗਰ ਕਿਹਾ ਜਾਂਦਾ ਹੈ, ਚਾਹੇ ਉਨ੍ਹਾਂ ਦਾ ਪਿਛੋਕੜ ਕੋਈ ਵੀ ਹੋਵੇ। ਲੰਗਰ ਦਾਨ ਦੀ ਰਕਮ ਨਾਲ ਲੱਗਦੇ ਹਨ ਅਤੇ ਨਿਰਸਵਾਰਥ ਸੇਵਾ ਦੇ ਇਸ ਕਾਰਜ ਵਿਚ ਹਿੱਸਾ ਪਾਉਣ ਲਈ ਸਾਰਿਆਂ ਦਾ ਸਵਾਗਤ ਕਰਦਾ ਹੈ।
ਦਇਆ ਅਤੇ ਬਰਾਬਰੀ ਵਿਚ ਰਚੀ- ਮਿਚੀ ਇਹ ਰਵਾਇਤ 1500 ਦੇ ਦਹਾਕੇ ਵਿਚ ਸ਼ੁਰੂ ਹੋਈ ਅਤੇ ਅੱਜ ਵੀ ਜਾਰੀ ਹੈ ਅਤੇ ਦੁਨੀਆ ਭਰ ਦੇ ਗੁਰਦੁਆਰਿਆਂ ਵਿਚ ਪੌਸ਼ਟਿਕ ਭੋਜਨ ਪਰੋਸਿਆ ਜਾਂਦਾ ਹੈ।
ਚੁਣੌਤੀਆਂ ਦੇ ਬਾਵਜੂਦ ਭਾਰਤ ਬਿਨਾਂ ਸ਼ੱਕ ਇਕ ਮਹਾਨ ਦੇਸ਼ ਬਣਿਆ ਹੋਇਆ ਹੈ। ਅਸੀਂ ਭਾਰਤੀ ਸਮਾਜ ਵਿਚ ਕਈ ਵਾਰ ਸਿਆਸੀ-ਵਿਚਾਰਧਾਰਕ ਪੱਖਪਾਤ ਦੇਖਦੇ ਹਾਂ ਅਤੇ ਅਸਲ ਵਿਚ ਅਜਿਹੇ ਚਿੰਤਾਜਨਕ ਰੁਝਾਨ ਹਨ ਜਿਨ੍ਹਾਂ ਵਲ ਧਿਆਨ ਦੇਣ ਦੀ ਲੋੜ ਹੈ।
ਭਾਰਤ ਦਾ ਭਵਿੱਖ ਹੁਣ ਆਪਣੀਆਂ ਸ਼ਕਤੀਆਂ ਨੂੰ ਵਰਤਣ ਅਤੇ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਦੀ ਸਮਰੱਥਾ ’ਤੇ ਨਿਰਭਰ ਕਰਦਾ ਹੈ। ਸਭ ਤੋਂ ਪਹਿਲਾਂ ਸਹੀ ਵਿਅਕਤੀਆਂ ਨੂੰ ਜ਼ਿੰਮੇਵਾਰੀ ਦੇ ਅਹੁਦਿਆਂ ’ਤੇ ਰੱਖਣ ਲਈ ਇਕ ਨਿਰਪੱਖ ਅਤੇ ਪਾਰਦਰਸ਼ੀ ਪ੍ਰਕਿਰਿਆ ਨੂੰ ਯਕੀਨੀ ਬਣਾਉਣਾ ਮਹੱਤਵਪੂਰਨ ਹੈ। ਇਸ ਤੋਂ ਇਲਾਵਾ ਸਾਨੂੰ ਗਰੀਬੀ, ਭੁੱਖਮਰੀ ਅਤੇ ਔਰਤਾਂ ਦੀ ਸੁਰੱਖਿਆ ਵਰਗੇ ਦਬਾਅ ਵਾਲੇ ਮੁੱਦਿਆਂ ਨਾਲ ਨਜਿੱਠਣ ਲਈ ਮਜ਼ਬੂਤ ਸਿਆਸੀ ਇੱਛਾ ਸ਼ਕਤੀ ਦੀ ਲੋੜ ਹੈ। ਸਾਰਥਕ ਤਰੱਕੀ ਲਈ ਸ਼ਾਸਨ ਦੇ ਸਾਰੇ ਪੱਧਰਾਂ ’ਤੇ ਜਵਾਬਦੇਹੀ ਅਤੇ ਲਾਗੂ ਕਰਨ ਵਿਚ ਸੁਧਾਰ ਕਰਨਾ ਵੀ ਜ਼ਰੂਰੀ ਹੈ।
ਹਰੀ ਜੈ ਸਿੰਘ
ਔਰਤਾਂ ਨੂੰ ਮਜ਼ਬੂਤ ਬਣਾਉਣ ਲਈ ਸਕੂਲਾਂ ’ਚ ਲਾਜ਼ਮੀ ਹੋਵੇ ਆਤਮ-ਰੱਖਿਆ ਸਿਖਲਾਈ
NEXT STORY