ਅੱਜ ਦੇਸ਼ ’ਚ ਜਿੱਥੇ ਇਕ ਪਾਸੇ ਭ੍ਰਿਸ਼ਟਾਚਾਰ ਅਤੇ ਮਹਿੰਗਾਈ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ, ਉਥੇ ਦੂਜੇ ਪਾਸੇ ਨਸ਼ਿਆਂ ਦੇ ਵਪਾਰੀ ਮਾਫੀਆਵਾਂ ਅਤੇ ਗੁੰਡਾਂ ਅਨਸਰਾਂ ਵਲੋਂ ਦੇਸ਼ ’ਚ ਹਿੰਸਾ ਲਗਾਤਾਰ ਜਾਰੀ ਹੈ।
ਇਨ੍ਹਾਂ ਦੇ ਹੌਸਲੇ ਇਸ ਕਦਰ ਵਧ ਚੁੱਕੇ ਹਨ ਕਿ ਇਹ ਆਪਣੇ ਰਸਤੇ ’ਚ ਰੁਕਾਵਟ ਬਣਨ ਵਾਲੇ ਕਿਸੇ ਵੀ ਵਿਅਕਤੀ ਅਤੇ ਉਨ੍ਹਾਂ ਨੂੰ ਫੜਨ ਲਈ ਛਾਪਾ ਮਾਰਨ ਵਾਲੀ ਪੁਲਸ ’ਤੇ ਹਮਲਾ ਕਰ ਕੇ ਉਨ੍ਹਾਂ ਦੀ ਹੱਤਿਆ ਕਰਨ ਜਾਂ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ’ਚ ਜ਼ਰਾ ਵੀ ਝਿਜਕ ਨਹੀਂ ਕਰਦੇ, ਜਿਸ ਦੀਆਂ ਪਿਛਲੇ 4 ਮਹੀਨਿਆਂ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :Û
* 12 ਮਾਰਚ, 2025 ਨੂੰ ‘ਅਰਰੀਆ’ (ਬਿਹਾਰ) ’ਚ ਇਕ ਨਸ਼ਾ ਸਮੱਗਲਰ ਨੂੰ ਫੜਨ ਲਈ ਗਈ ਪੁਲਸ ਦੀ ਇਕ ਟੀਮ ’ਤੇ ਸਮੱਗਲਰ ਦੇ ਸਾਥੀਆਂ ਨੇ ਹਮਲਾ ਕਰਕੇ ਏ. ਐੱਸ. ਆਈ. ਰਾਜਵਿੰਦਰ ਨੂੰ ਮਾਰ ਦਿੱਤਾ ਅਤੇ ਦੋਸ਼ੀ ਨੂੰ ਛੁਡਾ ਕੇ ਲੈ ਗਏ।
* 14 ਮਾਰਚ ਨੂੰ ‘ਮੁੰਗੇਰ’ (ਬਿਹਾਰ) ’ਚ ਸ਼ਰਾਬ ਪੀ ਕੇ ਹੰਗਾਮਾ ਕਰਨ ਦੇ ਮੁਲਜ਼ਮ ਨੂੰ ਫੜਨ ਗਈ ਪੁਲਸ ਟੀਮ ’ਤੇ ਮੁਲਜ਼ਮ ਅਤੇ ਉਸ ਦੇ ਸਾਥੀਆਂ ਨੇ ਹਮਲਾ ਕਰ ਦਿੱਤਾ ਅਤੇ ਏ. ਐੱਸ. ਆਈ. ‘ਸੰਤੋਸ਼’ ਦੇ ਸਿਰ ’ਤੇ ਲੋਹੇ ਦੀ ਛੜ ਨਾਲ ਵਾਰ ਕੀਤੇ ਜਿਸ ਨਾਲ ਉਸ ਦੀ ਮੌਤ ਹੋ ਗਈ।
* 16 ਮਾਰਚ ਨੂੰ ‘ਮਨੇਰ’ (ਪਟਨਾ) ’ਚ ਸ਼ਰਾਬ ਦੀ ਸਮੱਗਲਿੰਗ ਕਰਨ ਵਾਲੇ ਸ਼ਾਤਿਰਾਂ ਵਿਰੁੱਧ ਕਾਰਵਾਈ ਕਰਨ ਗਈ ਪੁਲਸ ਟੀਮ ’ਤੇ ਉਨ੍ਹਾਂ ਨੇ ਹਮਲਾ ਕਰਕੇ ਇਕ ‘ਸਬ ਇੰਸਪੈਕਟਰ’ ਦੀ ਵਰਦੀ ਪਾੜ ਦਿੱਤੀ ਅਤੇ ਇਕ ਹੋਰ ਸਿਪਾਹੀ ਨੂੰ ਜ਼ਖਮੀ ਕਰ ਦਿੱਤਾ।
* 1 ਜੂਨ ਨੂੰ ‘ਪਠਾਨਕੋਟ’ (ਪੰਜਾਬ) ਦੇ ਪ੍ਰੀਤ ਨਗਰ ’ਚ ਨਸ਼ਾ ਸਮੱਗਲਰਾਂ ਨੂੰ ਫੜਨ ਗਏ ਸੀ. ਆਈ. ਏ. ਸਟਾਫ ’ਤੇ ਨਸ਼ਾ ਸਮੱਗਲਰਾਂ ਦੇ ਸਮਰਥਕਾਂ ਨੇ ਹਮਲਾ ਕਰਕੇ ਆਪਣੇ ਸਾਥੀਆਂ ਨੂੰ ਛੁਡਵਾ ਲਿਆ ਅਤੇ ਪੁਲਸ ਦੀ ਗੱਡੀ ਵੀ ਭੰਨ ਦਿੱਤੀ।
* 30 ਜੂਨ ਨੂੰ ‘ਕੋਰਬਾ’ (ਛੱਤੀਸਗੜ੍ਹ) ਦੇ ‘ਬਗਬੁੜਾ’ ਿਪੰਡ ’ਚ ਨਸ਼ਾ ਸਮੱਗਲਿੰਗ ਦੇ ਇਕ ਮਾਮਲੇ ’ਚ ਸ਼ੱਕੀ ਨੂੰ ਫੜਨ ਗਈ ਪੁਲਸ ਟੀਮ ਨੂੰ ਸਮੱਗਲਰ ਦੇ ਸਾਥੀਆਂ ਨੇ ਮਿਲ ਕੇ ਘੇਰ ਲਿਆ ਅਤੇ ਉਨ੍ਹਾਂ ਨੂੰ ਲਾਠੀਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ।
2 ਪੁਲਸ ਮੁਲਾਜ਼ਮ ਅਤੇ ਡਰਾਈਵਰ ਤਾਂ ਕਿਸੇ ਤਰ੍ਹਾਂ ਜਾਨ ਬਚਾ ਕੇ ਦੌੜ ਗਏ ਪਰ ਪੁਲਸ ਦਾ ਤੀਜਾ ਜਵਾਨ ਹਮਲਾਵਰਾਂ ਦੇ ਘੇਰੇ ’ਚੋਂ ਨਿਕਲ ਨਾ ਸਕਿਆ ਅਤੇ ਹਮਲਾਵਰ ਉਸ ਨੂੰ ਉਦੋਂ ਤੱਕ ਕੁੱਟਦੇ ਰਹੇ ਜਦੋਂ ਤੱਕ ਉਹ ਬੇਹੋਸ਼ ਨਾ ਹੋ ਗਿਆ।
* 18 ਜੁਲਾਈ ਨੂੰ ‘ਨਰਵਾਣਾ’ (ਹਰਿਆਣਾ) ਦੀ ‘ਚੇਮਲਾ’ ਕਾਲੋਨੀ ’ਚ ਨਸ਼ਾ ਸਮੱਗਲਰ ਨੂੰ ਫੜਨ ਗਈ ਸੀ. ਆਈ. ਏ. ਟੀਮ ’ਤੇ ਸਮੱਗਲਰ ਦੇ ਪਰਿਵਾਰਕ ਮੈਂਬਰਾਂ ਸਮੇਤ 15-20 ਲੋਕਾਂ ਨੇ ਹਮਲਾ ਕਰ ਦਿੱਤਾ ਜਿਸ ਨਾਲ 2 ਕਰਮਚਾਰੀ ਜ਼ਖਮੀ ਹੋ ਗਏ।
* 21 ਜੁਲਾਈ ਨੂੰ ‘ਗੋਪਾਲਗੰਜ’ (ਬਿਹਾਰ) ਦੇ ‘ਹੁਸੇਪੁਰ’ ਨਿਵਾਸੀ ਸ਼ਰਾਬ ਸਮੱਗਲਰ ‘ਗੁੱਡੂ ਚੌਹਾਨ’ ਨੂੰ ਫੜਨ ਗਈ ਪੁਲਸ ਟੀਮ ’ਤੇ ਪਿੰਡ ਵਾਲਿਆਂ ਨੇ ਹਮਲਾ ਕਰ ਕੇ ਪੁਲਸ ਵਲੋਂ ਫੜੇ ਗਏ ‘ਗੁੱਡੂ ਚੌਹਾਨ’ ਨੂੰ ਛੁਡਵਾ ਲਿਆ।
* 22 ਜੁਲਾਈ ਨੂੰ ‘ਸਹਰਸਾ’ (ਬਿਹਾਰ) ’ਚ ਨਸ਼ੇ ਦੇ ਤੌਰ ’ਤੇ ਵਰਤੇ ਜਾਣ ਵਾਲੇ ‘ਕੋਡੀਨਯੁਕਤ’ ਕਫ ਸਿਰਪ ਬਰਾਮਦ ਕਰਨ ‘ਨਵੀਨ ਯਾਦਵ’ ਨਾਂ ਦੇ ਮੁਲਜ਼ਮ ਦੇ ਗੋਦਾਮ ’ਤੇ ਛਾਪਾ ਮਾਰਨ ਗਈ ਪੁਲਸ ਟੀਮ ’ਤੇ ਬਦਮਾਸ਼ਾਂ ਨੇ ਹਮਲਾ ਕਰਕੇ ਅਨੇਕ ਪੁਲਸ ਮੁਲਾਜ਼ਮਾਂ ਨੂੰ ਜ਼ਖਮੀ ਕਰਨ ਤੋਂ ਇਲਾਵਾ 2 ਵਾਹਨਾਂ ਨੂੰ ਨੁਕਸਾਨ ਪਹੁੰਚਾ ਦਿੱਤਾ।
* 22 ਜੁਲਾਈ ਨੂੰ ਹੀ ‘ਦਸੂਹਾ’ (ਪੰਜਾਬ) ਦੇ ਪਿੰਡ ‘ਘਈਆ’ (ਬੁੱਧੂਬਰਕਤ) ’ਚ ਨਸ਼ਾ ਸਮੱਗਲਰਾਂ ਨੂੰ ਫੜਨ ਗਈ ਪੁਲਸ ਪਾਰਟੀ ’ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ, ਇਸ ਦੇ ਸਿੱਟੇ ਵਜੋਂ ਦਸੂਹਾ ਦੇ ਏ. ਐੱਸ. ਆਈ. ਸਰਬਜੀਤ ਿਸੰਘ ਅਤੇ ਇਕ ਹੋਰ ਪੁਲਸ ਮੁਲਾਜ਼ਮ ਸੁਖਦੇਵ ਿਸੰਘ ਸਮੇਤ 5 ਲੋਕ ਜ਼ਖਮੀ ਹੋ ਗਏ ਅਤੇ ਪੁਲਸ ਨੂੰ ਆਤਮ ਰੱਖਿਆ ’ਚ ਗੋਲੀ ਵੀ ਚਲਾਉਣੀ ਪਈ।
ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਅੱਜ ਨਸ਼ੇ ਦੇ ਵਪਾਰੀਆਂ ਅਤੇ ਹੋਰ ਗੁੰਡਾਂ ਅਨਸਰਾਂ ਦੇ ਹੌਸਲੇ ਅਤੇ ਸਰਗਰਮੀਆਂ ਇਸ ਕਦਰ ਵਧ ਚੁੱਕੀਆਂ ਹਨ ਕਿ ਪ੍ਰਸ਼ਾਸਨ ਵੀ ਉਨ੍ਹਾਂ ਦੇ ਸਾਹਮਣੇ ਬੇਵੱਸ ਦਿਖਾਈ ਦਿੰਦਾ ਹੈ।
ਲਿਹਾਜ਼ਾ ਇਸ ਸਬੰਧ ’ਚ ਮਾਫੀਆਵਾਂ ਵਿਰੁੱਧ ਸਖਤ ਮੁਹਿੰਮ ਛੇੜਨ ਦੇ ਨਾਲ-ਨਾਲ ਉਨ੍ਹਾਂ ਨੂੰ ਪਨਾਹ ਦੇਣ ਵਾਲੇ ਸਿਆਸਤਦਾਨਾਂ ਅਤੇ ਪੁਲਸ ਮੁਲਾਜ਼ਮਾਂ, ਅਧਿਕਾਰੀਆਂ ਆਦਿ ਦਾ ਪਤਾ ਲਗਾ ਕੇ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੇ ਬਿਨਾਂ ਇਸ ਸਮੱਸਿਆ ਦਾ ਹੱਲ ਸੰਭਵ ਨਹੀਂ।
–ਵਿਜੇ ਕੁਮਾਰ
‘ਜਹਾਜ਼ਾਂ ’ਚ ਤਕਨੀਕੀ ਖਾਮੀਆਂ’ ਸਹੂਲਤ ਬਣਨ ਲੱਗੀ ਜਾਨ ਨੂੰ ਖਤਰਾ!
NEXT STORY