ਹਾਲਾਂਕਿ ਇਤਿਹਾਸ ਨੂੰ ਕਦੀ ਵੀ ਬਦਲਿਆ ਨਹੀਂ ਜਾ ਸਕਦਾ, ਪ੍ਰੰਤੂ ਇਸ ਤੋਂ ਬੜਾ ਕੁਝ ਸਿੱਖਿਆ ਜ਼ਰੂਰ ਜਾ ਸਕਦਾ ਹੈ। ਇੰਝ ਕਰ ਕੇ ਉਨ੍ਹਾਂ ਤਜਰਬਿਆਂ, ਜਿਨ੍ਹਾਂ ਨੇ ਸਮਾਜ ਅੰਦਰ ਮਾਨਵ ਕਲਿਆਣ ਤੇ ਵਿਕਾਸ ਲਈ ਮਹੱਤਵਪੂਰਨ ਯੋਗਦਾਨ ਪਾਇਆ ਹੈ, ਨੂੰ ਨਵੀਆਂ ਸਥਿਤੀਆਂ ਤੇ ਲੋੜਾਂ ਅਨੁਸਾਰ ਢਾਲ ਕੇ ਮਨੁੱਖਤਾ ਦੀ ਹੋਰ ਬਿਹਤਰੀ ਲਈ ਨਵੀਆਂ ਪੁਲਾਂਘਾਂ ਪੁੱਟੀਆਂ ਜਾ ਸਕਦੀਆਂ ਹਨ।
ਇਤਿਹਾਸ ’ਚ ਦਰਜ ਹੈ ਕਿ ਅੰਗਰੇਜ਼ੀ ਤੇ ਪੁਰਤਗਾਲੀ ਧਾੜਵੀ ਵਪਾਰ ਕਰਨ ਦੇ ਨਾਂ ਹੇਠ ਭਾਰਤ ਆਏ ਤੇ ਪਿੱਛੋਂ ਦੇਸ਼ ’ਤੇ ਕਾਬਜ਼ ਹੋ ਕੇ ਮਾਲਕ ਬਣ ਬੈਠੇ। ਆਪਣੀ ਤਰਸਯੋਗ ਹਾਲਤ ਤੇ ਦੁਨੀਆ ਦੇ ਅਨੇਕਾਂ ਆਜ਼ਾਦ ਦੇਸ਼ਾਂ ਅੰਦਰ ਆਜ਼ਾਦੀ ਦਾ ਨਿੱਘ ਮਾਣ ਰਹੇ ਲੋਕਾਂ ਨੂੰ ਦੇਖ ਕੇ ਵੱਖੋ-ਵੱਖ ਰਿਆਸਤਾਂ ’ਚ ਵੰਡੇ ਭਾਰਤ ਵਾਸੀਆਂ ਦੇ ਮਨਾਂ ਅੰਦਰ ਵੀ ਸਾਮਰਾਜੀ ਗੁਲਾਮੀ ਵਿਰੁੱਧ ਆਜ਼ਾਦੀ ਦੀ ਚਿਣਗ ਪੈਦਾ ਹੋਈ। ਆਜ਼ਾਦੀ ਦੀ ਇਸੇ ਖਾਹਿਸ਼ ਨੇ ਵੱਖੋ-ਵੱਖ ਖਿੱਤਿਆਂ, ਧਰਮਾਂ, ਜਾਤੀਆਂ ਤੇ ਰਿਆਸਤਾਂ ’ਚ ਵੰਡੇ ਲੋਕਾਂ ਨੂੰ ਇਕਜੁੱਟ ਹੋ ਕੇ ਸੁਤੰਤਰਤਾ ਸੰਗਰਾਮ ’ਚ ਸ਼ਾਮਿਲ ਹੋਣ ਲਈ ਪ੍ਰੇਰਿਆ।
ਬਦਕਿਸਮਤੀ ਵਾਲੀ ਗੱਲ ਇਹ ਵਾਪਰੀ ਕਿ 1947 ’ਚ ਆਜ਼ਾਦੀ ਮਿਲਣ ਉਪਰੰਤ ਅੰਗਰੇਜ਼ ਸਾਮਰਾਜੀਏ ਤੇ ਧਰਮ ਦੇ ਆਧਾਰ ’ਤੇ ਦੋ ਕੌਮਾਂ ਦਾ ਸਿਧਾਂਤ ਘੜਨ ਵਾਲੇ ਫਿਰਕੂ ਤੱਤ ਤੇ ਸੰਸਥਾਵਾਂ ਦੇਸ਼ ਦੀ ਧਰਮ ਦੇ ਆਧਾਰ ’ਤੇ ਦੋ ਭਾਗਾਂ, ਹਿੰਦੋਸਤਾਨ ਤੇ ਪਾਕਿਸਤਾਨ ਦੇ ਤੌਰ ’ਤੇ ਵੰਡ ਕਰਨ ’ਚ ਸਫਲ ਹੋ ਗਏ।
ਇਸ ਫਿਰਕੂ ਵੰਡ ਦੇ ਨਤੀਜੇ ਵਜੋਂ ਭੜਕੇ ਦੰਗਿਆਂ ’ਚ ਲੱਖਾਂ ਲੋਕ, ਜਿਨ੍ਹਾਂ ’ਚ ਹਿੰਦੂ-ਸਿੱਖ, ਮੁਸਲਮਾਨ ਆਦਿ ਸਾਰੇ ਹੀ ਧਰਮਾਂ ਦੇ ਲੋਕ ਸ਼ਾਮਿਲ ਸਨ, ਮਾਰੇ ਗਏ। ਲੱਖਾਂ ਹੋਰਨਾਂ ਨੂੰ ਆਪਣਾ ਘਰ-ਬਾਰ ਛੱਡ ਕੇ ਹਿਜਰਤ ਕਰਨ ਲਈ ਮਜਬੂਰ ਹੋਣਾ ਪਿਆ ਤੇ ਕਰੋੜਾਂ-ਅਰਬਾਂ ਦਾ ਮਾਲੀ ਨੁਕਸਾਨ ਝੱਲਣਾ ਪਿਆ ਸੀ।
ਅਜਿਹੇ ਹੀ ਸ਼ਰਾਰਤੀ ਤੇ ਜਨੂੰਨੀ ਤੱਤਾਂ ਵੱਲੋਂ ਸੁਤੰਤਰਤਾ ਪ੍ਰਾਪਤੀ ਤੋਂ ਪਿੱਛੋਂ ਵੀ ਦੇਸ਼ ਅੰਦਰ ਵੱਖੋ-ਵੱਖ ਸਮਿਆਂ ’ਤੇ ਅਨੇਕ ਥਾਈਂ ਫਿਰਕੂ ਦੰਗੇ ਭੜਕਾਏ ਜਾਂਦੇ ਰਹੇ ਹਨ। ਆਜ਼ਾਦ ਭਾਰਤ ਅੰਦਰ, ਇਸ ਕੁਲਹਿਣੇ ਵਰਤਾਰੇ ਦੀ ਸ਼ੁਰੂਆਤ ਆਰ. ਐੱਸ. ਐੱਸ. ਦੇ ਇਕ ਕਾਰਕੁੰਨ ਨੱਥੂ ਰਾਮ ਗੋਡਸੇ ਨੇ 30 ਜਨਵਰੀ, 1948 ਨੂੰ ਸੁਤੰਤਰਤਾ ਸੰਗਰਾਮ ਦੇ ਸਿਰਕੱਢ ਆਗੂ ਮਹਾਤਮਾ ਗਾਂਧੀ ਦਾ ਕਤਲ ਕਰ ਕੇ ਕੀਤੀ ਸੀ।
ਪ੍ਰੰਤੂ ਇਨ੍ਹਾਂ ਸਾਰੀਆਂ ਸਾਜ਼ਿਸ਼ਾਂ ਦੇ ਬਾਵਜੂਦ ਆਜ਼ਾਦੀ ਪ੍ਰਾਪਤੀ ਦੇ 78 ਸਾਲਾਂ ਦੌਰਾਨ ਸਾਡਾ ਦੇਸ਼ ਮੋਟੇ ਰੂਪ ’ਚ ਸੰਵਿਧਾਨ ’ਚ ਦਰਜ ਧਰਮਨਿਰਪੱਖ ਸਰੋਕਾਰਾਂ, ਲੋਕਰਾਜ ਤੇ ਫੈਡਰਲ ਅਸੂਲਾਂ ਦੇ ਆਧਾਰ ’ਤੇ ਅਤੀਤ ਦੀਆਂ ਸਭ ਕੁੜੱਤਣਾਂ ਦਰਕਿਨਾਰ ਕਰ ਕੇ ਅੱਗੇ ਵਧਦਾ ਹੋਇਆ ਆਰਥਿਕ ਵਿਕਾਸ ਦੀਆਂ ਮੰਜ਼ਿਲਾਂ ਸਰ ਕਰਦਾ ਗਿਆ। ਹਾਲਾਂਕਿ ਇਹ ਵੀ ਸੱਚ ਹੈ ਕਿ ਇਸ ਵਿਕਾਸ ਦਾ ਬਣਦਾ ਲਾਭ ਦੇਸ਼ ਦੇ ਕਿਰਤੀਆਂ-ਕਿਸਾਨਾਂ ਤੇ ਹੋਰ ਮਿਹਨਤਕਸ਼ਾਂ ਤੱਕ ਨਹੀਂ ਪੁੱਜਿਆ। ਦੇਸ਼ ਦੇ ਬਹੁਗਿਣਤੀ ਲੋਕ ਅੱਜ ਵੀ ਗਰੀਬੀ-ਭੁੱਖਮਰੀ-ਕੁਪੋਸ਼ਣ, ਬੇਰੁਜ਼ਗਾਰੀ ਤੇ ਅਰਧ ਬੇਰੁਜ਼ਗਾਰੀ, ਅਨਪੜ੍ਹਤਾ, ਸਮਾਜਿਕ ਸੁਰੱਖਿਆ ਦੀ ਅਣਹੋਂਦ ਵਰਗੀਆਂ ਅਣਮਨੁੱਖੀ ਹਾਲਤਾਂ ’ਚ ਜੀਵਨ ਬਸਰ ਕਰਨ ਲਈ ਮਜਬੂਰ ਹਨ।
ਆਜ਼ਾਦੀ ਮਿਲਣ ਤੋਂ ਬਾਅਦ ਗੁਆਂਢੀ ਦੇਸ਼ਾਂ ਨਾਲ ਹੋਏ ਝਗੜਿਆਂ ਜਾਂ ਫੌਜੀ ਟਕਰਾਅ ਦੌਰਾਨ ਭਾਰਤੀ ਲੋਕਾਂ ਨੇ ਜਿਸ ਬਾਕਮਾਲ ਇਕਮੁੱਠਤਾ ਅਤੇ ਦੇਸ਼ ਪ੍ਰਤੀ ਸਮਰਪਣ ਦੀ ਭਾਵਨਾ ਦਾ ਸਬੂਤ ਦਿੱਤਾ ਹੈ, ਉਹ ਆਪਣੇ ਆਪ ’ਚ ਬੜਾ ਸ਼ਾਨਦਾਰ ਕਰਿਸ਼ਮਾ ਹੈ।
ਹਿੰਦੂ-ਸਿੱਖ, ਮੁਸਲਮਾਨ ਤੇ ਹੋਰ ਧਰਮਾਂ ਤੇ ਅਕੀਦਿਆਂ ਵਾਲੇ ਲੋਕਾਂ ਨੇ ਬਾਹਾਂ ’ਚ ਬਾਹਾਂ ਪਾ ਕੇ ਹਰ ਜ਼ੁਲਮ ਦਾ ਟਾਕਰਾ ਕੀਤਾ ਸੀ, ਉਵੇਂ ਹੀ ਜਦੋਂ ਵੀ ਦੇਸ਼ ’ਤੇ ਕਿਸੇ ਕਿਸਮ ਦਾ ਸੰਕਟ ਆਇਆ ਤਾਂ ਭਾਰਤ ਵਾਸੀਆਂ ਨੇ ਇਕਜੁੱਟ ਹੋ ਕੇ ਦੇਸ਼ ਪ੍ਰਤੀ ਆਪਣੇ ਫਰਜ਼ਾਂ ਦੀ ਅਦਾਇਗੀ ਕੀਤੀ ਹੈ।
ਇਹ ਕਾਫੀ ਫਿਕਰਮੰਦੀ ਦਾ ਵਿਸ਼ਾ ਹੈ ਕਿ ਪਿਛਲੇ ਕੁਝ ਸਮੇਂ ਤੋਂ, ਖਾਸ ਕਰਕੇ 2014 ਤੋਂ ਕਾਇਮ ਹੋਏ ਮੋਦੀ ਰਾਜ ਅਧੀਨ, ਜਿਵੇਂ ਕੁਝ ਤਾਕਤਾਂ ਲੋਕਾਂ ਦੀ ਏਕਤਾ ਤੇ ਭਾਈਚਾਰੇ ਨੂੰ ਨੁਕਸਾਨ ਪਹੰੁਚਾ ਕੇ ਫਿਰਕੂ ਵੰਡ ਤਿੱਖੀ ਕਰਨ ਦੇ ਸਿਰਤੋੜ ਯਤਨ ਕਰ ਰਹੀਆਂ ਹਨ, ਉਹ ਦੇਸ਼ ਤੇ ਦੇਸ਼ ਵਾਸੀਆਂ ਲਈ ਬਹੁਤ ਹੀ ਘਾਤਕ ਹਨ। ਇਹ ਤਾਕਤਾਂ ਸਾਮਰਾਜ ਦੀ ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ਘੁਸਪੈਠ ਕਰਵਾ ਕੇ ਦੇਸ਼ ਨੂੰ ਸਵੈ-ਨਿਰਭਰਤਾ ਤੇ ਆਰਥਿਕ ਸੁਰੱਖਿਆ ਦੇ ਪੱਖ ਤੋਂ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕਰਦੀਆਂ ਹਨ।
22 ਅਪ੍ਰੈਲ 2025 ਨੂੰ ਅੱਤਵਾਦੀਆਂ ਵੱਲੋਂ ਪਹਿਲਗਾਮ ’ਚ ਕੀਤੇ ਖੂਨੀ ਕਾਂਡ ਪਿੱਛੋਂ ਭਾਰਤ-ਪਾਕਿ ਦਰਮਿਆਨ ਹੋਏ ਫੌਜੀ ਟਕਰਾਅ ਨੂੰ ਰੋਕਣ ਲਈ ‘ਅਸਥਾਈ ਜੰਗਬੰਦੀ’ ਦਾ ਐਲਾਨ ਕਰਨ ਸਮੇਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਿਵੇਂ ਇਕ ਹੰਕਾਰੀ ਤਾਨਾਸ਼ਾਹ ਵਾਂਗ ਬਹੁਤ ਹੀ ਗੈਰ-ਵਾਜਿਬ ਬਿਆਨਬਾਜ਼ੀ ਕੀਤੀ ਹੈ, ਉਹ ਦੇਸ਼ ਦੀ ਅੰਦਰੂਨੀ ਸੁਰੱਖਿਆ ਤੇ ਸਲਾਮਤੀ ਲਈ ਡਾਢੀ ਖਤਰਨਾਕ ਹੈ।
ਇਹ ਘਟਨਾ ਕੇਂਦਰ ਸਰਕਾਰ ਤੋਂ ਵੀ ਜਵਾਬਦੇਹੀ ਦੀ ਮੰਗ ਕਰਦੀ ਹੈ। ਸਰਕਾਰ ਭਾਰਤੀ ਲੋਕਾਂ ਨੂੰ ਇਹ ਸਪੱਸ਼ਟ ਦੱਸੇ ਕਿ ਕੀ ਟਰੰਪ ਨੇ ਇਹ ਜੰਗਬੰਦੀ ਦੋਵਾਂ ਦੇਸ਼ਾਂ ਨੂੰ ਵਪਾਰ ਬੰਦ ਕਰਨ ਦਾ ਡਰਾਵਾ ਦੇ ਕੇ ਕਰਵਾਈ ਹੈ? ਜਾਂ ਫਿਰ ਇਸ ਮਕਸਦ ਲਈ ਉਸ ਵੱਲੋਂ ਦੋਵਾਂ ਦੇਸ਼ਾਂ ਨੂੰ ਕਿਸੇ ਹੋਰ ਗੈਰ-ਵਾਜਿਬ ਦਬਾਅ ਰਾਹੀਂ ਮਜਬੂਰ ਕੀਤਾ ਗਿਆ ਹੈ?
ਇਹ ਗੱਲ ਮਹੱਤਵਪੂਰਨ ਹੈ ਕਿ ਭਾਰਤੀ ਲੋਕ ਜੰਗ ਨਹੀਂ, ਅਮਨ ਚਾਹੁੰਦੇ ਹਨ, ਇਸ ਲਈ ਲੋਕਾਂ ਨੇ ਜੰਗਬੰਦੀ ਦਾ ਆਮ ਤੌਰ ’ਤੇ ਸਵਾਗਤ ਕੀਤਾ ਹੈ ਪ੍ਰੰਤੂ ਇਸ ਕੰਮ ’ਚ ਕਿਸੇ ਤੀਸਰੀ ਧਿਰ ਦੀ ਸ਼ਮੂਲੀਅਤ ਨਵੇਂ ਖਤਰਿਆਂ ਦੀ ਆਹਟ ਜ਼ਰੂਰ ਹੈ।
ਇਸ ਤੋਂ ਪਹਿਲਾਂ ਵੀ ਫਿਰਕੂ ਤੇ ਸ਼ਰਾਰਤੀ ਅਨਸਰ ਧਾਰਮਿਕ ਆਯੋਜਨਾਂ ਸਮੇਂ ਅਫਰਾ-ਤਫਰੀ ਤੇ ਭੜਕਾਹਟ ਪੈਦਾ ਕਰਨ ਦੀਆਂ ਨਾਪਾਕ ਕੋਸ਼ਿਸ਼ਾਂ ਕਰਦੇ ਰਹੇ ਹਨ ਪਰ ਕਾਂਵੜ ਯਾਤਰਾ, ਹੋਲੀ, ਈਦ ਅਤੇ ਮਹਾਕੁੰਭ ਜਿਹੇ ਵੱਖੋ-ਵੱਖ ਧਾਰਮਿਕ ਸਮਾਗਮਾਂ ਦੌਰਾਨ ਹਿੰਦੂ-ਸਿੱਖਾਂ, ਮੁਸਲਮਾਨਾਂ ਭਾਵ ਵੱਖੋ-ਵੱਖ ਧਰਮਾਂ ਤੇ ਜਾਤੀਆਂ ਦੇ ਲੋਕਾਂ ਨੇ ਆਪਸੀ ਮੁਹੱਬਤ, ਫਿਰਕੂ ਸਦਭਾਵਨਾ ਤੇ ਗੰਗਾ-ਜਮੁਨੀ ਤਹਿਜ਼ੀਬ ਦੇ ਰਖਵਾਲਿਆਂ ਵਜੋਂ ਮਾਣ ਕਰਨ ਯੋਗ ਭੂਮਿਕਾ ਅਦਾ ਕੀਤੀ ਹੈ।
ਕਿੰਨਾ ਚੰਗਾ ਹੋਵੇ ਜੇ ਗੋਦੀ ਮੀਡੀਆ ਦੀਆਂ ਮਰਿਆਦਾ ਰਹਿਤ ਬਹਿਸਾਂ ਤੇ ਭੜਕਾਊ ਖਬਰਾਂ ਦਾ ਬਾਈਕਾਟ ਕਰ ਕੇ ਸਾਹਿਰ ਲੁਧਿਆਣਵੀ ਦੇ ਰਚੇ ਮਹਾਨ ਗੀਤ ਦੀਆਂ ਸਤਰਾਂ ਦੁਹਰਾਈਏ :
ਤੂ ਹਿੰਦੂ ਬਨੇਗਾ, ਨਾ ਮੁਸਲਮਾਨ ਬਨੇਗਾ
ਇਨਸਾਨ ਕੀ ਔਲਾਦ ਹੈ, ਇਨਸਾਨ ਬਨੇਗਾ।
ਮੰਗਤ ਰਾਮ ਪਾਸਲਾ
‘ਆਪ੍ਰੇਸ਼ਨ ਸਿੰਧੂਰ’ ਅਤੇ ਕੌਮਾਂਤਰੀ ਭਾਈਚਾਰਾ!
NEXT STORY